Welcome to Canadian Punjabi Post
Follow us on

30

June 2024
 
ਨਜਰਰੀਆ

ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’

May 29, 2024 01:16 AM

ਡਾ. ਸੁਖਦੇਵ ਸਿੰਘ ਝੰਡ

ਫ਼ੋਨ : +1 647-567-9128                                                            

‘ਮੈਂ ਕੰਮੀਆਂ ਦੀ ਕੁੜੀ’ ਸੰਨੀ ਧਾਲੀਵਾਲ ਦੀ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਦੋ ਸਾਲ ਪਹਿਲਾਂ ਉਸਦੀ ਪਲੇਠੀ ਪੁਸਤਕ ‘ਖ਼ਾਲੀ ਆਲ੍ਹਣਾ’ 2022 ਵਿੱਚ ਆਈ ਜਿਸ ਵਿੱਚਲੀਆਂ ਕਵਿਤਾਵਾਂ ਨੇ ਉਸ ਨੂੰ ਕਵੀ ਵਜੋਂ ਸਥਾਪਤੀ ਪ੍ਰਦਾਨ ਕੀਤੀ। ਦਰਅਸਲ, ਇਹ ਪਹਿਲੀ ਕਿਤਾਬ ਛਪਣ ਤੋਂ ਪਹਿਲਾਂ ਉਸ ਦੀਆਂ ਕਵਿਤਾਵਾਂ ਸੋਸ਼ਲ ਮੀਡੀਏ ਵਿੱਚ ਕਾਫ਼ੀ ਚਰਚਾ ਵਿੱਚ ਆ ਗਈਆਂ ਸਨ, ਕਿਉਂਕਿ ਇਨ੍ਹਾਂ ਦਾ ਰੰਗ-ਰੂਪ ਨਿਵੇਕਲਾ ਸੀ ਜੋ ਪੰਜਾਬੀ ਪਾਠਕਾਂ ਨੂੰ ਪਸੰਦ ਆਇਆ ਅਤੇ ਉਨ੍ਹਾਂ ਨੇ ਸੰਨੀ ਦੀ ਕਾਵਿ-ਸ਼ੈਲੀ ਨੂੰ ਕਾਫ਼ੀ ਸਲਾਹਿਆ। ਪੰਜਾਬੀ ਵਿੱਚ ਕਵਿਤਾ ਲਿਖਣ ਤੋਂ ਪਹਿਲਾਂ ਸੰਨੀ ਕਵਿਤਾਵਾਂ ਅੰਗਰੇਜ਼ੀ ਵਿਚ ਲਿਖਦਾ ਸੀ ਅਤੇ ਸਿਰਮੌਰ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਉਸ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਉਸ ਦੀਆਂ ਕਵਿਤਾਵਾਂ ਦਾ ਮੁਹਾਵਰਾ ਪੰਜਾਬੀ ਸੀ, ਇਸ ਲਈ ਉਸ ਦੀਆਂ ਪੰਜਾਬੀ ਵਿਚ ਲਿਖੀਆਂ ਕਵਿਤਾਵਾਂ ਕਾਫ਼ੀ ਮਕਬੂਲ ਹੋਈਆਂ। ਇਹ ਕਈ ‘ਏਕਮ’,‘ਅੱਖਰ’, ‘ਪ੍ਰਤੀਮਾਨ’ਤੇ ‘ਪ੍ਰੀਤਲੜੀ’ ਵਰਗੇ ਮਿਆਰੀ ਸਾਹਿਤਕ ਰਿਸਾਲਿਆਂ ਵਿੱਚ ਛਪੀਆਂ ਜਿੱਥੇ ਇਨ੍ਹਾਂ ਨੂੰ ਪੰਜਾਬੀ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ। ਪਹਿਲੀ ਪੁਸਤਕ ਦੀ ਕਾਮਯਾਬੀ ਤੋਂ ਬਾਅਦ ਹੁਣ ਇਹ ਉਸ ਦੀ ਨਵੀਂ ਪੁਸਤਕ ਛਪ ਕੇ ਪਾਠਕਾਂ ਕੋਲ ਪਹੁੰਚੀ ਹੈ ਜਿਸ ਦਾ ਉਨ੍ਹਾਂ ਵੱਲੋਂ ਭਰਵਾਂ ਸੁਆਗ਼ਤ ਕੀਤਾ ਜਾ ਰਿਹਾ ਹੈ। 

ਕਿਤਾਬ ਨੂੰ ਫਰੋਲਣਾ ਸ਼ੁਰੂ ਕਰੀਏ ਤਾਂ ਇਸ ਦੀ ਪਹਿਲੀ ਕਵਿਤਾ ਹੀ ਪਾਠਕ ਨੂੰ ਖਿੱਚ ਪਾਉਂਦੀ ਹੈ ਕਿ ਕਿਵੇਂ ਕੰਮੀਆਂ ਦੀ ਇੱਕ ਕੁੜੀ ਸਖ਼ਤ ਮਿਹਨਤ ਕਰਕੇ ਮੁਕਾਬਲੇ ਦਾ ਪੀ.ਸੀ.ਐੱਸ. ਇਮਤਿਹਾਨ ਪਾਸ ਕਰਨ ਤੋਂ ਬਾਅਦ ਜਦੋਂ ਐੱਸ.ਡੀ.ਐੱਮ. ਲੱਗ ਜਾਂਦੀ ਹੈ ਤਾਂ ਕਿਵੇਂ ਉਸ ਨੂੰ ਸਲੂਟ ਵੱਜਦੇ ਹਨ। ਜੱਟਾਂ ਦੇ ਮੁੰਡੇ ਉਸ ਦੇ ਦਫ਼ਤਰ ਵਿੱਚ ਪੀਅਨ, ਕਲੱਰਕ ਤੇ ਅਸਿਸਟੈਂਟ ਲੱਗੇ ਹੋਏ ਹਨ ਅਤੇ ਉਹ ਉਸ ਨੂੰ “ਮੈਡਮ ਜੀ, ਮੈਡਮ ਜੀ” ਕਰਦੇ ਹਨ। ਉਸ ਐੱਸ.ਡੀ.ਐੱਮ. ਦੇ ਸ਼ਬਦਾਂ ਵਿੱਚ :

ਹੁਣ

                             ਵੱਡੇ ਘਰਾਂ ਵਾਲੇ ਜੱਟਾਂ ਦੇ ਮੁੰਡੇ

                             ਮੇਰੇ ਨਾਲ ਵਿਆਹ ਕਰਾਉਣ ਲਈ

                             ਮਿੰਨਤਾਂ ਕਰਦੇ ਫਿਰਦੇ ਹਨ

                             ਹੁਣ ਉਹ ਕਹਿੰਦੇ ਆ

                             ਜਾਤ-ਪਾਤ ਵਿੱਚ ਕੀ ਰੱਖਿਆ

                             ਸਾਰੇ ਰੱਬ ਦੇ ਜੀਅ ਹਨ।                 (ਪੰਨਾ-21)

     ਇਸ ਤੋਂ ਪਹਿਲਾਂ ਇਨ੍ਹਾਂ ਵਰਗਾ ਹੀ ਕੋਈ ਮਨਚਲਾ ਤਾਂ ਉਸ ਨੂੰ ਕਹਿ ਰਿਹਾ ਸੀ :

ਦਿਲ-ਦੁਲ ਨੂੰ ਛੱਡ         

                             ਹਨੇਰੇ ਸਵੇਰੇ

                             ਟਿਊਬਵੈੱਲ ‘ਤੇ ਆ ਜਾਵੀਂ

                             ਗੰਨੇ ਚੂਪ ਜਾਵੀਂ

                             ਹੋਲਾਂ ਖਾ ਜਾਵੀਂ

                             ਸਬਜ਼ੀਆਂ ਲੈ ਜਾਵੀਂ

                             ਸਰੋਂ ਦੀਆਂ ਸੱਜਰੀਆਂ ਗੰਦਲਾਂ

                             ਤੋੜ ਕੇ ਲੈ ਜਾਵੀਂ

                             ਬੱਸ

                             ਮੇਲ਼ ਕਰਾ ਜਾਵੀਂ

                             ਪਿਆਸੇ ਬੁੱਲ੍ਹਾਂ ਨੂੰ ਥੋੜ੍ਹੀ ਨਮੀ ਦੁਆ ਜਾਵੀਂ

                             ਮੇਰੀ ਭੁੱਖ ਮਿਟਾ ਜਾਵੀਂ।                      (ਪੰਨਾ-20)

ਇਸ ਤੋਂ ਅਗਲੀ ਕਵਿਤਾ ਵਿੱਚ ਸੰਨੀ ਕਨੇਡਾ ਵਿੱਚ ਉਨ੍ਹਾਂ ਬਜ਼ੁਰਗਾਂ ਦੀ ਤਰਸਯੋਗ ਹਾਲਤ ‘ਤੇ ਰੌਸ਼ਨੀ ਪਾਉਂਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਔਲ਼ਾਦ ਇਸ ਉਮਰੇ ਨਹੀਂ ਸਾਂਭਦੀ ਅਤੇ ਉਹ ਉਨ੍ਹਾਂ ਨੂੰ ਸੀਨੀਅਰਜ਼ ਹੋਮਜ਼ ਅਤੇ ਨਰਸਿੰਗ ਹੋਮਜ਼ ਵਿੱਚ ਛੱਡ ਆਉਂਦੀ ਹੈ ਜਿੱਥੇ ਉਹ ਇਕੱਲੇਪਨ ਦਾ ਸ਼ਿਕਾਰ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਹਨ। ਉਹ ਬਜ਼ੁਰਗ ਬੇਸ਼ਕ ਆਪਣੇ ਜੀਵਨ ਵਿੱਚ ਕੀਤੇ ਹੋਏ ਕੰਮਾਂ-ਕਾਜਾਂ ਦੀਆਂ ਅਤੇ ਕਨੇਡਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬੁਢਾਪਾ ਪੈੱਨਸ਼ਨਾਂ ਤਾਂ ਲੈ ਰਹੇ ਹਨ ਪਰ ਉਹ ਇਹ ਪੈਸੇ ਆਪਣੇ ਲਈ ਨਹੀਂ ਖ਼ਰਚਦੇ ਅਤੇ ਆਪਣੀ ਔਲਾਦ ਲਈ ਇਹ ਜੋੜ ਕੇ ਰੱਖੀ ਜਾਂਦੇ ਹਨ। ਅਜਿਹੇ ਹੀ ਇੱਕ ਬਜ਼ੁਰਗ ਨੂੰ ਕੋਈ‘ਸਿਆਣਾ ਬਜ਼ੁਰਗ’ ਇਹ ਪੈਸੇ ਉਸ ਨੂੰ ਆਪਣੀ ਖ਼ੁਸ਼ੀ ਲਈ ਆਪਣੇ ਉੱਪਰ ਖ਼ਰਚਣ ਦੀਵਧੀਆਸਲਾਹ ਦਿੰਦਾ ਹੈ ਤੇ ਕਹਿੰਦਾ ਹੈ :

ਸਵਰਗ ਵਰਗੇ ਦੇਸ਼ ‘ਚ ਬੈਠ ਕੇ ਵੀ

                             ਐਵੇਂ ਰੋਈ ਜਾਨਾ ਏਂ

ਇਸ ਜ਼ਿੰਦਗੀ ਦੇ ਜੂਸ ਦਾ ਤੁਪਕਾ-ਤੁਪਕਾ ਪੀ

                             ਤੂੰ ਬੱਚਿਆਂ ਤੋਂ ਕੀ ਲੈਣੈ?

                             ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ

                             ਉਨ੍ਹਾਂ ਨੂੰ ਐਸ਼ ਕਰਨ ਦੇ

                             ਤੂੰ ਉਨ੍ਹਾਂ ਤੋਂ ਵੜੇਵੇਂ ਲੈਣੇ ਆਂ?                 (ਪੰਨਾ-28)

ਕਿਤਾਬ ਦੇ ਵਰਕੇ ਫਰੋਲਦੇ ਜਾਈਏ ਤਾਂ ਅੱਗੇ ਇੱਕ ਸਖ਼ਤ ਮਿਜਾਜ਼ ‘ਪੰਜਾਬੀ ਟੀਚਰ’ ਦਾ ਮੁਹਾਂਦਰਾ ਨਜ਼ਰੀਂ ਪੈਂਦਾ ਹੈ ਜਿਸ ਦੀਆਂ ਭਾਰੀ ਚਪੇੜਾਂ ਤੋਂ ਸਾਰੇ ਹੀ ਵਿਦਿਆਰਥੀ ਡਰਦੇ ਹਨ। ਆਪਣੀ ਹੀ ਸੋਚ ਵਿੱਚ ਡੁੱਬੇ ਹੋਏ ਇੱਕ ਵਿਦਿਆਰਥੀ ਨੂੰ ਕਰਾਰੀ ਚਪੇੜ ਮਾਰ ਕੇ ਉਹ ਪੁੱਛਦਾ ਹੈ ਕਿ ਉਹ ਕੀ ਸੋਚ ਰਿਹਾ ਹੈ ਤਾਂ ਉਹ ਅੱਗੋਂ ਜੁਆਬ ਦਿੰਦਾ ਹੈ :

ਜੀ! ਜੀ! ਜੀ!

                             ਮੈਂ ਸੋਚ ਰਿਹਾ ਸੀ

                             ਲੀਡਰਾਂ ਦੇ ਮੰਤਰੀਆਂ ਦੇ ਬੱਚੇ ਸ਼ਹੀਦ ਕਿਉਂ ਨਹੀਂ ਹੁੰਦੇ ?

                             ਰਾਜਿਆਂ ਦੇ, ਜੱਜਾਂ ਦੇ ਤੇ ਵੱਡੇ ਅਫ਼ਸਰਾਂ ਦੇ ਬੱਚੇ ਸ਼ਹੀਦ ਕਿਉਂ ਨਹੀਂ ਹੁੰਦੇ ?

                            ਚਿੱਟੀ ਸਿਉਂਕ ਤੇ ਭਗਵਿਆਂ ਦੇ ਬੱਚੇ ਸ਼ਹੀਦ ਕਿਉਂ ਨਹੀਂ ਹੁੰਦੇ ?

                             ਕਿਸੇ ਗ਼ਰੀਬ ਬਾਬੇ ਕਿਸ਼ਨ ਸਿੰਘ ਦਾ

                             ਪੋਤਾ ਹੀ ਕਿਉਂ ਸ਼ਹੀਦ ਹੁੰਦਾ ਹੈ ?

                             ਕਿਉਂ ਕਿਸੇ ਗੁਰਮੁਖ ਸਿੰਘ ਦੇ

                             ਇਕਲੌਤੇ ਜਵਾਨ ਪੁੱਤਰ ਦੀ ਲਾਸ਼ ਬਾਰਡਰ ਤੋਂ

                             ਤਾਬੂਤ ਵਿੱਚ ਲਿਪਟੀ ਪਿੰਡ ਪਹੁੰਚਦੀ ਹੈ ?               (ਪੰਨਾ-35,36)

      ਹੋਰ ਅੱਗੇ ਜਾਂਦੇ ਹਾਂ ਤਾਂ ‘ਸੋ ਸੈਡ ਮਨੀਪੁਰ’ ਦਾ ਕਰੂਰ ਚਿਹਰਾ ਸਾਹਮਣੇ ਦਿਸਦਾ ਹੈ ਜਿੱਥੇ ਔਰਤਾਂ ਨੂੰ ਨੰਗੀਆਂ ਕਰਕੇ ਮਨੀਪੁਰ ਦੇ ਬਾਜ਼ਾਰਾਂ ਵਿੱਚ ਘੁਮਾਇਆ ਜਾ ਰਿਹਾ ਹੈ। ਲੋਕਉਨਾਂ ਦੇ ਪ੍ਰਾਈਵੇਟ ਪਾਰਟਸ ਨਾਲ ਛੇੜ-ਛਾੜ ਕਰ ਰਹੇ ਹਨ। ਇਹ ਵੀ ਹੋ ਸਕਦਾ ਏ ਕਿ ਇਹ ਸੱਭ ਕਿਸੇ ਦੀ ਸ਼ਹਿ ‘ਤੇ ਹੋ ਰਿਹਾ ਹੈ, ਕਿਉਂਕਿ ਪੁਲੀਸ ਉਨ੍ਹਾਂ ਲੋਕਾਂ ਨੂੰ ਇਹ ਕੁਝ ਕਰਨ ਤੋਂਰੋਕ ਨਹੀਂ ਰਹੀ ਹੈ। ਕਿੰਨਾ ਸ਼ਰਮਨਾਕ ਹੈ, ਇਹ ਸਾਰਾ ਕੁੱਝ। ਪਰ ‘ਸੱਭਿਅਕ’ ਅਖਵਾਉਂਦੇ ਲੋਕ ਵੀ ਅਜਿਹੀਆਂ ਵੀਡੀਓਜ਼ ਵੇਖ ਕੇ ਉਨ੍ਹਾਂ ਉੱਪਰ “ਸੋ ਸੈਡ” ਲਿਖ ਕੇ ਹੀ ਸਾਰ ਲੈਂਦੇ ਹਨ। ਅਜਿਹੇ ਲੋਕਾਂ ਨੂੰ ਲਾਅਨਤ ਪਾਉਂਦਿਆਂ ਸੰਨੀ ਧਾਲੀਵਾਲ ਕਹਿੰਦਾ ਹੈ :

ਦੇਸ਼ ਵਿੱਚ 1.4 ਬਿਲੀਅਨ ਲੋਕ ਹਨ

                             700 ਮਿਲੀਅਨ ਪੁਰਸ਼ ਹਨ

                             ਜੇ ਇਹ ਵੀ ਸਮਝ ਲਈਏ ਕਿ

                             ਸਾਰੇ ਪੁਰਸ਼ ਕੁੱਤੇ ਹਨ,

ਲੁੱਚੇ ਹਨ,

ਬੇਸ਼ਰਮ ਹਨ

                             ਕਾਮ ਦੇ ਭੁੱਖੇ ਹਨ

                             ਫਿਰ 700 ਮਿਲੀਅਨ ਔਰਤਾਂ ਵੀ ਤਾਂ ਹਨ

                             ਜੇ ਉਹ ਸਿਰਫ਼ “ਸੋ ਸੈਡ” ਕਹਿ ਕੇ ਹੀ

                             ਅਗਾਂਹ ਤੁਰ ਜਾਣਗੀਆਂ ਤਾਂ

                             ਉਨ੍ਹਾਂ ਨਾਲ ਅਜਿਹਾ ਹੁੰਦਾ ਰਹੇਗਾ

                             ਕੁਝ ਵੀ ਨਹੀਂ ਸੁਧਰੇਗਾ।              (ਪੰਨਾ-57,58)

ਹੋਰ ਥੋੜ੍ਹਾ ਜਿਹਾ ਅੱਗੇ ਜਾ ਕੇ ਸੰਨੀ ਦੀ ਸੋਚ ਵਿੱਚ ‘ਤੱਤੀ ਤਵੀ’ ਦਾ ਖ਼ਿਆਲ ਪਾਠਕ ਨੂੰ ਦਿਖਾਈ ਦਿੰਦਾ ਹੈ।ਉਹ ਸੋਚਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ‘ਤੇ ਬੈਠਣ ਲਈ ਤੁਰ ਪਏ ਹੋਣਗੇ ਤਾਂ ਉਦੋਂ ਉਨ੍ਹਾਂ ਦੇ ਮਨ ਵਿੱਚ ਕੀ ਵਾਪਰ ਰਿਹਾ ਹੋਵੇਗਾ? ਇਸ ਦਾ ਅਨੁਮਾਨ ਲਾਉਣਾ ਆਮ ਮਨੁੱਖ ਲਈ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ। ਗੁਰੂ ਜੀ ਨੇ ਜ਼ਰੂਰ ਪਹਿਲਾਂ ਆਪਣਾ ਮਨ ਜਿੱਤਿਆ ਹੋਵੇਗਾ। ਉਸ ਸਮੇਂ ਉਨ੍ਹਾਂ ਨੇ ਤਵੀ ਦੇ ਤਾਪਮਾਨ ਦਾ ਹਿੰਦਸਿਆਂ ਵਿੱਚ ਭਾਵੇਂ ਅੰਦਾਜ਼ਾ ਨਾ ਲਗਾਇਆ ਹੋਵੇ ਪਰ ਉਨ੍ਹਾਂ ਨੂੰ ਇਸ ਦੀ ‘ਤਪਸ਼’ਤੇ ‘ਲਾਲਗੀ’ ਦਾ ਅੰਦਾਜ਼ਾ ਜ਼ਰੂਰ ਹੋਵੇਗਾ, ... ਤੇ ਫਿਰ ਵੀ ਉਹ ਕਿਹੜੇ ਸਿਦਕ ਤੇ ਸਬਰ ਨਾਲ ਤੱਤੀ ਤਵੀ ‘ਤੇ ਜਾ ਬੈਠੇ ਹੋਣਗੇ?ਕਵੀ ਸੋਚਦਾ ਹੈ :

ਕੀ ਮੈਂ ‘ਤੱਤੀ ਤਵੀ ‘ਤੇ ਬੈਠਣ ਲਈ

                             ਤਿਆਰ ਹਾਂ, ਜਾਂ ਡਰਦਾ ਹਾਂ?

                             ਜੇ ਮੈਂ ਤਿਆਰ ਹੋ ਵੀ ਜਾਵਾਂ

                             ਤਾਂ ਕੀ ‘ਜੂਨ-ਚੁਰਾਸੀ’ ਕੱਟੀ ਜਾਵੇਗੀ?       (ਪੰਨਾ-72)

    ਕਵਿਤਾ ‘ਤੇਰਾ ਡੈਡੀ ਤੇ ਮੇਰਾ ਬਾਪੂ’ ਵਿੱਚ ਸੰਨੀ ਦੋ ਵੱਖਰੀ ਕਿਸਮ ਦੀਆਂਸ਼ਖ਼ਸੀਅਤਾਂ ਦਾ ਬਾਖ਼ੂਬੀ ਮੁਕਾਬਲਾਕਰਦਾ ਹੈ, ਜਦੋਂਉਹ ਕਹਿੰਦਾ ਹੈ :

ਤੇਰਾ ਡੈਡੀ ਆਪਣੀ ਮੁੱਠੀ

                              ਸਿਆਸੀ ਲੋਕਾਂ ਦੀਆਂ

                              ਜੇਬਾਂ ਵਿੱਚ ਪਾ ਲੈਂਦਾ

                              ਉਨ੍ਹਾਂ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਦਾ

                              ਉਨ੍ਹਾਂ ਦੀ ਪ੍ਰਸ਼ੰਸਾ ਵਿੱਚ

ਪੇਪਰਾਂ ਲਈ ਲੇਖ ਲਿਖਦਾ  (ਪੰਨਾ-82)

            ਤੇ ਦੂਸਰੇ ਪਾਸੇ :

ਮੇਰਾ ਬਾਪੂ

                              ਉਨ੍ਹਾਂ ਵੱਲ ਜ਼ਰਾ ਧਿਆਨ ਨਾ ਕਰਦਾ

                              ਤੇ ਕਈ ਵਾਰ ਉਨ੍ਹਾਂ ਦੇ ਘਟੀਆ ਕੰਮਾਂ ਬਾਰੇ

                              ਲੋਕਾਂ ਨੂੰ ਸਾਵਧਾਨ ਕਰਦਾ

                              ਉਨ੍ਹਾਂ ਨੂੰ ਅੱਖਾਂ ਵਿਖਾਉਂਦਾ।                        (ਪੰਨਾ-83)

ਇੱਕ ਹੋਰ ਕਵਿਤਾ ਜਿਸ ਨੇ ਮੇਰਾ ਧਿਆਨ ਵਿਸ਼ੇਸ਼ ਤੌਰ ‘ਤੇ ਖਿੱਚਿਆ ਹੈ, ਉਹ ਹੈ ‘ਅਸੀਂ ਵੀ ਕੀ ਚੀਜ਼ ਹਾਂ?’। ਇਸ ਕਵਿਤਾ ਵਿਚ ਕਵੀ ਵੱਲੋਂ ਸਾਡੇ ਆਮ ਲੋਕਾਂ ਦੀ ਦੋਹਰੀ ਮਾਨਸਿਕਤਾ ਦਾ ਨਕਸ਼ਾ ਬਾਖ਼ੂਬੀ ਖਿੱਚਿਆਗਿਆ ਹੈ।

 ਉਹ ਕਹਿੰਦਾ ਹੈ :

ਜੇ ‘ਭਈਆ’ ਆਪਣੇ ਪਰਿਵਾਰ ਨਾਲ

                               ਪੰਜਾਬ ਰਹਿਣ ਆ ਜਾਵੇ ਤਾਂ

                               ਅਸੀਂ ਮੱਥੇ ਤਿਊੜੀਆਂ ਪਾਉਂਦੇ ਹਾਂ

                               ਸੜਦੇ ਹਾਂ

                               ਬਲ਼ਦੇ ਹਾਂ

                               ਤੇ ਕਹਿੰਦੇ ਹਾਂ,“ਇਹ ਗੰਦ ਪਾਉਂਦੇ ਆ”

                               ਭਜਾਓ ਇਨ੍ਹਾਂ ਨੂੰ।                                  (ਪੰਨਾ-108)

         ਤੇ ਦੂਸਰੇ ਬੰਨੇ :

ਜੇ ਕੋਈ ਪੰਜਾਬੀ ਪੰਜਾਬ ਵਿੱਚ

ਕ੍ਰਿਸਚੀਅਨ ਬਣ ਜਾਵੇ

                              ਸਾਡੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ

                              ਅਸੀਂ ਉੱਚੀ-ਉੱਚੀ ਸੰਘ ਪਾੜਦੇ ਹਾਂ

                              ਉਸ ਨੂੰ ਕਮਿਊਨਿਟੀ ‘ਚੋਂ ਬਾਹਰ ਕੱਢਣ ਤੱਕ ਜਾਂਦੇ ਹਾਂ

                              ਪੰਚਾਇਤ ਤੋਂ ਮਤੇ ਪਾਸ ਕਰਾਉਂਦੇ ਹਾਂ

                              ਰਿਸ਼ਤੇ ਨਾਤੇ ਤੋੜਦੇ ਹਾਂ

                              ਕੁੱਟਦੇ ਹਾਂ

                              ਮਾਰਦੇ ਹਾਂ

                              ਵੱਢਣ ਤੱਕ ਜਾਂਦੇ ਹਾਂ।                                    (ਪੰਨਾ-109)

    ਇਸ ਤਰ੍ਹਾਂ ਸੰਨੀ ਧਾਲੀਵਾਲ ਦੀ ਇਹ ਪੁਸਤਕ ਇਸ ਦੀਆਂ ਵੱਖ-ਵੱਖ ਕਵਿਤਾਵਾਂ ਰਾਹੀਂ ਸਾਨੂੰ ‘ਸਮਾਜ ਦਾ ਸਹੀ ਸ਼ੀਸ਼ਾ’ ਵਿਖਾਉਂਦੀ ਹੈ। ਨਾਵਲਾਂ ਤੇ ਕਹਾਣੀਆਂ ਵਾਂਗ ਉਸ ਦੇ ਜਿਊਂਦੇ-ਜਾਗਦੇ ਪਾਤਰ ਸਮਾਜ ਦੇ ਵੱਖ-ਵੱਖ ਅੰਗਾਂ ਤੇ ਇਸ ਦੇ ਵੱਖੋ-ਵੱਖਰੇ ਪੱਖਾਂ ਨੂੰ ਪੇਸ਼ ਕਰਦੇ ਹਨ।ਆਪਣੀਆਂ ਕਵਿਤਾਵਾਂ ਵਿਚ ਉਹ ‘ਸੰਨੀ ਡੇਅ’ ਦਾ ਪ੍ਰਤੀਕ ਕਈ ਰੰਗਾਂ ਵਿੱਚ ਵਰਤਦਾ ਹੈ। ਬਹੁਤੀ ਵਾਰ ਤਾਂ ਇਹ ਕਨੇਡਾ ਦੇ ਵਧੀਆ ਮੌਸਮ ਦੀ ਕੋਸੀ-ਕੋਸੀ ਧੁੱਪ ਵਾਂਗ ਕਿਸੇ‘ਹਾਂ-ਪੱਖੀ ਵਰਤਾਰੇ’ ਲਈ ਹੀ ਵਰਤਿਆ ਗਿਆ ਹੈ, ਜਿਵੇਂ :

ਇੱਕ ਦਿਨ

                              ‘ਸੰਨੀ ਡੇਅ’ ਸੀ

                              ਇਕੱਲਾ ਧੁੱਪੇ ਬੈਠਾ ਸੀ

                              ਮੈਨੂੰ ਇੱਕ ਸਰਦਾਰ ਜੀ ਨੇ ਪੁੱਛਿਆ

                              ਕੀ ਹੋਇਆ ?                                              (ਪੰਨਾ-24)

ਅਤੇ

ਮੈਂ ਪਲੇਨ ‘ਤੇ ਕੈਲਗਰੀ ਤੋਂ ਵੈਨਕੂਵਰ

                              ਜਾ ਰਿਹਾ ਸੀ

                              ਬਹੁਤ ਹੀ ਵਧੀਆ ‘ਸੰਨੀ ਡੇਅ’ ਸੀ

                              ਬੈਂਅਫ਼ ਦੇ ਪਹਾੜ‘ਸੁੰਦਰ ਤੇ ਸੱਜਰੀ’ ਸਨੋਅ ਨਾਲ

                              ਘੁੱਟ-ਘੁੱਟ ਜੱਫ਼ੀਆਂ ਪਾ ਰਹੇ ਸਨ

                              ਸੂਰਜ ਦੀਆਂ ਕਿਰਨਾ ਨਾਲ

ਲੁਕਣ-ਮੀਚੀ ਖੇਡੀ ਜਾ ਰਹੀ ਸੀ।                             (ਪੰਨਾ-44)

 

 ਪਰ ਦੂਸਰੇ ਪਾਸੇ ਇਸ ਨੂੰ ਕਈ ਵਾਰ ਮੌਸਮ ਦੇ ਸਖ਼਼ਤ ਮਿਜਾਜ਼ ਜਾਂ ਕਿਸੇ ਸਖ਼ਤ ਮਨੁੱਖੀ ਵਰਤਾਰੇ ਲਈ ਵੀ ਵਰਤੋਂ ਵਿੱਚ ਲਿਆਉਂਦਾ ਹੈ, ਮਿਸਾਲ ਵਜੋਂ :

ਹਾੜ ਦਾ ਦਿਨ

                               ‘ਸੰਨੀ ਡੇਅ’

                               ਸੂਰਜ ਆਪਣਾ ਜਲਵਾ ਦਿਖਾ ਰਿਹਾ ਸੀ

                               ਗਰਮੀ ਨਾਲ ਸਰੀਰ ਅੰਦਰ ਜੰਮੀ ਬਰਫ਼

                               ਖੁਰ-ਖੁਰ ਕੇ ਬਾਹਰ ਨਿਕਲ ਰਹੀ ਸੀ

ਮੈਂ ਟੀ. ਈ. ਟੀ. ਪਾਸ ਨੌਕਰੀਆਂ ਭਾਲ਼ਦੇ

                               ਟੀਚਰਾਂ ਦੇ ਮੁਜ਼ਾਹਰੇ ਤੋਂ

                               ਪਰਤ ਰਹੀ ਸੀ। 

                               ਐਨੀ ਗਰਮੀ ਵਿੱਚ

                               ਆਪਣੇ ਹੱਕਾਂ ਲਈ ਲੜਨਾ

                               ਮਾਊਂਟ ਐਵਰੈੱਸਟ ‘ਤੇ ਚੜ੍ਹਨ ਨਾਲੋਂ ਘੱਟ ਨਹੀਂ ਸੀ                        (ਪੰਨਾ-37)

ਕੁਕਨੁਸ ਪ੍ਰਕਾਸ਼ਨ, ਜਲੰਧਰ ਦੇ ਮਾਲਕ ਰਾਜਿੰਦਰ ਬਿਮਲ ਹੁਰਾਂ ਵੱਲੋਂ ਛਾਪੀ ਗਈ 144 ਪੰਨਿਆਂ ਦੀ ਇਸ ਪੁਸਤਕ ਦੀ ਦਿੱਖ ਬੜੀ ਪ੍ਰਭਾਵਸ਼ਾਲੀ ਹੈ। ਇਸ ਦੇ ਟਾਈਟਲ-ਕੱਵਰ ‘ਤੇ ਛਪੀ ਐੱਸ.ਡੀ.ਐੱਮ. ਬਣੀ ਕਿਸੇ ‘ਕੰਮੀਆਂ ਦੀ ਕੁੜੀ’ ਦੀ ਤਸਵੀਰ ਇਸ ਨੂੰ ਹੋਰ ਵੀ ਅਰਥ-ਭਰਪੂਰ ਬਣਾਉਂਦੀ ਹੈ। ਇਸ ਦੇਹੇਠਾਂ ਕੰਮੀਆਂ ਦੀ ਇੱਕ ਹੋਰ ਕੁੜੀ ਆਪਣੇ ਪਾਲਤੂ ਪਸ਼ੂਆਂ ਲਈ ਘਾਹ-ਪੱਠੇ ਦਾ ਜੁਗਾੜ ਕਰ ਰਹੀ ਹੈ। ਪਹਿਲੀ ਨਜ਼ਰੇ ਹੀ ਇਹ ਦੋਵੇਂ ਤਸਵੀਰਾਂ ਪਾਠਕ ਦੇ ਮਨ ਨੂੰ ਧੂਹ ਪਾਉਂਦੀਆਂ ਹਨਤੇ ਉਹ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਪੜ੍ਹਨ ਲਈ ਉਤਾਵਲਾ ਹੋ ਜਾਂਦਾ ਹੈ। ਅਵਤਾਰ ਸਿੰਘ ਧਾਲੀਵਾਲ ਤੇ ਡਾ. ਵਰਿਆਮ ਸਿੰਘ ਸੰਧੂ ਦੇ ਲਿਖੇ ਹੋਏ ‘ਮੁੱਖ-ਬੰਦ’ ਪਾਠਕ ਦੀ ਦਿਲਚਸਪੀ ਵਿੱਚ ਹੋਰ ਵੀ ਵਾਧਾ ਕਰਦੇ ਹਨ ਅਤੇ ਉਹ ਹੋਰਦ੍ਰਿੜ੍ਹਤਾ ਤੇ ਵਿਸ਼ਵਾਸ ਨਾਲ ਕਵਿਤਾਵਾਂ ਪੜ੍ਹਨੀਆਂ ਆਰੰਭ ਕਰ ਦਿੰਦਾ ਹੈ। ... ਤੇ ਇਹ ਸਿਲਸਿਲਾ ਓਨਾ ਚਿਰ ਚੱਲਦਾ ਰਹਿੰਦਾ ਹੈ ਜਿੰਨਾ ਚਿਰ ਉਹ ਕਿਤਾਬ ਦੇ ਅਖ਼ੀਰ ਤੱਕ ਨਹੀਂ ਪਹੁੰਚ ਜਾਂਦਾ। ਸੰਨੀ ਧਾਲੀਵਾਲ ਦੀ ਇਸ ਦੂਸਰੀ ਪੁਸਤਕ ਦੇ ਛਪਣ ‘ਤੇ ਮੈਂ ਉਸ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਅੱਗੋਂ ਵੀ ਹੋਰ ਅਜਿਹੀਆਂ ਖ਼ੂਬਸੂਰਤ ਕਵਿਤਾਵਾਂ ਲਿਖਦਾ ਤੇ ਛਪਵਾਉਂਦਾ ਰਹੇਗਾ। ਇਸ ਦੇ ਨਾਲ ਹੀ ਮੈਂ ਉਸ ਨੂੰ ਆਪਣੀਆਂ ਕਵਿਤਾਵਾਂ ਨੂੰ ਕੁੱਝ ਸੰਖੇਪ ਰੱਖਣ ਦਾ ਵੀ ਮਸ਼ਵਰਾ ਦਿੰਦਾ ਹਾਂ, ਕਿਉਂਕਿ ਉਸ ਦੀਆਂ ਕਈ ਕਵਿਤਾਵਾਂ ਬਹੁਤ ਲੰਮੀਆਂ ਹੁੰਦੀਆਂ ਜਿਨ੍ਹਾਂ ਦੇ ਵਿਸਥਾਰ ਨੂੰ ਮੇਰੇ ਖ਼ਿਆਲ ਅਨੁਸਾਰ ਘੱਟ ਕੀਤਾ ਜਾ ਸਕਦਾ ਹਾਂ।

 

                                                                                                          

 

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ ਸੰਜੀਦਾ ਧਿਰਾਂ ਨੂੰ ਨਵੇਂ ਸਿਰਿਉਂ ਪੰਜਾਬ ਬਾਰੇ ਵੀ ਸੋਚਣਾ ਪਵੇਗਾ, ਦੇਸ਼ ਬਾਰੇ ਵੀ ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤੈ ਕਿ ਚੋਣ ਕਮਿਸ਼ਨ ਬਿਨਾਂ ਵੀ ਭਾਰਤ ਦਾ ਕੰਮ ਚੱਲ ਸਕਦੈ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ... ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ