Welcome to Canadian Punjabi Post
Follow us on

03

July 2025
 
ਨਜਰਰੀਆ

ਜਨਾਬ, ਸਾਡੀ ਨਮਸਤੇ ਕਬੂਲ ਕਰੋ

September 29, 2021 02:48 AM

-ਨੂਰ ਸੰਤੋਖਪੁਰੀ
ਬਹੁਤ ਘੱਟ ਇਹ ਇਤਿਹਾਸਕ ਅਤੇ ਚਰਚਿਤ, ਸ਼ਾਇਦ ਤਰਥੱਲੀ ਮਚਾਉਣ ਵਾਲੇ ਮੌਕੇ ਹੁੰਦੇ ਹਨ, ਜਦੋਂ ਕਿਸੇ ਚਾਲੂ, ਠੱਗ, ਪਹੁੰਚੇ ਹੋਏ ਲੀਡਰ ਨੂੰ ਕਿਸੇ ਮੁਕੱਦਮੇ ਦੇ ਕਾਰਨ ਕਿਸੇ ਅਦਾਲਤ ਵਿੱਚ ਜੱਜ ਦੇ ਸਾਹਮਣੇ ਪੇਸ਼ ਹੋਣਾ ਪਵੇ, ਨਹੀਂ ਤਾਂ ਕਈ ਤਿਕੜਮਬਾਜ਼ ਨੇਤਾ ਤਿਕੜਮ-ਸ਼ਿਕੜਮ ਵਰਤ ਕੇ, ਕਾਨੂੰਨ ਨੂੰ ਅੰਗੂਠਾ ਵਿਖਾਉਂਦੇ ਹੋਏ ਸੌ ਗੁਨਾਹ ਕਰ ਕੇ ਵੀ ਗੁਨਾਹਗਾਰ ਸਿੱਧ ਨਹੀਂ ਹੁੰਦੇ ਅਤੇ ਆਪਣਾ ਹਰ ਤਰ੍ਹਾਂ ਵਿੰਙਾ-ਟੇਢਾ ਉੱਲੂ ਸਿੱਧਾ ਕਰ ਕੇ ਬਚ ਨਿਕਲਦੇ ਹਨ।
ਇੱਕ ਵਾਰ ਇੱਕ ਚਰਚਿਤ, ਪਰ ਬਦਨਾਮ, ਨਾਲੇ ਅਖੌਤੀ ਪਤਵੰਤੇ, ਸਿਰਕੱਢ ਲੀਡਰ ਨੂੰ ਕਿਸੇ ਕੇਸ ਦੇ ਕਾਰਨ ਇੱਕ ਜੱਜ ਸਾਹਿਬ ਅੱਗੇ ਪੇਸ਼ ਹੋਣਾ ਪੈ ਗਿਆ। ਉਹਦੇ ਨਾਲ ਹਮਦਰਦੀ ਵਿਖਾਉਣ ਖਾਤਰ ਉਹਦੇ ਕਈ ਚਮਚੇ-ਕੜਛੇ, ਝੋਲੀ-ਚੁੱਕ ਅਦਾਲਤ ਦੇ ਅਹਾਤੇ ਵਿੱਚ ਇਕੱਠੇ ਹੋ ਗਏ। ਪੁਲਸ ਨੇ ਉਨ੍ਹਾਂ ਨੂੰ ਅਦਾਲਤੀ ਕਮਰੇ ਵਿੱਚ ਵੜਨ ਨਹੀਂ ਦਿੱਤਾ? ਇਸ ਲਈ ਉਹ ਆਪਣੇ ‘ਮਹਿਬੂਬ’ ਨੇਤਾ ਦੀ ਸ਼ਾਨ ਵਿੱਚ ਬਾਹਰ ਹੀ ਨਾਅਰੇ ਹਵਾ ਵਿੱਚ ਉਛਾਲਣ ਲੱਗੇ। ਮਜਬੂਰ ਹੋ ਕੇ ਪੁਲਸ ਨੂੰ ‘ਡੰਡਾ ਪਰੇਡ’ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਭਜਾਉਣਾ ਪਿਆ। ਉਂਝ ਪੁਲਸ ਵਾਲ ਵੀ ਉਸ ‘ਪਤਵੰਤੇ’ ਨੇਤਾ ਦੀ ਨਾਰਾਜ਼ਗੀ ਤੇ ਗੁੱਸੇ ਤੋਂ ਡਰਦੇ ਸਨ। ਖੈਰ, ਨੇਤਾ ਜੀ ਜੱਜ ਸਾਹਮਣੇ ਭੋਲੀ-ਭਾਲੀ ਸੂਰਤ ਬਣਾ ਕੇ ਕਟਹਿਰੇ ਵਿੱਚ ਜਾ ਖੜ੍ਹੇ। ਆਪਣੀ ਵਧੀ ਗੋਗੜ ਉਪਰ ਆਪਣੇ ਦੋਵੇਂ ਹੱਥ ਰੱਖੇ ਤੇ ਜੋੜ ਕੇ ਬੋਲੇ, ‘‘ਜਨਾਬ, ਸਾਡੀ ਨਮਸਤੇ ਲਵੋ।”
ਜੱਜ ਸਾਹਿਬ ਮੁਸਕਰਾ ਪਏ ਅਤੇ ਫਰਮਾਏ, ‘‘ਸ੍ਰੀਮਾਨ ਜੀ, ਆਪਣੀ ਨਮਸਤੇ ਵਗੈਰਾ ਆਪਣੇ ਕੋਲ ਹੀ ਰੱਖੋ ਤੇ ਅਦਾਲਤ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਨਾ ਕਰੋ। ਨਹੀਂ ਤਾਂ ਤੁਹਾਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਜਾਵੇਗਾ। ਤੁਸੀਂ ਮੇਰੇ ਵੱਲ ਨਮਸਤੇ ਇਸ ਅੰਦਾਜ਼ ਵਿੱਚ ਸੁੱਟੀ ਹੈ, ਜਿਵੇਂ ਤੁਸੀਂ ਨੇਤਾ ਜਨਤਾ ਵੱਲ ਵਾਅਦੇ, ਭਰੋਸੇ, ਲਾਰੇ ਵਗੈਰਾ ਸੁੱਟਦੇ ਹੋ। ਸ੍ਰੀਮਾਨ, ਇਹ ਅਦਾਲਤ ਹੈ, ਕੋਈ ਸਿਆਸੀ ਮੰਚ ਭਾਵ ਸਟੇਜ ਨਹੀਂ। ਸਮਝੇ?”
‘‘ਜੱਜ ਸਾਹਿਬ, ਤੁਸੀਂ ਤਾਂ ਬੱਸ ਐਵੇਂ ਨਾਰਾਜ਼ ਹੋ ਗਏ। ਜੇ ਤੁਹਾਨੂੰ ਸਾਡੀ ਨਮਸਤੇ ਨਹੀਂ ਚਾਹੀਦੀ ਤਾਂ ਨਾ ਸਹੀ। ਘੱਟੋ-ਘੱਟ ਖਫਾ ਤਾਂ ਨਾ ਹੋਵੋ।”
‘‘ਤੁਸੀਂ ਫਜ਼ੂਲ ਕਿਸਮ ਦੀਆਂ ਗੱਲਾਂ ਕਰ ਕੇ ਅਦਾਲਤ ਦਾ ਕੀਮਤੀ ਵਕਤ ਬਰਬਾਦ ਨਾ ਕਰੋ ਅਤੇ ਜਿਹੜੇ ਪ੍ਰਸ਼ਨ ਤੁਹਾਨੂੰ ਪੁੱਛੇ ਜਾਣ, ਉਨ੍ਹਾਂ ਦੇ ਉਤਰ ਦਿਓ। ਨਮਸਤੇ ਵਗੈਰਾ ਨਾ ਦਿਓ।”
ਉਹ ਨੇਤਾ ਜੱਜ ਦੀਆਂ ਸਖਤ ਟਿੱਪਣੀਆਂ ਸੁਣ ਕੇ ਉਤਰਿਆ ਜਿਹਾ ਚਿਹਰਾ ਲੈ ਕੇ ਸਿੱਧਾ ਹੋ ਕੇ ਕਟਹਿਰੇ ਅੰਦਰ ਸਾਵਧਾਨੀ ਦੀ ਪੁਜੀਸ਼ਨ ਵਿੱਚ ਖੜ੍ਹਾ ਹੋ ਗਿਆ। ਗੋਗੜ ਉਤੇ ਟਿਕਾ ਕੇ ਰੱਖੇ ਜੁੜੇ ਹੱਥ ਲਮਕਾ ਲਏ ਤੇ ਮਨ ਹੀ ਮਨ ਵਿੱਸ ਘੋਲਣ ਲੱਗ ਪਿਆ। ਖਿਝਣ ਲੱਗ ਪਿਆ, ਕਿਉਂਕਿ ਨੇਤਾਵਾਂ ਨੂੰ ਸਖਤ ਬਿਆਨ ਦੇਣ ਤੇ ਟਿੱਪਣੀਆਂ ਟਪਕਾਉਣ ਦੀ ਆਦਤ ਹੁੰਦੀ ਹੈ। ਸੁਣਨ ਦੀ ਸਹਿਣ-ਸ਼ਕਤੀ ਘੱਟ ਹੁੰਦੀ ਹੈ। ਤਾਹੀਓਂ ਕਈ ਨੇਤਾ ਗਲੀ ਜਾਂ ਮੁਹੱਲੇ ਦੀਆਂ ਝਗੜਾਲੂ, ਈਰਖਾਲੂ ਔਰਤਾਂ-ਮਰਦਾਂ ਵਾਂਗ ਇੱਕ-ਦੂਸਰੇ ਨੂੰ ਤਾਅਨੇ ਮਿਹਣੇ ਦਿੰਦੇ ਦੇਖੇ ਜਾਂਦੇ ਹਨ। ਪਾਰਲੀਮੈਂਟ ਅਤੇ ਵਿਧਾਨ-ਸਭਾਵਾਂ ਅੰਦਰ ਲੋਕ ਨੁਮਾਇੰਦੇ, ਹਰਮਨ ਪਿਆਰੇ ਸਿਆਸੀ ਆਗੂ ਮੱਛੀ ਬਾਜ਼ਾਰ ਜਾਂ ਕਬੱਡੀ ਮੈਚ ਵਰਗਾ ਸ਼ਾਨਦਾਰ ਨਜ਼ਾਰਾ ਪੇਸ਼ ਕਰਦੇ ਹੋਏ ਕਈ ਦਫਾ ਜਮਹੂਰੀ ਮਰਿਆਦਾ ਦੀ ਮੰਜੀ ਠੋਕ ਕੇ ਰੱਖ ਦਿੰਦੇ ਹਨ। ਫੱਟੀ ਪੋਚ ਕੇ ਰੱਖ ਦਿੰਦੇ ਹਨ।
ਹਾਂ, ਕਟਹਿਰੇ ਅੰਦਰ ਸਿੱਧਾ ਖੜ੍ਹਾ ਹੋਣ ਲਈ ਮਜ਼ਬੂਰ ਕਰ ਦਿੱਤੇ ਗਏ ਉਸ ਲੀਡਰ ਦੀ ਕਥਾ ਵਾਰਤਾ ਹਾਲੇ ਬਾਕੀ ਹੈ। ਦੋ-ਤਿੰਨ ਪੇਸ਼ੀਆਂ ਭੁਗਤਣ ਪਿੱਛੋਂ ਉਹ ਛੱਡੇ ਗਏ ਸਾਨ੍ਹ ਵਾਂਗ ਜ਼ਮਾਨਤ ਉੱਤੇ ਛੁੱਟ ਕੇ ਜੇਲ੍ਹ ਵਿੱਚੋਂ ਬਾਹਰ ਆ ਗਿਆ। ਬਾਹਰ ਆਉਂਦਿਆਂ ਹੀ ਉਹਦੇ ਚਾਹੁਣ ਵਾਲਿਆਂ ਨੇ ਉਹਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ, ਉਸ ਦੀ ਜੈ-ਜੈ ਕਾਰ ਕਰ ਕੇ, ਨੱਚ ਗਾ ਕੇ ਉਸ ਦਾ ਸਵਾਗਤ ਏਦਾਂ ਕੀਤਾ, ਜਿਵੇਂ ਉਹ ਕਿਸੇ ਯੁੱਧ ਦੇ ਮੋਰਚੇ ਵਿੱਚੋਂ ਜੇਤੂ ਹੋ ਕੇ ਮੁੜਿਆ ਹੋਵੇ। ਬੜੇ ਧੰਨ ਹਨ ਸਾਡੇ ਮੁਲਕ ਦੇ ਚਾਲੂ ਲੀਡਰ ਅਤੇ ਇਨ੍ਹਾਂ ਤੋਂ ਵੱਧ ਧੰਨ ਹਨ ਇਨ੍ਹਾਂ ਨੂੰ ਚਾਹੁਣ ਵਾਲੇ। ਇਨ੍ਹਾਂ ਸਾਰਿਆਂ ਨੇ ਮੁਲਕ ਦੀ ਜਮਹੂਰੀਅਤ ਦੀ ਬੇੜੀ ਡੋਬ ਦੇਣੀ ਹੈ। ਇਨ੍ਹਾਂ ਨੂੰ ਬੇੜੀ ਵਿੱਚ ਵੱਟੇ ਪਾਉਣ ਤੋਂ ਕੌਣ ਰੋਕੇਗਾ?
ਅੱਜਕੱਲ੍ਹ ਉਹ ਲੀਡਰ ਜਿੱਥੇ ਵੀ ਜਾਂਦਾ ਹੈ, ਪਹਿਲਾਂ ਤੋਂ ਵੱਧ ਸ਼ਾਨ ਨਾਲ ਜਾਂਦਾ ਹੈ। ਉਸ ਦੀ ਲੀਡਰੀ-ਸ਼ੀਡਰੀ ਹੋਰ ਨਿੱਖਰ-ਉਘੜ ਗਈ ਹੈ। ਸਿਆਸੀ ਖੇਤਰ ਵਿੱਚ ਉਸ ਦੀ ਪਛਾਣ ਹੋਰ ਗੂੜ੍ਹੀ ਹੋ ਗਈ ਹੈ। ਪੁੱਛ ਅਤੇ ਮੰਗ ਹੋਰ ਵਧ ਗਈ ਹੈ। ਦਾਗ਼ੀ ਸਬਜ਼ੀਆਂ ਅਤੇ ਫਲ ਜਾਂ ਤਾਂ ਵਿਕਦੇ ਨਹੀਂ ਜਾਂ ਘੱਟ ਮੁੱਲ ਉੱਤੇ ਵਿਕਦੇ ਹਨ। ਦੂਸਰੇ ਪਾਸੇ ਦਾਗ਼ੀ-ਬਾਗ਼ੀ ਨੇਤਾ ‘ਲੋਕਤੰਤਰ ਦੀ ਮਜ਼ਬੂਤੀ’ ਹਿੱਤ ਉੱਚੀਆਂ ਕੀਮਤਾਂ ਉੱਤੇ ਵਿਕਦੇ ਹਨ। ਇਮਾਨਦਾਰ, ਨਿਰਪੱਖ ਅਤੇ ਸੰਤੁਸ਼ਟ, ਸੱਚੇ ਨੇਤਾ ਖੁਦ ਨੂੰ ਮਹੱਤਵਹੀਣ, ਠੱਗੇ ਗਏ, ਲਵਾਰਸ ਸਮਝਣ ਲੱਗਦੇ ਹਨ। ਇਸੇ ਤਰ੍ਹਾਂ ਚੰਗੇ, ਇਮਾਨਦਾਰ, ਆਕਰਸ਼ਣਵਾਦੀ ਵੋਟਰਸ ਖੁਦ ਨੂੰ ਲੁੱਟੇ-ਪੁੱਟੇ ਮਹਿਸੂਸ ਕਰਦੇ ਹਨ, ਜਿਹੜੇ ਬਿਨਾਂ ਲੋਭ-ਲਾਲਚ ਤੋਂ ਈ ਵੀ ਐੱਮ ਦੀ ਵੀਂ ਈਂ ਈਂ ਵਜਾਉਣ ਖਾਤਰ ਘੰਟਿਆਂ-ਬੱਧੀ ਲਾਈਨਾਂ ਵਿੱਚ ਖੜੋਂਦੇ ਹਨ।
ਨਮਸਤੇ ਕਹਿਣ ਦੀ ਬਜਾਏ, ਸੁੱਟਣ ਵਾਲਾ ਉਹ ਲੀਡਰ ਪਹਿਲਾਂ ਨਾਲੋਂ ਕਿਤੇ ਵੱਧ ਜ਼ੋਰ-ਸ਼ੋਰ ਨਾਲ ਜਨਤਾ ਵੱਲ ਨਮਸਤੇ, ਵਾਅਦੇ, ਲਾਰੇ, ਭਰੋਸੇ, ਸੁਫਨੇ, ਸਬਜ਼ ਬਾਗ ਵਗੈਰਾ ਦਿਖਾਉਣ ਲੱਗਾ ਹੈ। ਹਰ ਵੋਟਰ ਆਦਮੀ ਅਤੇ ਗੱਭਰੂ ਨੂੰ ਹੱਥ ਜੋੜ ਕੇ ਅਤੇ ਬੁੱਲ੍ਹਾਂ ਉੱਤੇ ਮੁਸਕੁਰਾਹਟ ਸਜਾ ਕੇ ਕਹਿੰਦਾ ਹੈ, ‘‘ਜਨਾਬ ਜੀ, ਸਾਡੀ ਨਮਸਤੇ ਲਓ ਅਤੇ ਸਾਨੂੰ ਆਪਣਾ ਪਿਆਰ ਦਾ ਥਾਪੜਾ ਦਿਓ।” ਹਰ ਔਰਤ ਤੇ ਮੁਟਿਆਰ ਵੋਟਰ ਨੂੰ ਆਖਦਾ ਹੈ, ‘‘ਮਾਤਾ ਜੀ, ਭੈਣ ਜੀ, ਸਾਡੀ ਨਮਸਤੇ ਲਓ ਤੇ ਆਉਂਦੀਆਂ ਚੋਣਾਂ ਵਿੱਚ ਸਾਨੂੰ ਆਪਣੀਆਂ ਅਸੀਸਾਂ, ਦੁਆਵਾਂ ਦਿਓ। ਅਸੀਂ ਸਾਰਿਆਂ ਦੇ ਸੱਚੇ ਸੇਵਕ ਤੇ ਹਿਤੈਸ਼ੀ ਹਾਂ।” ਉਸ ਦੀ ਆਵਾਜ਼ ਵਿੱਚ ਪਹਿਲਾਂ ਨਾਲੋਂ ਹੋਰ ਵਾਧੂ ਖੰਡ-ਮਿਸ਼ਰੀ ਘੁਲੀ-ਮਿਲੀ ਮਹਿਸੂਸ ਹੁੰਦੀ ਹੈ। ਗੰਨੇ ਦਾ ਭਾਅ ਵਧਣ ਕਾਰਨ ਮਹਿੰਗੀ ਹੋਈ ਖੰਡ-ਮਿਸ਼ਰੀ ਦੇ ਬਾਵਜੂਦ ਉਹ ਅਜਿਹਾ ਕਰਨ ਵਿੱਚ ਕਾਮਯਾਬ ਹੋਇਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ