ਮੁੰਬਈ, 20 ਅਕਤੂਬਰ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਐਤਵਾਰ ਨੂੰ ਨਵੀਂ ਮੁੰਬਈ ਤੋਂ ਇੱਕ ਕਬਾੜ ਵਪਾਰੀ ਨੂੰ ਕਥਿਤ ਤੌਰ ’ਤੇ ਸ਼ੂਟਰ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀ ਨੇ ਦਸਿਆ ਕਿ ਇਸ ਦੇ ਨਾਲ ਹੀ ਇਸ ਮਾਮਲੇ ’ਚ ਗ੍ਰਿਫਤਾਰੀਆਂ ਦੀ ਕੁਲ ਗਿਣਤੀ 10 ਹੋ ਗਈ ਹੈ।ਮੁਲਜ਼ਮ ਦੀ ਪਛਾਣ ਭਾਗਵਤ ਸਿੰਘ ਓਮ ਸਿੰਘ (32) ਵਜੋਂ ਹੋਈ ਹੈ, ਜੋ ਮੂਲ ਰੂਪ ਨਾਲ ਰਾਜਸਥਾਨ ਦੇ ਉਦੈਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਨਵੀਂ ਮੁੰਬਈ ’ਚ ਰਹਿ ਰਿਹਾ ਹੈ। ਅਧਿਕਾਰੀ ਨੇ ਦਸਿਆ ਕਿ ਭਾਗਵਤ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 26 ਅਕਤੂਬਰ ਤਕ ਪੁਲਿਸ ਹਿਰਾਸਤ ’ਚ ਭੇਜ ਦਿਤਾ ਗਿਆ।
ਪੁਲਿਸ ਨੇ 12 ਅਕਤੂਬਰ ਨੂੰ ਸਿੱਦੀਕੀ ਦੇ ਕਤਲ ਦੇ ਸਬੰਧ ’ਚ ਹੁਣ ਤਕ ਭਗਵੰਤ ਸਿੰਘ ਸਮੇਤ 10 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਹੈ।ਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ ਦੀ ਬਾਂਦਰਾ ’ਚ ਤਿੰਨ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਸਿੱਦੀਕੀ ’ਤੇ ਉਨ੍ਹਾਂ ਦੇ ਵਿਧਾਇਕ ਬੇਟੇ ਦੇ ਦਫਤਰ ਨੇੜੇ ਹਮਲਾ ਕੀਤਾ ਗਿਆ ਸੀ। ਪੁਲਿਸ ਹਿਰਾਸਤ ’ਚ ਸ਼ੱਕੀ ਵਿਅਕਤੀਆਂ ਦੀ ਪਛਾਣ ਗੁਰਮੇਲ ਬਲਜੀਤ ਸਿੰਘ (23) ਅਤੇ ਧਰਮਰਾਜ ਰਾਜੇਸ਼ ਕਸ਼ਯਪ (19) ਵਜੋਂ ਹੋਈ ਹੈ। ਕਤਲ ਦੀ ਸਾਜ਼ਸ਼ ’ਚ ਸ਼ਾਮਲ ਮੁੱਖ ਸ਼ੂਟਰ ਸਿ਼ਵਕੁਮਾਰ ਗੌਤਮ ਅਤੇ ਦੋ ਹੋਰ ਫਰਾਰ ਹਨ।