Welcome to Canadian Punjabi Post
Follow us on

10

July 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ
 
ਨਜਰਰੀਆ

ਭਾਜਪਾ ਤੋਂ ਸੱਟ ਖਾਧੀ ਬਾਦਲ ਅਕਾਲੀ ਦਲ ਨੇ, ਪਰ ਹਾਲਾਤ ਕਿਸ ਨੇ ਬਣਾਏ ਸਨ!

December 06, 2021 01:50 AM

-ਜਤਿੰਦਰ ਪਨੂੰ
ਅਗਲੇ ਸਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਸਰਪੱਟ ਦੌੜਾਂ ਲਾ ਰਹੇ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਵਾਲੇ ਪ੍ਰਮੁੱਖ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਦਲਬਦਲੀ ਕਰਨ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਇੱਕ ਵੱਡਾ ਝਟਕਾ ਲੱਗਾ ਹੈ। ਮਨਜਿੰਦਰ ਸਿੰਘ ਸਿਰਸਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ, ਪਰ ਬੀਤੇ ਅਗਸਤ ਵਿੱਚ ਹੋਈਆਂ ਚੋਣਾਂ ਵਿੱਚ ਪਾਰਟੀ ਜਿੱਤ ਗਈ, ਸਿਰਸਾ ਆਪਣੇ ਵਾਲੀ ਸੀਟ ਤੋਂ ਹਾਰ ਗਿਆ ਸੀ। ਬਾਅਦ ਵਿੱਚ ਉਹ ਇੱਕ ਪਿੱਛੋਂ ਦੂਜੇ ਕੇਸ ਵਿੱਚ ਉਲਝਦਾ ਗਿਆ ਅਤੇ ਇੱਕ ਦਿਨ ਬਾਦਲ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ। ਦਿੱਲੀ ਗੁਰਦੁਆਰਾ ਕਮੇਟੀ ਦੀ ਨਵੀਂ ਟੀਮ ਕਾਨੂੰਨੀ ਤੌਰ ਉੱਤੇ ਹਾਲੇ ਬਣੀ ਨਹੀਂ ਸੀ ਤੇ ਸਿਰਸਾ ਉਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਸੀ। ਜਾਣ ਲੱਗਾ ਉਹ ਇਸ ਅਹੁਦੇ ਤੋਂ ਅਸਤੀਫਾ ਦੇ ਗਿਆ ਤੇ ਭਾਜਪਾ ਲੀਡਰਾਂ ਦੀ ਬੁੱਕਲ ਵਿੱਚ ਖੜੋ ਕੇ ਉਸ ਨੇ ਕਹਿ ਦਿੱਤਾ ਕਿ ਉਹ ਸਾਰੇ ਭਾਰਤ ਵਿਚਲੇ ਸਿੱਖਾਂ ਦੇ ਹਿੱਤਾਂ ਵਾਸਤੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਆਇਆ ਹੈ। ਅਕਾਲੀ ਲੀਡਰਸਿ਼ਪ ਨੇ ਇਸ ਤੋਂ ਉਲਟ ਸਟੈਂਡ ਲੈ ਲਿਆ। ਪਹਿਲਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਹ ਕਿਹਾ ਕਿ ਸਿਰਸਾ ਨੂੰ ਕੇਸਾਂ ਵਿੱਚ ਗ੍ਰਿਫਤਾਰ ਕਰਨ ਦਾ ਡਰਾਵਾ ਦੇ ਕੇ ਭਾਜਪਾ ਨੇ ਆਪਣੇ ਵੱਲ ਖਿੱਚਿਆ ਹੈ। ਫਿਰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਤੋਂ ਕਹਾਇਆ ਕਿ ਜਿੱਦਾਂ ਮੁਗਲ ਬਾਦਸ਼ਾਹ ਧਰਮ ਬਦਲੀ ਜਾਂ ਮੌਤ ਵਿੱਚੋਂ ਇੱਕ ਪਾਸਾ ਚੁਣਨ ਨੂੰ ਆਖਦੇ ਸਨ, ਕੇਂਦਰ ਸਰਕਾਰ ਨੇ ਸਿਰਸੇ ਨੂੰ ਜੇਲ੍ਹ ਜਾਂ ਭਾਜਪਾ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਹਿ ਕੇ ਦਲਬਦਲੀ ਕਰਵਾਈ ਹੈ। ਜਥੇਦਾਰ ਨੇ ਇਹ ਵੀ ਕਿਹਾ ਕਿ ਮਨਜਿੰਦਰ ਸਿੰਘ ਸਿਰਸੇ ਨੇ ਉਸ ਨੂੰ ਫੋਨ ਉੱਤੇ ਅਗੇਤਾ ਹੀ ਦੱਸ ਦਿਤਾ ਸੀ ਕਿ ਕੇਂਦਰ ਸਰਕਾਰ ਆਹ ਦਬਾਅ ਪਾ ਰਹੀ ਹੈ।
ਸਾਰਿਆਂ ਤੋਂ ਪਿੱਛੋਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੋਲਿਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਦੋ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਭਾਜਪਾ ਜੇਲ੍ਹ ਜਾਣ ਦਾ ਡਰਾਵਾ ਦੇ ਕੇ ਆਪਣੇ ਨਾਲ ਆਉਣ ਨੂੰ ਕਹਿੰਦੀ ਹੈ ਤੇ ਇਸ ਬਾਰੇ ਵਾਟਸਐਪ ਮੈਸੇਜ ਵੀ ਕਰ ਦਿੱਤਾ ਸੀ। ਜੇ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਸਹੀ ਹੈ ਤਾਂ ਮਨਜਿੰਦਰ ਸਿੰਘ ਸਿਰਸੇ ਦੀ ਸਾਰੇ ਦੇਸ਼ ਦੇ ਸਿੱਖਾਂ ਦੇ ਭਲੇ ਲਈ ਦਲਬਦਲੀ ਦੀ ਗੱਲ ਕੱਟਣ ਲਈ ਉਸ ਨੂੰ ਸਿਰਸੇ ਦਾ ਵਾਟਸਐਪ ਮੈਸੇਜ ਲੋਕਾਂ ਨੂੰ ਦਿਖਾ ਦੇਣਾ ਚਾਹੀਦਾ ਸੀ। ਉਸ ਨੇ ਇਹ ਕੰਮ ਨਹੀ ਕੀਤਾ। ਇਸ ਦੀ ਬਜਾਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਉਂਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ, ਭਾਜਪਾ ਲੀਡਰਸਿ਼ਪ ਉਸੇ ਕੌੜ ਕਾਰਨ ਸਿੱਖਾਂ ਦੀ ਸੰਸਥਾ ਅਕਾਲੀ ਦਲ ਨੂੰ ਖਤਮ ਕਰਨ ਤੇ ਦਿੱਲੀ ਦੇ ਗੁਰਦੁਆਰਿਆਂ ਉੱਤੇ ਕਬਜ਼ਾ ਕਰਨ ਦੀ ਸਾਜਿ਼ਸ਼ ਕਰ ਰਹੀ ਹੈ। ਉਸ ਦਾ ਕਹਿਣ ਦਾ ਢੰਗ ਏਦਾਂ ਦਾ ਹੈ, ਜਿਵੇਂ ਭਾਜਪਾ ਨਾਲ ਬੜੀ ਕੌੜ ਰੱਖੀ ਬੈਠਾ ਹੋਵੇ ਤੇ ਭਾਵੇਂ ਇਹ ਵੀ ਕਹਿੰਦਾ ਹੈ ਕਿ ਅਕਾਲੀ ਦਲ ਇਨ੍ਹਾਂ ਸਾਜਿ਼ਸ਼ਾਂ ਤੋਂ ਘਬਰਾਉਣ ਵਾਲਾ ਨਹੀਂ, ਪਰ ਨਾਲ ਹੀ ਇਹ ਗੱਲ ਵੀ ਕਹੀ ਜਾਂਦਾ ਹੈ ਕਿ ਭਾਜਪਾ ਸਾਡੇ ਦਿੱਲੀ ਦੇ ਆਗੂਆਂ ਨੂੰ ਤੋੜਨ ਲਈ ਕੇਂਦਰ ਦੀਆਂ ਜਾਂਚ ਏਜੰਸੀਆਂ ਵੀ ਵਰਤਣ ਲੱਗ ਪਈ ਹੈ।
ਕਿਸੇ ਵੀ ਰਾਜ ਦੀ ਚੋਣ ਵਿੱਚ ਭਾਜਪਾ ਜਿਸ ਤਰ੍ਹਾਂ ਕੇਂਦਰ ਦੀਆਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ, ਲੋਕ ਪੱਛਮੀ ਬੰਗਾਲ ਵਿੱਚ ਉਸ ਦੀ ਵੱਡੀ ਵੰਨਗੀ ਵੇਖ ਚੁੱਕੇ ਹਨ। ਭਾਜਪਾ ਪੰਜਾਬ ਵਿੱਚ ਵੀ ਇਹੋ ਕਰਨਾ ਚਾਹੇਗੀ। ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਗੱਲ ਮੰਨਣੀ ਮੁਸ਼ਕਲ ਜਾਪਦੀ ਹੈ, ਉਹ ਇਹ ਹੈ ਕਿ ਜਿਹੜੇ ਦਿੱਲੀ ਦੇ ਆਗੂ ਇਨ੍ਹਾਂ ਨੂੰ ਆਪਣੇ ਪੱਕੇ ਸਾਥੀ ਲੱਗਦੇ ਹਨ, ਉਹ ਭਾਜਪਾ ਦੇ ਨਿਸ਼ਾਨ ਉੱਤੇ ਚੋਣਾਂ ਲੜ ਚੁੱਕੇ ਹੋਣ ਕਾਰਨ ਪਹਿਲਾਂ ਹੀ ਉਨ੍ਹਾਂ ਦੇ ਸੰਪਰਕ ਵਿੱਚ ਸਨ। ਮਨਜਿੰਦਰ ਸਿੰਘ ਸਿਰਸਾ ਨੂੰ ਸਿਆਸੀ ਆਗੂ ਵਜੋਂ ਜਦੋਂ ਲੋਕ ਜਾਣਦੇ ਨਹੀਂ ਸਨ, ਓਦੋਂ ਉਸ ਨੇ ਦਿੱਲੀ ਅਸੈਂਬਲੀ ਦੇ ਜੰਗਪੁਰਾ ਹਲਕੇ ਤੋਂ ਸਾਲ 2008 ਵਿੱਚ ਭਾਜਪਾ ਦੇ ਨਿਸ਼ਾਨ ਕਮਲ ਦੇ ਫੁੱਲ ਨਾਲ ਚੋਣ ਲੜੀ ਤੇ ਕਾਂਗਰਸ ਪਾਰਟੀ ਦੇ ਤਰਵਿੰਦਰ ਸਿੰਘ ਮਰਵਾਹਾ ਤੋਂ ਹਾਰਿਆ ਸੀ। ਫਿਰ ਸਾਲ 2012 ਵਿੱਚ ਉਸ ਦੀ ਪਤਨੀ ਸਤਵਿੰਦਰ ਕੌਰ ਸਿਰਸਾ ਦੱਖਣੀ ਦਿੱਲੀ ਨਗਰ ਨਿਗਮ ਦੇ ਪੰਜਾਬੀ ਬਾਗ ਵਾਰਡ ਤੋਂ ਭਾਜਪਾ ਦੇ ਓਸੇ ਚੋਣ ਨਿਸ਼ਾਨ ਨਾਲ ਚੋਣ ਲੜੀ ਤੇ ਜਿੱਤੀ ਸੀ। ਬਾਅਦ ਵਿੱਚ ਉਹ ਅਕਾਲੀ ਦਲ ਵਿੱਚ ਆਇਆ ਅਤੇ ਰਾਕੇਟ ਵਾਂਗ ਚੜ੍ਹਦਾ ਹੋਇਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰਨ ਤੱਕ ਵੀ ਪਹੁੰਚ ਗਿਆ ਸੀ। ਇਸ ਦੌਰਾਨ ਸਾਲ 2017 ਵਿੱਚ ਜਰਨੈਲ ਸਿੰਘ ਵੱਲੋਂ ਵਿਹਲੀ ਕੀਤੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਉੱਪ ਚੋਣ ਲੜਨ ਲਈ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਲਾਹ ਨਾਲ ਭਾਜਪਾ ਦੇ ਚੋਣ ਨਿਸ਼ਾਨ ਵਾਲਾ ਉਮੀਦਵਾਰ ਬਣਿਆ ਤੇ ਜਿੱਤਿਆ ਸੀ। ਅੱਜ ਵਾਲੀਆਂ ਗੱਲਾਂ ਛੋਟੇ ਬਾਦਲ ਨੂੰ ਓਦੋਂ ਸੋਚਣੀਆਂ ਚਾਹੀਦੀਆਂ ਸਨ ਕਿ ਇਹ ਬੰਦਾ ਭਾਜਪਾ ਵੱਲ ਨੂੰ ਛੜੱਪਾ ਵੀ ਮਾਰ ਸਕਦਾ ਹੈ।
ਮਨਜਿੰਦਰ ਸਿੰਘ ਸਿਰਸਾ ਦੀ ਦਲਬਦਲੀ ਦੇ ਬਾਅਦ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਹੈ ਅਤੇ ਸੁਖਬੀਰ ਸਿੰਘ ਦੇ ਕਹਿਣ ਉੱਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਹਿ ਦਿੱਤਾ ਹੈ ਕਿ ਭਾਜਪਾ ਸਿੱਖਾਂ ਦੇ ਧਾਰਮਿਕ ਅਸਥਾਨਾਂ ਉੱਤੇ ਕਬਜ਼ੇ ਕਰਨ ਲਈ ਯਤਨ ਕਰ ਰਹੀ ਹੈ। ਜਦੋਂ ਭਾਜਪਾ ਵੱਲੋਂ ਵਾਰ-ਵਾਰ ਚੋਣਾਂ ਲੜ ਚੁੱਕੇ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਿੱਤੀ ਸੀ, ਭਾਜਪਾ ਦਾ ਪੈਰ-ਧਰਾਵਾ ਤਾਂ ਓਦੋਂ ਹੀ ਹੋ ਗਿਆ ਸੀ। ਸਿਰਸਾ ਦੇ ਜਾਣ ਪਿੱਛੋਂ ਬਾਦਲ ਅਕਾਲੀ ਦਲ ਦੀ ਟੇਕ ਹਰਮੀਤ ਸਿੰਘ ਕਾਲਕਾ ਉੱਤੇ ਹੈ, ਪਰ ਉਹ ਵੀ 2015 ਵਿੱਚ ਵਿਧਾਨ ਸਭਾ ਲਈ ਕਾਲਕਾਜੀ ਹਲਕੇ ਤੋਂ ਭਾਜਪਾ ਟਿਕਟ ਉੱਤੇ ਚੋਣ ਲੜ ਚੁੱਕਾ ਹੈ। ਇੱਕ ਜਣਾ ਭਾਜਪਾ ਵਿੱਚ ਹੈ, ਉਸ ਪਿੱਛੋਂ ਫਿਰ ਉਹ ਹਰਮੀਤ ਸਿੰਘ ਕਾਲਕਾ ਅਕਾਲੀ ਆਗੂ ਵਜੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਵੱਡਾ ਪ੍ਰਬੰਧਕ ਹੈ, ਜਿਹੜਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਬਣਦਾ ਰਿਹਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਾਦਲ ਅਕਾਲੀ ਦਲ ਦੇ ਮੈਂਬਰਾਂ ਵਿੱਚੋਂ ਸਾਡੀ ਜਾਣਕਾਰੀ ਮੁਤਾਬਕ ਅੱਜ ਵੀ ਚਾਰ ਜਣੇ ਉਹ ਹਨ, ਜਿਹੜੇ ਓਥੇ ਤਾਂ ਅਕਾਲੀ ਦਲ ਦੇ ਆਗੂ ਹਨ ਅਤੇ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦੇ ਕੌਂਸਲਰ ਹਨ। ਸੰਸਾਰ ਦੇ ਸਿੱਖਾਂ ਦੀ ਸ਼ਰਧਾ ਵਾਲੇ ਧਾਰਮਿਕ ਸਥਾਨਾਂ ਵਿੱਚ ਸਭ ਤੋਂ ਪਹਿਲਾ ਨਾਂ ਪੰਜ ਤਖਤ ਸਾਹਿਬਾਨ ਦਾ ਹੁੰਦਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਦਸਵੇਂ ਗੁਰੂ ਸਾਹਿਬ ਦੇ ਜਨਮ ਸਥਾਨ ਵਾਲੇ ਤਖਤ ਸਾਹਿਬ ਦਾ ਪ੍ਰਧਾਨ ਅੱਜਕੱਲ੍ਹ ਅਵਤਾਰ ਸਿੰਘ ਹਿੱਤ ਹੈ। ਉਸ ਨੂੰ ਵੀ ਇਹ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਰਿਕਾਰਡ ਹੋਰ ਫੋਲਿਆ ਜਾਵੇ ਤਾਂ ਅਵਤਾਰ ਸਿੰਘ ਹਿੱਤ ਵੀ ਸਾਲ 2015 ਵਿੱਚ ਹਰੀ ਨਗਰ ਹਲਕੇ ਤੋਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨਾਲ ਚੋਣ ਲੜ ਅਤੇ ਹਾਰ ਚੁੱਕਾ ਹੈ। ਕਹਿਣ ਨੂੰ ਉਹ ਵੀ ਬਾਦਲ ਅਕਾਲੀ ਦਲ ਦਾ ਆਗੂ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਹੈ, ਪਰ ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਉਹ ਭਾਜਪਾ ਆਗੂ ਹੈ।
ਹੈਰਾਨੀ ਇਸ ਗੱਲ ਦੀ ਨਹੀਂ ਕਿ ਅਕਾਲੀ ਦਲ ਬਾਦਲ ਦੇ ਆਗੂ ਵਾਰੀ-ਵਾਰ ਇਸ ਨੂੰ ਛੱਡ ਕੇ ਭਾਜਪਾ ਵੱਲ ਤੁਰੇ ਜਾਂਦੇ ਹਨ, ਸਗੋਂ ਇਸ ਗੱਲ ਕਰ ਕੇ ਹੈ ਕਿ ਬਾਦਲ ਅਕਾਲੀ ਦਲ ਇਨ੍ਹਾਂ ਨੂੰ ਆਪਣੇ ਮੰਨੀ ਜਾਂਦਾ ਹੈ। ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਦਲ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਸ਼ ਲਾਉਂਦਾ ਹੈ ਕਿ ਭਾਜਪਾ ਸਿੱਖ ਧਰਮ ਅਸਥਾਨਾਂ ਉੱਤੇ ਕਬਜ਼ਾ ਕਰ ਲੈਣਾ ਚਾਹੁੰਦੀ ਹੈ, ਪਰ ਸੱਚਾਈ ਇਹ ਹੈ ਕਿ ਭਾਜਪਾ ਉਮੀਦਵਾਰ ਬਣ ਚੁੱਕੇ ਬੰਦਿਆਂ ਨੂੰ ਆਪਣੇ ਬੰਦੇ ਮੰਨ ਕੇ ਦਿੱਲੀ ਤੋਂ ਪਟਨਾ ਸਾਹਿਬ ਤੱਕ ਉਨ੍ਹਾਂ ਦਾ ਕਬਜ਼ਾ ਬਾਦਲ ਦਲ ਖੁਦ ਕਰਵਾ ਚੁੱਕਾ ਹੈ। ਸਾਰਾ ਕੁਝ ਭਾਜਪਾ ਦੀ ਝੋਲੀ ਖੁਦ ਪਾ ਚੁੱਕਣ ਪਿੱਛੋਂ ਏਦਾਂ ਦੀ ਚਿੰਤਾ ਦਾ ਕੋਈ ਫਾਇਦਾ ਹੋਣਾ ਨਹੀਂ ਤੇ ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਰਪੱਟ ਦੌੜਾਂ ਲਾਉਣ ਦਾ ਭਰਮ ਪਾਉਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਸੱਚਾਈ ਮੰਨਣੀ ਔਖੀ ਹੋ ਰਹੀ ਹੈ ਕਿ ਉਸ ਦੀਆਂ ਤਿਕੜਮਾਂ ਪੁੱਠੀਆਂ ਪਈਆਂ ਹਨ। ਏਨੀ ਵੱਡੀ ਸੱਟ ਖਾਣ ਪਿੱਛੋਂ ਆਮ ਆਦਮੀ ਇਹ ਸੋਚਣ ਦੀ ਕੋਸਿ਼ਸ਼ ਕਰਦਾ ਹੈ ਕਿ ਉਸ ਤੋਂ ਗਲਤੀ ਕਿੱਥੇ ਰਹੀ ਹੈ ਤੇ ਅੱਗੇ ਤੋਂ ਬਚਣ ਦਾ ਯਤਨ ਕਰਦਾ ਹੈ, ਪਰ ਸੁਖਬੀਰ ਸਿੰਘ ਬਾਦਲ ਇਹ ਵੀ ਕਰਨ ਨੂੰ ਤਿਆਰ ਨਹੀਂ। ਇਸ ਦਾ ਅਸਰ ਸ਼ਾਇਦ ਉਸ ਪੰਜਾਬ ਦੀਆਂ ਵਿਧਾਨ ਸਭਾ ਚੋਣ ਦੌਰਾਨ ਦਿੱਸੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ