ਟੋਰਾਂਟੋ, 11 ਅਪਰੈਲ (ਪੋਸਟ ਬਿਊਰੋ) : ਕੈਨੇਡਾ ਵਿੱਚ ਗੈਰਕਾਨੂੰਨੀ ਨਸਿ਼ਆਂ ਦੀ ਸਮਗਲਿੰਗ ਕਰਨ ਵਾਲੇ ਕਥਿਤ ਮੁਜਰਮਾਨਾਂ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵੱਲੋਂ 2 ਮਿਲੀਅਨ ਡਾਲਰ ਦੇ ਡਰੱਗਜ਼ ਬਰਾਮਦ ਕੀਤੇ ਗਏ ਹਨ ਤੇ ਨੌਂ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।
ਬੁੱਧਵਾਰ ਨੂੰ ਪੀਲ ਰੀਜਨਲ ਪੁਲਿਸ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਕਈ ਮਿਊਂਸਪਲ, ਪ੍ਰੋਵਿੰਸ਼ੀਅਲ ਤੇ ਫੈਡਰਲ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਰਲ ਕੇ ਪ੍ਰੋਜੈਕਟ ਵੇਗਸ ਚਲਾਇਆ ਗਿਆ। ਇਸ ਪੋ੍ਰਜੈਕਟ ਵਿੱਚ ਟੋਰਾਂਟੋ ਪੁਲਿਸ ਸਰਵਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਸ਼ਾਮਲ ਸੀ। ਜਾਂਚਕਾਰਾਂ ਨੇ ਪਾਇਆ ਕਿ ਗੈਰਕਾਨੂੰਨੀ ਨਸੇ਼ ਮੱਧ ਪੂਰਬੀ ਦੇਸ਼ਾਂ ਤੋਂ ਕੈਨੇਡਾ ਤੇ ਹੋਰਨਾਂ ਦੇਸ਼ਾਂ ਨੂੰ ਸਮਗਲ ਕੀਤੇ ਜਾਂਦੇ ਸਨ। ਇਨ੍ਹਾਂ ਨੂੰ ਸਮਗਲ ਕਰਨ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾਂਦੇ ਹਨ।
ਉਨ੍ਹਾਂ ਆਖਿਆ ਕਿ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਨਸ਼ੇ ਗ੍ਰੇਟਰ ਟੋਰਾਂਟੋ ਏਰੀਆ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਰਾਹੀਂ ਵੰਡ ਦਿੱਤੇ ਜਾਂਦੇ ਸਨ। ਪਿਛਲੇ ਮਹੀਨੇ ਜਾਂਚਕਾਰਾਂ ਨੇ 11 ਸਰਚ ਵਾਰੰਟ ਕਢਵਾ ਕੇ ਜੀਟੀਏ ਦੀਆਂ ਕਈ ਥਾਂਵਾਂ ਉੱਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੂੰ 89·6 ਕਿਲੋਗ੍ਰਾਮ ਅਫੀਮ, 13 ਕਿੱਲੋਗ੍ਰਾਮ ਮੈਥਾਮਫੈਟਾਮਾਈਨ, ਸਮਿੱਥ ਐਂਡ ਵੈਸਨ ਦੀ ·40 ਬ੍ਹਰ ਦੀ ਗੰਨ ਤੇ 310,000 ਡਾਲਰ ਨਕਦੀ ਮਿਲੀ।ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨਸਿ਼ਆਂ ਦਾ ਬਾਜ਼ਾਰ ਵਿੱਚ ਮੁੱਲ 2,066,000 ਡਾਲਰ ਹੈ।
ਇਸ ਦੌਰਾਨ ਨੌਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਵੁੱਡਬ੍ਰਿੱਜ ਦੇ 40 ਸਾਲਾ ਅਹਿਮਦ ਮੋਰੀਦ ਆਬੇਦੀ ਖਿਲਾਫ 16 ਚਾਰਜਿਜ਼ ਲਾਏ ਗਏ ਹਨ।ਅੱਠ ਹੋਰਨਾਂ ਖਿਲਾਫ ਨਸਿ਼ਆਂ ਨਾਲ ਸਬੰਧਤ 23 ਚਾਰਜਿਜ਼ ਲਾਏ ਗਏ।