ਕੁਪਵਾੜਾ, 24 ਜੁਲਾਈ (ਪੋਸਟ ਬਿਊਰੋ): ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੋਵੁਤ ਇਲਾਕੇ 'ਚ ਬੁੱਧਵਾਰ ਸਵੇਰੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ 'ਚ ਇਕ ਹੋਰ ਜਵਾਨ ਸ਼ਹੀਦ ਹੋ ਗਿਆ ਹੈ। ਨਾਨ-ਕਮਿਸ਼ਨਡ ਅਫਸਰ ਦਿਲਾਵਰ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਫੌਜ ਨੇ ਮੁਕਾਬਲੇ 'ਚ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੁੰਛ 'ਚ ਮੁਕਾਬਲਾ ਹੋਇਆ ਸੀ, ਜਿਸ 'ਚ ਲਾਂਸ ਨਾਇਕ ਸੁਭਾਸ਼ ਕੁਮਾਰ ਸ਼ਹੀਦ ਹੋ ਗਿਆ ਸੀ।
ਫੌਜ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਕੋਵੁਤ 'ਚ 2-3 ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਦੇਰ ਰਾਤ ਦਿਲਾਵਰ ਸਿੰਘ ਨੂੰ ਗੋਲੀ ਲੱਗੀ ਸੀ। ਅੱਜ ਸਵੇਰੇ ਜਵਾਨਾਂ ਨੇ ਇੱਕ ਮੁਕਾਬਲੇ ਵਿੱਚ ਇੱਕ ਅੱਤਵਾਦੀ ਨੂੰ ਮਾਰ ਦਿੱਤਾ।