Welcome to Canadian Punjabi Post
Follow us on

25

September 2021
 
ਨਜਰਰੀਆ

ਕੈਦੀ

August 05, 2021 03:28 AM

-ਕਮਲਜੀਤ ਸਿੰਘ ਬਨਵੈਤ
ਪਿੰਡੋਂ ਸਰਪੰਚ ਦਾ ਫੋਨ ਹੈ, ‘‘ਲੈ ਬਈ, ਸੰਤਾਲੀ ਦੇ ਰੌਲਿਆਂ ਦੀ ਆਪਣੇ ਪਿੰਡ ਨਾਲ ਜੁੜੀ ਆਖਰੀ ਨਿਸ਼ਾਨੀ ਵੀ ਗਈ। ਕੈਦੀ ਕਰਤਾਰ ਸਿੰਘ ਦੇ ਕਾਰੀ ਨੂੰ ਤੋਰ ਆਏ ਆਂ।” ਰੌਲਿਆਂ ਵੇਲੇ ਇਧਰ ਰਹੇ ਬਾਕੀ ਦੇ ਸਾਰੇ ਬੰਦੇ ਇੱਕ ਇੱਕ ਕਰ ਕੇ ਚਲੇ ਗਏ ਸਨ।
ਕਰਤਾਰ ਸਿੰਘ ਦਾ ਕਾਰੀ ਰੌਲਿਆਂ ਦੀ ਆਖਰੀ ਨਿਸ਼ਾਨੀ ਤਾਂ ਹੈ ਸੀ, ਜੋ ਅਦਲਾ-ਬਦਲੀ ਦੌਰਾਨ ਉਸ ਦੇ ਇਧਰ ਰਹਿ ਜਾਣ ਦੀ ਗੱਲ ਚੇਤੇ ਕਰੀਏ ਤਾਂ ਕਦੇ ਕਦੇ ਆਪਣੇ ਪੁਰਖਿਆਂ ਦੇ ਮੂੰਹੋਂ ਸੁਣੀ ਗੱਲ ਦਾ ਯਕੀਨ ਨਹੀਂ ਆਉਂਦਾ। ਕਾਰੀ ਮੁਸਲਮਾਨ ਰੰਘੜ ਦਾ ਪੁੱਤਰ ਸੀ। ਜਦੋਂ ਰੌਲੇ ਪਏ ਤਾਂ ਸਭ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੈਸਾ ਧੇਲਾ ਛੱਡੋ, ਮਾਵਾਂ ਤੋਂ ਪੁੱਤ ਨਹੀਂ ਸੰਭਾਲੇ ਗਏ। ਇੱਜ਼ਤ ਲੁੱਟ ਹੋਣ ਤੋਂ ਡਰਦਿਆਂ ਕਈ ਮੁਟਿਆਰਾਂ ਨੇ ਜਾਨ ਦੇ ਦਿੱਤੀ। ਮਾਪਿਆਂ ਵੱਲੋਂ ਲੜਕੀਆਂ ਨੂੰ ਹੱਥੀਂ ਮਾਰਨ ਦੀ ਟਾਵੀਂ ਟਾਵੀਂ ਘਟਨਾ ਵੀ ਸੁਣੀ ਸੀ।
ਵਡੇਰੇ ਦੱਸਦੇ ਹਨ ਕਿ ਇੱਕ ਮੁਸਲਮਾਨ ਪਰਵਾਰ ਆਪਣੇ ਰਿਸ਼ਤੇਦਾਰਾਂ ਸਮੇਤ ਜਦੋਂ ਔੜ-ਉੜਾਪੜ ਛੱਡ ਕੇ ਪਾਕਿਸਤਾਨ ਭੱਜਣ ਲੱਗਾ ਤਾਂ ਪੁੱਤਰ ਕਾਰੀ ਨੂੰ ਉਹਨੂੰ ਭਾਰ ਲੱਗਾ। ਆਪਣੀਆਂ ਅੱਖਾਂ ਸਾਹਮਣੇ ਬੱਚੇ ਦੇ ਕਤਲ ਹੋਣ ਦੀ ਕਲਪਨਾ ਨਾਲ ਉਹ ਕੰਬ ਉਠਿਆ ਤੇ ਉਹਨੇ ਪਿੰਡ ਦੇ ਲਹਿੰਦੇ ਪਾਸੇ ਵਗਦੀ ਨਹਿਰ ਵਿੱਚ ਵਗਾਹ ਮਾਰਿਆ। ਪਾਣੀ ਨੇ ਉਸੇ ਰਫਤਾਰ ਨਾਲ ਕਾਰੀ ਮੋੜ ਦਿੱਤਾ। ਦੋ ਵਾਰ ਇੰਝ ਹੋਇਆ। ਤੀਜੀ ਵਾਰ ਪਾਣੀ ਨੇ ਨਹਿਰ ਵਿੱਚੋਂ ਚੁੱਕ ਕੇ ਬਾਹਰ ਮਾਰਿਆ ਤਾਂ ਮੁਸਲਮਾਨਾਂ ਨੂੰ ਪਿੰਡ ਦੀ ਹੱਦ ਪਾਰ ਕਰਾਉਣ ਜਾਂਦਾ ਕਰਤਾਰ ਸਿੰਘ ਉਹਨੂੰ ਚੁੱਕ ਲਿਆਇਆ। ਕਰਤਾਰ ਸਿੰਘ ਨੇ ਕਾਰੀ ਨੂੰ ਆਪਣੇ ਕੋਲ ਰੱਖ ਕੇ ਪੁੱਤਰਾਂ ਵਾਂਗ ਪਾਲਿਆ। ਉਨ੍ਹੀਂ ਦਿਨੀਂ ਸਾਡੇ ਪਿੰਡਾਂ ਵਿੱਚ ਮੂਸੇ ਰੰਘੜ ਦਾ ਬੜਾ ਖੌਫ ਸੀ। ਇੱਕ ਦਿਨ ਸ਼ਾਮ ਢਲੇ ਦੀ ਗੱਲ ਹੈ। ਪਿੰਡੇ ਦੇ ਖੱਬੇ ਪਾਸੇ ਪੈਂਦੇ ਮੰਡ ਵੱਲ ਦਰਿਆ ਨੇੜੇ ਲਾ ਲਾ ਲਾ ਲਾ ਹੋ ਗਈ। ਰੌਲੀ ਪੈ ਗਈ, ਬਈ ਕਰਤਾਰ ਸਿੰਘ ਨੇ ਤਲਵਾਰ ਨਾਲ ਮੂਸਾ ਰੰਘੜ ਵੱਢ ਦਿੱਤਾ ਹੈ। ਵਾਰਦਾਤ ਮਗਰੋਂ ਤੂਫਾਨ ਜਿਹਾ ਉਠ ਪਿਆ। ਕਰਤਾਰ ਸਿੰਘ ਮੂਸੇ ਦੀ ਘਰ ਵਾਲੀ ਨੂੰ ਨਾਲ ਲੈ ਕੇ ਪਹਿਲਾਂ ਉਰੇ ਪਰੇ ਰਿਹਾ, ਫਿਰ ਮਹੀਨਾ ਭਰ ਬਚਦਾ-ਬਚਾਉਂਦਾ ਆਪੇ ਥਾਣੇ ਜਾ ਪੇਸ਼ ਹੋਇਆ। ਉਹਨੇ ਮੂਸੇ ਦੀ ਘਰਵਾਲੀ ਕਮਲਾ ਉੱਤੇ ਚਾਦਰ ਪਾ ਲਈ। ਮੂਸੇ ਵਾਲੇ ਕੇਸ ਵਿੱਚ ਉਹਨੂੰ ਉਮਰ ਕੈਦ ਹੋ ਗਈ। ਉਂਝ ਉਸ ਦੇ ਜੇਲ੍ਹ ਜਾਣ ਪਿੱਛੋਂ ਕਮਲਾ ਨੇ ਕਾਰੀ ਨੂੰ ਰੀਝ ਨਾਲ ਪਾਲਿਆ। ਕਰਤਾਰ ਸਿੰਘ ਦੇ ਕਾਰੇ ਦਾ ਉਸ ਉਤੇ ਪਰਛਵਾਂ ਨਾ ਪੈਣ ਦਿੱਤਾ। ਪਿੰਡ ਵਾਲਿਆਂ ਨੇ ਵੀ ਜਿਵੇਂ ਅੱਜ ਤੱਕ ਜੀਭ ਨੂੰ ਤਾਲਾ ਲਾਈ ਰੱਖਿਆ ਸੀ, ਪਰ ਉਮਰ ਭਰ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਉਹਦਾ ਨਾਂਅ ਕੈਦੀ ਕਰਤਾਰ ਸਿੰਘ ਪੈ ਗਿਆ ਸੀ। ਫਿਰ ਸੁਣਨ ਨੂੰ ਮਿਲਿਆ ਕਿ ਚੰਗੇ ਚਰਿੱਤਰ ਕਾਰਨ ਉਹਦੀ ਸਜ਼ਾ ਮੁਆਫ ਹੋ ਗਈ ਹੈ।
ਕਰਤਾਰ ਸਿੰਘ ਨੇ ਜੇਲ੍ਹ ਤੋਂ ਆ ਕੇ ਬੰਜਰ ਪਈ ਜ਼ਮੀਨ ਆਬਾਦ ਕੀਤੀ। ਕਾਰੀ ਵੀ ਬਾਪ ਦਾ ਹੱਥ ਵਟਾਉਣ ਲੱਗਾ। ਪਿੰਡ ਵਿੱਚ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪਿੱਤਲ ਲੱਗੇ ਜਾਤੂਆਂ ਵਾਲਾ ਗੱਡਾ ਲਿਆ ਸੀ, ਕਰਤਾਰ ਸਿੰਘ ਦਾ ਨਾਂਅ ਉਨ੍ਹਾਂ ਵਿੱਚ ਆਉਂਦਾ ਹੈ। ਫਿਰ ਉਹਨੇ ਰੇਹੜੀ ਲੈਣ ਤੋਂ ਪਹਿਲਾਂ ਉੱਚੀਆਂ ਢੁੱਡਾਂ ਵਾਲੇ ਬਲਦ ਵੀ ਲਏ। ਚਾਚੇ ਗਿਆਨੀ ਜਗਤਾਰ ਸਿੰਘ ਦੀ ਬਰਾਤ ਅਸੀਂ ਕਰਤਾਰ ਸਿੰਘ ਦੀ ਰੇਹੜੀ ਉੱਤੇ ਲੈ ਗਏ ਸੀ। ਬਲਦਾਂ ਦੇ ਸਿੰਙਾਂ ਨੂੰ ਨਾਭੀ ਪੱਗਾਂ ਬੰਨ੍ਹੀਆਂ ਹੋਈਆਂ ਸਨ ਅਤੇ ਤੇਲ ਲਾਏ ਕਾਲੇ ਸਿੰਙ ਦੂਰੋਂ ਲਸ਼ਕਾਂ ਮਾਰਦੇ ਸਨ।
ਪੜ੍ਹ-ਪੜ੍ਹਾ ਕੇ ਅਸੀਂ ਦੋ ਦਹਾਕੇ ਪਹਿਲਾਂ ਪਿੰਡ ਛੱਡ ਕੇ ਚੰਡੀਗੜ੍ਹ ਆਣ ਵਸੇ। ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਪਿੰਡ ਨਾਲ ਬਹੁਤਾ ਵਾਸਤਾ ਨਾ ਰਿਹਾ, ਪਰ ਤਾਏ ਦਾ ਮੁੰਡਾ ਸਰਪੰਚ ਹੈ। ਉਹ ਕਿਸੇ ਨਾ ਕਿਸੇ ਸਮਾਗਮ ਉੱਤੇ ਸੱਦੀ ਰੱਖਦਾ ਹੈ। ਉਹਨੇ ਮੈਨੂੰ ਪਿੰਡ ਦੀ ਭਲਾਈ ਲਈ ਬਣਾਈ ਸਲਾਹਕਾਰ ਕਮੇਟੀ ਦਾ ਸਰਪ੍ਰਸਤ ਬਣਾਇਆ ਹੋਇਆ ਹੈ। ਉਸ ਤੋਂ ਜਦੋਂ ਵੀ ਪਿੰਡ ਦੀ ਖਬਰ ਸਾਰ ਪੁੱਛੀਦੀ ਹੈ ਤਾਂ ਕਰਤਾਰ ਸਿੰਘ ਤੇ ਕਾਰੀ ਬਾਰੇ ਜ਼ਰੂਰ ਪੁੱਛ ਲਈਦਾ ਹੈ। ਜਦੋਂ ਉਹਦਾ ਫੋਨ ਆਇਆ ਤਾਂ ਉਹਨੇ ਗੱਲ ਇੱਥੋਂ ਸ਼ੁਰੂ ਕੀਤੀ, ‘‘ਚਾਚਾ ਮੈਂ ਭੁੱਲ ਗਿਆ, ਕੈਦੀ ਕਰਤਾਰ ਸਿੰਘ ਪਰਸੋਂ ਪੂਰਾ ਹੋ ਗਿਆ ਸੀ। ਅੱਜ ਕਾਰੀ ਚਲੇ ਗਿਆ।” ਮੈਨੂੰ ਥੋੜ੍ਹਾ ਝਟਕਾ ਲੱਗਾ ਕਿ ਮੈਨੂੰ ਉਸ ਦਿਨ ਕਿਉਂ ਨਾ ਦੱਸਿਆ। ਕਰਤਾਰ ਸਿੰਘ ਮੈਨੂੰ ਹਮੇਸ਼ਾ ਸਾਰੇ ਪਿੰਡ ਵਾਲਿਆਂ ਤੋਂ ਵੱਖਰਾ ਲੱਗਦਾ ਸੀ। ਇੱਕ ਪਾਸੇ ਇੰਨਾ ਨਰਮ ਕਿ ਰੌਲਿਆਂ ਵੇਲੇ ਭੱਜੇ ਜਾਂਦੇ ਮੁਸਲਮਾਨਾਂ ਦਾ ਸੁੱਟਿਆ ਬੱਚਾ ਚੁੱਕ ਕੇ ਹਿੱਕ ਨਾਲ ਲਾ ਲਿਆ, ਦੂਜੇ ਬੰਨ੍ਹੇ ਕਿਸੇ ਦੀ ਟੈਂਅ ਨਾ ਮੰਨਣ ਵਾਲੇ ਮੂਸੇ ਦੇ ਟੋਟੇ ਕਰਨ ਤੋਂ ਬਾਅਦ ਪੁਲਸ ਅੱਗੇ ਜਾ ਖੜ੍ਹਿਆ। ਮੈਂ ਸਰਪੰਚ ਕੋਲ ਅਜੇ ਮਨ ਦੀ ਗੱਲ ਕਰਨ ਲੱਗਾ ਸੀ ਕਿ ਉਹਨੇ ਪੂਰੀ ਗੱਲ ਦੱਸ ਦਿੱਤੀ, ‘ਦੋਵਾਂ ਦੀ ਇੱਛਾ ਸੀ ਕਿ ਪਿਓ-ਪੁੱਤਰ ਨੂੰ ਇੱਕੋ ਥਾਂ ਦਫਨਾਇਆ/ ਸਸਕਾਰ ਕੀਤਾ ਜਾਵੇ। ਪਿੰਡ ਵਾਲਿਆਂ ਨੇ ਸ਼ਮਸ਼ਾਨਘਾਟ ਦੇ ਇੱਕ ਪਾਸੇ ਜਿੱਥੇ ਕੈਦੀ ਕਰਤਾਰ ਸਿੰਘ ਦਾ ਸਸਕਾਰ ਕੀਤਾ ਸੀ, ਉਥੇ ਅੱਜ ਕਾਰੀ ਨੂੰ ਦਫਨਾ ਦਿੱਤਾ।’
‘‘ਓ ਭਾਈ ਮੈਨੂੰ ਤਾਂ ਬੁਲਾ ਲੈਂਦੇ, ਉਂਝ ਗੱਲ ਗੱਲ ਲਈ ਚੰਡੀਗੜ੍ਹ ਵਾਲੇ ਚਾਚੇ ਨੂੰ ਫੋਨ ਖੜਕਾਉਂਦੇ ਰਹਿੰਦੇ ਹੋ।” ਮੈਥੋਂ ਰਿਹਾ ਨਾ ਗਿਆ।
‘‘ਤੁਸੀਂ ਆ ਜਾਇਓ ਸ਼ਨੀਵਾਰ ਸ਼ਾਮ ਨੂੰ। ਐਤਵਾਰ ਦਾ ਭੋਗ ਹੈ। ਉਸ ਤੋਂ ਪਹਿਲਾਂ ਸਲਾਹ ਵੀ ਕਰਨੀ, ਦੋਵਾਂ ਦੀ ਯਾਦਗਾਰ ਬਾਰੇ। ਨਾਲੇ ਚਾਚੀ ਕਮਲਾ ਕਹਿ ਰਹੀ ਸੀ ਕਿ ਇੰਨੇ ਸਿਆੜ, ਮਾਲ-ਡੰਗਰ ਮੈਂ ਕੀ ਕਰਨੇ। ਮੇਰੇ ਮਗਰਲੇ ਦਿਨਾਂ ਜੋਗੇ ਰੱਖ ਕੇ ਬਾਕੀ ਸਾਰੇ ਸਾਂਝੇ ਕੰਮ ਉੱਤੇ ਲਾ ਦਿਓ ਜਿਹਦੇ ਨਾਲ ਦੋਹੀਂ ਪਾਸੀਂ (ਲਹਿੰਦਾ ਚੜ੍ਹਦਾ ਪੰਜਾਬ) ਭਰਾ-ਭਰਾ ਦੇ ਖੂਨ ਦੇ ਰਿਸ਼ਤੇ ਦਾ ਸੁਨੇਹਾ ਜਾਂਦਾ ਰਹੇ।'' ਮੈਥੋਂ ਇੰਨਾ ਹੀ ਕਿਹਾ ਗਿਆ, ‘‘ਤੂੰ ਫੋਨ ਰੱਖ, ਮੈਂ ਸ਼ੁੱਕਰਵਾਰ ਨੂੰ ਆਇਆ।”

 
Have something to say? Post your comment