ਚੇਨੱਈ, 12 ਮਾਰਚ (ਪੋਸਟ ਬਿਊਰੋ): ਤਾਮਿਲਨਾਡੂ ਦੇ 16 ਮਛੇਰਿਆਂ ਨੂੰ ਐਤਵਾਰ ਨੂੰ ਸ਼੍ਰੀਲੰਕਾਈ ਜਲ ਸੈਨਾ ਨੇ ਪਾਲਕ ਸਟ੍ਰੇਟ ਨੇੜੇ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਮਛੇਰਿਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਦੇ ਜਵਾਨ ਚੁੱਕ ਕੇ ਲੈ ਗਏ ਸਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਦੇ ਅਧਿਕਾਰੀਆਂ ਦੇ ਹਵਾਲੇ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਛੇਰਿਆਂ ਦੀਆਂ ਦੋ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਪੀਐਮਕੇ ਦੇ ਸੰਸਥਾਪਕ ਨੇਤਾ ਐਸ ਰਾਮਦਾਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਮਛੇਰਿਆਂ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਵਿੱਚ ਤਾਮਿਲਨਾਡੂ ਦੇ ਮਛੇਰਿਆਂ ਦੀਆਂ ਕਿਸ਼ਤੀਆਂ ਨੂੰ ਲਗਾਤਾਰ ਗ੍ਰਿਫ਼ਤਾਰ ਕਰਨ ਅਤੇ ਜ਼ਬਤ ਕੀਤੇ ਜਾਣ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ, ''ਜੇਕਰ ਇਕ ਕਿਸ਼ਤੀ ਵੀ ਜ਼ਬਤ ਕੀਤੀ ਜਾਂਦੀ ਹੈ ਤਾਂ ਘੱਟੋ-ਘੱਟ 20 ਪਰਿਵਾਰ ਭਾਵ ਅਜਿਹੇ ਪਰਿਵਾਰਾਂ ਦੇ ਕਰੀਬ 100 ਮੈਂਬਰ ਪ੍ਰਭਾਵਿਤ ਹੁੰਦੇ ਹਨ।
ਰਾਮਦਾਸ ਨੇ ਕੇਂਦਰ ਸਰਕਾਰ ਨੂੰ ਦਹਾਕਿਆਂ ਪੁਰਾਣੇ ਇਸ ਮੁੱਦੇ ਦਾ ਸਥਾਈ ਹੱਲ ਕੱਢਣ ਦੀ ਅਪੀਲ ਕੀਤੀ। ਉਨ੍ਹਾਂ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਛੇਰਿਆਂ ਅਤੇ ਉਨ੍ਹਾਂ ਦੀਆਂ ਜ਼ਬਤ ਕੀਤੀਆਂ ਕਿਸ਼ਤੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।