Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਨਜਰਰੀਆ

ਪਾਸ਼ ਆਪਣੀ ਡਾਇਰੀ ਦੋ ਝਰੋਖੇ ਵਿੱਚੋਂ

September 13, 2021 02:54 AM

-ਡਾਕਟਰ ਸੰਦੀਪ ਰਾਣਾ
ਪਾਸ਼ ਦਾ ਅਸਲ ਨਾਮ ਅਵਤਾਰ ਸਿੰਘ ਸੰਧੂ ਸੀ। ਉਹ ਉਸ ਸਾਹਿਤਕ ਰੁਝਾਨ ਦਾ ਕਵੀ ਸੀ ਜਿਸ ਨੂੰ ਜੁਝਾਰਵਾਦੀ ਧਾਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਓਦੋਂ ਸ਼ੁਰੂ ਹੋਈ ਨਕਸਲੀ ਲਹਿਰ ਤੋਂ ਪ੍ਰਭਾਵਤ ਸੀ। ਜਦੋਂ 1964 ਵਿੱਚ ਉਸ ਦਾ ਮੇਲ ਖੱਬੇ ਪੱਖੀ ਸਿਆਸੀ ਕਾਰਕੁਨਾਂ ਨਾਲ ਹੋਇਆ ਤਾਂ ਉਸ ਨੇ ਪੜ੍ਹਾਈ ਅੱਧ-ਵਿਚਾਲੇ ਛੱਡ ਦਿੱਤੀ। ਉਸ ਦੀ ਪਹਿਲੀ ਕਿਤਾਬ ‘ਲੋਹ ਕਥਾ’ 1970 ਵਿੱਚ ਪ੍ਰਕਾਸ਼ਿਤ ਹੋਈ, ਜੋ ਨਕਸਲੀ ਲਹਿਰ ਤੋਂ ਪ੍ਰਭਾਵਤ ਕਵਿਤਾਵਾਂ ਦਾ ਸੰਗ੍ਰਹਿ ਸੀ। ਇਸ ਤਰ੍ਹਾਂ ਦੀਆਂ ਉਕਸਾਊ ਸੁਭਾਅ ਦੀਆਂ ਕਵਿਤਾਵਾਂ ਲਿਖਣ ਕਾਰਨ ਉਸ ਉੱਤੇ ਕਤਲ ਦਾ ਝੂਠਾ ਕੇਸ ਪਾ ਦਿੱਤਾ ਗਿਆ ਜਿਸ ਕਾਰਨ ਉਸ ਨੂੰ ਦੋ ਸਾਲ ਜੇਲ੍ਹ ਹੋਈ। ਬਰੀ ਹੋਣ ਪਿੱਛੋਂ ਉਹ ਇਸੇ ਲਹਿਰ ਨਾਲ ਜੁੜਿਆ ਰਿਹਾ। ਉਸ ਦੀਆਂ ਕਵਿਤਾਵਾਂ ਕਾਰਨ ਵਿਦਿਆਰਥੀ, ਕਮਿਊਨਿਸਟਾਂ ਅਤੇ ਖੱਬੇ ਪੱਖੀ ਬੁੱਧੀਜੀਵੀਆਂ ਵਿੱਚ ਉਸ ਦੀ ਪਛਾਣ ਜੁਝਾਰਵਾਦੀ ਸੰਵੇਦਨਸ਼ੀਲ ਕਵੀ ਵਜੋਂ ਬਣ ਗਈ। ਭਾਵੇਂ ਇਸ ਸਮੇਂ ਉਸ ਦੇ ਆਰਥਿਕ ਹਾਲਾਤ ਚੰਗੇ ਨਹੀਂ ਸਨ, ਫਿਰ ਵੀ ਉਸ ਨੇ 1976 ਵਿੱਚ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਅਤੇ ਦਸਵੀਂ, ਗਿਆਨੀ ਅਤੇ ਜੇ ਬੀ ਟੀ ਪਾਸ ਕੀਤੀ।
ਜ਼ਿੰਦਗੀ ਜਿਊਣ ਲਈ ਲੋੜੀਂਦੇ ਸਰੋਤ ਨਾ ਹੋਣ ਕਾਰਨ ਪਾਸ਼ ਦੀ ਸ਼ਖਸੀਅਤ ਬਚਪਨ ਤੋਂ ਹੀ ਪ੍ਰਭਾਵਤ ਹੋਈ। ਡਾਕਟਰ ਤੇਜਵੰਤ ਸਿੰਘ ਗਿੱਲ ਦੀ ਪੁਸਤਕ ‘ਪਾਸ਼ ਜੀਵਨ ਤੇ ਰਚਨਾ’ ਅਨੁਸਾਰ ਪਾਸ਼ ਸੁਭਾਅ ਦੇ ਗੁਣਾਂ-ਔਗੁਣਾਂ ਪੱਖੋਂ ਦਰਮਿਆਨਾ, ਦ੍ਰਿੜ ਇਰਾਦਾ ਸ਼ਕਤੀ ਪ੍ਰਤੀ ਲਗਭਗ ਅਸਮਰੱਥ, ਨਿੱਜੀ ਬਿਹਤਰੀ ਦੇ ਲਈ ਕੋਸ਼ਿਸ਼ਾਂ ਨਾਂਹ ਦੇ ਬਰਾਬਰ, ਵਧੇਰੇ ਕਰ ਕੇ ਆਪੇ ਵਿੱਚ ਮਸਤ ਰਹਿਣ ਵਾਲਾ ਅਤੇ ਮੂਡ ਦਾ ਗੁਲਾਮ ਵਿਅਕਤੀ ਹੈ। ਉਸ ਦੇ ਇਸੇ ਸੁਭਾਅ ਦੀ ਝਲਕ ਉਸ ਦੀ ਡਾਇਰੀ ਤੋਂ ਮਿਲਦੀ ਹੈ। ਮੂਡੀ ਹੋਣ ਕਾਰਨ ਉਸ ਨੇ ਇਹ ਡਾਇਰੀ ਵੀ ਲਗਾਤਾਰਤਾ ਵਿੱਚ ਨਹੀਂ, ਸਗੋਂ ਮੂਡ ਅਨੁਸਾਰ ਹੀ ਲਿਖੀ ਹੈ। ਇਸ ਡਾਇਰੀ ਨੂੰ ਅਮਨਰਜੀਤ ਚੰਦਨ ਨੇ ਸੰਪਾਦਿਕ ਕੀਤਾ ਅਤੇ ‘ਆਪਣੇ ਨਾਲ ਗੱਲਾਂ’ ਸਿਰਲੇਖ ਹੇਠ ਪ੍ਰਕਾਸ਼ਿਤ ਕਰਵਾਇਆ। ਡਾਇਰੀ ਦੀ ਪੜ੍ਹਤ ਸ਼ੁਰੂ ਕਰਦਿਆਂ ਹੀ ਪਾਸ਼ ਦੀ ਮੂਡੀ ਸ਼ਖਸੀਅਤ, ਮਸਤ ਵਿਅਕਤੀ ਅਤੇ ਸਮਾਜ ਤੋਂ ਕੁਝ ਕੁ ਔਖੇ ਤੇ ਨਾਰਾਜ਼ ਵਿਅਕਤੀਤਵ ਦੇ ਦਰਸ਼ਨ ਪਾਠਕ ਨੂੰ ਹੁੰਦੇ ਹਨ। ਅਜਿਹੀ ਸ਼ਖਸੀਅਤ ਅਤੇ ਸਮਾਜ ਤੋਂ ਬੇਰੁਖੀ ਸ਼ਾਇਦ ਉਸ ਦੀ ਵਿਲੱਖਣ ਸੂਝ ਕਾਰਨ ਸੀ। ਇਸੇ ਸੋਚ ਅਤੇ ਵਿਲੱਖਣਤਾ ਕਾਰਨ ਹੀ ਜੀਵਨ ਵਿੱਚ ਉਸ ਨੂੰ ਅਣਗਿਣਤ ਤਲਖੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉਸ ਨੂੰ ਖੁਦ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਵਿੱਚ ਕੋਈ ਵਿਲੱਖਣਤਾ ਜ਼ਰੂਰ ਹੈ। ਕਵਿਤਾਵਾਂ ਵਿੱਚ ਉਸ ਦੇ ਨਿਵੇਕਲੇ ਅਨੁਭਵ ਦੀ ਪੇਸ਼ਕਾਰੀ ਉਸ ਦੀ ਭਾਸ਼ਾ ਤੇ ਸ਼ਬਦਾਵਲੀ ਕਰਦੀ ਹੈ। ਠੰਢੇ-ਠੰਢੇ ਤਾਰੇ, ਚੁੱਪ-ਚਾਪ ਹਵਾ, ਸੋਗਮਈ ਚਾਂਦਨੀ, ਮੁਹੱਬਤ ਦਾ ਮੁਰਦਾ ਅਹਿਸਾਸ ਵਰਗੇ ਸ਼ਬਦ ਆਮ ਹੀ ਉਸ ਦੀਆਂ ਕਵਿਤਾਵਾਂ ਵਿੱਚ ਮਿਲਦੇ ਹਨ। ਇਸੇ ਪ੍ਰਭਾਵ ਹੇਠ ਡਾਇਰੀ ਦੇ ਇੰਦਰਾਜ ਵੀ ਉਸ ਦੀਆਂ ਕਵਿਤਾਵਾਂ ਵਾਂਗ ਕਾਵਿਕ ਹਨ; ‘ਅੱਜ ਰਾਤ ਬਹੁਤ ਹਸੀਨ ਸੀ। ਰਾਤ ਭਰ ਰਾਤ ਨਾਲ ਗੱਲਾਂ ਕੀਤੀਆਂ। ਧਰਤੀ ਦੀ ਵਿਸ਼ਾਲ ਸੇਜ ਉੱਤੇ ਤਰੇਲ ਨੂੰ ਨਾਲ ਲੈ ਕੇ ਸੁੱਤੀ ਪਈ ਕਣਕ ਨਾਲ। ਚਾਨਣੀ ਨਾਲ ਰਸੀ ਪਈ ਟੋਕ ਦੇ ਢੇਰਾਂ ਨਾਲ। ਚੁੱਪਚਾਪ ਅਨਾਥ ਖੜ੍ਹੇ ਗੱਡਿਆਂ ਨਾਲ। ਨਿੱਘ ਅਤੇ ਠੰਢ ਵਿਚਕਾਰ ਸਰਹੱਦ ਬਣੀਆਂ ਛੰਨਾਂ ਨਾਲ। ਉਦਾਸ ਪਈਆਂ ਖੁਰਲੀਆਂ ਨਾਲ। ਚਿਰਾਂ ਤੋਂ ਜਾਣੂ ਸਿਆਣੂ ਕਮਾਦਾਂ ਨਾਲ। ਸੁਖਾਵੀਂ ਭਾਅ ਮਾਰਦੀ ਰੇਤ ਨਾਲ। ਆਰਾਮ ਦੀ ਨੀਂਦ ਕਬਰਾਂ ਹੇਠ ਸੁੱਤੇ ਪਏ ਬਜ਼ੁਰਗਾਂ ਨਾਲ।’
ਪਾਸ਼ ਨੇ ਆਪਣੀ ਡਾਇਰੀ ਵਿੱਚ ਉਨ੍ਹਾਂ ਅਨੁਭਵਾਂ ਅਤੇ ਉਨ੍ਹਾਂ ਲੋਕਾਂ ਬਾਰੇ ਦੱਸਿਆ ਹੈ, ਜੋ ਅੱਗੇ ਚੱਲ ਕੇ ਉਸ ਦੀਆਂ ਕਵਿਤਾਵਾਂ ਦਾ ਵਿਸ਼ਾ ਬਣਏ ਹਨ। ਪਾਸ਼ ਨੇ ਚੇਤੰਨ ਰੂਪ ਵਿੱਚ ਸਵੈ-ਬਿੰਬ ਚਿਤਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਦੀ ਸੋਚ ਉਸ ਦੇ ਇੰਦਰਾਜਾਂ ਵਿੱਚੋਂ ਹੀ ਪ੍ਰਗਟ ਹੁੰਦੀ ਹੈ। ਉਹ ਆਪ ਤਾਂ ਆਪਣੇ-ਆਪ ਨੂੰ ਗੁਣਹੀਣ ਵਿਅਕਤੀ ਹੀ ਮੰਨਦਾ ਹੈ-‘ਰਚਨਾ ਸਭ ਤੋਂ ਵੱਡੀ ਹੌਣੀ ਹੈ। ਹੋਰ ਕੁਝ ਵੀ ਏਡਾਂ ਬਲਵਾਨ ਨਹੀਂ। ਸਵਾਲ ਰਚਨਾ ਨੂੰ ਸਵੀਕਾਰ ਕਰਨ ਦਾ ਹੈ। ਜੋ ਕੁਝ ਕਿਸੇ ਤੋਂ ਸਵੀਕਾਰਿਆ ਨਹੀਂ ਜਾਂਦਾ, ਉਹੋ ਉਹਦੇ ਲਈ ਦੁੱਖ ਬਣ ਜਾਂਦਾ ਹੈ। ਮੇਰੇ ਰਾਹ ਵਿੱਚ ਬਹੁਤ ਸਾਰੇ ਟੁੱਟੇ ਫੁੱਟੇ ਲੋਕ ਆਏ ਤੇ ਮੇਰੇ ਲਈ ਸਾਬਤਿਆਂ ਲੰਘ ਜਾਣਾ ਹੀ ਸਭ ਤੋਂ ਵੱਡਾ ਸੰਘਰਸ਼ ਰਿਹਾ ਹੈ। ਮੈਂ ਬੜੀ ਹੀ ਸਹਿਜ ਨਾਲ ਆਪਣੀਆਂ ਹੌਣੀਆਂ ਨੂੰ ਸਵੀਕਾਰ ਕਰ ਲਿਆ ਹੈ। ਮੈਂ ਦੁਖੀ ਬਹੁਤ ਘੱਟ ਹੁੰਦਾ ਹਾਂ ਤੇ ਖੁਸ਼ ਵੀ ਬੜਾ ਘੱਟ। ਮੈਂ ਉਹੋ ਕੁਝ ਹਾਂ ਜੋ ਕਿ ਮੈਂ ਨਹੀਂ। ਅਤੇ ਜੋ ਮੈਂ ਨਹੀਂ ਹਾਂ, ਉਹ ਮੇਰੀ ਰਚਨਾ ਨਹੀਂ ਹੈ, ਇਸ ਲਈ ਮੈਂ ਕਦੀ ਇਸ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਨਹੀਂ ਸੋਚਿਆ। ਮੈਨੂੰ ਸਭ ਤੋਂ ਚੰਗਾ ਕੌਣ ਲੱਗਦਾ ਹੈ। ਸ਼ਾਇਦ ਕੋਈ ਵੀ ਨਹੀਂ। ਸਭ ਤੋਂ ਚੰਗਾ ਸਿਰਫ ਇੱਕ ਆਦਰਸ਼ ਹੈ, ਸੁਫਨਾ ਹੈ। ਚੰਗਾ ਹਰ ਕੋਈ ਹੁੰਦਾ ਹੈ। ਮੇਰੀ ਆਪਣੀ ਹੋਂਦ ਦੇ ਕੋਈ ਚੰਗਾ ਜਾਂ ਮਾੜਾ ਹੋਣ ਦੀ ਮਹੱਤਤਾ ਨਹੀਂ। ਮੇਰੀ ਹੋਂਦ ਸਿਰਫ ਇੱਕ ਸ਼ੀਸ਼ਾ ਹੈ ਜਿਸ ਉਤੇ ਵਰ੍ਹਿਆਂ ਦੇ ਧੋਖਿਆਂ ਨਾਲ ਕਿਤੋਂ-ਕਿਤੋਂ ਪਾਣੀ ਉਤਰ ਗਿਆ ਹੈ। ਮੈਂ ਅਜੇ ਵੀ ਲੋਕਾਂ ਦੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਪ੍ਰਤੀਬਿੰਬਤ ਕਰਨ ਦੀ ਕੋਸ਼ਿਸ਼ ਵਿੱਚ ਹਾਂ।”
ਸਾਹਿਤ ਰਚਨਾ ਨੂੰ ਉਹ ਆਪਣੀ ਸੋਚ, ਆਪਣੀ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਢੰਗ ਮੰਨਦਾ ਹੈ। ਕਿਤਾਬਾਂ ਦੀ ਗਿਣਤੀ ਵਧਾਉਣ ਲਈ ਲਿਖਣਾ ਅਤੇ ਕੇਵਲ ਨਾਮ ਦੇ ਸਾਹਿਤਕਾਰ ਅਖਵਾਉਣਾ ਉਸ ਨੂੰ ਮਨਜ਼ੂਰ ਨਹੀਂ ਸੀ। ਕਿਤਾਬਾਂ ਨੂੰ ਰਿਲੀਜ਼ ਕਰਨਾ ਤੇ ਸਿਰਫ ਮਸ਼ਹੂਰੀ ਲਈ ਸਮਾਗਮ ਰਚਣ ਨੂੰ ਉਹ ਸ਼ਖਸੀਅਤ ਦਾ ਬੌਣਾਪਨ ਮੰਨਦਾ ਸੀ। ਉਹ ਆਪਣੀ ਡਾਇਰੀ ਵਿੱਚ ਇਸ ਵਿਚਾਰਧਾਰਾ ਨੂੰ ਅਪਣਾਉਣ ਤੇ ਸਾਹਿਤਕ ਰਚਨਾ ਦੇ ਢੰਗਾਂ ਬਾਰੇ ਵਿਚਾਰ ਸਾਂਝੇ ਕਰਦਾ ਹੈ ਕਿ ਲੋਕ ਉਸ ਬਾਰੇ ਇਹੀ ਸਮਝਦੇ ਹਨ ਕਿ ਉਸ ਦੀ ਕਾਵਿ ਰਚਨਾ ਦੀ ਸੀਮਾ ਸਿਰਫ ਨਕਸਲੀ ਲਹਿਰ ਤੱਕ ਹੈ। ਉਹ ਇਸ ਵਿੱਚ ਸੱਚਾਈ ਵੀ ਮੰਨਦਾ ਅਤੇ ਖੁਸ਼ੀ ਪ੍ਰਗਟ ਕਰਦਾ ਹੈ ਕਿ ਰਚਨਾ ਅਤੇ ਸਾਹਿਤਕ ਸ਼ਖਸੀਅਤ ਦੇ ਪੱਖੋਂ ਉਹ ਇੰਨਾ ਬੌਣਾ ਨਹੀਂ। ਉਸ ਨੇ ਕਿਤਾਬਾਂ ਰਿਲੀਜ਼ ਕਰਨਾ ਅਤੇ ਸਮਾਗਮ ਰਚਣਾ ਆਦਿ ਦਾ ਸਾਹਿਤ ਰਚਨਾ ਨਾਲ ਕੋਈ ਸੰਬੰਧ ਨਹੀਂ ਸਮਝਿਆ ਤੇ ਉਸ ਦੀ ਇਹ ਸੋਚ ਉਸ ਦੇ ਮਿੱਤਰ ਕਵੀ ਅਮਿਤੋਜ ਦੇ ਪ੍ਰਭਾਵ ਹੇਠ ਹੀ ਸੀ।
ਉਹ ਹਮੇਸ਼ਾ ਆਪਣੇ ਗੁਣਾਂ-ਔਗੁਣਾਂ ਦੀ ਥਾਹ ਪਾਉਣ ਲਈ ਵਿਚਾਰਧਾਰਾ ਦਾ ਹੋਣਾ ਜ਼ਰੂਰੀ ਮੰਨਦਾ ਸੀ। ਉਸ ਲਈ ਵਿਚਾਰਧਾਰਾ ਤੋਂ ਅੱਡ ਹੋ ਕੇ ਪੜਚੋਲ, ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਕਾਰਜ ਸੰਭਵ ਨਹੀਂ ਹੋ ਸਕਦਾ। ਆਪਣੇ ਸੁਭਾਅ ਦੀ ਵਿਲੱਖਣਤਾ ਕਾਰਨ ਪਾਸ਼ ਧਰਮ ਨੂੰ ਮਨ ਦਾ ਬੋਝ ਮੰਨਦਾ ਹੈ ਤੇ ਆਪਣੀ ਡਾਇਰੀ ਵਿੱਚ ਗੁਰਦੁਆਰੇ ਵਿੱਚ ਸਿਰਫ ਵਿਖਾਵੇ ਲਈ ਆਈਆਂ ਔਰਤਾਂ ਅਤੇ ਮਰਦਾਂ ਉੱਤੇ ਵਿਅੰਗ ਕੱਸਦਾ ਹੈ। ਉਹ ਸਮਾਜ ਵਿੱਚ ਫੈਲੇ ਗਲਤ ਸਮਾਜਕ, ਧਾਰਮਿਕ ਤੇ ਰਾਜਨੀਤਕ ਵਰਤਾਰਿਆਂ ਨੂੰ ਭੰਡਦਾ ਹੈ। ਇਸ ਤਰ੍ਹਾਂ ਇਹ ਡਾਇਰੀ ਪਾਸ਼ ਦੇ ਵਿਅਕਤੀਤਵ ਨੂੰ ਜਾਣਨ ਲਈ ਇੱਕ ਨਿੱਜੀ ਦਸਤਾਵੇਜ਼ ਹੋ ਜਾਂਦੀ ਹੈ ਜਿਸ ਤੋਂ ਉਸ ਦੀ ਸੋਚ, ਸ਼ਖਸੀਅਤ ਅਤੇ ਵਿਚਾਰਧਾਰਾ ਦੇ ਦਰਸ਼ਨ ਸਹਿਜੇ ਹੀ ਹੋ ਜਾਂਦੇ ਹਨ।

 

 
Have something to say? Post your comment