ਨਵੀਂ ਦਿੱਲੀ, 26 ਮਈ (ਪੋਸਟ ਬਿਊਰੋ): ਦਿੱਲੀ ਦੇ ਵਿਵੇਕ ਵਿਹਾਰ ਸਥਿਤ ਬਾਲ ਹਸਪਤਾਲ 'ਚ ਸ਼ਨੀਵਾਰ 25 ਮਈ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਛੇ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। 5 ਨੂੰ ਬਚਾ ਲਿਆ ਗਿਆ ਹੈ। ਦੋ ਮੰਜਿ਼ਲਾ ਇਮਾਰਤ ਦੀ ਪਹਿਲੀ ਮੰਜਿ਼ਲ 'ਤੇ ਨਿਊ ਬੋਰਨ ਬੇਬੀ ਕੇਅਰ ਸੈਂਟਰ ਸੀ। ਇਸ ਵਿੱਚ ਕੁੱਲ 12 ਬੱਚੇ ਦਾਖਲ ਸਨ।
ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਸ਼ੁਰੂਆਤੀ ਜਾਂਚ 'ਚ ਆਕਸੀਜਨ ਸਿਲੰਡਰ ਦਾ ਧਮਾਕਾ ਅੱਗ ਦਾ ਕਾਰਨ ਦੱਸਿਆ ਜਾ ਰਿਹਾ ਹੈ। ਬੇਬੀ ਕੇਅਰ ਸੈਂਟਰ ਦੇ ਹੇਠਾਂ ਗਰਾਊਂਡ ਫਲੋਰ 'ਤੇ ਗੈਰ-ਕਾਨੂੰਨੀ ਆਕਸੀਜਨ ਸਿਲੰਡਰ ਰੀਫਿਲ ਕਰਨ ਦਾ ਕੰਮ ਚੱਲ ਰਿਹਾ ਸੀ।
ਦਿੱਲੀ ਪੁਲਿਸ ਨੇ ਬਾਲ ਹਸਪਤਾਲ ਦੇ ਮਾਲਕ ਨਵੀਨ ਕੀਚੀ ਵਿਰੁੱਧ ਆਈਪੀਸੀ ਦੀ ਧਾਰਾ 336 (ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣਾ), 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਅਤੇ 34 (ਅਪਰਾਧਿਕ ਗਤੀਵਿਧੀ) ਦੇ ਤਹਿਤ ਐੱਫਆਈਆਰ ਦਰਜ ਕੀਤੀ ਹੈ। ਉਹ ਪੱਛਮੀ ਵਿਹਾਰ ਦਾ ਰਹਿਣ ਵਾਲਾ ਹੈ। ਘਟਨਾ ਦੇ ਬਾਅਦ ਤੋਂ ਉਹ ਫਰਾਰ ਹੈ।
ਫਾਇਰ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 11:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਮੌਕੇ 'ਤੇ ਪਹੁੰਚੀਆਂ। ਉਦੋਂ ਤੱਕ ਅੱਗ ਦੀਆਂ ਲਪਟਾਂ ਉੱਪਰਲੀਆਂ ਮੰਜਿ਼ਲਾਂ ਅਤੇ ਨੇੜੇ ਦੀਆਂ ਦੋ ਇਮਾਰਤਾਂ ਤੱਕ ਫੈਲ ਚੁੱਕੀਆਂ ਸਨ। ਬੇਬੀ ਕੇਅਰ ਸੈਂਟਰ ਤੱਕ ਜਾਣ ਲਈ ਬਾਹਰੋਂ ਇੱਕ ਸਪਿਰਲ ਲੋਹੇ ਦੀ ਪੌੜੀ ਹੈ। ਉਸ ਨੂੰ ਵੀ ਅੱਗ ਲੱਗ ਗਈ ਸੀ।