ਮੁੰਬਈ, 1 ਮਾਰਚ (ਪੋਸਟ ਬਿਊਰੋ): ਮਹਾਰਾਸ਼ਟਰ 'ਚ ਇੰਡੀਆ ਗਠਜੋੜ ਦੀਆਂ ਤਿੰਨ ਪਾਰਟੀਆਂ ਵਿਚਾਲੇ 2024 ਦੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ 'ਤੇ ਗੱਲਬਾਤ ਹੋਈ ਹੈ। ਸੂਬੇ ਦੀਆਂ 48 ਲੋਕ ਸਭਾ ਸੀਟਾਂ 'ਚੋਂ ਊਧਵ ਠਾਕਰੇ ਦੀ ਸਿ਼ਵ ਸੈਨਾ 20 ਸੀਟਾਂ 'ਤੇ ਚੋਣ ਲੜੇਗੀ। ਕਾਂਗਰਸ ਨੂੰ 18 ਅਤੇ ਸ਼ਰਦ ਪਵਾਰ ਦੀ ਐੱਨਸੀਪੀ ਨੂੰ 10 ਸੀਟਾਂ ਮਿਲੀਆਂ ਹਨ। ਮਹਾਰਾਸ਼ਟਰ ਵਿਚ ਮਹਾਵਿਕਾਸ ਅਘਾੜੀ ਗਠਜੋੜ ਦੇ ਤਹਿਤ ਤਿੰਨੋਂ ਪਾਰਟੀਆਂ ਇਕੱਠੀਆਂ ਹਨ।
ਸੂਤਰਾਂ ਦੀ ਮੰਨੀਏ ਤਾਂ ਖੇਤਰੀ ਪਾਰਟੀ ਵੰਚਿਤ ਬਹੁਜਨ ਅਗਾੜੀ (ਵੀ.ਬੀ.ਏ.) ਨੂੰ ਸ਼ਿਵ ਸੈਨਾ (ਊਧਵ ਧੜੇ) ਤੋਂ ਦੋ ਸੀਟਾਂ ਮਿਲਣਗੀਆਂ। ਨੇ ਪਹਿਲਾਂ 5 ਸੀਟਾਂ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਆਜ਼ਾਦ ਰਾਜੂ ਸ਼ੈਟੀ ਨੂੰ ਸ਼ਰਦ ਪਵਾਰ ਦੀ ਪਾਰਟੀ ਦਾ ਸਮਰਥਨ ਮਿਲੇਗਾ। ਸੀਟਾਂ ਦੀ ਵੰਡ ਬਾਰੇ ਅਧਿਕਾਰਤ ਐਲਾਨ ਇੱਕ-ਦੋ ਦਿਨਾਂ ਵਿੱਚ ਕੀਤਾ ਜਾ ਸਕਦਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸਿ਼ਵ ਸੈਨਾ (ਯੂਬੀਟੀ) ਮੁੰਬਈ ਦੀਆਂ 6 ਲੋਕ ਸਭਾ ਸੀਟਾਂ ਵਿੱਚੋਂ 4 ਚੋਣ ਲੜੇਗੀ, ਜਿਨ੍ਹਾਂ ਵਿਚੋਂ ਇੱਕ-ਮੁੰਬਈ ਉੱਤਰ ਪੂਰਬ ਵੀਬੀਏ ਨੂੰ ਦਿੱਤੀ ਜਾ ਸਕਦੀ ਹੈ। ਮੁੰਬਈ ਦੀਆਂ 6 ਸੀਟਾਂ 'ਤੇ ਕਾਂਗਰਸ ਅਤੇ ਊਧਵ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ।
ਇਸ ਸਬੰਧੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 22 ਫਰਵਰੀ ਨੂੰ ਊਧਵ ਠਾਕਰੇ ਨਾਲ ਵੀ ਗੱਲਬਾਤ ਕੀਤੀ ਸੀ। ਰਾਹੁਲ ਨੇ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਊਧਵ ਨੂੰ ਫੋਨ ਕੀਤਾ ਅਤੇ ਕਰੀਬ ਇੱਕ ਘੰਟੇ ਤੱਕ ਗੱਲਬਾਤ ਕੀਤੀ। ਕਾਂਗਰਸ ਮੁੰਬਈ ਦੀਆਂ 3 ਸੀਟਾਂ 'ਤੇ ਚੋਣ ਲੜਨਾ ਚਾਹੁੰਦੀ ਸੀ।
ਇਸ ਵਿੱਚ ਮੁੰਬਈ ਦੱਖਣੀ ਕੇਂਦਰੀ, ਮੁੰਬਈ ਉੱਤਰੀ ਮੱਧ ਅਤੇ ਮੁੰਬਈ ਉੱਤਰੀ ਪੱਛਮੀ ਸ਼ਾਮਲ ਹਨ। ਹਾਲਾਂਕਿ ਊਧਵ ਨੇ ਆਪਣੇ ਲਈ ਮੁੰਬਈ ਦੀਆਂ 4 ਸੀਟਾਂ ਮੰਗੀਆਂ ਸਨ- ਮੁੰਬਈ ਦੱਖਣੀ, ਮੁੰਬਈ ਉੱਤਰ ਪੱਛਮੀ, ਮੁੰਬਈ ਉੱਤਰ ਪੂਰਬ ਅਤੇ ਮੁੰਬਈ ਦੱਖਣੀ ਸੈਂਟਰਲ।