ਨਵੀਂ ਦਿੱਲੀ, 22 ਅਕਤੂਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਰੂਸ ਦੇ ਕਜ਼ਾਨ ਸ਼ਹਿਰ ਪਹੁੰਚ ਗਏ ਹਨ। ਉਨ੍ਹਾਂ ਦਾ ਦੌਰਾ 2 ਦਿਨਾਂ ਦਾ ਹੈ। ਪ੍ਰਧਾਨ ਮੰਤਰੀ ਮੋਦੀ ਪਿਛਲੇ 4 ਮਹੀਨਿਆਂ ਵਿੱਚ ਦੂਜੀ ਵਾਰ ਰੂਸ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ ਜੁਲਾਈ ਵਿੱਚ ਭਾਰਤ-ਰੂਸ ਸੰਮੇਲਨ ਵਿੱਚ ਹਿੱਸਾ ਲੈਣ ਗਏ ਸਨ। ਮੋਦੀ ਅੱਜ ਦੁਪਹਿਰ 3:30 ਵਜੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਅੱਜ ਸ਼ਾਮ ਬ੍ਰਿਕਸ ਨੇਤਾਵਾਂ ਨਾਲ ਡਿਨਰ 'ਚ ਸ਼ਾਮਿਲ ਹੋਣਗੇ। ਡਿਨਰ ਦੌਰਾਨ ਉਹ ਇੱਥੇ ਕਈ ਨੇਤਾਵਾਂ ਨਾਲ ਗੈਰ ਰਸਮੀ ਗੱਲਬਾਤ ਕਰ ਸਕਦੇ ਹਨ।
ਵਿਦੇਸ਼ ਮੰਤਰਾਲੇ ਦੇ ਅਨੁਸਾਰ ਪੀਐੱਮ ਮੋਦੀ ਬੁੱਧਵਾਰ ਨੂੰ ਬ੍ਰਿਕਸ ਬੈਠਕ ਵਿੱਚ ਹਿੱਸਾ ਲੈਣਗੇ। ਇਹ ਦੋ ਸੈਸ਼ਨਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਸਵੇਰੇ ਇੱਕ ਬੰਦ ਪਲੇਨਰੀ ਯਾਨੀ ਇੱਕ ਬੰਦ ਕਮਰੇ ਵਿੱਚ ਚਰਚਾ ਹੋਵੇਗੀ। ਇਸ ਤੋਂ ਬਾਅਦ ਸ਼ਾਮ ਨੂੰ ਖੁੱਲ੍ਹੀ ਪਲੇਨਰੀ ਹੋਵੇਗੀ। ਇਸ ਦੌਰਾਨ ਪੀਐਮ ਮੋਦੀ ਕਈ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।