Welcome to Canadian Punjabi Post
Follow us on

30

June 2024
 
ਨਜਰਰੀਆ

ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ...

May 21, 2024 10:33 PM

ਡਾ. ਸੁਖਦੇਵ ਸਿੰਘ ਝੰਡ                                                 

ਫ਼ੋਨ: 1-647-567-9128

ਸਰੀਰਕ ਰੂਪਵਿਚ ਸੁਰਜੀਤ ਪਾਤਰ ਇਸ ਦੁਨੀਆਂ ਵਿੱਚ ਨਹੀਂ ਰਹੇ ਤੇ ਉਹ ਕਿਸੇ ਅਣਡਿੱਠੇ ਅਗਲੇ ਸੰਸਾਰ ‘ਚ ਜਾ ਪਹੁੰਚੇ ਹਨ। ਪਰ ਆਪਣੀਆਂ ਗ਼ਜ਼ਲਾਂ, ਕਵਿਤਾਵਾਂ, ਸੰਵਾਦਾਂ ਤੇ ਹੋਰ ਰਚਨਾਵਾਂ ਸਦਕਾ ਉਹ ਹਮੇਸ਼ਾ ਸਾਡੇ ਅੰਗ-ਸੰਗ ਰਹਿਣਗੇ। 79 ਸਾਲ ਦੀ ਉਮਰ ‘ਚ ਉਹ ਪੰਜਾਬੀ ਦੇ ਸਿਰਮੌਰ ਕਵੀ ਵਜੋਂ ਪੂਰੇ ਕਾਰਜਸ਼ੀਲ ਸਨ।11 ਮਈ ਨੂੰ ਆਖ਼ਰੀ ਸਮਾਂ ਆਉਣ ਤੋਂ ਇਕ ਦਿਨ ਪਹਿਲਾਂ ਹੀ ਤਾਂ ਬਰਨਾਲੇ ਵਿੱਚ ਹੋਏ ਸਾਹਿਤਕ ਸਮਾਗ਼ਮ ਵਿੱਚ ਉਹ ਆਪਣੀ ਹਰਮਨ-ਪਿਆਰੀ ਕਵਿਤਾ “ਜਗਾ ਦੇ ਮੋਮਬੱਤੀਆਂ” ਸੁਣਾ ਕੇ ਆਏ ਸਨ। ਕਿਸੇ ਨੂੰ ਵੀ ਕੀ ਪਤਾ ਸੀ ਕਿਉਨ੍ਹਾਂ ਦੀ ਇਸ ਸਮਾਗ਼ਮ ਵਿੱਚ ਇਹ ਆਖ਼ਰੀ ਹਾਜ਼ਰੀ ਹੋਵੇਗੀ ਅਤੇ ਉਹ ਰਾਤ ਨੂੰ ਸੁੱਤੇ ਅਗਲੇ ਦਿਨ ਸਵੇਰੇ ਨਹੀਂ ਉੱਠ ਸਕਣਗੇ।

ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਭਾਸ਼ਾ ਤੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਇਲਾਵਾ ਜਿੱਥੇ-ਜਿੱਥੇ ਵੀ ਛੋਟੇ ਪੰਜਾਬ ਵੱਸੇ ਹੋਏ ਹਨ, ਉਨ੍ਹਾਂ ਵਿੱਚ ਵੱਸਣ ਵਾਲਿਆਂ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੇ ਸਾਹਿਤ ਦੇ ਇਸ ‘ਦੁਮਾਲੜੇ ਬੁਰਜ’ ਦੇ ਢਹਿ ਜਾਣ ‘ਤੇ ਗਹਿਰਾ ਦੁੱਖ ਮਨਾਇਆ ਹੈ। ਸੁਰਜੀਤ ਪਾਤਰ ਵੱਲੋਂ ਪੰਜਾਬੀ ਸਾਹਿਤ, ਖ਼ਾਸ ਕਰਕੇ ਪੰਜਾਬੀ ਕਵਿਤਾ ਨੂੰ ਉੱਚ ਦਰਜੇ ਦੀ ਅਮੀਰੀ ਬਖ਼ਸ਼ਣ ਬਦਲੇ ਉਨ੍ਹਾਂ ਨੂੰ ਰਹਿੰਦੀਆਂ ਪੀੜੀਆਂ ਤੱਕ ਯਾਦ ਕੀਤਾ ਜਾਂਦਾ ਜਾਏਗਾ। ਪੰਜਾਬੀ ਭਾਸ਼ਾ ਨੂੰ ਨਵੇਂ ਬਿੰਬ, ਪ੍ਰਤੀਕ, ਮੁਹਾਵਰੇ, ਸ਼ਬਦ ਤੇ ਵਿਚਾਰ ਪ੍ਰਦਾਨ ਕਰਨ ਲਈ ਡਾ. ਪਾਤਰ ਨੂੰ ਹਮੇਸ਼ਾ ਬੜੇ ਮਾਣ ਤੇ ਇੱਜ਼ਤ ਨਾਲ ਵੇਖਿਆ ਜਾਂਦਾ ਰਹੇਗਾ। ਸਾਹਿਤ ਦੀ ਸਿਨਫ਼ ਗ਼ਜ਼ਲ ਨੂੰ ਨਵੇਂ ਅੰਜਾਮ ਤੱਕ ਪਹੁੰਚਾਉਣ ਲਈਪਾਤਰ ਸਾਹਿਬ ਦੀ ਗ਼਼ਜ਼ਲਕਾਰੀ ਟੀਸੀ ‘ਤੇ ਟਿਕੀ ਰਹੇਗੀ।

ਸੁਰਜੀਤ ਪਾਤਰ ਦੀ ਮਿਕਨਾਤੀਸੀਖਿੱਚ ਕਰਕੇ ਪੰਜਾਬੀ ਦਾ ਹਰੇਕ ਪਾਠਕ ਆਪਣੇ ਆਪ ਨੂੰ ਉਨ੍ਹਾਂ ਦੇ ਨਜ਼ਦੀਕ ਸਮਝਦਾ ਹੈ ਅਤੇ ਸਮਝਦਾ ਵੀ ਰਹੇਗਾ। ਉਨ੍ਹਾਂ ਦੀ ਕਵਿਤਾ ਨੂੰ ਪੰਜਾਬੀ ਭਾਈਚਾਰੇ ਵੱਲੋਂ ਭਰਪੂਰ ਸਤਿਕਾਰ ਮਿਲਿਆ ਹੈ। ਪੰਜਾਬੀ ਦੇ ਵੱਡੇ-ਵੱਡੇ ਭਾਸ਼ਨਕਾਰ ਤੇ ਨੇਤਾ ਆਪਣੇ ਭਾਸ਼ਨਾਂ ਵਿਚ ਸੁਰਜੀਤ ਪਾਤਰ ਦੇ ਸ਼ਿਅਰਾਂ ਦਾ ਅਕਸਰ ਜ਼ਿਕਰ ਕਰਦੇ ਹਨ। ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕੈਡਮੀ ਤੇ ਹੋਰ ਕਈ ਮਾਣ-ਸਨਮਾਨਾਂ ਤੋਂ ਬਾਅਦ ਭਾਰਤ ਦਾ ਸਰਵੋਤਮ ਇਨਾਮ ‘ਪਦਮਸ਼੍ਰੀ’ ਪਾਪਤ ਕਰਨ ਤੋਂ ਬਾਅਦ ਵੀ ਸੁਰਜੀਤ ਪਾਤਰ ਧਰਤੀ ਨਾਲ ਜੁੜੇ ਰਹੇ। ਉਨ੍ਹਾਂ ਦੀ ਸਹਿਜਤਾ, ਹਲੀਮੀ, ਨਿਮਰਤਾ, ਅਤੇ ਵਿੱਦਵਤਾ ਨੇ ਉਨ੍ਹਾਂ ਦੀ ਆਨ ਤੇ ਸ਼ਾਨ ਨੂੰ ਹਮੇਸ਼ਾ ਉੱਚੀ ਕਰੀ ਰੱਖਿਆ ਹੈ। ਪਾਤਰ ਸਾਹਿਬ ਵੱਲੋਂ ਸਾਹਿਤ ਦੀ ਝੋਲੀ ਵਿੱਚ ਪਾਈਆਂ ਗਈਆਂ ਪੁਸਤਕਾਂ ‘ਹਵਾ ਵਿਚ ਲਿਖੇ ਹਰਫ਼’, ‘ਬਿਰਖ਼ ਅਰਜ਼ ਕਰੇ’, ‘ਹਨੇਰੇ ਵਿਚ ਸੁਲਘਦੀ ਵਰਣਮਾਲਾ’, ‘ਲਫ਼ਜਾਂ ਦੀ ਦਰਗਾਹ’, ਪੱਤਝੜ ਦੀ ਪਾਜ਼ੇਬ’, ‘ਸੁਰਜ਼ਮੀਨ’, ‘ਚੰਨ ਸੂਰਜ ਦੀ ਵਹਿੰਗੀ’, ‘ਸਦੀ ਦੀਆਂ ਤਰਕਾਲਾਂ’, ‘ਸੂਰਜ ਮੰਦਰ ਦੀਆਂ ਪੌੜੀਆਂ’ ਤੇ‘ਇਹ ਬਾਤ ਨਿਰੀ ਏਨੀ ਹੀ ਨਹੀਂ’ ਵਿਚਲੀਆਂ ਕਵਿਤਾਵਾਂ ਤੇ ਵਾਰਤਕ ਲਿਖ਼ਤਾਂ ਮਨੁੱਖਤਾ ਨੂੰ ਦੂਰਦਰਸ਼ਤਾ, ਚੜ੍ਹਦੀ ਕਲਾ ਅਤੇ ਜੀਵਨ ਵਿਚ ਅੱਗੇ ਵੱਧਣ ਦਾ ਸੰਦੇਸ਼ ਦਿੰਦੀਆਂ ਹਨ। ਇਨ੍ਹਾਂ ਨੂੰ ਜਦੋਂ-ਜਦੋਂ ਵੀ ਕੋਈ ਪੜ੍ਹੇਗਾ, ਉਦੋਂ-ਉਦੋਂ ਹੀ ਉਹ ਇਨ੍ਹਾਂ ਉੱਪਰ ਮਾਣ ਮਹਿਸੂਸ ਕਰੇਗਾ।

ਉਨ੍ਹਾਂ ਨੇ ਮੁੱਢਲੀ ਵਿੱਦਿਆ ਕਪੂਰਥਲਾ ਜ਼ਿਲੇ ਦੇ ਆਪਣੇ ਪਿੰਡ ਪਾਤੜ ਕਲਾਂ ਤੋਂ ਪ੍ਰਾਪਤ ਕੀਤੀ ਅਤੇ ਰਣਧੀਰ ਕਾਲਜ (ਹੁਣ, ਨਵਾਬ ਨੱਸਾ ਸਿੰਘ ਆਹਲੂਵਾਲੀਆ ਕਾਲਜ) ਕਪੂਰਥਲਾ ਤੋਂ ਬੀ.ਏ. ਕਰਨ ਉਪਰੰਤ ਐੱਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਕੁਝ ਸਮਾਂ ਅੰਮ੍ਰਿਤਸਰ ਜ਼ਿਲੇ ਦੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਫਿਰ ਯੁੱਗ-ਸ਼ਾਇਰ ਪ੍ਰੋ. ਮੋਹਨ ਸਿੰਘ ਹੁਰਾਂ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹਿਸਟਰੀ, ਲੈਂਗੂਏਜ, ਕਲਚਰ ਤੇ ਪੱਤਰਕਾਰੀਵਿਭਾਗ ਵਿਚ ਆ ਗਏ। ਪੀਐੱਚ. ਡੀ. ਉਨ੍ਹਾਂ ਨੇ ਬਾਅਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੁਧਿਆਣਾ ਤੋਂ ਡਾ. ਜੋਗਿੰਦਰ ਸਿੰਘ ਕੈਰੋਂ ਦੀ ਨਿਗਰਾਨੀ ਹੇਠ ਆਪਣੀ ਸਰਵਿਸ ਦੌਰਾਨ ਕੀਤੀ।ਲੰਮਾਂ ਸਮਾਂ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੇਵਾ ਕਰਨ ਪਿੱਛੋਂ 2005 ਵਿਚ ਪ੍ਰੋਫ਼ੈਸਰ ਵਜੋਂ ਸੇਵਾ-ਮੁਕਤ ਹੋਏ ਅਤੇ ਫਿਰ ਪੂਰਾ ਸਮਾਂ ਸਾਹਿਤ ਦੀ ਸੇਵਾ ਵਿੱਚ ਜੁੱਟ ਪਏ। ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ, ਗ਼਼ਜ਼ਲਾਂ, ਰੇਡੀਓ ਤੇ ਟੀ.ਵੀ. ਪ੍ਰੋਗਰਾਮਾਂ, ਸਾਹਿਤਕ ਤੇ ਫ਼ਿਲਮੀ ਸੰਵਾਦਾਂ ਰਾਹੀ ਪੰਜਾਬੀ ਮਾਂ-ਬੋਲੀ ਨੂੰ ਹੋਰ ਅਮੀਰ ਕੀਤਾ ਅਤੇ ਪੰਜਾਬੀ ਕਵੀ ਵਜੋਂ ਸਥਾਪਿਤ ਹੋਏ। ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਕਈ ਸਾਲ ਪ੍ਰਧਾਨ ਰਹੇ ਅਤੇ ਇਸ ਦੇ ਨਾਲ ਹੀ ਪੰਜਾਬ ਕਲਾ ਪ੍ਰੀਸ਼ਦ ਦੇ ਪ੍ਰਧਾਨ ਵਜੋਂ ਵੀ ਆਪਣੀ ਜ਼ਿੰਮੇਂਵਾਰੀ ਬਾਖ਼ੂਬੀ ਨਿਭਾਈ।

ਉਨ੍ਹਾਂ ਦੀਆਂ ਕਵਿਤਾਵਾਂ ਤੇ ਗ਼ਜਲਾਂ ਵਿੱਚ ਕਈ ਸਾਰਥਿਕ ਸੁਨੇਹੇ ਦਿੱਤੇ ਗਏ ਹਨ ਜੋ ਪਾਠਕਾਂ ਨੂੰ ਹਮੇਸ਼ਾ ਯਾਦ ਰਹਿਣਗੇ। ਹਰਮਨ-ਪਿਆਰੀ ਗ਼ਜ਼ਲ ਦੇ ਇਸ ਸ਼ਿਅਰ ਵਿੱਚ ਹਰ ਵੇਲੇ ‘ਚੜ੍ਹਦੀ ਕਲਾ’ ਵਿੱਚ ਰਹਿਣ ਦਾ ਕਿੱਡਾ ਵੱਡਾ ਸੰਦੇਸ਼ ਹੈ:

ਜੇ ਆਈ ਪੱਤਝੜ ਤਾਂ ਫਿਰ ਕੀ ਏ, ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ,

                                         ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਸੁਰਜੀਤ ਪਾਤਰ ਨਵੀਆਂ ਰਾਹਾਂ ਦੇ ਪਾਂਧੀ ਸਨ ਅਤੇ ਉਨ੍ਹਾਂ ਪੰਜਾਬੀ ਕਵਿਤਾ ਵਿਚ ਨਵੇਂ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਨਵੀਂਆਂ ਪੈੜਾਂ ਬਣਾਈਆਂ। ਉਨ੍ਹਾਂ ਦੀ ਮਕਬੂਲ ਗ਼ਜ਼ਲ ਦਾ ਇੱਕ ਸ਼ਿਅਰ ਹੈ:

ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,

                                                ਯੁਗਾਂ ਤੋਂ ਕਾਫ਼ਲੇ ਆਉਂਦੇ, ਮੇਰੇ ਸੱਚ ਦੇ ਗਵਾਹ ਬਣਦੇ।

ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਉਨ੍ਹਾਂ ਨੇ ‘ਬਿਰਖ਼’ ਨੂੰ ਖ਼ੂਬਸੂਰਤ ਬਿੰਬ ਵਜੋਂ ਵਰਤਿਆ ਹੈ। ਉਹ ਬਿਰਖ਼ਾਂ ਦੀਆਂ “ਡਾਲੀਆਂ ‘ਚੋਂ  ਹਵਾ ਬਣਕੇ ਲੰਘਣ” ਦੀ ਗੱਲ ਕਰਦੇ ਹਨ। ਪਿਛਲੀ ਸਦੀ ਦੇ ਸੱਤਰਵਿਆਂ ‘ਚ ਲਿਖੀ ਗ਼ਜ਼ਲ ਉਨ੍ਹਾਂ ਦੀ ਮਸ਼ਹੂਰ ਗਜ਼ਲ “ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ” ਦਾ ਪਹਿਲਾ ਸ਼ਿਅਰ ਹੈ : 

ਇਸ ਅਦਾਲਤ ‘ਚ ਬੰਦੇ ਬਿਰਖ਼ ਹੋ ਗਏ,

ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ,

 ਆਖੋ ਇਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ,

 ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ।

         ਏਸੇ ਤਰ੍ਹਾਂ, ਇੱਕ ਹੋਰ ਗ਼ਜ਼ਲ ਦੇ ਸ਼ਿਅਰ ਵਿੱਚ ਉਹ ਕਹਿੰਦੇ ਹਨ :

 ਬਲ਼ਦਾ ਬਿਰਖ਼ ਹਾਂ,ਖ਼ਤਮ ਹਾ, ਬੱਸ ਸ਼ਾਮ ਤੀਕ ਹਾਂ,

ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ।

ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਕਿਆ,

ਵੰਝਲੀ ਦੇ ਰੂਪ ਵਿਚ, ਮੈਂ ਉਸ ਜੰਗਲ ਦੀ ਚੀਕ ਹਾਂ।

ਆਪਣੀਆਂ ਗ਼ਜ਼ਲਾਂ ਤੇ ਕਵਿਤਾਵਾਂ ਵਿੱਚ ਉਹ ਹਨੇਰਿਆਂ ਰਾਹਾਂ ‘ਚ ਮੋਮਬੱਤੀਆਂ ਜਗਾ ਕੇ ਚਾਨਣ ਦੇ ਗਿਆਨ ਰੂਪੀ ਦੀਵੇ ਬਾਲਣ ਦੀ ਗੱਲ ਕਰਦੇ ਹਨ :

ਇਹ ਤਾਂ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ,

                                             ਤੂੰ ਜਗਾ ਦੇ ਮੋਮਬੱਤੀਆਂ,ਉੱਠ ਜਗਾ ਦੇ ਮੋਮਬੱਤੀਆਂ।

           ਤੇ ਇਸ ਦੇ ਨਾਲ ਹੋਰ ਵੀ: 

ਨੇਰ੍ਹ ਨਾ ਸਮਝੇ ਕਿ ਚਾਨਣ ਡਰ ਗਿਆ ਹੈ,

                                                  ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ।

ਸੁਰਜੀਤ ਪਾਤਰ ਨਾਲ ਮੇਰੀ ਪਹਿਲੀ ਮੁਲਾਕਾਤ 1971 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਹੋਈ ਜਿੱਥੇ ਉਹ ਉਦੋਂ ਬਾਬਾ ਬੁੱਢਾ ਸਾਹਿਬ ਕਾਲਜ ਤੋਂ ਅਜੇ ਨਵੇਂ-ਨਵੇਂ ਹੀ ਇੱਥੇ ਆਏ ਸਨ ਅਤੇ ਮੈਂਏਸੇ ਹੀ ਸਾਲ ਇੱਥੇ ਐੱਮ.ਐੱਸ.ਸੀ. ਵਿੱਚ ਦਾਖ਼ਲਾ ਲਿਆ ਸੀ। ਇਸ ਮੁਲਾਕਾਤ ਦਾ ਸਬੱਬ ਮੇਰੇ ਕਰੀਬੀ ਦੋਸਤ ਡਾ. ਅਰਜਨ ਸਿੰਘ ਜੋਸਨ ਰਾਹੀਂ ਬਣਿਆ ਜੋ ਪਾਤਰ ਸਾਹਿਬ ਦੇ ਬੜੇ ਨਜ਼ਦੀਕੀ ਦੋਸਤ ਸਨ। ਸੁਰਜੀਤ ਪਾਤਰ ਨੂੰ ਮੈਂ ਅਰਜਨ ਸਿੰਘ ਜੋਸਨ ਦੇ ਘਰ ਤੇ ਉਨ੍ਹਾਂ ਦੇ ਆਪਣੇ ਘਰ ਵੀ ਕਈ ਵਾਰ ਮਿਲਿਆ। ਉਹ ਦੋਵੇਂ ਕਈ ਆਪਸ ਵਿੱਚ ਹਾਸਾ-ਮਖ਼ੌਲ ਵੀ ਕਾਫ਼ੀ ਕਰ ਲਿਆ ਕਰਦੇ ਸਨ।ਸਾਹਿਤਕ ਦੋਸਤਾਂ ਦੀ ਮਹਿਫ਼ਲ ‘ਚ ਇੱਕ ਵਾਰ ਡਾ. ਜੋਸਨ ਨੂੰ ਕਹਿਣ ਲੱਗੇ, “ਜੋਸਨ, ਯਾਰ ਤੂੰ ਆਪਣਾ ‘ਸਰਨੇਮ’ ਬਦਲ ਲੈ ਤੇ ਇਹ ‘ਜੋਹਨ’ ਰੱਖ ਲੈ। ਵੈਸੇ ਵੀ ‘ਜੋਸਨ’ (ਜੋ ਸਨ) ਭੂਤਕਾਲ ਨੂੰ ਦਰਸਾਉਂਦਾ ਹੈ ਅਤੇ ‘ਜੋਹਨ’ ਬਿਲਕੁਲ ਅੰਗਰੇਜ਼ਾਂ ਵਾਲਾ ਨਾਂ ‘ਜੌਹਨ’ ਵਰਗਾ ਹੀ ਲੱਗੇਗਾ। ਅਸੀਂ ਵੀ ਮਾਣ ਨਾਲ ਆਖਿਆ ਕਰਾਂਗੇ ਕਿ ਸਾਡਾ ਵੀ ਇੱਕ ਅੰਗਰੇਜ਼ ਦੋਸਤ ਹੈ।“ ਜੋਸਨ ਇਹ ਚੁੱਪ ਕਰਕੇ ਸੁਣਦਾ ਰਿਹਾ ਤੇ ਫਿਰ ਕਹਿਣ ਲੱਗਾ, “ਸੁਝਾਅ ਤਾਂ ਤੇਰਾ ਠੀਕ ਆ ਪਾਤਰ, ਪਰ ਫਿਰ ਤੂੰ ਈ ਕਹਿਣਾ, ਵੇਖੋ ਬਈ ਜੋਸਨ ਹੁਣ ‘ਗੋਰਾ ਵੱਛਾ’ਵੱਗ ਵਿੱਚ ਸਾਡੇ ਨਾਲ ਰਲ਼ਦਾ ਈ ਨਹੀਂ।“ਪਾਤਰ ਬੜਾ ਹੱਸਿਆ ਤੇ ਕਹਿਣ ਲੱਗਾ, “ਅੱਛਾ, ਤਾਂ ਫਿਰ ਤੂੰ ਇਸ ਨੂੰ ‘ਜੋਸਨ’ ਹੀ ਰਹਿਣ ਦੇ। ਆਪਾਂ ਕੀ ਲੈਣਾ ਇਨ੍ਹਾਂ ‘ਜੌਹਨਾਂ-ਜਾਹਨਾਂ’ ਤੋਂ।“ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਵੀ ਪਾਤਰ ਹੁਰਾਂ ਨਾਲ ਕਈ ਵਾਰ ਮੇਲ਼ ਹੋਇਆ ਜਦੋਂ ਉਹ ਆਪਣੀ ਪੀਐੱਚ.ਡੀ. ਦੇ ਸਿਲਸਿਲੇ ਵਿੱਚ ਡਾ. ਜੋਗਿੰਦਰ ਕੈਰੋਂ ਕੋਲ਼ ਅਕਸਰ ਆਉਂਦੇ ਹੁੰਦੇ ਸਨ ਤੇਖੋਜ ਲਈ ਲੋੜੀਂਦੇ ਮੈਟਰ ਲਈ ਕਈ ਵਾਰ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਵੀ ਗੇੜਾ ਮਾਰਿਆ ਕਰਦੇ ਸਨ।

ਇੱਥੇ ਬਰੈਂਪਟਨ ਵਿਚ ਵੀ ਦੋ-ਤਿੰਨ ਵਾਰ ਸਾਹਿਤਕਮਹਿਫ਼ਲਾਂ ਵਿੱਚ ਉਨ੍ਹਾਂ ਦੇ ਨਾਲ ਬੜਾ ਵਧੀਆ ਮੇਲ਼ ਹੋਇਆ ਸੀ। ਆਖ਼ਰੀ ਵਾਰ ਇਹ ਮੇਲ਼ 17 ਅਗਸਤ 2019ਨੂੰ ਉਨ੍ਹਾਂ ਦੇਇੱਥੋਂ ਦੇ ‘ਰੋਜ਼ ਥੀਏਟਰ’ ਵਿਚ ਸਮਾਗ਼ਮ ਦੇ ਪ੍ਰਬੰਧਕਾਂ ਵੱਲੋਂ ਡਾ. ਵਰਿਆਮ ਸਿੰਘ ਸੰਧੂ ਦੇ ਨਾਲ ਰਚਾਏ ਗਏ ਨਿਹਾਇਤ ਖ਼ੂਬਸੂਰਤ ਪ੍ਰੋਗਰਾਮ “ਇੱਕ ਸ਼ਾਮ ਪਾਤਰ ਦੇ ਨਾਮ” ਦੌਰਾਨ ਹੋਇਆ। ਅਗਲੇ ਦਿਨ ਸ਼ਾਮ ਨੂੰ ‘ਕਰਾਊਨ ਇਮੀਗ੍ਰੇਸ਼ਨ’ ਦੇ ਸੰਚਾਲਕ ਰਾਜਪਾਲ ਸਿੰਘ ਹੋਠੀ ਵੱਲੋਂ ਰਾਤ ਦੇ ਖਾਣੇ ‘ਤੇ ਉਨ੍ਹਾਂ ਨੂੰ ਤੇ ਵਰਿਆਮ ਸੰਧੂ ਨੂੰ ਪਰਿਵਾਰ ਸਮੇਤ ਬੁਲਾਇਆ ਗਿਆ ਸੀ। ਪਾਤਰ ਸਾਹਿਬ ਨਾਲ ਉਨ੍ਹਾਂ ਦੇ ਛੋਟੇ ਭਰਾ ਉਪਕਾਰ ਸਿੰਘ ਤੇ ਪੁੱਤਰ ਮਨਰਾਜ ਵੀ ਸਨ। ‘ਸਰਗਮ ਰੇਡੀਓ’ ਦੇ ਸੰਚਾਲਕ ਡਾ. ਬਲਵਿੰਦਰ ਸਿੰਘ ਵੀ ਪਰਿਵਾਰ ਸਮੇਤ ਮੌਜੂਦ ਸਨ। ਹੋਠੀ ਸਾਹਿਬ ਨਾਲ ਮੇਰੀ ਨੇੜਤਾ ਹੋਣ ਕਰਕੇ ਉਨ੍ਹਾਂ ਵੱਲੋਂ ਬੁਲਾਏ ਗਏ 5-6 ਪਰਿਵਾਰਾਂ ਵਿਚ ਮੈਂ ਤੇ ਮੇਰੀ ਪਤਨੀ ਵੀ ਸ਼ਾਮਲ ਸਾਂ। ਰਾਤ ਦੇ ਬਾਰਾਂ, ਸਾਢੇ ਬਾਰਾਂ ਵੱਜ ਗਏ ਤੇ ਫਿਰ ਅਗਲੀ ਤਰੀਕ ਦਾ ਇੱਕ ਵੀ ਵੱਜ ਗਿਆ। ਕਵਿਤਾਵਾਂ, ਗੀਤਾਂ ਤੇ ਗੱਲਾਂ-ਬਾਤਾਂ ਦੇ ਦੌਰ ਵਿਚ ਸਮੇਂ ਦਾ ਪਤਾ ਹੀ ਨਾ ਲੱਗਾ ਕਿ ਇਹ ਕਿਵੇਂ ਏਨੀ ਜਲਦੀ ਬੀਤ ਗਿਆ। ਅਗਲੇ ਦਿਨ ਪਾਤਰ ਸਾਹਿਬ ਦੀ ਭਾਰਤ ਵਾਪਸੀ ਦੀ ਫ਼ਲਾਈਟ ਸੀ। ਸਵਾ ਇੱਕਵਜੇ ਉਨ੍ਹਾਂ ਸਾਰਿਆਂ ਕੋਲੋਂ ਵਿਦਾਇਗੀ ਲਈ। 17 ਅਗੱਸਤ ਦੀ ਉਹ ਸੁਰੀਲੀ ਸ਼ਾਮਤੇ ਉਸ ਤੋਂ ਅਗਲੀ 18 ਅਗੱਸਤ ਦੀ ਰਾਤ ਮੇਰੇ ਲਈ ਵਿਸ਼ੇਸ਼ ਤੌਰ ‘ਤੇ ਯਾਦਗਾਰੀ ਬਣ ਗਈਆਂ। ਉਸ ਤੋਂ ਬਾਅਦ ਪਾਤਰ ਸਾਹਿਬ ਨਾਲ ਨਿੱਜੀ ਮੇਲ਼ ਨਹੀਂ ਹੋ ਸਕਿਆ ਅਤੇ ਨਾ ਹੀ ਹੁਣ ਇਹ ਕਦੇ ਹੋਸਕੇਗਾ।ਹੁਣ ਤਾਂ ਇਹ ਮੇਲ਼ ਉਨ੍ਹਾਂ ਦੀਆਂ ਕਿਤਾਬਾਂ ਰਾਹੀਂ ਹੀ ਹੋਇਆ ਕਰੇਗਾ।

ਅਲਵਿਦਾ,ਪਾਤਰਸਾਹਿਬ! ਅਲਵਿਦਾ!

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ ਸੰਜੀਦਾ ਧਿਰਾਂ ਨੂੰ ਨਵੇਂ ਸਿਰਿਉਂ ਪੰਜਾਬ ਬਾਰੇ ਵੀ ਸੋਚਣਾ ਪਵੇਗਾ, ਦੇਸ਼ ਬਾਰੇ ਵੀ ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤੈ ਕਿ ਚੋਣ ਕਮਿਸ਼ਨ ਬਿਨਾਂ ਵੀ ਭਾਰਤ ਦਾ ਕੰਮ ਚੱਲ ਸਕਦੈ ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ