Welcome to Canadian Punjabi Post
Follow us on

21

October 2021
 
ਨਜਰਰੀਆ

ਦਿੱਲੀ ਗੁਰਦੁਆਰਾ ਕਮੇਟੀ ਵਿੱਚ ‘ਸਰਦਾਰੀ’ ਲਈ ਖੇਡ

September 15, 2021 02:20 AM

-ਸੁਨੀਲ ਪਾਂਡੇ
‘ਆਸਥਾ’ ਦੀ ਪਹਿਰੇਦਾਰੀ ਨੂੰ ਲੈ ਕੇ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਬਾਅਦ ਸੱਤਾ ਕਿਸ ਕੋਲ ਰਹੇਗੀ, ਇਸ ਬਾਰੇ ਜੋੜ-ਤੋੜ ਚੱਲ ਪਿਆ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 27 ਮੈਂਬਰ ਜਿੱਤਣ ਦੇ ਬਾਵਜੂਦ ਵਿਰੋਧੀ ਪਾਰਟੀਆਂ ਕਿਸੇ ਵੀ ਤਰ੍ਹਾਂ ਕਮੇਟੀ ਉੱਤੇ ਕਾਬਜ਼ ਹੋਣ ਲਈ ਸੰਨ੍ਹ ਲਗਾਉਣ ਦੀ ਕੋਸ਼ਿਸ਼ ਵਿੱਚ ਹਨ। ਬੀਤੇ ਵੀਰਵਾਰ ਦੋ ਸੀਟਾਂ ਦੀ ਕੋਆਪਸ਼ਨ ਚੋਣ ਵੇਲੇ ਰੱਸਾਕਸ਼ੀ ਸਾਫ਼ ਨਜ਼ਰ ਆਈ। ਇਸ ਦੋ ਸੀਟਾਂ ਦੀ ਚੋਣ ਲਈ ਬਾਦਲ ਦਲ ਨੇ ਦੋ ਉਮੀਦਵਾਰ ਉਤਾਰੇ ਸਨ, ਪਰ ਇੱਕੋ ਸੀਟ ਜਿੱਤਣ ਵਿੱਚ ਕਾਮਯਾਬ ਹੋਇਆ। ਸੰਯੁਕਤ ਵਿਰੋਧੀ ਧਿਰ ਵੱਲੋਂ ਖੜ੍ਹੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸਭ ਤੋਂ ਵੱਧ 18 ਵੋਟਾਂ ਮਿਲੀਆਂ, ਜਦ ਕਿ ਅਕਾਲੀ ਦਲ (ਬਾਦਲ) ਦੇ ਦੋਵਾਂ ਉਮੀਦਵਾਰਾਂ ਨੂੰ ਕ੍ਰਮਵਾਰ 15 ਅਤੇ 12 ਵੋਟਾਂ ਮਿਲੀਆਂ। ਦਿੱਲੀ ਹਾਈ ਕੋਰਟ ਦੇ ਹੁਕਮ ਉੱਤੇ ਬਾਦਲ ਦਲ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ ਦੀ ਵੋਟ ਵੱਖਰੇ ਲਿਫ਼ਾਫ਼ੇ ਵਿੱਚ ਸੀਲ ਹੋ ਗਈ ਹੈ। ਇਸ ਉੱਤੇ ਦਿੱਲੀ ਹਾਈ ਕੋਰਟ ਦਾ ਫੈਸਲਾ ਹੋਣ ਤੋਂ ਪਹਿਲਾਂ ਦੁਸਰੀ ਪਹਿਲ ਦੀ ਵੋਟ ਨਾਲ ਚੋਣ ਸਿਰੇ ਲੱਗ ਗਈ ਹੈ। ਇੱਕ-ਇੱਕ ਸੀਟ ਲਈ ਸ਼ੈਅ-ਮਾਤ ਦੀ ਖੇਡ ਵਿੱਚ ਵਿਰੋਧੀ ਧਿਰ ਬਾਦਲ ਦਲ ਤੋਂ ਇੱਕ ਸੀਟ ਖੋਹਣ ਵਿੱਚ ਕਾਮਯਾਬ ਰਹੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪੂਰੀ ਤਾਕਤ ਝੋਕ ਦਿੱਤੀ ਕਿ ਕਿਸੇ ਤਰ੍ਹਾਂ ਵਿਰੋਧੀ ਧਿਰ ਵਿੱਚੋਂ 4-5 ਮੈਂਬਰਾਂ ਨੂੰ ਤੋੜ ਕੇ ਦੂਸਰੀ ਸੀਟ (ਕੋਆਪਸ਼ਨ) ਵੀ ਜਿੱਤੀ ਜਾਵੇ, ਪਰ ਵਿਰੋਧੀ ਧਿਰ ਆਪਣੇ ਮੈਂਬਰਾਂ ਨੂੰ ਇੱਕਜੁੱਟ ਰੱਖਣ ਵਿੱਚ ਕਾਮਯਾਬ ਰਹੀ।
ਪਰਦੇ ਪਿੱਛੇ ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਸਿਰਸਾ ਨੂੰ ਹਰਾਉਣ ਵਾਲੇ ਹਰਵਿੰਦਰ ਸਿੰਘ ਸਰਨਾ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਨਿਭਾਈ, ਜਿਸ ਕਾਰਨ ਕ੍ਰਾਸ ਵੋਟਿੰਗ ਹੋਣ ਤੋਂ ਬਚ ਗਈ। ਬਾਦਲ ਅਕਾਲੀ ਦਲ ਦੇ ਮੈਂਬਰਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ। 16 ਮੈਂਬਰਾਂ ਨੂੰ ਵਿਕਰਮ ਸਿੰਘ ਨੂੰ ਵੋਟ ਪਾਉਣ ਦਾ ਹੁਕਮ ਸੀ ਪਰ ਉਸ ਨੂੰ ਸਿਰਫ਼ 15 ਵੋਟਾਂ ਮਿਲੀਆਂ। ਉਸ ਨੂੰ ਪੈਣ ਵਾਲੀ ਇੱਕ ਵੋਟ ਜਸਵਿੰਦਰ ਸਿੰਘ ਜੌਲੀ ਨੂੰ ਪੈ ਗਈ। ਇਸ ਕਾਰਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਿਫ਼ਾਫ਼ੇ ਵਿੱਚ ਬੰਦ ਭੁੱਲਰ ਦੀ ਵੋਟ ਵੀ ਜੌਲੀ ਦੀ ਹੈ। ਜੇ ਅਜਿਹਾ ਹੋਵੇ ਤਾਂ ਜੌਲੀ ਦਾ ਅੰਕੜਾ 13 ਹੋ ਜਾਵੇਗਾ। ਇਸ ਦਾ ਅਸਰ 25 ਸਤੰਬਰ ਨੂੰ ਹੋਣ ਵਾਲੇ ਜਨਰਲ ਹਾਊਸ ਵੇਲੇ ਕਾਰਜਕਾਰਨੀ ਦੀ ਚੋਣ ਉੱਤੇ ਪਵੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨ ਦਾ ਭਾਵ ਗੁਰੂ ਘਰ ਵਿੱਚ ਸੇਵਾ ਕਰਨੀ ਕਿਹਾ ਜਾਂਦਾ ਹੈ, ਪਰ ਜਿਸ ਤਰ੍ਹਾਂ ਛੋਟੇ-ਮੋਟੇ ਮਸਲਿਆਂ ਉੱਤੇ ਕਾਨੂੰਨੀ ਵਾਦ-ਵਿਵਾਦ ਪੈਦਾ ਕੀਤੇ ਜਾ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਆਮ ਬਹੁਮਤ ਉੱਤੇ ਖੜ੍ਹੀ ਮੌਜੂਦਾ ਕਮੇਟੀ ਨੂੰ ਫਿਰ ਤੋਂ ਬਣਨ ਤੋਂ ਰੋਕਣ ਲਈ ਵਿਰੋਧੀ ਧਿਰ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ। ਗੁਰਦੁਆਰਾ ਕਮੇਟੀ ਚੋਣਾਂ ਵਿੱਚ ਪੈਦਾ ਹੋਏ ਵਿਵਾਦਾਂ ਕਾਰਨ ਲੱਗਭਗ 30 ਰਿੱਟਾਂ ਵੱਖ-ਵੱਖ ਅਦਾਲਤਾਂ ਵਿੱਚ ਦਾਖ਼ਲ ਹੋਈਆਂ ਹਨ। ਜੇ ਇਨ੍ਹਾਂ ਰਿੱਟਾਂ ਵਿੱਚ 5-7 ਮੈਂਬਰਾਂ ਦੀ ਮੈਂਬਰੀ ਵੀ ਚੱਲੀ ਗਈ ਤਾਂ ਬਹੁਮਤ ਦੀ ਖੇਡ ਪਲਟ ਜਾਵੇਗੀ। ਇਸ ਲਈ ਕਾਨੂੰਨੀ ਮੋਰਚੇ ਉੱਤੇ ਇਸ ਲੜਾਈ ਨੂੰ ਜੋ ਜਿਤੇਗਾ, ਉਸੇ ਦਾ ਅਗਲਾ ਪ੍ਰਧਾਨ ਬਣ ਸਕਦਾ ਹੈ।
ਉਂਝ ਮਨਜਿੰਦਰ ਸਿੰਘ ਸਿਰਸਾ ਦੀ ਮੈਂਬਰੀ ਬਾਰੇ ਵਿਵਾਦ ਖੜ੍ਹਾ ਹੋ ਗਿਆ ਹੈ। ਵਿਰੋਧੀ ਧਿਰ ਦੀ ਜਾਗੋ ਪਾਰਟੀ ਦੇ ਮੈਂਬਰ ਸਤਨਾਮ ਸਿੰਘ ਖੀਵਾ ਨੇ ਸ਼੍ਰੋਮਣੀ ਕਮੇਟੀ ਦੇ ਇਸ ਪੱਤਰ ਉੱਤੇ ਡਾਇਰੈਕਟਰ ਗੁਰਦੁਆਰਾ ਚੋਣ ਡਾਇਰੈਕਟਰ ਕੋਲ ਇਤਰਾਜ਼ ਕੀਤਾ ਅਤੇ ਦਾਅਵਾ ਕੀਤਾ ਹੈ ਕਿ ਸਿਰਸਾ ਨੂੰ ਨਾਮਜ਼ਦ ਕਰਨ ਦਾ ਪੱਤਰ ਗਲਤ ਹੈ ਤੇ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਿਰਸਾ ਨੂੰ ਮੈਂਬਰ ਬਣਾਉਣ ਦਾ ਮਤਾ ਪਾਸ ਨਹੀਂ ਹੋਇਆ। ਜੇ ਡਾਇਰੈਕਟਰ ਗੁਰਦੁਆਰਾ ਸਿਰਸਾ ਨੂੰ ਮੈਂਬਰ ਦੇ ਰੂਪ ਵਿੱਚ ਸਰਟੀਫਿਕੇਟ ਦੇ ਦਿੰਦਾ ਹੈ ਤਾਂ ਇਸ ਨੂੰ ਵਿਰੋਧੀ ਧਿਰ ਅਦਾਲਤ ਵਿੱਚ ਚੁਣੌਤੀ ਦੇਵੇਗੀ।
ਸਾਲ 2013 ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਹੋਏ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅੱਠ ਸਾਲਾਂ ਬਾਅਦ ਕੋਆਪਸ਼ਨ ਰਾਹੀਂ ਕਮੇਟੀ ਮੈਂਬਰ ਬਣ ਗਏ ਹਨ। ਉਨ੍ਹਾਂ ਦੇ ਭਰਾ ਤੇ ਪਾਰਟੀ ਦੇ ਜਨਰਲ ਸੱਕਤਰ ਹਰਵਿੰਦਰ ਸਿੰਘ ਸਰਨਾ ਨੇ 25 ਅਗਸਤ ਦੀ ਆਮ ਚੋਣ ਵਿੱਚ ਪੰਜਾਬੀ ਬਾਗ਼ ਸੀਟ ਤੋਂ ਇਤਿਹਾਸਿਕ ਜਿੱਤ ਹਾਸਲ ਕੀਤੀ ਸੀ। ਕਈ ਸਾਲ ਬਾਅਦ ਦੋਵੇਂ ਭਰਾ ਇਕੱਠੇ ਮੈਂਬਰ ਬਣੇ ਹਨ। ਇਸ ਨਾਲ ਪਾਰਟੀ ਨੂੰ ਤਾਕਤ ਮਿਲੀ ਹੈ ਅਤੇ ਅੱਗੇ ਦਾ ਰਸਤਾ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਸਰਨਾ ਪਾਰਟੀ ਦੀਆਂ ਆਪਣੀਆਂ ਕੁੱਲ ਸੀਟਾਂ ਗਠਜੋੜ ਨੂੰ ਮਿਲਾ ਕੇ 19 ਤੱਕ ਪਹੁੰਚ ਗਈਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਚਾਰ ਤਖ਼ਤਾਂ ਦੇ ਜਥੇਦਾਰ ਵੀ ਅਧਿਕਾਰਤ ਤੌਰ ਉੱਤੇ ਮੈਂਬਰ ਦੇ ਰੂਪ ਵਿੱਚ ਨਾਮਜ਼ਦ ਹੁੰਦੇ ਹਨ। ਇਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਹਰਮੰਦਿਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ, ਦਿੱਲੀ ਗੁਰਦੁਆਰਾ ਕਮੇਟੀ ਦੇ ਨਾਮਜ਼ਦ ਮੈਂਬਰ ਹੁੰਦੇ ਹਨਨ ਪਰ ਇਨ੍ਹਾਂ ਨੂੰ ਵੋਟਿੰਗ ਦਾ ਆਧਿਕਰ ਨਹੀਂ ਹੁੰਦਾ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਦਾ ਨਾਂ 5ਵੇਂ ਤਖ਼ਤ ਵਜੋਂ ਅਜੇ ਤੱਕ ਦਿੱਲੀ ਸਰਕਾਰ ਦੇ ਕਾਨੂੰਨ ਵਿਭਾਗ ਨੇ ਨਹੀਂ ਜੋੜਿਅ। ਦਿੱਲੀ ਵਿਧਾਨ ਸਭਾ ਤੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਸ੍ਰੀ ਦਮਦਮਾ ਸਾਹਿਬ ਨੂੰ 5ਵੇਂ ਤਖ਼ਤ ਵਜੋਂ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਦਿੱਲੀ ਦੇ ਲੱਖਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਗੁਰਦੁਆਰਾ ਕਮੇਟੀ ਦੀ ਕੁਰਸੀ ਉੱਤੇ ਕੌਣ ਬੈਠੇਗਾ, ਇਸ ਬਾਰੇ ਖੇਡ ਸ਼ੁਰੂ ਹੋ ਗਈ ਹੈ। ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਸੱਤਾਂ ਦੇ ਕਬਜ਼ੇ ਲਈ ਠੰਢੀ ਜੰਗ ਚੱਲ ਰਹੀ ਹੈ। ਦੂਜੇ ਪਾਸੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਆਮ ਚੋਣਾਂ ਹਾਰਨ ਪਿੱਛੋਂ ਉਨ੍ਹਾਂ ਦੀ ਪਾਰਟੀ ਦੇ ਅੰਦਰ ਵੀ ਵਿਰੋਧ ਦੇ ਸੁਰ ਸ਼ੁਰੂ ਹੋ ਗਏ ਹਨ। ਅਕਾਲੀ ਦਲ ਦੇ ਅੰਦਰ ਸਭ ਕੁਝ ਠੀਕ-ਠਾਕ ਨਹੀਂ ਹੈ। ਜਿੱਤੇ ਹੋਏ ਮੈਂਬਰਾਂ ਵਿਚਾਲੇ ਆਪਸ ਵਿੱਚ ਚਰਚਾ ਛਿੜ ਗਈ ਹੈ ਕਿ ਜਦੋਂ ਉਹ ਚੋਣ ਹਾਰ ਗਏ ਹਨ ਤਾਂ ਜਿੱਤੇ ਹੋਏ ਮੈਂਬਰਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਇਸ ਬਾਰੇ 25 ਸਤੰਬਰ ਨੂੰ ਜਨਰਲ ਹਾਊਸ ਅਤੇ ਕਾਰਜਕਾਰਨੀ ਦੀ ਬੈਠਕ ਵਿੱਚ ਪਤਾ ਲਗੇਗਾ ਜਦੋਂ ਪਾਰਟੀ ਹਾਈ ਕਮਾਨ ਦਾ ਗੁਪਤ ਲਿਫ਼ਾਫ਼ਾ ਖੁੱਲ੍ਹੇਗਾ। ਤਦ ਤੱਕ ਖਿੱਚੋਤਾਣ ਜਾਰੀ ਰਹਿਣ ਦੀ ਸੰਭਾਵਨਾ ਪੂਰੀ ਹੈ।

 
Have something to say? Post your comment