Welcome to Canadian Punjabi Post
Follow us on

30

June 2024
 
ਨਜਰਰੀਆ

ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ

May 27, 2024 12:04 AM

-ਜਤਿੰਦਰ ਪਨੂੰ
ਮੈਂ ਲੋਕਤੰਤਰ ਦਾ ਹਾਮੀ ਰਿਹਾ ਹਾਂ, ਅਜੇ ਵੀ ਹਾਮੀ ਹਾਂ, ਪਰ ਇਹ ਗੱਲ ਨਹੀਂ ਕਹਿ ਸਕਦਾ ਕਿ ਕਿੰਨਾ ਸਮਾਂ ਹੋਰ ਇਸ ਤੰਤਰ ਦਾ ਹਾਮੀ ਰਹਿ ਸਕਾਂਗਾ! ਕਾਰਨ ਇਸ ਦਾ ਇਹ ਕਿ ਅੱਜ ਤੱਕ ਸਮਾਜ ਸਾਹਮਣੇ ਆਏ ਰਾਜ ਪ੍ਰਬੰਧ ਦੇ ਸਾਰੇ ਨਮੂਨਿਆਂ ਵਿੱਚੋਂ ਇਹੋ ਤੰਤਰ ਆਮ ਲੋਕਾਂ ਵਿੱਚ ਸਭ ਤੋਂ ਵੱਧ ਪ੍ਰਵਾਨਤ ਹੋਇਆ ਹੈ, ਬਾਕੀ ਸਾਰਿਆਂ ਦਾ ਕੋਈ ਨਾ ਕੋਈ ਨੁਕਸ ਕੱਢਿਆ ਜਾਂਦਾ ਹੈ। ਨੁਕਸ ਲੋਕਤੰਤਰ ਵਿੱਚ ਵੀ ਹਨ ਤੇ ਥੋੜ੍ਹੇ ਨਹੀਂ, ਬਹੁਤ ਗਿਣਾਏ ਜਾ ਸਕਦੇ ਹਨ, ਪਰ ਨੁਕਸਾਂ ਦੀ ਭਰਮਾਰ ਗਿਣਾਉਣ ਦੇ ਬਾਅਦ ਸਾਡੇ ਮੂਹਰੇਏਦਾਂ ਦਾ ਕੋਈ ਹੋਰ ਤੰਤਰ ਵੀ ਨਹੀਂ, ਜਿਸ ਨੂੰ ਅੱਜ ਦੀ ਘੜੀ ਇਸ ਦਾ ਬਦਲ ਕਿਹਾ ਜਾ ਸਕੇ। ਪਿਛਲੀ ਸਦੀ ਵਿੱਚ ਸਮਾਜਵਾਦ ਨੂੰ ਇਸ ਦੇ ਅਗਲੇ ਪੜਾਅ ਵਜੋਂ ਸੰਸਾਰ ਭਰ ਵਿੱਚ ਪੇਸ਼ ਕੀਤਾ ਗਿਆ, ਪਰ ਇਸ ਨਾਲੋਂ ਥੋੜ੍ਹੇ ਨੁਕਸ ਹੋਣ ਦੇ ਬਾਵਜੂਦ ਉਹ ਬਹੁਤਾ ਹੰਢਣਸਾਰ ਇਸ ਲਈ ਸਾਬਤ ਨਾ ਹੋ ਸਕਿਆ ਕਿ ਜਿਨ੍ਹਾਂ ਦੇ ਹੱਥੀਂ ਕਮਾਨ ਆਈ, ਉਹ ਆਪਣੇ ਆਪ ਨੂੰ ਉਸ ਤੰਤਰ ਵਿੱਚ ਲੋਕਾਂ ਦੇ ਪ੍ਰਤੀਨਿਧ ਮੰਨਣ ਦੀ ਥਾਂ ਨਵੇਂ ਯੁੱਗ ਦੇ ਰਾਜੇ ਤੇ ਰਾਜਕੁਮਾਰ ਸਮਝ ਬੈਠੇ ਸਨ। ਉਨ੍ਹਾਂ ਵੱਲੋਂ ਕੀਤੀਆਂ ਗਲਤੀਆਂ ‘ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲ੍ਹਣ’ ਵਾਲੇ ਮੁਹਾਵਰੇ ਤੋਂ ਵੀ ਅੱਗੇ ਲੰਘ ਗਈਆਂ ਅਤੇ ਸੰਸਾਰ ਭਰ ਵਿੱਚ ਇਨਕਲਾਬ ਉਡੀਕਦੇ ਕਰੋੜਾਂ ਲੋਕਾਂ ਵਾਸਤੇ ਨਿਰਾਸ਼ਾ ਦਾ ਕਾਰਨ ਬਣ ਗਈਆਂ ਸਨ। ਉਸ ਪ੍ਰਬੰਧ ਦੀ ਮਿਸਾਲ ਬਣ ਕੇ ਇੱਕ ਚੀਨ ਜ਼ਰੂਰ ਅਜੇ ਤੱਕ ਸੰਸਾਰ ਮੂਹਰੇ ਖੜਾ ਹੈ, ਪਰ ਉਸ ਦੀ ਨੀਤ ਅਤੇ ਨੀਤੀਆਂ ਸੰਸਾਰ ਵਿੱਚ ਇਸ ਤੰਤਰ ਦੀ ਰਵਾਨੀ ਦਾ ਰੂਟ ਨਹੀਂ ਉਲੀਕ ਸਕੀਆਂ।
ਅਜੋਕੇ ਸਮੇਂ ਵਿੱਚਕਿਉਂਕਿ ਲੋਕਤੰਤਰ ਦਾ ਹੋਰ ਕੋਈ ਬਦਲ ਦਿਖਾਈ ਨਹੀਂ ਦੇਂਦਾ ਅਤੇ ਜਦੋਂ ਤੱਕ ਕੋਈ ਬਦਲ ਨਹੀਂ, ਮੇਰੇ ਵਰਗੇ ਲੋਕਾਂ ਨੂੰ ਇਹੋ ਸਭ ਤੋਂ ਚੰਗਾ ਜਾਪਦਾ ਹੈ, ਇਸ ਸੋਚ ਨਾਲ ਇਸ ਵਿਚਲੇ ਨੁਕਸਾਂ ਤੋਂ ਅੱਖਾਂ ਮੀਟਣ ਦੀ ਆਦਤ ਨਹੀਂ ਪਾਈ ਜਾ ਸਕਦੀ। ਅਜੋਕਾ ਲੋਕਤੰਤਰ ਨਾ ਸਿਰਫ ਨੁਕਸਾਂ ਨਾਲ ਭਰਪੂਰ ਹੈ, ਸਗੋਂ ਇਸ ਵਿਚਲੇ ਨੁਕਸ ਹਰ ਨਵੇਂ ਦਿਨ ਨਾਲ ਵਧੀ ਜਾਂਦੇ ਹਨ ਤੇ ਜਿਨ੍ਹਾਂ ਰਿਵਾਇਤਾਂ ਨੂੰ ਇਸ ਦਾ ਗਹਿਣਾ ਕਿਹਾ ਜਾਂਦਾ ਸੀ, ਉਹ ਭਾਰਤ ਵਰਗੇ ਦੇਸ਼ਾਂ ਵਿੱਚ ਹੀ ਨਹੀਂ, ਦੁਨੀਆ ਨੂੰ ਲੋਕਤੰਤਰ ਦਾ ਸਬਕ ਪੜ੍ਹਾਉਣ ਵਾਲੇ ਦੇਸ਼ਾਂ ਦੇ ਆਪਣੇ ਘਰ ਅੰਦਰ ਵੀ ਖੁਰਦੀਆਂ ਜਾਂਦੀਆਂ ਹਨ। ਭਾਰਤ ਵਿੱਚ ਆਪਣਿਆਂ ਨੂੰ ਪਾਲਣ ਅਤੇ ਵਿਰੋਧੀਆਂ ਨੂੰ ਰੋਲਣ ਲਈ ਮੁਕੱਦਮੇ ਬਣਾਉਣ ਦਾ ਜਿਹੜਾ ਰੁਝਾਨ ਕਿਸੇ ਵੇਲੇ ਪ੍ਰਤਾਪ ਸਿੰਘ ਕੈਰੋਂ ਵਰਗਿਆਂ ਦੀ ਧੱਕੜਸ਼ਾਹੀ ਦਾ ਨਮੂਨਾ ਦੱਸ ਕੇ ਬਾਕੀ ਸਭਨਾਂ ਨੂੰ ਕਲੀਨ-ਚਿੱਟ ਦੇ ਦਿੱਤੀ ਜਾਂਦੀ ਸੀ, ਉਹ ਅੱਜ ਦੇ ਭਾਰਤੀ ਲੋਕਤੰਤਰ ਵਿੱਚ ਵੀ ਹਰ ਪਾਸੇ ਦਿੱਸਦਾ ਹੈ ਤੇ ਅਮਰੀਕਾ ਵਰਗੇ ਦੇਸ਼ ਵਿੱਚ ਵੀ ਗੱਦੀਉਂ ਲੱਥਾ ਰਾਸ਼ਟਰਪਤੀ ਆਪਣੇ ਖਿਲਾਫ ਏਹੋ ਜਿਹੀ ਬਦਲਾਖੋਰੀ ਦਾ ਦੋਸ਼ ਲਾਉਂਦਾ ਹੈ। ਉਹਸਿਰਫ ਦੋਸ਼ ਨਹੀਂ ਲਾਉਂਦਾ, ਇਹ ਵੀ ਕਹੀ ਜਾਂਦਾ ਹੈ ਕਿ ਉਸ ਦੀ ਵਾਰੀ ਆ ਗਈ ਤਾਂ ਅਮਰੀਕਾ ਦੇ ਅਜੋਕੇ ਰਾਜ-ਕਰਤਿਆਂ ਨੂੰ ਏਦਾਂ ਦਾ ਜਵਾਬ ਦੇਵੇਗਾ ਕਿ ਬਾਕੀ ਉਮਰ ਉਨ੍ਹਾਂ ਨੂੰ ਜੇਲ੍ਹ ਵਿੱਚ ਗੁਜ਼ਾਰਨੀ ਪੈ ਸਕਦੀ ਹੈ। ਇਹੋ ਕੁਝ ਭਾਰਤ ਵਿੱਚ ਹੁੰਦਾ ਹੈ। ਹਰ ਚੋਣ ਵਿੱਚ ਹਰ ਵੱਡਾ ਵਿਰੋਧੀ ਆਗੂ ਸਮੇਂ ਦੇ ਰਾਜ-ਕਰਤਿਆਂ ਨੂੰ ਇਹੋ ਧਮਕੀ ਦੇਂਦਾ ਹੈ ਕਿ ਜ਼ਰਾ ਸਾਡਾ ਵਕਤ ਆਉਣ ਦੇਹ, ਤੂੰ ਅਤੇ ਤੇਰੀ ਸਾਰੀ ਜੁੰਡੀ ਆਪਣੀ ਬਾਕੀ ਉਮਰ ਜੇਲ੍ਹ ਵਿੱਚ ਅੱਡੀਆਂ ਰਗੜਦੀ ਗੁਜ਼ਾਰੇਗੀ ਅਤੇ ਰਾਜ-ਕਰਤਾ ਇਹ ਕਹਿਣ ਵਿੱਚ ਸ਼ਾਨ ਸਮਝਦਾ ਹੈ ਕਿ ਸੁਫਨੇ ਨਾ ਵੇਖੋ, ਤੁਸੀਂ ਖੁਦ ਜੇਲ੍ਹ ਜਾਣ ਦੀ ਤਿਆਰੀ ਕਰੋ, ਕਾਗਜ਼ ਤਿਆਰ ਕੀਤੇ ਪਏ ਨੇ।
ਜਦੋਂ ਇੱਕ ਪਾਸੇ ਰਾਜ ਕਰਨ ਤੇ ਰਾਜ ਖੋਹਣ ਲਈ ਲੜਨ ਵਾਲੇ ਲੀਡਰਇਹ ਬੋਲੀ ਬੋਲਦੇ ਸੁਣਾਈ ਦੇਂਦੇ ਹਨ, ਓਦੋਂ ਆਮ ਲੋਕ ਇਹ ਮਹਿਸੂਸ ਕਰਦੇ ਹਨ ਕਿ ਰਾਜ ਕਿਸੇ ਦਾ ਵੀ ਆ ਜਾਵੇ, ਉਨ੍ਹਾਂ ਦੀ ਇਨਸਾਫ ਦੀ ਆਸ ਹਾਲੇ ਤੱਕ ਸਿਰੇ ਨਹੀਂ ਚੜ੍ਹ ਸਕੀ ਤੇ ਭਵਿੱਖ ਵਿੱਚ ਚੜ੍ਹਨ ਦੀ ਆਸ ਨਹੀਂ ਬੱਝਦੀ। ਜਿਨ੍ਹਾਂ ਲੋਕਾਂ ਵਿਰੁੱਧ ਪਿਛਲੀ ਸਰਕਾਰ ਵੇਲੇਕਦੇ ਵੀਕੋਈ ਝੂਠਾ ਮੁਕੱਦਮਾ ਕਿਸੇ ਬਦਮਾਸ਼ੀ ਸੋਚ ਅਤੇ ਪਹੁੰਚ ਵਾਲੇ ਰਸੂਖਦਾਰ ਨੇ ਬਣਵਾ ਦਿੱਤਾ ਸੀ ਅਤੇ ਉਸ ਵੇਲੇ ਰਾਜ ਕਰਦੀ ਧਿਰ ਬਦਮਾਸ਼ ਨਾਲ ਖੜੀ ਸੀ, ਰਾਜ ਬਦਲਣ ਪਿੱਛੋਂ ਵੀ ਹਰ ਰਾਜ ਵਿੱਚ ਦੇਸ਼ ਦਾਮਾਰ-ਖਾਧਾ ‘ਨਾਗਰਿਕ’ ਮਾਰ ਖਾਂਦਾ ਦਿੱਸਦਾ ਹੈ ਤੇ ਬਦਮਾਸ਼ਾਂ ਨੂੰ ਨਵੀਂ ਸਰਕਾਰ ਵਿੱਚ ਵੀ ਸਰਪ੍ਰਸਤੀ ਮਿਲ ਜਾਂਦੀ ਹੈ। ਭਾਰਤ ਦਾ ਕੋਈ ਵੀ ਰਾਜ ਹੋਵੇ, ਹੇਠਾਂ ਥਾਣੇ ਅਤੇ ਤਹਿਸੀਲ ਤੋਂ ਇਹ ਕਹਾਣੀ ਤੁਰਦੀ ਅਤੇ ਦੇਸ਼ ਦੀ ਸੁਪਰੀਮ ਕੋਰਟ ਵਿੱਚ ਆਸ ਦਾ ਕਿੰਗਰਾ ਭੁਰਨ ਤੱਕ ਆਪਣੀ ਰਿਵਾਇਤ ਕਾਇਮ ਰੱਖਦੀ ਹੈ, ਸਰਕਾਰਾਂ ਬਦਲਣ ਨਾਲ ਬਦਮਾਸ਼ਾਂ ਦੀ ਬਦਮਾਸ਼ੀਆਂ ਕਰਨ ਦੀ ਰਿਵਾਇਤ ਕਦੀ ਨਹੀਂ ਬਦਲ ਸਕੀ। ਭ੍ਰਿਸ਼ਟਾਚਾਰ ਵਿਰੁੱਧ ਅਸੀਂ ਪਹਿਲਾਂ-ਪਹਿਲ ਸੁਣਿਆ ਕਰਦੇ ਸਾਂ ਕਿ ਫਲਾਣੇ ਨੇ ਕਿਹਾ ਹੈ ਕਿ ਉਸ ਦਾ ਰਾਜ ਆ ਗਿਆ ਤਾਂ ਇਸ ਬਿਮਾਰੀ ਨੂੰ ਨੱਥ ਪਾ ਦੇਵੇਗਾ, ਫਿਰ ਇਹ ਸੁਣਨ ਲੱਗ ਪਿਆ ਕਿ ਪਹਿਲੇ ਤੋਂ ‘ਕੁਝ ਤਾਂ ਘਟਿਆ ਹੀ ਹੈ’, ਜਦ ਕਿ ਉਹ ਕਿੰਨਾ ਕੁ ‘ਘਟਿਆ’ ਹੈ, ਸਾਧਾਰਨ ਨਾਗਰਿਕਾਂ ਨੂੰ ਕਦੀ ਨਹੀਂ ਦਿੱਸਿਆ। ਦੂਸਰੀ ਗੱਲ ਪਿਛਲੀਆਂ ਪੰਜ-ਸੱਤ ਵਾਰੀਆਂ ਤੋਂ ਇਹ ਚਰਚਾ ਦਾ ਮੁੱਦਾ ਬਣਨ ਲੱਗੀ ਹੈ ਕਿ ਭ੍ਰਿਸ਼ਟਾਚਾਰੀਏ ਵੀ ‘ਆਪਣੇ’ ਅਤੇ ‘ਉਨ੍ਹਾਂ ਦੇ’ ਕਹਿ ਕੇ ਦੋ ਜਮਾਤਾਂ ਵਿੱਚ ਵੰਡੇ ਹੋਏ ਹਨ, ਜਿਸ ਕਾਰਨ‘ਆਪਣਾਬੰਦਾ’ ਬਚਾਉਣਾ ਅਤੇ ਉਸ ਦੇ ਹਿੱਸੇ ਵਾਲਾ ਸਾਰਾ ਭਾਰ ਵੀ ਦੂਸਰਿਆਂ ਦੇ ਹਮਾਇਤੀ ਉੱਤੇ ਪਾਉਣਾ ਸ਼ੁਰੂ ਹੋ ਜਾਂਦਾ ਹੈ। ਬਾਹਲੀ ਵੱਡੀ ਬਹਿਸ ਚੱਲਦੀ ਹੈ ਤਾਂ ਭ੍ਰਿਸ਼ਟਾਚਾਰ ਬਾਰੇ ਇਸ ਯੁੱਗ ਵਿੱਚ ਇਹ ਕਹਾਵਤ ਸੁਣ ਲਈਦੀ ਹੈ ਕਿ ‘ਮੇਰੀ ਕਮੀਜ਼ ਤੇਰੀ ਕਮੀਜ਼ ਜਿੰਨੀ ਗੰਦੀ ਤਾਂ ਨਹੀਂ।’ ਅਜੋਕਾ ਲੋਕਤੰਤਰ ਇਸ ਪੱਖੋਂ ਭ੍ਰਿਸ਼ਟਾਚਾਰ ਤੋਂ ਬਦਮਾਸ਼ੀ ਤੱਕ ਹਰ ਗੱਲ ਵਿੱਚ ‘ਤੁਲਨਾਤਮਕ’ ਬਣ ਗਿਆ ਜਾਪਦਾ ਹੈ।
ਇਹ ਲੋਕਤੰਤਰਲੀਹੋਂ ਲੱਥਦੇ ਦੌਰ ਵਿੱਚ ਵੀ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਧਰਮ, ਜਾਤ ਜਾਂ ਨਸਲ ਦੇ ਨਾਂਅ ਉੱਤੇ ਇਸ ਵਿੱਚ ਵਿਤਕਰਾ ਨਹੀਂ ਹੁੰਦਾ, ਸਭ ਨੂੰ ਇੱਕੋ ਜਿਹੇ ‘ਨਾਗਰਿਕ’ ਮੰਨਿਆ ਅਤੇ ਵਿਹਾਰ ਕੀਤਾ ਜਾਂਦਾ ਹੈ, ਪਰ ਅਜੋਕੇ ਸਮੇਂ ਵਿੱਚ ਅਸੀਂ ਇਹ ਗੱਲ ਵੀ ਯਕੀਨ ਨਾਲ ਕਹਿਣ ਜੋਗੇ ਨਹੀਂ ਰਹਿ ਗਏ। ਸਾਨੂੰ ਇਤਹਾਸ ਦੇ ਪੰਨੇ ਇਹ ਦੱਸਦੇ ਸਨ ਕਿ ਅੰਗਰੇਜ਼ੀ ਰਾਜ ਖਤਮ ਹੋਣ ਅਤੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦੀ ਮਿਲ ਜਾਣ ਦੇ ਬਾਅਦ ਦੇਸ਼ ਵਿੱਚ ਸਰਬ-ਸਾਂਝਾ ਲੋਕਤੰਤਰ ਆ ਗਿਆ ਤੇ ਧਰਮਾਂ, ਜਾਤਾਂ ਅਤੇ ਨਸਲਾਂ ਬਾਰੇ ਸਾਰੇ ਵਿਤਕਰੇ ਖਤਮ ਹੋ ਗਏ ਸਨ। ਫਿਰ ਇਹ ਭਰੋਸਾ ਵੀ ਹੰਢਣਸਾਰ ਸਾਬਤ ਨਹੀਂ ਹੋਇਆ ਤੇ ਭਰਮ ਨਿਕਲਿਆ ਹੈ। ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਪਾਰਟੀ ਦੀ ਅਗਵਾਈ ਕਰ ਰਿਹਾ ਹੈ, ਉਸ ਦੇ ਲੀਡਰ ਖੁੱਲ੍ਹਮ-ਖੁੱਲ੍ਹਾ ਕਹੀ ਜਾਂਦੇ ਹਨ ਕਿ ‘ਅੱਠ ਸੌ ਸਾਲਾਂ ਬਾਅਦ ਸਾਡਾ ਰਾਜ ਆਇਆ ਹੈ’, ਜਿਸ ਦਾ ਭਾਵ ਹੈ ਕਿ ਵਿਚਲੇ ਸਮੇਂ ਦੀਆਂ ਹਰ ਦੌਰ ਦੀਆਂ ਸਦੀਆਂ ਹੀ ਨਹੀਂ, ਆਜ਼ਾਦੀ ਮਗਰੋਂ ਦੀ ਪੌਣੀ ਸਦੀ ਵੀ ਉਹ ਭਾਰਤ ਵਿੱਚ ‘ਆਪਣਾ’ ਨਹੀਂ, ਬੇਗਾਨਾ ਰਾਜ ਮੰਨਦੇ ਸਨ। ‘ਆਪਣਾ’ ਰਾਜ ਦੀ ਜਿਹੜੀ ਵਿਆਖਿਆ ਉਹ ਲੋਕ ਆਪਣੇ ਮੂੰਹੋਂ ਨਹੀਂ ਕਰਦੇ, ਉਹ ਉਨ੍ਹਾਂ ਪਿੱਛੇ ਖੜੇ ਅਤੇ ਮੌਕਾ ਵੇਖ ਕੇ ਕਦੇ-ਕਦਾਈਂ ਅੱਗੇ ਕੀਤੇ ਜਾਣ ਵਾਲੇ ਧਾਰਮਿਕ ਪਹਿਰਾਵੇ ਵਾਲੇ ਲੋਕ ਕਰ ਦੇਂਦੇ ਹਨ ਕਿ ‘ਸਾਡੇ ਧਰਮ ਦਾ ਰਾਜ ਆ ਗਿਆ ਹੈ, ਦੂਸਰੇ ਧਰਮਾਂ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਦਾ ਰਾਜ ਨਹੀਂ, ਇਸ ਲਈ ਹੱਦ ਵਿੱਚ ਰਹਿਣਾ ਸਿੱਖਣ।’ਆਪਣੇ ਤੇ ਪਰਾਏ ਦੀ ਇਹ ਸੋਚ ਅੱਗੇ ਵਧਾਉਣ ਲਈ ਉਹ ਬਾਕਾਇਦਾ ਸੰਮੇਲਨ ਕਰਦੇ ਤੇ ਉਨ੍ਹਾਂ ਸੰਮੇਲਨਾਂ ਮੌਕੇ ਦੂਸਰੇ ਧਰਮ ਵਾਲੀ ਧਿਰ ਨੂੰ ਧਮਕੀਆਂ ਦੀ ਸੁਰ ਵਿੱਚ ਆਪਣੇ ਪਿੱਛੇ-ਪਿੱਛੇ ਤੁਰਨ ਵਿੱਚ ਭਲਾਈ ਮੰਨਣ ਲਈ ਕਹਿੰਦੇ ਹਨ।
ਇਸ ਤੋਂ ਪਹਿਲਾਂ ਸਾਡੇ ਸਾਹਮਣੇ ਸੰਸਾਰ ਵਿੱਚ ਕੁਝ ਦੇਸ਼ ਕਿਸੇ ਖਾਸ ਧਰਮ ਵਾਲੇ ਲੋਕਤੰਤਰ ਕਹੇ ਅਤੇ ਪ੍ਰਚਾਰੇ ਜਾਂਦੇ ਸਨ, ਭਾਰਤ ਏਦਾਂ ਦਾ ਨਹੀਂ ਸੀ, ਪਰ ਅੱਜ ਸੁਣਨ ਨੂੰ ਮਿਲਦਾ ਹੈ ਕਿ ਇਹ ਵੀ ਉਨ੍ਹਾਂ ਦੇਸ਼ਾਂ ਵਾਂਗ ਇੱਕ ਖਾਸ ਧਰਮ ਵਾਲਾ ਲੋਕਤੰਤਰ ਬਣਦਾ ਜਾ ਰਿਹਾ ਹੈ। ਕੱਲ੍ਹ ਨੂੰ ਕੀ ਹੋਵੇਗਾ, ਉਹ ਤਾਂ ਬਾਅਦ ਦੀ ਗੱਲ ਹੈ, ਪਹਿਲੀ ਇਹ ਹੈ ਕਿ ਪਿਛਲੇ ਸਮੇਂ ਵਿੱਚ ਜਦੋਂ ਇਹ ਇੱਕ ਖਾਸ ਧਰਮ ਦੀ ਅਗੇਤ ਵਾਲਾ ਦੇਸ਼ ਕਦੀ ਨਹੀਂ ਸੀ ਕਿਹਾ ਜਾਂਦਾ, ਉਸ ਵੇਲੇ ਆਪਣੇ ਧਰਮ ਦੇ ਅੰਦਰ ਵੀ ਇਸ ਧਰਮ ਦੀਆਂ ਪੁਰਾਤਨ ਮਾਨਤਾ ਵਾਲੀਆਂ ਵੰਡੀਆਂ ਕਾਰਨ ਵਿਤਕਰਾ ਚੱਲਦਾ ਸੀ ਅਤੇ ਅੱਜ ਤੱਕ ਇਹ ਵਿਤਕਰਾ ਓਸੇ ਤਰ੍ਹਾਂ ਚੱਲੀ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਆਪਣੇ ਕਹੇ ਜਾਂਦੇ ਧਰਮ ਅਸਥਾਨਾਂ ਵਿੱਚ ਗਰਭ-ਗ੍ਰਹਿ ਤੱਕ ਨਹੀਂ ਜਾਣ ਦਿੱਤਾ, ਜਾਤੀ ਦੇ ਨਾਂਅ ਉੱਤੇ ਦੁਰਕਾਰਿਆ ਜਾਂਦਾ ਹੈ, ਕਮਾਲ ਦੀ ਗੱਲ ਇਹ ਹੈ ਕਿ ਉਹ ਵੀ ਇਸ ਭਰਮ ਦੇ ਸਿ਼ਕਾਰ ਹੋਏ ਮਿਲ ਜਾਂਦੇ ਹਨ ਕਿ ‘ਅੱਠ ਸੌ ਸਾਲਾਂ ਬਾਅਦ ਸਾਡਾ ਰਾਜ ਆ ਗਿਆ ਹੈ’। ਅੱਜ ਵੀ ਭਾਰਤ ਦੇ ਕਿਸੇ ਰਾਜ ਵਿੱਚੋਂ ਇਹ ਖਬਰ ਆ ਜਾਂਦੀ ਹੈ ਕਿ ਓਥੇ ਇੱਕ ਦਲਿਤ ਨੂੰ ਇਸ ਲਈ ਕੁੱਟ ਦਿੱਤਾ ਗਿਆ ਕਿ ਉਸ ਨੇ ਵਿਆਹ ਕਰਾਉਣ ਵੇਲੇ ਘੋੜੀ ਚੜ੍ਹਨ ਦੀ ਗੁਸਤਾਖੀ ਕੀਤੀ ਸੀ ਜਾਂ ਸੱਥ ਵਿੱਚ ‘ਉੱਚੀ ਜਾਤ’ ਕਹਾਉਣ ਵਾਲਿਆਂ ਮੂਹਰੇ ਕੋਈ ਗੱਲ ਕਹਿਣ ਦੀ ਹਮਾਕਤ ਕੀਤੀ ਸੀ। ਭਾਰਤ ਨੂੰ ਆਜ਼ਾਦੀ ਮਿਲ ਗਈ, ਪਰ ਇਹ ਆਜ਼ਾਦੀ ਆਪਣੀ ਪੌਣੀ ਸਦੀ ਲੰਘਣ ਤੱਕ ਵੀ ਉਨ੍ਹਾਂ ਲੋਕਾਂ ਨੂੰ ਏਨੀ ਆਜ਼ਾਦੀ ਨਹੀਂ ਦੇ ਸਕੀ ਕਿ ਉਹ ਆਪਣੇ ਆਪ ਨੂੰ ਬਾਕੀਆਂ ਦੇ ਬਰਾਬਰ ਸਮਝ ਲੈਣ, ਆਜ਼ਾਦੀ ਸਿਰਫ ਵੋਟਾਂ ਦੇ ਵਕਤ ਕਿਸੇ ਧੱਕੜਸ਼ਾਹ ਦੇ ਹੱਕ ਵਿੱਚ ਜਾ ਕੇ ਵੋਟ ਪਾ ਆਉਣ ਦੇ ਭਰਮ ਤੱਕ ਸੀਮਤ ਹੋ ਗਈ ਹੈ। ਵੋਟ ਪਾਉਣ ਵੇਲੇ ਵੀ ਉਨ੍ਹਾਂ ਨੂੰ ਹਰ ਵਕਤ ‘ਰੱਬ ਨੇੜੇ ਕਿ ਘਸੁੰਨ’ ਦੀ ਕਹਾਵਤ ਕੰਨਾਂ ਵਿੱਚ ਗੂੰਜਦੀ ਸੁਣਾਈ ਦੇਂਦੀ ਹੋਵੇਗੀ।
ਬੀਤੇ ਹਫਤੇ ਭਾਰਤ ਦੇਸ਼ ਦੀ ਇੱਕ ਅਦਾਲਤ ਨੇ ਹੋਰ ਵੀ ਅਜੀਬ ਜਿਹਾ ਫੈਸਲਾ ਸੁਣਾ ਦਿੱਤਾ ਹੈ। ਕੁਝ ਜ਼ੋਰਾਵਰਾਂ ਨੇ ਇੱਕ ਗਰੀਬ ਦੇ ਘਰ ਆਪਣੀ ਉੱਚੀ ਜਾਤ ਦੇ ਘੁਮੰਡ ਦਾ ਵਿਖਾਵਾ ਕੀਤਾ ਅਤੇ ਕੁੱਟ-ਮਾਰ ਦੇ ਨਾਲ ਉਸ ਦੀ ਜਾਤ ਦਾ ਨਾਂਅ ਲੈ ਕੇ ਵੀ ਮੂੰਹ ਆਇਆ ਸਭ ਕੁਝ ਬਕਦੇ ਗਏ। ਮਸਲਾ ਅਦਾਲਤ ਵਿੱਚ ਗਿਆ ਤਾਂ ਧੱਕੜਸ਼ਾਹ ਬਾਇੱਜ਼ਤ ਰਿਹਾਅ ਹੋ ਗਏ ਅਤੇ ਇਸ ਲਈ ਰਿਹਾਅ ਨਹੀਂ ਹੋਏ ਕਿ ਸਬੂਤ ਨਹੀਂ ਸਨ, ਸਗੋਂ ਇਸ ਲਈ ਕੀਤੇ ਗਏ ਕਿ ਉਨ੍ਹਾਂ ਨੇ ਜੋ ਕੀਤਾ ਸੀ, ਉਹ ਜਨਤਕ ਤੌਰ ਉੱਤੇ ਨਹੀਂ ਕੀਤਾ ਸੀ, ਜਦ ਤੱਕ ਜਨਤਕ ਸਥਾਨ ਉੱਤੇ ਏਦਾਂ ਨਾ ਕੀਤਾ ਜਾਵੇ, ਅਦਾਲਤ ਇਸ ਪਾਪ ਨੂੰ ਕਾਨੂੰਨ ਦੇ ਮੁਤਾਬਕ ਜੁਰਮ ਨਹੀਂ ਮੰਨ ਸਕਦੀ। ਅੱਜ ਇਹ ਕੁਝ ਉਨ੍ਹਾਂ ਗਰੀਬਾਂ ਨਾਲ ਵੀ ਹੁੰਦਾ ਹੈ, ਜਿਹੜੇ ਇਹ ਸਮਝਦੇ ਹਨ ਕਿ ‘ਅੱਠ ਸੌ ਸਾਲਾਂ ਬਾਅਦ ਸਾਡਾ ਰਾਜ ਆਇਆ ਹੈ’, ਪਰ ਇਹ ਯਾਦ ਨਹੀਂ ਰੱਖਦੇ ਕਿ ‘ਆਪਣਾ ਰਾਜ’ ਵਾਲੇ ਇਸ ਦੌਰ ਵਿੱਚ ਵੀ ਸਦੀਆਂ ਤੋਂ ਨੀਵੀਂ ਗਿਣੀ ਗਈਉਨ੍ਹਾਂ ਦੀ ਜਾਤੀ ਕਾਰਨ ਉੱਚੀ ਜਾਤੀ ਦੇ ਵਹਿਮ ਵਾਲੇ ਧਾੜਵੀ ਉਨ੍ਹਾਂ ਨੂੰ ਆਪਣੇ ਬਰਾਬਰ ਦਾ ਨਹੀਂ ਮੰਨ ਸਕਦੇ। ਭਲਕ ਨੂੰ ਇਸ ਲੋਕਤੰਤਰ ਵਿੱਚ ‘ਨਾਗਰਿਕ’ ਦਾ ਦਰਜਾ ਰੱਖਦੇ ਉਨ੍ਹਾਂ ਲੋਕਾਂ ਨਾਲ ਇਹੋ ਹੋਵੇਗਾ, ਜਿਹੜੇ ਇਸ ਦੇਸ਼ ਦੇ ਉਸ ਬਹੁ-ਗਿਣਤੀ ਧਰਮ ਦੇ ਨਹੀਂ, ਜਿਨ੍ਹਾਂ ਲਈ ਇਸ ਦੇਸ਼ ਵਿੱਚ ਅੱਠ ਸੌ ਸਾਲਾਂ ਬਾਅਦ ‘ਆਪਣਾ ਰਾਜ’ ਆਇਆ ਹੈ। ਇਸ ਦੇ ਬਾਵਜੂਦ ਸੰਸਾਰ ਦੀ ਸੱਥ ਮੂਹਰੇ ਭਾਰਤ ਇਹ ਗੱਲ ਮਾਣ ਨਾਲ ਕਹਿੰਦਾ ਹੈ ਕਿ ਦੁਨੀਆ ਦਾ ‘ਸਭ ਤੋਂ ਵੱਡਾ ਲੋਕਤੰਤਰ’ ਇਹੀ ਹੈ, ਪਰ ਇਸ ਲਈ ਸਭ ਤੋਂ ਵੱਡਾ ਨਹੀਂ ਕਿ ਸਿਧਾਂਤ ਪੱਖੋਂਅਮਲ ਕਰਨ ਵਿੱਚ ਕੋਈ ਵਡਿਆਈ ਵਿਖਾਈ ਗਈ ਹੈ, ਸਗੋਂ ਇਸ ਲਈ ਵੱਡਾ ਹੈ ਕਿ ਇਸ ਦੇ ਨਾਗਰਿਕਾਂ, ਅਸਲ ਵਿੱਚ ਵੋਟਰਾਂ ਦੀ ਗਿਣਤੀ ਏਨੀ ਵੱਡੀ ਹੈ, ਜਿੰਨੀ ਦੁਨੀਆ ਦੇ ਕਿਸੇ ਵੀ ਹੋਰ ਲੋਕਤੰਤਰੀ ਦੇਸ਼ ਵਿੱਚ ਨਹੀਂ ਮਿਲ ਸਕਦੀ।
ਮੇਰੀ ਤੜਕੇ ਉੱਠਣ ਦੀ ਆਦਤ ਅਸਲ ਵਿੱਚ ਆਦਤ ਨਹੀਂ, ਸਿਹਤ ਦੀ ਮਜਬੂਰੀ ਹੈ ਕਿ ਜਦੋਂ ਨੀਂਦਨਾ ਆਉਂਦੀ ਹੋਵੇ ਤਾਂ ਉੱਠ ਕੇ ਬੈਠ ਜਾਂਦਾ ਹਾਂ ਅਤੇ ਜਿਹੜੀਆਂ ਮਨਹੂਸ ਖਬਰਾਂ ਲੋਕਾਂ ਨੇ ਦਿਨ ਚੜ੍ਹੇ ਪੜ੍ਹਨੀਆਂ ਹੋਣ, ਮੈਨੂੰ ਉਹ ਸਭ ਦਿਨ ਚੜ੍ਹਨ ਤੋਂ ਪਹਿਲਾਂ ਪੜ੍ਹਨੀਆਂ ਤੇ ਉਨ੍ਹਾਂ ਦੀ ਮਾਨਸਿਕ ਪੀੜ ਭੁਗਤਣੀ ਪੈਂਦੀ ਹੈ। ਪੰਝੀ ਮਈ ਵਾਲੇ ਦਿਨ ਤੜਕਾ ਸੀ, ਜਦੋਂ ‘ਭਾਰਤੀ ਲੋਕਤੰਤਰ ਦੇ ਇੱਕ ਨਾਗਰਿਕ’ ਨੂੰਇੱਕ ਟਰੱਕ ਪਿੱਛੇ ਬੰਨ੍ਹ ਕੇ ਘਸੀਟੇ ਜਾਣ ਦੀ ਫੋਟੋ ਪਹਿਲੇ ਸਫੇ ਉੱਤੇ ਛਪੀ ਵੇਖ ਲਈ ਸੀ। ਉਸ ਉੱਤੇ ਕੋਈ ਦੋਸ਼ ਵੀ ਹੋਵੇ, ਸਭ ਤੋਂ ਵੱਡਾ ਦੋਸ਼ ਇਸ ਦੇਸ਼ ਵਿੱਚ ਇਹ ਹੈ ਕਿ ਉਹ ‘ਨਾਗਰਿਕ’ ਤਾਂ ਹੈ, ਪਰ ਬਾਕੀਆਂ ਜਿੰਨਾ ਸਾਹਿਬੇ-ਹੈਸੀਅਤ ਨਹੀਂ, ਗਰੀਬੜਾ ਹੋਣ ਕਰ ਕੇ ਉਹ ਜਾਂ ਉਸੇ ਵਾਂਗ ਕੋਈ ਹੋਰ ਵੀ ਟਰੱਕ ਪਿੱਛੇ ਪਾ ਕੇ ਘਸੀਟਿਆ ਜਾ ਸਕਦਾ ਹੈ। ਇਹ ਖਬਰ ਓਸੇ ਇਲਾਕੇ ਦੀ ਹੈ, ਜਿੱਥੇ ਇੱਕ ਵਾਰੀ ਇੱਕ ਵੱਡੀ ਰਾਜਸੀ ਪਹੁੰਚ ਵਾਲੇ ਸ਼ਰਾਬ ਕਾਰੋਬਾਰੀ ਦੇ ਬੰਦਿਆਂ ਨੇ ਇੱਕ ਗਰੀਬ ਦੀਆਂ ਲੱਤਾਂ-ਬਾਹਾਂ ਵੱਢ ਦਿੱਤੀਆਂ ਤੇ ਉਸ ਦੀ ਮੌਤ ਤਾਂ ਹੋਈ ਹੀ, ਉਸ ਦੇ ਨਾਲ ਵਾਲੇ ਗਰੀਬ ਦੀ ਜਿ਼ੰਦਗੀ ਵੀ ਸਾਰੀ ਉਮਰ ਬਦਨਸੀਬੀ ਨੂੰ ਭੁਗਤਣ ਜੋਗੀ ਹੋ ਗਈ ਸੀ। ਇਸ ਦੇ ਬਾਵਜੂਦ ਭਾਰਤ ਦੇਸ਼ ਨੂੰ ਮਾਣ ਹੈ ਕਿਇਸ ਦੇਸ਼ ਵਿੱਚ ਗੰਗਾ ਵਹਿੰਦੀ ਹੈ ਤਾਂ ਕਿਤੇ ਕੋਈ ਗੰਗਾ ਰਾਮ ਵੀ ਰਹਿੰਦਾ ਮਿਲ ਜਾਂਦਾ ਹੈ, ਜਿਹੜਾ ਹਜ਼ਾਰ ਬਦਨਸੀਬੀਆਂ ਭੁਗਤਣ ਦੇ ਬਾਵਜੂਦ ਇਸ ਗੱਲ ਉੱਤੇ ਮਾਣ ਕਰਨ ਦਾ ਹੱਕਦਾਰ ਮੰਨਿਆ ਜਾ ਸਕਦਾ ਹੈ ਕਿ ਉਹ ‘ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਨਾਗਰਿਕ ਹੈ’। ਚੁੱਕੀ ਫਿਰੋ ਇਹੋ ਜਿਹਾ ਲੋਕਤੰਤਰ!
ਕਿਸੇ ਵੱਡੇ ਬੰਦੇ ਵੱਲੋਂ ਅੰਬ ਖਾਣ ਪਿੱਛੋਂ ਕਾਰਿੰਦਿਆਂ ਮੂਹਰੇ ਸੁੱਟੀ ਗਿਟਕ ਵਰਗਾ ਬਣ ਚੁੱਕਾ ਹੈ ਲੋਕਤੰਤਰ, ਪਰ ਬਦਕਿਸਮਤੀ ਇਹ ਹੈ ਕਿ ਦੁਨੀਆ ਸਾਹਮਣੇ ਲੋਕਤੰਤਰ ਦਾ ਕੋਈ ਨੁੁਕਸ-ਰਹਿਤ ਬਦਲ ਵੀ ਨਹੀਂ ਦਿੱਸਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ ਸੰਜੀਦਾ ਧਿਰਾਂ ਨੂੰ ਨਵੇਂ ਸਿਰਿਉਂ ਪੰਜਾਬ ਬਾਰੇ ਵੀ ਸੋਚਣਾ ਪਵੇਗਾ, ਦੇਸ਼ ਬਾਰੇ ਵੀ ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤੈ ਕਿ ਚੋਣ ਕਮਿਸ਼ਨ ਬਿਨਾਂ ਵੀ ਭਾਰਤ ਦਾ ਕੰਮ ਚੱਲ ਸਕਦੈ ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ... ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ