ਅਹਿਮਦਾਬਾਦ, 22 ਮਈ (ਪੋਸਟ ਬਿਊਰੋ): ਗੁਜਰਾਤ ਏਟੀਐਸ ਨੇ ਅਹਿਮਦਾਬਾਦ ਤੋਂ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੋਮਵਾਰ ਨੂੰ ਗੁਜਰਾਤ ਦੇ ਐਂਟੀ ਟੈਰਰਿਸਟ ਸਕੁਐਡ ਦੇ ਅਧਿਕਾਰੀ ਨੇ ਦੱਸਿਆ ਕਿ ਚਾਰੇ ਅੱਤਵਾਦੀ ਅਲਕਾਇਦਾ ਦੇ ਮੈਂਬਰ ਹਨ। ਚਾਰੇ ਬੰਗਲਾਦੇਸ਼ ਦੇ ਵਸਨੀਕ ਹਨ, ਜੋ ਇਸ ਸਮੇਂ ਅਹਿਮਦਾਬਾਦ ਵਿੱਚ ਰਹਿੰਦੇ ਸਨ।
ਗੁਜਰਾਤ ਏਟੀਐਸ ਦੀਪਨ ਭਦਰਨ ਨੇ ਦੱਸਿਆ ਕਿ ਚਾਰਾਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਉਨ੍ਹਾਂ ਦੇ ਕਮਾਂਡਰਾਂ ਨੇ ਸਿਖਲਾਈ ਦਿੱਤੀ ਸੀ। ਇਹ ਚਾਰੇ ਅਲਕਾਇਦਾ ਲਈ ਫੰਡਿੰਗ ਦਾ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਸਨ, ਜੋ ਸੰਗਠਨ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਖਰਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਚਾਰਾਂ ਨੂੰ ਸਥਾਨਕ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਲਈ ਉਕਸਾਉਣ ਦਾ ਕੰਮ ਵੀ ਸੌਂਪਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਯੂਏਪੀਏ ਦੀ ਧਾਰਾ 38, 39 ਅਤੇ 40 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਭਦਰਨ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਫੜਿਆ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਅਸੀਂ ਸਭ ਤੋਂ ਪਹਿਲਾਂ ਅਹਿਮਦਾਬਾਦ ਦੇ ਰਾਖਿਆਲ ਇਲਾਕੇ 'ਚ ਰਹਿਣ ਵਾਲੇ ਸੋਜੀਬ ਨੂੰ ਗ੍ਰਿਫਤਾਰ ਕੀਤਾ ਸੀ। ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਸੋਜੀਬ ਨੇ ਦੱਸਿਆ ਕਿ ਉਹ ਆਪਣੇ ਤਿੰਨ ਹੋਰ ਸਾਥੀਆਂ ਨਾਲ ਬੰਗਲਾਦੇਸ਼ ਤੋਂ ਆਇਆ ਸੀ। ਉਹ ਅਲਕਾਇਦਾ ਲਈ ਕੰਮ ਕਰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਏਟੀਐਸ ਨੇ ਮੁੰਨਾ, ਅਜ਼ਹਰੁਲ ਅਤੇ ਮੋਮਿਨੁਲ ਨੂੰ ਜ਼ਿਲ੍ਹੇ ਦੇ ਨਰੋਲ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਚਾਰੇ ਭਾਰਤੀ ਨਾਗਰਿਕ ਵਜੋਂ ਫੈਕਟਰੀਆਂ ਵਿੱਚ ਕੰਮ ਕਰਦੇ ਸਨ। ਏਟੀਐਸ ਨੇ ਦੱਸਿਆ ਕਿ ਮੁਲਜ਼ਮ ਦੇ ਕਮਰੇ ਤੋਂ ਆਧਾਰ ਕਾਰਡ, ਪੈਨ ਕਾਰਡ ਅਤੇ ਅੱਤਵਾਦੀ ਸੰਗਠਨ ਦਾ ਕੁਝ ਸਾਹਿਤ ਜ਼ਬਤ ਕੀਤਾ ਗਿਆ ਹੈ।