ਟੋਰਾਂਟੋ, 31 ਜੁਲਾਈ (ਪੋਸਟ ਬਿਊਰੋ): ਆਰ.ਸੀ.ਐੱਮ.ਪੀ. ਨੇ ਦੱਸਿਆ ਕਿ ਇੱਕ ਪਿਤਾ ਅਤੇ ਪੁੱਤਰ ਨੂੰ ਰਿਚਮੰਡ ਹਿੱਲ, ਓਂਟਾਰੀਓ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਹਫ਼ਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ `ਤੇ ਟੋਰਾਂਟੋ ਵਿੱਚ ਵੱਡੇ ਹਿੰਸਕ ਹਮਲੇ ਦੀ ਯੋਜਨਾ ਬਣਾਉਣ ਬਣਾ ਰਹੇ ਸਨ।
ਬੁੱਧਵਾਰ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਆਰ.ਸੀ.ਐੱਮ.ਪੀ. ਅਧਿਕਾਰੀਆਂ ਨੇ ਕਿਹਾ ਕਿIntegrated National Security Enforcement Team (INSET) ਨੂੰ ਜੁਲਾਈ ਦੇ ਸ਼ੁਰੂ ਵਿੱਚ ਖਤਰੇ ਬਾਰੇ ਪਤਾ ਚੱਲਿਆ।
ਓਂਟਾਰੀਓ ਦੇ ਕਮਾਂਡਿੰਗ ਅਫ਼ਸਰ, ਸਹਾਇਕ ਕਮਿਸ਼ਨਰ ਮੈਟ ਪੇਗਸ ਨੇ ਦੱਸਿਆ ਕਿ 28 ਜੁਲਾਈ 2024 ਨੂੰ GTA INSET ਨੇ ਰਿਚਮੰਡ ਹਿੱਲ ਦੇ ਇੱਕ ਹੋਟਲ ਵਿੱਚ ਇੱਕ ਪਿਤਾ ਅਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ, ਜੋ ਟੋਰਾਂਟੋ ਵਿੱਚ ਇੱਕ ਵੱਡੇ ਹਿੰਸਕ ਹਮਲੇ ਦੀ ਯੋਜਨਾ ਬਣਾ ਰਹੇ ਸਨ।
ਉਸ ਰਾਤ ਇੱਕ ਐਮਰਜੈਂਸੀ ਪ੍ਰਤੀਕਿਰਿਆ ਟੀਮ ਉਸ ਜੋੜੇ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਹੋਟਲ ਦੇ ਕਮਰੇ ਵਿੱਚ ਪਹੁੰਚੀ, ਜਿੱਥੇ ਉਹ ਰਿਚਮੰਡ ਹਿੱਲ ਵਿੱਚ ਕਿਰਾਏ `ਤੇ ਰਹਿ ਰਹੇ ਸਨ, ਕਿਉਂਕਿ ਉਨ੍ਹਾਂ ਲੋਕਾਂ ਨੇ ਕਥਿਤ ਤੌਰ `ਤੇ ਇੱਕ ਕੁਲਹਾੜੀ ਅਤੇ ਇੱਕ ਛੁਰਾ ਹਾਸਿਲ ਕੀਤਾ ਸੀ।
ਆਰ.ਸੀ.ਐੱਮ.ਪੀ. ਮੁਖੀ ਜੇਮਜ਼ ਪਾਰ ਨੇ ਕਿਹਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਲਈ ਟੀਮਾਂ ਨੇ ਆਪਣਾ ਕੰਮ ਬਾਖੂਬੀ ਤਰੀਕੇ ਨਾਲ ਪੂਰਾ ਕੀਤਾ
ਦੋਵੇਂ ਵਿਅਕਤੀ ਕੈਨੇਡੀਅਨ ਨਾਗਰਿਕ ਹਨ, ਟੋਰਾਂਟੋ ਦੇ ਰਹਿਣ ਵਾਲੇ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਰਿਚਮੰਡ ਹਿੱਲ ਦੇ ਹੋਟਲ ਵਿੱਚ ਕਿਉਂ ਸਨ।
ਪਾਰ ਨੇ ਕਿਹਾ ਕਿ ਅਸੀ ਹਾਲੇ ਵੀ ਇਹ ਜਾਂਚ ਕਰ ਰਹੇ ਹਾਂ ਕਿ ਇਸ ਸਭ ਦੇ ਪਿੱਛੇ ਕੌਣ ਹਨ ਤੇ ਕਿਉਂ ਹਨ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਟੋਰਾਂਟੋ ਦੇ ਬਾਹਰ ਕਿਸੇ ਹੋਰ ਟਾਰਗਿਟ ਬਾਰੇ ਜਾਣਕਾਰੀ ਨਹੀਂ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਮਲੇ ਦਾ ਦਾਇਰਾ ਛੋਟਾ ਸੀ।
62 ਸਾਲਾ ਅਹਿਮਦ ਫੌਦ ਮੁਸਤਫਾ ਏਲਦਿਦੀ ਅਤੇ 26 ਸਾਲਾ ਮੁਸਤਫਾ ਏਲਦਿਦੀ 29 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਏ।