Welcome to Canadian Punjabi Post
Follow us on

12

July 2025
 
ਨਜਰਰੀਆ

ਬੱਚੇ ਦੇ ਬੋਲ

September 14, 2021 01:49 AM

-ਪ੍ਰਿੰਸੀਪਲ ਵਿਜੈ ਕੁਮਾਰ
ਜਿਸ ਸਕੂਲ ਵਿੱਚ ਲੈਕਚਰਾਰ ਸਾਂ, ਉਥੇ ਆਰਥਿਕ ਪੱਖੋਂ ਕਮਜ਼ੋਰ ਮਾਪਿਆਂ ਵਾਲੇ ਬੱਚਿਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ। ਕਾਫੀ ਗਿਣਤੀ ਬੱਚੇ ਉਹ ਸਨ ਜਿਹੜੇ ਮਾਪਿਆਂ ਦੀ ਤੰਗੀ ਕਾਰਨ ਸਕੂਲ ਦੀ ਵਰਦੀ ਪਾ ਕੇ ਨਹੀਂ ਆਉਂਦੇ ਸਨ। ਉਨ੍ਹਾਂ ਦੇ ਪੈਰਾਂ ਵਿਚ ਸਰਦੀਆਂ ਦੇ ਦਿਨੀਂ ਵੀ ਚੱਪਲਾਂ ਦਿਸਦੀਆਂ। ਉਹ ਸਰਦੀ ਵਿੱਚ ਬਿਨਾਂ ਕੋਟੀਆਂ ਤੋਂ ਕੰਬ ਰਹੇ ਹੁੰਦੇ। ਉਦੋਂ ਬੱਚਿਆਂ ਨੂੰ ਸਕੂਲ ਵੱਲੋਂ ਵਰਦੀਆਂ ਅਤੇ ਪੁਸਤਕਾਂ ਦੇਣ ਦਾ ਪ੍ਰਬੰਧ ਨਹੀਂ ਸੀ ਹੁੰਦਾ। ਸ਼ਹਿਰੀ ਸਕੂਲ ਹੋਣ ਕਰ ਕੇ ਬੱਚਿਆਂ ਦਾ ਵਰਦੀ ਪਾ ਕੇ ਆਉਣਾ ਲਾਜ਼ਮੀ ਸੀ। ਜਿਹੜੇ ਬੱਚੇ ਵਰਦੀ ਪਾ ਕੇ ਨਾ ਆਉਂਦੇ, ਉਨ੍ਹਾਂ ਨੂੰ ਅਧਿਆਪਕ ਸਜ਼ਾ ਦਿੰਦੇ। ਬਹੁਤੇ ਬੱਚੇ ਵਰਦੀ ਨਾ ਹੋਣ ਕਾਰਨ ਅਧਿਆਪਕਾਂ ਦੀ ਸਜ਼ਾ ਤੋਂ ਬਚਣ ਲਈ ਘਰ ਤੋਂ ਹੀ ਨਾ ਆਉਂਦੇ ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ। ਕਈ ਪੜ੍ਹਾਈ ਛੱਡ ਜਾਂਦੇ। ਬਹੁਤ ਸਾਰੇ ਬੱਚਿਆਂ ਕੋਲ ਪੂਰੀਆਂ ਕਿਤਾਬਾਂ ਵੀ ਨਾ ਹੁੰਦੀਆਂ ਸਨ। ਉਨ੍ਹਾਂ ਦੇ ਬੈਗ ਵੀ ਪਾਟੇ ਹੁੰਦੇ। ਸਕੂਲ ਦੇ ਐੱਨ ਐੱਨ ਐੱਸ ਯੂਨਿਟ ਦਾ ਪ੍ਰੋਗਰਾਮ ਅਫਸਰ ਹੋਣ ਕਾਰਨ ਮੈਂ ਬੈਂਕ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕੰਮ ਕਰਦਾ ਰਹਿੰਦਾ ਸਾਂ। ਜਿਸ ਤੋਂ ਵੀ ਨੇਕ ਕੰਮ ਲਈ ਸਹਿਯੋਗ ਮੰਗਦਾ, ਉਹ ਕਦੇ ਨਾਂਹ ਨਹੀਂ ਕਰਦਾ ਸੀ। ਆਪਣੇ ਪ੍ਰਿੰਸੀਪਲ ਤੇ ਅਧਿਆਪਕ ਸਾਥੀਆਂ ਨਾਲ ਸਲਾਹ ਕਰ ਕੇ ਉਨ੍ਹਾਂ ਬੱਚਿਆਂ ਨੂੰ ਵਰਦੀਆਂ, ਕੋਟੀਆਂ, ਜੋੜੇ, ਪੁਸਤਕਾਂ ਅਤੇ ਬੈਗ ਦਿਵਾਉਣਾ ਮਿਸ਼ਨ ਬਣਾ ਲਿਆ।
ਬੱਚਿਆਂ ਨੂੰ ਪੁਸਤਕਾਂ ਦੇਣ ਦਾ ਪ੍ਰਬੰਧ ਕਰਨ ਲਈ ਅਸੀਂ ਸਕੂਲ ਵਿੱਚ ਬੁੱਕ ਬੈਂਕ ਖੋਲ੍ਹ ਦਿੱਤਾ। ਇਸ ਵਿੱਚ ਕੋਈ ਵੀ ਬੱਚਾ ਆਪਣੀਆਂ ਪੁਸਤਕਾਂ ਜਮ੍ਹਾਂ ਕਰਵਾ ਸਕਦਾ ਸੀ ਤੇ ਕੋਈ ਵੀ ਉਥੋਂ ਲੈ ਸਕਦਾ ਸੀ। ਨਵਾਂ ਵਿਦਿਅਕ ਵਰ੍ਹਾ ਸ਼ੁਰੂ ਹੋ ਗਿਆ। ਅਸੀਂ ਉਨ੍ਹਾਂ ਲੋੜਵੰਦ ਵਿਦਿਆਰਥੀਆਂ ਦੇ ਨਾਂਅ ਲਿਖ ਲਏ ਜਿਨ੍ਹਾਂ ਨੂੰ ਵਰਦੀ, ਕੋਟੀ, ਬੂਟ, ਬੈਗ ਅਤੇ ਪੁਸਤਕਾਂ ਦੇਣੀਆਂ ਸਨ। ਫੈਸਲਾ ਸੀ ਕਿ ਹਰ ਲੋੜਵੰਦ ਬੱਚੇ ਨੂੰ ਵਧੀਆ ਸਮਾਨ ਦੇਣਾ ਹੈ ਤਾਂ ਕਿ ਬੱਚੇ ਨੂੰ ਘੱਟੋ-ਘੱਟ ਇੱਕ ਸਾਲ ਦੁਬਾਰਾ ਇਹ ਸਮਾਨ ਖਰੀਦਣ ਦੀ ਲੋੜ ਨਾ ਪਵੇ। ਜਿਸ ਦਿਨ ਬੱਚਿਆਂ ਨੂੰ ਸਮਾਨ ਦੇਣਾ ਸੀ, ਉਸ ਤੋਂ ਇੱਕ ਦਿਨ ਪਹਿਲਾਂ ਸਕੂਲ ਵਿੱਚ ਇੱਕ ਅਧਿਆਪਕ ਆ ਕੇ ਕਹਿਣ ਲੱਗਾ, ‘‘ਸਾਡੀ ਰਿਸ਼ਤੇਦਾਰੀ ਵਿੱਚੋਂ ਇੱਕ ਮੁੰਡਾ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਹੈ, ਉਸ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ, ਆਮਦਨ ਦਾ ਕੋਈ ਸਾਧਨ ਨਹੀਂ, ਜੇ ਉਸ ਮੁੰਡੇ ਨੂੰ ਵਰਦੀ, ਕੋਟੀ, ਬੂਟ, ਬੈਗ ਤੇ ਪੁਸਤਕਾਂ ਮਿਲ ਜਾਣ ਤਾਂ ਚੰਗੀ ਗੱਲ ਹੋਵੇਗੀ। ਉਹ ਪੜ੍ਹਨ ਵਿੱਚ ਕਾਫੀ ਹੁਸ਼ਿਆਰ ਹੈ।” ਮੈਂ ਮੁੰਡੇ ਦਾ ਨਾਂਅ ਅਤੇ ਜਮਾਤ ਲਿਖ ਲਈ। ਹੁਸ਼ਿਆਰ ਬੱਚੇ ਦੀ ਅਸੀਂ ਹਰ ਹਾਲ ਮਦਦ ਕਰਦੇ ਹੁੰਦੇ ਸਾਂ। ਉਸ ਮੁੰਡੇ ਲਈ ਸਾਨੂੰ ਖੜ੍ਹੇ ਪੈਰ ਸਭ ਕੁਝ ਖਰੀਦਣਾ ਪਿਆ, ਕਿਉਂਕਿ ਸਾਡੇ ਕੋਲ ਓਨਾ ਹੀ ਸਮਾਨ ਸੀ, ਜਿੰਨੇ ਬੱਚਿਆਂ ਦੇ ਨਾਂਅ ਪਹਿਲਾਂ ਲਿਖੇ ਸਨ। ਦੂਜੇ ਦਿਨ ਉਸ ਮੁੰਡੇ ਨੂੰ ਉਸ ਦੀ ਜਮਾਤ ਵਿੱਚੋਂ ਬੁਲਾ ਕੇੇ ਸੁਨੇਹਾ ਦਿੱਤਾ ਕਿ ਉਸ ਦਾ ਰਿਸ਼ਤੇਦਾਰ ਅਧਿਆਪਕ ਉਸ ਦਾ ਨਾਂਅ ਲਿਖਵਾ ਗਿਆ ਹੈ, ਉਹ ਅੱਧੀ ਛੁੱਟੀ ਪਿੱਛੋਂ ਆਪਣੀ ਵਰਦੀ ਵਗੈਰ ਲੈਣ ਲਈ ਸਕੂਲ ਦੇ ਹਾਲ ਵਿੱਚ ਪੁੱਜ ਜਾਵੇ। ਲੋੜਵੰਦ ਬੱਚੇ, ਪ੍ਰਿੰਸੀਪਲ, ਸੰਬੰਧਤ ਅਧਿਆਪਕ ਅਤੇ ਦਾਨੀ ਸੱਜਣ ਸਾਰੇ ਦਿੱਤੇ ਸਮੇਂ ਅਨੁਸਾਰ ਪੁੱਜ ਗਏ। ਬੱਚਿਆਂ ਨੂੰ ਸਮਾਨ ਵੰਡਣਾ ਸ਼ੁਰੂ ਕੀਤਾ ਗਿਆ। ਉਸ ਮੁੰਡੇ ਦਾ ਨਾਂਅ ਵਾਰ ਵਾਰ ਬੋਲਿਆ, ਪਰ ਉਹ ਨਾ ਆਇਆ। ਉਹਨੂੰ ਜਮਾਤ ਵਿੱਚੋਂ ਬੁਲਾਇਆ, ਉਹ ਫਿਰ ਵੀ ਨਾ ਆਇਆ। ਅਸੀਂ ਇਹ ਸੋਚ ਕੇ ਉਸ ਦਾ ਸਮਾਨ ਰੱਖ ਦਿੱਤਾ ਕਿ ਹੋ ਸਕਦਾ ਹੈ ਕਿ ਉਹ ਦੂਜੇ ਬੱਚਿਆਂ ਦੇ ਸਾਹਮਣੇ ਨਾ ਆਉਣਾ ਚਾਹੁੰਦਾ ਹੋਵੇ, ਇਸ ਲਈ ਉਸ ਨੂੰ ਕਮਰੇ ਵਿੱਚ ਬੁਲਾ ਕੇ ਸਮਾਨ ਦਿੱਤਾ ਜਾਵੇਗਾ। ਦੂਜੇ ਦਿਨ ਉਹਨੂੰ ਸਮਾਨ ਦੇਣ ਲਈ ਪ੍ਰਿੰਸੀਪਲ ਦੇ ਦਫਤਰ ਬੁਲਾਇਆ। ਉਹ ਆ ਤਾਂ ਗਿਆ, ਪਰ ਉਸ ਨੇ ਇਹ ਕਹਿ ਕੇ ਸਮਾਨ ਲੈਣ ਤੋਂ ਨਾਂਹ ਕਰ ਦਿੱਤੀ ਕਿ ਉਹ ਗਰੀਬ ਨਹੀਂ, ਉਸ ਦਾ ਸਮਾਨ ਕਿਸੇ ਹੋਰ ਬੱਚੇ ਨੂੰ ਦੇ ਦਿੱਤਾ ਜਾਵੇ। ਉਹ ਇਹ ਕਹਿ ਕੇ ਆਪਣੀ ਜਮਾਤ ਵਿੱਚ ਚਲਾ ਗਿਆ, ਪਰ ਮੇਰੇ ਲਈ ਸਮੱਸਿਆ ਖੜ੍ਹੀ ਹੋ ਗਈ। ਪ੍ਰਿੰਸੀਪਲ ਕਹੇ, ਤੁਸੀਂ ਇਸ ਬੱਚੇ ਦਾ ਨਾਂਅ ਲਿਖਿਆ ਹੀ ਕਿਉਂ? ਉਨ੍ਹਾਂ ਦੇ ਪ੍ਰਸ਼ਨ ਦਾ ਮੇਰੇ ਕੋਲ ਜਵਾਬ ਨਹੀਂ ਸੀ। ਉਸ ਦਾ ਸਮਾਨ ਕਿਸੇ ਹੋਰ ਨੂੰ ਦੇ ਦਿੱਤਾ, ਪਰ ਮੇਰੇ ਮਨ ਵਿੱਚੋਂ ਮੁੰਡੇ ਦਾ ਜਵਾਬ ਨਿਕਲਿਆ ਨਹੀਂ। ਮੁੰਡੇ ਦੇ ਰਿਸ਼ਤੇਦਾਰ ਅਧਿਆਪਕ ਨਾਲ ਗੱਲ ਕੀਤੀ।
ਇੱਕ ਦਿਨ ਸਰਕਾਰੀ ਐਲਾਨ ਕਾਰਨ ਅੱਧੀ ਛੁੱਟੀ ਕਰ ਦਿੱਤੀ ਗਈ। ਮੈਂ ਘਰ ਜਾਣ ਦੀ ਤਿਆਰੀ ਕਰ ਰਿਹਾ ਸਾਂ ਕਿ ਉਹ ਮੁੰਡਾ ਆ ਕੇ ਕਹਿਣ ਲੱਗਾ, ‘‘ਸਰ, ਸਾਡੇ ਰਿਸ਼ਤੇਦਾਰ ਅਧਿਆਪਕ ਨੇ ਤੁਹਾਡੇ ਨਾਲ ਗੱਲ ਕਰਨ ਨੂੰ ਕਿਹਾ ਹੈ।” ਮੈਂ ਸੋਚਿਆ, ਉਹ ਮੈਨੂੰ ਵਰਦੀ ਦੇਣ ਲਈ ਕਹੇਗਾ। ਮੈਂ ਕਿਹਾ, ‘‘ਦੱਸੋ ਪੁੱਤਰ, ਕੀ ਕਹਿਣਾ ਚਾਹੁੰਦੇ ਹੋ?” ਉਹ ਬੋਲਿਆ, ‘‘ਸਰ, ਅਸੀਂ ਸੱਚਮੁੱਚ ਆਰਥਿਕ ਤੌਰ ਉੱਤੇ ਕਮਜ਼ੋਰ ਹਾਂ। ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ। ਸਾਡੀ ਆਮਦਨ ਦਾ ਕੋਈ ਸਾਧਨ ਨਹੀਂ, ਪਰ ਅਸੀਂ ਗਰੀਬ ਨਹੀਂ। ਮੇਰੀ ਮਾਂ ਅਤੇ ਮੈਂ ਨਹੀਂ ਚਾਹੁੰਦੇ ਕਿ ਮੈਂ ਕਿਸੇ ਦੀ ਮਿਹਰਬਾਨੀ ਦਾ ਪਾਤਰ ਬਣਾਂ। ਜੇ ਮੈਨੂੰ ਤੋਂ ਦੂਜਿਆਂ ਉੱਤੇ ਨਿਰਭਰ ਹੋਣ ਦੀ ਆਦਤ ਪੈ ਗਈ ਤਾਂ ਮਿਹਨਤ ਦੀ ਆਦਤ ਨਹੀਂ ਰਹੇਗੀ, ਸਗੋਂ ਆਪਣੀ ਪੜ੍ਹਾਈ ਦਾ ਖਰਚਾ ਦੁਕਾਨ ਉੱਤੇ ਕੰਮ ਕਰ ਕੇ ਕੱਢ ਲੈਂਦਾ ਹਾਂ। ਮੇਰੀ ਬੇਨਤੀ ਹੈ ਕਿ ਤੁਸੀਂ ਜਿਨ੍ਹਾਂ ਬੱਚਿਆਂ ਦੀ ਸਹਾਇਤਾ ਕਰਦੇ ਹੋ, ਉਨ੍ਹਾਂ ਨੂੰ ਦੂਜੇ ਬੱਚਿਆਂ ਦੇ ਸਾਹਮਣੇ ਨਾ ਦਿਆ ਕਰੋ ਤੇ ਨਾ ਉਨ੍ਹਾਂ ਦੀ ਫੋਟੋ ਅਖਬਾਰ ਵਿੱਚ ਦਿਆ ਕਰੋ, ਦੂਜੇ ਬੱਚੇ ਉਨ੍ਹਾਂ ਦਾ ਮਜ਼ਾਕ ਉਠਾਉਂਦੇ ਹਨ।” ਬੱਚੇ ਦੇ ਬੋਲਾਂ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ।
ਕਿੰਨਾ ਚੰਗਾ ਹੋਵੇ, ਜੇ ਸਰਕਾਰ ਦੀਆਂ ਮੁਫਤ ਸਹੂਲਤਾਂ ਉੱਤੇ ਨਿਰਭਰ ਹੋ ਕੇ ਮਿਹਨਤ ਤੋਂ ਦੂਰ ਹੁੰਦੇ ਜਾਂਦੇ ਲੋਕਾਂ ਅਤੇ ਵੋਟਾਂ ਲਈ ਦੇਸ਼ ਦੇ ਲੋਕਾਂ ਨੂੰ ਮੁਫਤ ਸਹੂਲਤਾਂ ਮੰਗਣ ਦੀ ਆਦਤ ਪਾਉਣ ਵਾਲੀਆਂ ਸਰਕਾਰਾਂ ਨੂੰ ਉਸ ਮੁੰਡੇ ਦੀ ਨਸੀਹਤ ਸਮਝ ਆ ਜਾਵੇ। ਅੱਜ ਉਹ ਮੁੰਡਾ ਆਸਟਰੇਲੀਆ ਵਿੱਚ ਚੰਗੀ ਤਨਖਾਹ ਲੈ ਰਿਹਾ ਹੈ ਅਤੇ ਆਪਣੇ ਪਿੰਡ ਦੇ ਲੋੜਵੰਦ ਬੱਚਿਆਂ ਦੀ ਸਹਾਇਤਾ ਵੀ ਕਰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ