11 ਸਾਲਾ ਲੜਕੀ ਵੀ ਕਾਰਜੈਕਿੰਗ ਵਿੱਚ ਸ਼ਾਮਲ
ਬਰੈਂਪਟਨ, 11 ਅਪਰੈਲ (ਪੋਸਟ ਬਿਊਰੋ) : ਬਰੈਂਪਟਨ ਦੇ ਹਾਈ ਸਕੂਲ ਦੇ ਪਾਰਕਿੰਗ ਲੌਟ ਵਿੱਚ ਹਥਿਆਰਬੰਦ ਕਾਰਜੈਕਿੰਗ ਨੂੰ ਅੰਜਾਮ ਦੇਣ ਵਾਲੇ 16 ਸਾਲਾ ਲੜਕੇ, 13 ਸਾਲਾ ਲੜਕੀ ਤੇ 11 ਸਾਲਾ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਬਾਅਦ ਵਿੱਚ 11 ਸਾਲਾ ਲੜਕੀ ਨੂੰ ਰਿਹਾਅ ਕਰ ਦਿੱਤਾ ਗਿਆ। ਜਿਸ ਵਿਅਕਤੀ ਤੋਂ ਗੱਡੀ ਖੋਹੀ ਗਈ ਉਸ ਵਿਅਕਤੀ ਨੂੰ ਇਨ੍ਹਾਂ ਟੀਨੇਜਰਜ਼ ਵੱਲੋਂ ਚਾਕੂ ਮਾਰ ਕੇ ਜ਼ਖ਼ਮੀ ਵੀ ਕੀਤਾ ਗਿਆ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ 22 ਫਰਵਰੀ, 2024 ਨੂੰ ਵਾਪਰੀ।ਦੋਸ਼ ਲਾਇਆ ਗਿਆ ਕਿ ਚਾਰ ਮਸ਼ਕੂਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਇੱਕ ਵਿਅਕਤੀ ਨੂੰ ਭਰਮਾ ਕੇ ਕੈਨੇਡੀ ਰੋਡ ਤੇ ਕੁਈਨ ਸਟਰੀਟ ਨੇੜੇ ਇੱਕ ਹਾਈ ਸਕੂਲ ਲਾਗੇ ਸੱਦਿਆ ਗਿਆ। ਜਦੋਂ ਇਹ ਵਿਅਕਤੀ ਗੱਡੀ ਲੈ ਕੇ ਸਕੂਲ ਦੀ ਪਾਰਕਿੰਗ ਵਿੱਚ ਪਹੁੰਚਿਆ ਤਾਂ ਚਾਰ ਮਸ਼ਕੂਕਾਂ ਨੇ ਆ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਕਥਿਤ ਤੌਰ ਉੱਤੇ ਇਨ੍ਹਾਂ ਵਿੱਚੋਂ ਇੱਕ ਮਸ਼ਕੂਕ ਕੋਲ ਚਾਕੂ ਸੀ ਤੇ ਉਨ੍ਹਾਂ ਨੇ ਇਸ ਵਿਅਕਤੀ ਤੋਂ ਗੱਡੀ ਦੀਆਂ ਚਾਬੀਆਂ ਮੰਗੀਆਂ। ਪੁਲਿਸ ਨੇ ਦੱਸਿਆ ਕਿ ਫਿਰ ਇਸ ਵਿਅਕਤੀ ਦੇ ਸਿਰ ਉੱਤੇ ਕਿਸੇ ਚੀਜ਼ ਨਾਲ ਵਾਰ ਕੀਤਾ ਗਿਆ ਤੇ ਉਸ ਦੀ ਲੱਤ ਵਿੱਚ ਚਾਕੂ ਮਾਰ ਦਿੱਤਾ ਗਿਆ। ਫਿਰ ਚਾਰੇ ਮਸ਼ਕੂਕ ਗੱਡੀ ਲੈ ਕੇ ਫਰਾਰ ਹੋ ਗਏ।
ਜ਼ਖ਼ਮੀ ਵਿਅਕਤੀ ਦਾ ਇਲਾਜ ਲੋਕਲ ਹਸਪਤਾਲ ਵਿੱਚ ਕਰਵਾਇਆ ਗਿਆ। ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਤਿੰਨ ਮਸ਼ਕੂਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਇਨ੍ਹਾਂ ਵਿੱਚ ਇੱਕ 11 ਸਾਲਾ ਬੱਚੀ ਵੀ ਸ਼ਾਮਲ ਸੀ ਜਿਸ ਨੂੰ ਨਿੱਕੀ ਉਮਰ ਕਾਰਨ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।ਮਿਸੀਸਾਗਾ ਦੀ 13 ਸਾਲਾ ਲੜਕੀ ਤੇ ਬਰੈਂਪਟਨ ਦੇ 16 ਸਾਲਾ ਲੜਕੇ ਨੂੰ ਡਾਕਾ ਮਾਰਨ, ਸ਼ਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਤੇ ਜਾਣਬੁੱਝ ਕੇ ਭੇਸ ਵਟਾਉਣ ਲਈ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਬਰੈਂਪਟਨ ਦੇ ਹੀ 17 ਸਾਲਾ ਲੜਕੇ ਨੂੰ ਫੜ੍ਹਨ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਤੇ ਪੁਲਿਸ ਵੱਲੋਂ ਹੋਰ ਚਾਰਜਿਜ਼ ਲਾਏ ਜਾਣ ਤੋਂ ਇਨਕਾਰ ਨਹੀਂ ਕੀਤਾ ਗਿਆ।