Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਨਜਰਰੀਆ

ਗਾਥਾ ਇੱਕ ਪ੍ਰੇਮ ਵਿਆਹ ਦੀ

November 29, 2021 01:21 AM

-ਪ੍ਰੀਤਮਾ ਦੋਮੇਲ
ਪ੍ਰੇਮ ਵਿਆਹ ਅੱਜ ਦੇ ਜ਼ਮਾਨੇ ਵਿੱਚ ਆਮ ਗੱਲ ਹੋ ਗਈ ਹੈ। ਅੱਧਿਆਂ ਤੋਂ ਵੱਧ ਵਿਆਹ ਮਨਮਰਜ਼ੀ ਦੇ ਹੁੰਦੇ ਹਨ। ਇਹ ਵੀ ਸੱਚ ਹੈ ਕਿ ਲਗਭਗ ਓਨੀਆਂ ਹੀ ਅਰਜ਼ੀਆਂ ਕੋਰਟ ਵਿੱਚ ਤਲਾਕ ਦੀਆਂ ਆਈਆਂ ਹੁੰਦੀਆਂ ਹਨ। ਦੇਖਣ-ਸੁਣਨ ਵਾਲਿਆਂ ਲਈ ਵੀ ਇਹ ਘਟਨਾਵਾਂ ਖਾਸ ਮਾਅਨੇ ਨਹੀਂ ਰੱਖਦੀਆਂ। ਅੱਜ ਤੋਂ 35-40 ਸਾਲ ਪਹਿਲਾਂ ਇਹ ਵਿਆਹ ਆਮ ਨਹੀਂ ਸਨ ਹੁੰਦੇ। ਕੋਈ ਕੋਈ ਅਜਿਹਾ ਵਿਆਹ ਹੁੰਦਾ ਸੀ ਤੇ ਉਸ ਦੀ ਚਰਚਾ ਵੀ ਸਾਲਾਂ ਤੱਕ ਚੱਲਦੀ ਰਹਿੰਦੀ ਸੀ।
ਮੈਂ ਵੀ ਇੱਕ ਇਹੋ ਜਿਹੇ ਅਿਆਹ ਦੀ ਚਸ਼ਮਦੀਦ ਗਵਾਹ ਹਾਂ, ਕਿਉਂਕਿ ਉਸ ਦਾ ਪਲ-ਪਲ ਮੇਰੇ ਵਜੂਦ ਨਾਲ ਜੁੜਿਆ ਹੈ। ਸਾਡੇ ਆਪਣੇ ਵਿਆਹ ਨੂੰ ਖਾਸ ਸਮਾਂ ਨਹੀਂ ਸੀ ਹੋਇਆ ਤੇ ਮੈਂ ਪਹਿਲੀ ਵਰ ਪਲਟਨ ਵਿੱਚ ਆਈ ਸਾਂ। ਫੌਜੀ ਜ਼ਿੰਦਗੀ ਦੇ ਸਾਰੇ ਤੌਰ ਤਰੀਕਿਆਂ ਤੋਂ ਨਾਵਾਕਿਫ ਸਾਂ। ਪੈਰ-ਪੈਰ ਉੱਤੇ ਗਲਤੀਆਂ ਕਰਦੀ ਹੌਲੀ-ਹੌਲੀ ਇਸ ਦੇ ਮੁਤਾਬਕ ਢਲਣ ਦੀ ਕੋਸ਼ਿਸ਼ ਕਰ ਰਹੀ ਸਾਂ। ਅਚਾਨਕ ਸਾਡੀ ਸਾਵੀਂ ਪੱਧਰੀ ਜ਼ਿੰਦਗੀ ਦੀ ਕਿਤਾਬ ਉੱਤੇ ਨਵਾਂ ਅਧਿਆਇ ਲਿਖਿਆ ਜਾਣਾ ਸ਼ੁਰੂ ਹੋ ਗਿਆ। ਮੇਰੇ ਸਹੁਰਿਆਂ ਦੇ ਨੇੜੇ ਦੇ ਪਿੰਡ ਦਾ ਜੱਟਾਂ ਦਾ ਮੁੰਡਾ ਮੇਰੇ ਪਤੀ ਦੇ ਓ ਟੀ ਐਸ ਦੇ ਇੰਸਟਰਕਟਰ ਵਜੋਂ ਕਮਿਸ਼ਨ ਲੈ ਕੇ ਸਾਡੀ ਪਲਟਨ ਵਿੱਚ ਸੈਕਿੰਡ ਲੈਫਟੀਨੈਂਟ ਬਣ ਕੇ ਆ ਗਿਆ। ਉਸ ਦੇ ਨਾਲ ਦੋ ਹੋਰ ਅਫਸਰ ਮੁੰਡੇ ਆਈ ਐੱਮ ਏ ਤੋਂ ਪਾਸਆਊਟ ਹੋ ਕੇ ਇਸੇ ਪਲਟਨ ਵਿੱਚ ਆ ਗਏ। ਤਿੰਨੇ ਹੀ ਬੜੇ ਸੋਹਣੇ ਇੱਕੋ ਉਮਰ ਦੇ ਮੁੰਡੇ ਸਭ ਦਾ ਧਿਆਨ ਖਿੱਚਦੇ ਸਨ। ਉਹ ਛੇਤੀ ਹੀ ਆਪਣੀ ਤੇ ਦੂਸਰੀਆਂ ਪਲਟਨਾਂ ਦੀਆਂ ਕੁੜੀਆਂ ਦੀਆਂ ਨਜ਼ਰਾਂ ਦੇ ਕੇਂਦਰ ਬਣ ਗਏ। ਸਾਡੀ ਪਲਟਨ ਦੇ ਇੱਕ ਸੀਨੀਅਰ ਅਫਸਰ ਦੀ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਧੀ ਬੜੀ ਸੁਨੱਖੀ, ਚੰਚਲ ਅਤੇ ਹੁਸ਼ਿਆਰ ਸੀ। ਉਹ ਵੀ ਉਨ੍ਹਾਂ ਕੁੜੀਆਂ ਵਿੱਚ ਸ਼ਾਮਲ ਹੋ ਗਈ। ਉਹ ਤਿੰਨੇ ਅਫਸਰ ਮੁੰਡੇ ਉਸ ਵੱਲ ਆਕਰਸ਼ਿਤ ਸਨ। ਉਹ ਕੁੜੀ ਇੰਨੀ ਚਲਾਕ ਸੀ ਕਿ ਉਸ ਦਾ ਤਿੰਨਾਂ ਮੁੰਡਿਆਂ ਨਾਲ ਸਲੂਕ ਇੰਨਾ ਖਿੱਚ ਭਰਿਆ ਅਤੇ ਇੱਕੋ ਜਿਹਾ ਸੀ। ਤਿੰਨਾਂ ਨੂੰ ਲੱਗਦਾ ਕਿ ਉਹ ਕੇਵਲ ਉਸੇ ਨੂੰ ਪਿਆਰ ਕਰਦੀ ਹੈ। ਉਹ ਮੁੰਡਾ ਬਲਜੀਤ (ਬੱਲੀ), ਜਿਸ ਨੂੰ ਮੇਰੇ ਪਤੀ ਆਪਣਾ ਛੋਟਾ ਭਰਾ ਹੀ ਸਮਝਦੇ ਸਨ, ਇੱਕ ਦਿਨ ਆ ਕੇ ਉਨ੍ਹਾਂ ਦੇ ਪੈਰੀਂ ਪੈ ਗਿਆ, ‘‘ਸਰ, ਆਪਣੀ ਇੱਜ਼ਤ ਦਾ ਸੁਆਲ ਹੈ। ਜੱਟ ਦੀ ਮਹਿਬੂਬਾ ਨੂੰ ਕੋਈ ਹੋਰ ਵਿਆਹ ਕੇ ਲੈ ਜਾਵੇ, ਇਹ ਆਪਾਂ ਹੋਣ ਨ੍ਹੀਂ ਦੇਣਾ। ਬੱਸ ਤੁਹਾਡੀ ਮਦਦ ਦੀ ਲੋੜ ਹੈ।” ਪਤੀ ਸੋਚੀਂ ਪੈ ਗਏ ਕਿਉਂਕਿ ਕੰਟੋਨਮੈਂਟ ਵਿੱਚ ਹੋ ਰਹੀ ਚਰਚਾ ਦਾ ਉਨ੍ਹਾਂ ਨੂੰ ਪਤਾ ਸੀ। ਉਨ੍ਹਾਂ ਨੇ ਬੱਲੀ ਨੂੰ ਕਿਹਾ, ‘‘ਪਹਿਲਾਂ ਤਾਂ ਤੂੰ ਇਹ ਪੱਕੀ ਤਰ੍ਹਾਂ ਜਾਣ ਲੈ ਕਿ ਕੁੜੀ ਤੈਨੂੰ ਸੱਚਮੁੱਚ ਚਾਹੁੰਦੀ ਹੈ ਜਾਂ ਨਹੀਂ ਕਿਉਂਕਿ ਉਸ ਦਾ ਨਾਂਅ ਹੋਰਾਂ ਨਾਲ ਵੀ ਜੁੜਿਆ ਹੈ।”
ਕੁਝ ਦਿਨ ਲੰਘੇ ਕਿ ਕੁੜੀ ਨੇ ਖੁਦ ਸਾਡੇ ਘਰ ਆ ਕੇ ਸਾਨੂੰ ਯਕੀਨ ਦਿਵਾ ਦਿੱਤਾ ਕਿ ਉਹ ਸਿਰਫ ਬੱਲੀ ਨੂੰ ਪਿਆਰ ਕਰਦੀ ਹੈ ਤੇ ਉਸੇ ਨਾਲ ਵਿਆਹ ਕਰਾਉਣਾ ਚਾਹੰੁਦੀ ਹੈ। ਪਲਟਨ ਵਿੱਚ ਵੀ ਇਹ ਗੱਲ ਫੈਲ ਗਈ। ਪਲਟਨ ਦਾ ਮਾਹੌਲ ਬਿਲਕੁਲ ਪਰਵਾਰ ਵਰਗਾ ਹੁੰਦਾ ਹੈ। ਕਿਸੇ ਵੀ ਅਫਸਰ ਦਾ ਦੁੱਖ ਸੁਖ ਸਭ ਦਾ ਸਾਂਝਾ ਬਣ ਜਾਂਦਾ ਹੈ। ਇਹ ਪਲਟਨ ਦੀ ਇੱਜ਼ਤ ਦਾ ਸੁਆਲ ਬਣ ਗਿਆ ਕਿ ਕੁੜੀ ਬਿੰਦੂ ਦੀ ਸ਼ਾਦੀ ਅਫਸਰ ਬਲਜੀਤ ਨਾਲ ਹਰ ਹਾਲਤ ਹੋਣੀ ਚਾਹੀਦੀ ਹੈ। ਬੱਲੀ ਨੇ ਕਿਹਾ, ‘‘ਇੱਕ ਸਮੱਸਿਆ ਹੈ ਸਰ, ਮੇਰੇ ਘਰ ਵਾਲੇ ਕਿਸੇ ਤਰ੍ਹਾਂ ਵੀ ਇਸ ਵਿਆਹ ਲਈ ਰਾਜ਼ੀ ਨਹੀਂ ਹੋਣਗੇ। ਸੋ ਤੁਸੀਂ ਚੁੱਪਚਾਪ ਮੇਰੇ ਘਰੋਂ ਕਿਸੇ ਨੂੰ ਬੁਲਾਏ ਬਿਨਾਂ ਇੱਥੇ ਹੀ ਵਿਆਹ ਕਰਵਾ ਦਿਓ।”
ਸਭ ਨੇ ਮਿਲ ਕੇ ਸੋਚਿਆ ਕਿ ਵਿਆਹ ਜਲਦੀ ਹੋ ਜਾਣਾ ਚਾਹੀਦਾ ਹੈ। ਅਗਲੇ ਦਸ ਦਿਨ ਦੇ ਬਾਅਦ ਤਰੀਕ ਰੱਖ ਦਿੱਤੀ ਗਈ ਤੇ ਸਾਡਾ ਘਰ ਮੁੰਡੇ ਦੇ ਮਾਂ-ਬਾਪ ਦਾ ਘਰ ਮਿੱਥ ਲਿਆ ਗਿਆ। ਸਾਰੀਆਂ ਰਸਮਾਂ ਸਾਡੇ ਘਰ ਵਿੱਚ ਹੋਣਗੀਆਂ ਤੇ ਬਰਾਤ ਵੀ ਸਾਡੇ ਘਰੋਂ ਚੜ੍ਹੇਗੀ। ਅਸੀਂ ਦੋਵੇਂ ਫਸ ਗਏ। ਏਨੀ ਵੱਡੀ ਜ਼ਿੰਮੇਵਾਰੀ। ਸਾਡਾ ਆਪਣਾ ਨਵਾਂ-ਨਵਾਂ ਵਿਆਹ ਹੋਇਆ ਸੀ। ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ। ਖ਼ੈਰ! ਤਿਆਰੀਆਂ ਹੋਣ ਲੱਗ ਪਈਆਂ। ਸਾਡਾ ਘਰ ਵਿਆਹ ਵਾਲੇ ਘਰ ਦੀ ਤਰ੍ਹਾਂ ਸਜਾਇਆ ਗਿਆ। ਸਭ ਤੋਂ ਪਹਿਲਾਂ ਮੰਗਣੀ ਦੀ ਰਸਮ ਕੀਤੀ ਗਈ। ਉਦੋਂ ਹੀ ਪਤਾ ਲੱਗਿਆ ਕਿ ਕਿਸੇ ਨੇ ਬੱਲੀ ਦੇ ਘਰ ਖਬਰ ਪੁਚਾ ਦਿੱਤੀ। ਉਹ ਇਕਦਮ ਭੜਕ ਉਠੇ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਵੀ ਆਪਣੇ ਅਫਸਰ ਮੁੰਡੇ ਦਾ ਵਿਆਹ ਦੂਜੀ ਜਾਤ ਵਿੱਚ ਨਹੀਂ ਕਰਨਗੇ। ਉਨ੍ਹਾਂ ਨੇ ਪਲਟਨ ਦੇ ਸੀ ਓ ਸਾਹਿਬ ਨੂੰ ਫੋਨ ਕਰ ਕੇ ਚਿਤਾਵਨੀ ਦੇ ਦਿੱਤੀ ਕਿ ਵਿਆਹ ਇਕਦਮ ਰੋਕ ਦਿੱਤਾ ਜਾਵੇ, ਨਹੀਂ ਤਾਂ ਖੂਨ-ਖਰਾਬਾ ਹੋ ਜਾਵੇਗਾ। ਸਭ ਚਿੰਤਾ ਵਿੱਚ ਪੈ ਗਏ। ਫੈਸਲਾ ਹੋਇਆ ਕਿ ਵਿਆਹ ਜੋ ਇੱਕ ਹਫਤੇ ਬਾਅਦ ਹੋਣਾ ਸੀ, ਦੋ ਦਿਨ ਬਾਅਦ ਕਰ ਦਿੱਤਾ ਜਾਵੇ, ਬੇਸ਼ੱਕ ਕੋਰਟ ਮੈਰਿਜ ਹੋ ਜਾਵੇ, ਪਰ ਕੁੜੀ-ਮੁੰਡੇ ਦੀ ਜ਼ਿੱਦ ਸੀ ਕਿ ਵਿਆਹ ਪੂਰੇ ਰਸਮੋ-ਰਿਵਾਜ ਨਾਲ ਹਿੰਦੂ-ਸਿੱਖ ਤਰੀਕੇ ਨਾਲ ਹੋਣਾ ਚਾਹੀਦਾ ਹੈ। ਉਸੇ ਦਿਨ ਕੁੜੀ ਵਾਲਿਆਂ ਨੇ ਆਪਣੇ ਘਰ ਅਖੰਡ ਪਾਠ ਰਖਵਾ ਦਿੱਤਾ। ਸੀ ਓ ਸਾਹਿਬ ਨੇ ਝਟਪਟ ਨਾਲ ਮੁੰਡੇ ਦੇ ਪਿੰਡ ਇੱਕ ਜਵਾਨ ਨੂੰ ਛੁੱਟੀ ਭੇਜ ਕੇ ਉਸ ਨੂੰ ਕਿਹਾ ਕਿ ਬੱਲੀ ਦੇ ਘਰ ਹੋਣ ਵਾਲੀ ਕਾਰਵਾਈ ਦੀ ਪਲ-ਪਲ ਦੀ ਖਬਰ ਦਿੰਦਾ ਰਹੇ। ਉਸੇ ਦਿਨ ਰਾਤ ਨੂੰ ਸਾਡੇ ਘਰ ਹੀ ਸੰਗੀਤ ਦੀ ਮਹਿਫਲ ਸਜੀ। ਦਾਰੂ ਪੀ ਕੇ ਸਾਰੇ ਖੂਬ ਨੱਚੇ-ਟੱਪੇ। ਅੱਧੀ ਰਾਤ ਤੱਕ ਧਮੱਚੜ ਪੈਂਦਾ ਰਿਹਾ। ਅਗਲੇ ਦਿਨ ਵਟਣਾ ਮਲਿਆ ਗਿਆ ਅਤੇ ਸਵੇਰੇ ਨਹਾਈ-ਧੁਲਾਈ ਤੋਂ ਬਾਅਦ ਮੁੰਡੇ ਨੂੰ ਸਿਹਰਾ ਬੰਨ੍ਹ ਕੇ ਤਿਆਰ ਕੀਤਾ ਗਿਆ। ਇੱਕ ਅਫਸਰ ਦੀ ਪਤਨੀ ਨੇ ਭਾਬੀ ਬਣ ਕੇ ਉਸ ਦੀਆਂ ਅੱਖਾਂ ਵਿੱਚ ਸੁਰਮਾ ਪਾਇਆ ਤੇ ਸੀ ਓ ਸਾਹਿਬ ਦੀਆਂ ਦੋਵੇਂ ਧੀਆਂ ਨੇ ਆਪਣੇ ਗਲੇ ਦੇ ਸਕਾਰਫਾਂ ਨਾਲ ਹਵਾ ਝੱਲ ਕੇ ਭੈਣਾਂ ਦੀ ਭੂਮਿਕਾ ਅਦਾ ਕੀਤੀ।
ਬਿੰਦੂ (ਕੁੜੀ) ਦੀ ਇੱਛਾ ਸੀ ਕਿ ਉਸ ਦਾ ਲਾੜਾ ਘੋੜੀ ਉਪਰ ਚੜ੍ਹ ਕੇ ਉਸ ਦੇ ਘਰ ਢੁੱਕੇ। ਇੰਨੀ ਜਲਦੀ ਵਿੱਚ ਘੋੜੀ ਦਾ ਇੰਤਜ਼ਾਮ ਨਾ ਹੋ ਸਕਿਆ, ਪਰ ਨਾਲ ਵਾਲੀ ਪਲਟਨ ਤੋਂ ਘੋੜਾ ਮਿਲ ਗਿਆ। ਬੜੀ ਔਖੀ ਤਰ੍ਹਾਂ ਇੰਨੇ ਉਚੇ ਘੋੜੇ ਉਪਰ ਕਈ ਅਫਸਰਾਂ ਨੇ ਸਹਾਰਾ ਦੇ ਕੇ ਮੁੰਡੇ ਨੂੰ ਚੜ੍ਹਾਇਆ। ਘੋੜਾ ਇੰਨਾ ਅੱਥਰਾ ਤੇ ਮੂੰਹਜ਼ੋਰ ਸੀ ਕਿ ਅੱਡੀ ਲਾਉਂਦੇ ਹੀ ਉਸ ਨੂੰ ਦੁਲੱਤੀ ਮਾਰ ਕੇ ਲਾੜੇ ਨੂੰ ਹੇਠਾਂ ਸੁੱਟ ਦਿੱਤਾ। ਡਿੱਗਦਿਆਂ ਹੀ ਮੁੰਡੇ ਦੇ ਗਿੱਟੇ ਦੀ ਹੱਡੀ ਟੁੱਟ ਗਈ। ਕਿਸੇ ਤਰ੍ਹਾਂ ਪੈਰ ਨੂੰ ਬੰਨ੍ਹ ਕੇ ਚਾਰ-ਪੰਜ ਜਣਿਆਂ ਨੇ ਫੇਰ ਉਸ ਨੂੰ ਘੋੜੇ ਉਪਰ ਬਿਠਾ ਦਿੱਤਾ ਤੇ ਹੋਰ ਪੰਜ ਛੇ ਜਵਾਨ ਘੋੜੇ ਦੇ ਪੈਰ, ਮੂੰਹ ਤੇ ਪੂਛ ਨੂੰ ਫੜ ਕੇ ਮੁੰਡੇ ਨੂੰ ਲੈ ਕੇ ਵਿਆਹ ਵਾਲੇ ਘਰ ਨੂੰ ਤੁਰ ਚੱਲੇ। ਬੈਂਡ ਵਾਲੇ ਵੀ ਖੁਸ਼ੀ ਭਰੀ ਧੁਨ ਨੂੰ ਛੱਡ ਕੇ ਮਾਤਮੀ ਧੁਨ ਵਜਾਉਣ ਲੱਗ ਪਏ, ‘‘ਓ ਉਪਰ ਵਾਲੇ ਕੈਸਾ ਹਨੇਰ ਤੇਰਾ, ਕੈਸੀ ਹੈ ਇਹ ਮਾਇਆ। ਅੱਜ ਖੁਸ਼ੀਆਂ ਦੀ ਥਾਂ ਆ ਕੇ ਗ਼ਮਾਂ ਨੇ ਡੇਰਾ ਲਾਇਆ।” ਉਦੋਂ ਖਬਰ ਮਿਲੀ ਮੁੰਡੇ ਦੇ ਕਈ ਰਿਸ਼ਤੇਦਾਰ ਕਿਰਪਾਨਾਂ ਲੈ ਕੇ ਸਟੇਸ਼ਨ ਤੋਂ ਘਰ ਵੱਲ ਨੂੰ ਚੱਲ ਪਏ ਹਨ। ਬੱਸ ਜੀ, ਇਕਦਮ ਭਾਜੜ ਪੈ ਗਈ। ਬਾਰਾਤ ਨੂੰ ਹੁਕਮ ਹੋਇਆ ਕਿ ਫਟਾਫਟ ਵਿਆਹੁਲੇ ਮੁੰਡੇ ਨੂੰ ਲੈ ਕੇ ਕੁੜੀ ਦੇ ਘਰ ਪੁੱਜੋ, ਅੱਗੋਂ ਘੋੜਾ ਅੜ ਕੇ ਖਲੋ ਗਿਆ, ਹਿੱਲੇ ਨਾ। ਜਦ ਉਸ ਨੂੰ ਦੋ ਚਾਰ ਡੰਡੇ ਪਏ ਤਾਂ ਅਜਿਹਾ ਭੱਜਿਆ ਕਿ ਮੁੰਡਾ ਬੁਰੀ ਤਰ੍ਹਾਂ ਡਿੱਗਿਆ। ਉਸ ਦੀ ਕਲਗੀ ਵਾਲੀ ਪਗੜੀ ਕਿਤੇ ਜਾ ਕੇ ਡਿੱਗੀ ਅਤੇ ਕਿਰਪਾਨ ਕਿਤੇ। ਪੈਂਟ ਵੀ ਕਈ ਥਾਵਾਂ ਤੋਂ ਪਾਟ ਗਈ ਤੇ ਅਚਕਨ ਦਾ ਮੂਹਰਲਾ ਅੱਧਾ ਪੱਲਾ ਦੂਜੇ ਪੱਲੇ ਤੋਂ ਵੱਖ ਹੋ ਕੇ ਪਤਾ ਨਹੀਂ ਕਿੱਥੇ ਲੁਕ ਗਿਆ। ਕੁੜੀ ਦਾ ਘਰ ਭਾਵੇਂ ਨੇੜੇ ਸੀ, ਪਰ ਇਸ ਹਾਲਤ ਵਿੱਚ ਉਥੇ ਜਾਣਾ ਮੁਹਾਲ ਹੋ ਗਿਆ। ਮੁੰਡੇ ਨੇ ਇੱਕ ਹੱਥ ਵਿੱਚ ਆਪਣੀ ਪਗੜੀ ਸੰਭਾਲੀ ਤੇ ਦੂਜੇ ਨਾਲ ਅਚਕਨ ਦੇ ਪਾਟੇ ਹੋਏ ਪੱਲਿਆਂ ਨੂੰ ਘੁੱਟ ਕੇ ਫੜਿਆ ਤੇ ਲੰਗੜਾਉਂਦਾ-ਲੰਗੜਾਉਂਦਾ ਕੁੜੀ ਦੇ ਘਰ ਅੰਦਰ ਜਾ ਵੜਿਆ। ਪਿੱਛੇ ਪਿੱਛੇ ਬਾਰਾਤੀ ਵੀ। ਸਭ ਦੀ ਇਹੀ ਇੱਛਾ ਸੀ ਕਿ ਉਨ੍ਹਾਂ ਖਤਰਨਾਕ ਬੰਦਿਆਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਆਨੰਦ ਕਾਰਜ ਪੜ੍ਹਾਏ ਜਾਣ। ਝਟਪਟ ਮੰੁਡੇ ਦੇ ਸਿਰ ਉਪਰ ਉਸ ਦੀ ਪਗੜੀ ਰੱਖ ਕੇ ਤੇ ਉਸ ਦੇ ਗਲ ਵਿੱਚ ਪਏ ਪੱਲਾ ਫੜਾਉਣ ਵਾਲੇ ਗੁਲਾਬੀ ਸਾਫੇ ਨਾਲ ਉਸ ਦੀ ਖਿੰਡੀ ਹੋਈ ਅਚਕਨ ਦੇ ਪੱਲਿਆਂ ਨੂੰ ਬੰਨ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾਇਆ ਗਿਆ। ਭਾਈ ਜੀ ਤੇ ਪੰਡਿਤ ਜੀ ਦੋਵਾਂ ਨੂੰ ਬੇਨਤੀ ਕੀਤੀ ਕਿ ਫਟਾਫਟ ਵਾਰੋ-ਵਾਰੀ ਲਾਵਾਂ ਅਤੇ ਫੇਰੇ ਕਰਵਾਏ ਜਾਣ। ਓਧਰ ਮੁੰਡੇ ਤੇ ਕੁੜੀ ਵਿੱਚ ਮਿਲਖਾ ਸਿੰਘ ਤੇ ਪੀ ਟੀ ਊਸ਼ਾ ਦੀਆਂ ਆਤਮਾਵਾਂ ਪ੍ਰਵੇਸ਼ ਕਰ ਗਈਆਂ। ਉਨ੍ਹਾਂ ਨੇ ਵੀ ਫਟਾਫਟ ਲਾਵਾਂ ਅਤੇ ਫੇਰੇ ਲੈ ਲਏ। ਕੀਰਤਨੀਏ ਸਿੰਘਾਂ ਦੇ ਮੂੰਹੋਂ ਸ਼ਬਦ ਨਿਕਲਿਆ ਹੀ ਸੀ ਕਿ ਉਚੇ ਲੰਬੇ ਮੁੰਡੇ ਕਿਰਪਾਨਾਂ ਲੈ ਕੇ ਅੰਦਰ ਆ ਵੜੇ। ਦੇਖ ਕੇ ਸਭ ਦੇ ਸਾਹ ਸੁੱਕ ਗਏ ਕਿ ਕੀ ਹੋਵੇਗਾ। ਦੋ-ਚਰ ਪਲ ਏਸੇ ਬਦਹਵਾਸੀ ਵਿੱਚ ਲੰਘ ਗਏ ਕਿ ਆਉਣ ਵਾਲੇ ਅਚਾਨਕ ਠਹਾਕਾ ਮਾਰ ਕੇ ਹੱਸ ਪਏ, ‘‘ਓਏ ਭਾਈ ਫੌਜੀਓ! ਤੁਸੀਂ ਕਿਉਂ ਡਰ ਗਏ? ਅਸੀਂ ਤਾਂ ਆਪਣੇ ਵੀਰ ਦੇ ਵਿਆਹ ਵਿੱਚ ਸ਼ਾਮਲ ਹੋਣ ਆਏ ਹਾਂ। ਓਏ! ਸਾਨੂੰ ਦੇਖ ਕੇ ਤੁਹਾਡੇ ਸਾਹ ਸੂਤੇ ਗਏ। ਤੁਸੀਂ ਬਾਰਡਰ ਪਾਰ ਜਾ ਕੇ ਦੁਸ਼ਮਣ ਨਾਲ ਕਿਵੇਂ ਲੜੋਗੇ? ਚਲੋ ਆਓ, ਰਲ ਕੇ ਭੰਗੜਾ ਪਾਈਏ ਤੇ ਖੁਸ਼ੀਆਂ ਮਨਾਈਏ।”...ਤੇ ਉਹ ਸਾਰੇ ਜਣੇ ਭੰਗੜਾ ਪਾਉਣ ਲੱਗ ਪਏ, ‘‘ਓ ਅੱਜ ਸਾਡੇ ਵੀਰ ਦੀ ਸ਼ਾਦੀ ਹੈ।” ਅਸੀਂ ਸਾਰੇ ਹੈਰਾਨ ਹੋ ਕੇ ਉਨ੍ਹਾਂ ਨੂੰ ਦੇਖਦੇ ਰਹੇ।

 
Have something to say? Post your comment