Welcome to Canadian Punjabi Post
Follow us on

25

September 2021
 
ਨਜਰਰੀਆ

ਮੁੜ ਖਤਰਾ ਬਣਦਾ ਅਫਗਾਨਿਸਤਾਨ

August 03, 2021 02:24 AM

-ਸੰਜੇ ਗੁਪਤ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਸੱਤਾ ਸੰਭਾਲਦੇ ਹੀ ਇਹ ਗੱਲ ਸਪੱਸ਼ਟ ਹੋਣ ਲੱਗੀ ਸੀ ਕਿ ਅਮਰੀਕਾ ਅਫਗਾਨਿਸਤਾਨ ਤੋਂ ਜਲਦ ਹੀ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਲਵੇਗਾ। ਆਖਰ ਇਹ ਹੀ ਹੋਇਆ। ਕੁਝ ਸਮਾਂ ਪਹਿਲਾਂ ਬਾਇਡੇਨ ਨੇ ਅਚਾਨਕ ਐਲਾਨ ਕਰ ਦਿੱਤਾ ਕਿ 31 ਅਗਸਤ ਤੱਕ ਅਮਰੀਕੀ ਫੌਜਾਂ ਅਫਗਾਨਿਸਤਾਨ ਤੋਂ ਆਪਣੇ ਸਾਜੋ-ਸਾਮਾਨ ਨਾਲ ਵਾਪਸ ਆ ਜਾਣਗੀਆਂ। ਇਸ ਐਲਾਨ ਨਾਲ ਤਾਲਿਬਾਨ ਨੇ ਆਪਣੀ ਫੌਜੀ ਸਰਗਰਮੀ ਹੋਰ ਵਧਾ ਦਿੱਤੀ। ਉਹ ਅਮਰੀਕਾ ਨਾਲ ਹੋਏ ਸਮਝੌਤੇ ਨੂੰ ਭੁਲਾ ਕੇ ਅਫਗਾਨਿਸਤਾਨ ਦੇ ਵੱਧ ਤੋਂ ਵੱਧ ਇਲਾਕੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਸਰਹੱਦੀ ਇਲਾਕਿਆਂ ਨੂੰ ਖਾਸ ਤੌਰ ਉੱਤੇ ਕਬਜ਼ੇ ਹੇਠ ਲੈਣ ਦੀ ਕੋਸ਼ਿਸ਼ ਵਿੱਚ ਹੈ ਤਾਂ ਕਿ ਅਫਗਾਨਿਸਤਾਨ ਸਰਕਾਰ ਨੂੰ ਕਮਜ਼ੋਰ ਕੀਤਾ ਜਾ ਸਕੇ। ਉਹ ਵੱਡੇ ਸ਼ਹਿਰਾਂ ਉੱਤੇ ਵੀ ਕਬਜ਼ਾ ਕਰਨ ਦੀ ਝਾਕ ਵਿੱਚ ਹੈ।
ਇਸੇ ਸਿਲਸਿਲੇ ਵਿੱਚ ਤਾਲਿਬਾਨ ਨੇ ਕੰਧਾਰ ਦੀ ਘੇਰਾਬੰਦੀ ਸ਼ੁਰੂ ਕੀਤੀ ਅਤੇ ਪਿਛਲੇ ਦਿਨੀਂ ਪਾਕਿਸਤਾਨ ਨਾਲ ਲੱਗਦੇ ਸਪਿਨ ਬੋਲਡਾਕ ਇਲਾਕੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਉਹੀ ਇਲਾਕਾ ਹੈ, ਜਿੱਥੇ ਤਾਲਿਬਾਨ ਨੇ ਭਾਰਤੀ ਫੋਟੋ ਜਰਨਲਿਸਟ ਦਾਨਿਸ਼ ਸਿੱਦੀਕੀ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ। ਉਸ ਦਾ ਕਤਲ ਇਸ ਲਈ ਕੀਤਾ ਸੀ ਕਿ ਉਹ ਭਾਰਤੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਤਾਲਿਬਾਨ ਭਾਰਤ ਨਾਲ ਨਫਰਤ ਕਰਦੇ ਹਨ। ਤਾਲਿਬਾਨ ਦੀ ਲੜਾਈ ਆਸਾਨ ਬਣਾਉਣ ਲਈ ਪਾਕਿਸਤਾਨ ਤੋਂ ਲਸ਼ਕਰ ਤੇ ਜੈਸ਼ ਦੇ ਲੜਾਕੇ ਅਫਗਾਨਿਸਤਾਨ ਪੁੱਜ ਗਏ ਹਨ। ਜਦ ਅਮਰੀਕਾ ਦੀਆਂ ਬਚੀਆਂ-ਖੁਚੀਆਂ ਫੌਜਾਂ ਅਫਗਾਨਿਸਤਾਨ ਤੋਂ ਵਾਪਸ ਜਾਣ ਦੀ ਤਿਆਰੀ ਕਰ ਰਹੀਆਂ ਹਨ ਤੋਂ ਅਮਰੀਕਾ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਰਾਕ ਤੋਂ ਵੀ ਇੱਕ ਸਾਲ ਦੇ ਅੰਦਰ ਫੌਜਾਂ ਨੂੰ ਵਾਪਸ ਬੁਲਾ ਲਵੇਗਾ।
ਅਮਰੀਕਾ ਨੇ ਦੋ ਦਹਾਕੇ ਪਹਿਲਾਂ ਅਫਗਾਨਿਸਤਾਨ ਅਤੇ ਪੱਛਮੀ ਏਸ਼ੀਆ ਤੋਂ ਅੱਤਵਾਦ ਨੂੰ ਸਮਾਪਤ ਕਰਨ ਲਈ ਇੱਥੇ ਆਪਣੇ ਕਦਮ ਰੱਖੇ ਸਨ, ਪਰ ਉਹ ਅਜਿਹਾ ਕੀਤੇ ਬਿਨਾਂ ਹੀ ਫੌਜਾਂ ਵਾਪਸ ਬੁਲਾ ਰਿਹਾ ਹੈ। ਅਫਗਾਨਿਸਤਾਨ ਅਤੇ ਇਰਾਕ ਤੋਂ ਫੌਜਾਂ ਵਾਪਸ ਬੁਲਾਉਣ ਦਾ ਡੈਮੋਕ੍ਰੇਟਿਕ ਪਾਰਟੀ ਦਾ ਫੈਸਲਾ ਅਮਰੀਕੀ ਨਾਗਰਿਕਾਂ ਦੀ ਸੋਚਣੀ ਉੱਤੇ ਆਧਾਰਤ ਹੈ ਕਿ ਆਖਰ ਉਨ੍ਹਾਂ ਦੇ ਆਪਣੇ ਲੋਕ ਦੂਜੇ ਦੇਸ਼ਾਂ ਵਿੱਚ ਆਪਣੀ ਜਾਨ ਕਿਉਂ ਗੁਆਉਣ? ਅਮਰੀਕਾ ਇਸ ਨੀਤੀ ਉੱਤੇ ਪੁੱਜ ਰਿਹਾ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਅੱਤਵਾਦੀ ਸੰਗਠਨ ਸਰਗਰਮ ਹਨ ਅਤੇ ਉਹ ਅਮਰੀਕੀ ਹਿੱਤਾਂ ਲਈ ਖਤਰਾ ਬਣ ਸਕਦੇ ਹਨ, ਉਥੋਂ ਦੀ ਜ਼ਮੀਨ ਉੱਤੇ ਆਪਣੇ ਫੌਜੀਆਂ ਨੂੰ ਉਤਾਰਨ ਤੋਂ ਬਚਿਆ ਜਾਵੇ। ਇਸ ਦੀ ਬਜਾਏ ਉਹ ਡਰੋਨ ਜਾਂ ਹਵਾਈ ਹਮਲਿਆਂ ਰਾਹੀਂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਕਰੇਗਾ। ਇਨ੍ਹੀਂ ਦਿਨੀਂ ਉਹ ਇਹੀ ਕੰਮ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਖਿਲਾਫ ਕਰ ਰਿਹਾ ਹੈ। ਫਿਲਹਾਲ ਇਹ ਕਹਿਣਾ ਔਖਾ ਹੈ ਕਿ ਅਮਰੀਕਾ ਦੇ ਹਵਾਈ ਹਮਲੇ ਤਾਲਿਬਾਨ ਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਰਹੇ ਹਨ, ਕਿਉਂਕਿ ਉਹ ਆਪਣੇ ਕਦਮ ਪਿੱਛੇ ਖਿੱਚਦੇ ਜਾਂ ਉਸ ਸਮਝੌਤੇ ਦੀ ਪਾਲਣਾ ਕਰਦੇ ਨਹੀਂ ਦਿੱਸ ਰਹੇ, ਜੋ ਅਮਰੀਕਾ ਨਾਲ ਹੋਇਆ ਸੀ।
ਅਫਗਾਨਿਸਤਾਨ ਛੱਡਣ ਦੇ ਅਮਰੀਕਾ ਦੇ ਫੈਸਲੇ ਤੋਂ ਭਾਰਤ ਦਾ ਚਿੰਤਤ ਹੋਣਾ ਸੁਭਾਵਿਕ ਹੈ ਕਿਉਂਕਿ ਉਥੇ ਉਨ੍ਹਾਂ ਤਾਲਿਬਾਨ ਦੇ ਕਾਬਜ਼ ਹੋਣ ਦਾ ਡਰ ਵਧ ਗਿਆ ਹੈ, ਜੋ ਨਾ ਸਿਰਫ ਤਰ੍ਹਾਂ-ਤਰ੍ਹਾਂ ਦੇ ਅੱਤਵਾਦੀ ਸੰਗਟਨਾਂ ਨੂੰ ਪਨਾਹ ਦਿੰਦੇ ਹਨ, ਸਗੋਂ ਪਾਕਿਸਤਾਨ ਦੇ ਪਿੱਠੂ ਹਨ। ਤਾਲਿਬਾਨ ਦੇ ਖਤਰਨਾਕ ਇਰਾਦੇ ਕਾਰਨ ਅਫਗਾਨਿਸਤਾਨ ਵਿੱਚ ਭਾਰਤ ਦੇ ਹਿੱਤਾਂ ਲਈ ਗੰਭੀਰ ਖਤਰਾ ਖੜ੍ਹਾ ਹੋਣ ਦੇ ਨਾਲ ਇਸ ਡਰ ਵਧ ਗਿਆ ਹੈ ਕਿ ਪਾਕਿਸਤਾਨ ਤਾਲਿਬਾਨ ਦੀ ਮਦਦ ਨਾਲ ਕਸ਼ਮੀਰ ਵਿੱਚ ਅੱਤਵਾਦ ਨੂੰ ਵਧਾਉਣ ਦਾ ਕੰਮ ਕਰ ਸਕਦਾ ਹੈ। ਭਾਰਤ ਅਫਗਾਨਿਸਤਾਨ ਦੇ ਨਿਰਮਾਣ ਵਿੱਚ ਰੁੱਝਿਆ ਹੋਇਆ ਸੀ। ਉਸ ਨੇ ਇਸ ਮੁਲਕ ਵਿੱਚ ਸਕੂਲ, ਸੜਕਾਂ, ਸੰਦ ਭਵਨ ਸਮੇਤ ਬੁਨਿਆਦੀ ਢਾਂਚਾ ਖੜ੍ਹਾ ਕਰਨ ਦਾ ਇੱਕ ਵੱਡਾ ਕੰਮ ਕੀਤਾ ਹੈ। ਉਹ ਅਫਗਾਨਿਸਤਾਨ ਨੂੰ ਇੱਕ ਲੋਕਤੰਤਰੀ ਦੇਸ਼ ਦੇ ਰੂਪ ਵਿੱਚ ਸਥਾਪਤ ਕਰਨ ਲਈ ਹਰ ਸੰਭਵ ਇਮਦਾਦ ਦੇ ਰਿਹਾ ਸੀ। ਤਾਲਿਬਾਨ ਅਫਗਾਨਿਸਤਾਨ ਦੇ ਨਾਲ-ਨਾਲ ਮੱਧ ਏਸ਼ੀਆ ਦੇ ਦੇਸ਼ਾਂ ਅਤੇ ਭਾਰਤ ਲਈ ਵੀ ਇੱਕ ਗੰਭੀਰ ਚੁਣੌਤੀ ਹੈ।
ਇਹ ਵੀ ਹਕੀਕਤ ਹੈ ਕਿ ਅਫਗਾਨਿਸਤਾਨ ਦਾ ਅਵਾਮ ਸ਼ੁਰੂ ਤੋਂ ਭਾਰਤ ਦੇ ਹੱਕ ਵਿੱਚ ਹੈ। ਭਾਰਤੀ ਮੂਲ ਦੇ ਲੱਖਾਂ ਲੋਕ ਪ੍ਰਾਚੀਨ ਕਾਲ ਤੋਂ ਉਥੇ ਵਸੇ ਹੋਏ ਸਨ। ਅਫਸੋਸਨਾਕ ਇਹ ਹੈ ਕਿ ‘ਦੀਨ' ਦੇ ਨਾਮ ਉੱਤੇ ਲੜ ਰਹੇ ਕੱਟੜਪੰਥੀ ਗੈਰ-ਮੁਸਲਮਾਨਾਂ ਨੂੰ ਕਾਫ਼ਰ ਸਮਝ ਕੇ ਉਨ੍ਹਾਂ ਦੇ ਹਮਲੇ ਕਰ ਰਹੇ ਹਨ। ਇਸੇ ਕਰ ਕੇ ਅਫਗਾਨਿਸਤਾਨ ਵਿੱਚ ਹਿੰਦੂ-ਸਿੱਖਾਂ ਦੀ ਆਬਾਦੀ ਨਿਗੂਣੀ ਰਹਿ ਗਈ ਹੈ। ਇਸ ਚੁਣੌਤੀ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਭਾਰਤ ਆਏ ਅਤੇ ਉਨ੍ਹਾਂ ਨਾਲ ਭਾਰਤੀ ਨੇਤਾਵਾਂ ਦੀ ਅਫਗਾਨਿਸਤਾਨ ਦੇ ਮੁੱਦੇ ਉੱਤੇ ਵਿਆਪਕ ਗੱਲਬਾਤ ਹੋਈ ਹੈ। ਉਨ੍ਹਾਂ ਪਿੱਛੋਂ ਅਮਰੀਕੀ ਫੌਜ ਦੇ ਮੁਖੀ ਵੀ ਭਾਰਤ ਦੌਰੇ ਉੱਤੇ ਆਏ। ਅਫਗਾਨਿਸਤਾਨ ਬਾਰੇ ਭਾਰਤ ਤੇ ਅਮਰੀਕਾ ਦੀ ਚਰਚਾ ਇਸ ਲਈ ਜ਼ਰੂਰੀ ਹੈ ਕਿ ਜਦੋਂ ਅਮਰੀਕੀ ਵਿਦੇਸ਼ ਮੰਤਰੀ ਭਾਰਤ ਵਿੱਚ ਸਨ, ਓਦੋਂ ਚੀਨੀ ਵਿਦੇਸ਼ ਮੰਤਰੀ ਤਾਲਿਬਾਨ ਦੇ ਨੇਤਾਵਾਂ ਨੂੰ ਚੀਨ ਸੱਦ ਕੇ ਬੈਠਕਾਂ ਕਰ ਰਹੇ ਸਨ। ਚੀਨ ਨੇ ਤਾਲਿਬਾਨ ਨੇਤਾਵਾਂ ਦੀ ਜਿਵੇਂ ਆਓਭਗਤ ਕੀਤੀ, ਉਸ ਤੋਂ ਭਾਰਤ ਤੇ ਅਮਰੀਕਾ ਦੀ ਚਿੰਤਾ ਹੋਰ ਵਧੀ ਹੈ। ਇਹ ਸ਼ੱਕ ਡੂੰਘਾ ਹੋ ਰਿਹਾ ਹੈ ਕਿ ਚੀਨ ਅਤੇ ਪਾਕਿਸਤਾਨ ਮਿਲ ਕੇ ਅਫਗਾਨਿਸਤਾਨ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰਨਗੇ।
ਅਫਗਾਨਿਸਤਾਨ ਵਿੱਚ ਅਮਰੀਕਾ ਦੀ ਨਾਕਾਮੀ ਤੋਂ ਹੈਰਾਨੀ ਨਹੀਂ ਹੈ। ਉਹ ਉਥੇ ਇਸ ਲਈ ਨਾਕਾਮ ਹੋਇਆ ਕਿ ਉਸ ਨੇ ਤਾਲਿਬਾਨ ਦੀ ਸਰਪ੍ਰਸਤੀ ਕਰਦੇ ਪਾਕਿਸਤਾਨ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਪਹਿਲਾਂ ਰੂਸ ਵੀ ਅਫਗਾਨਿਸਤਾਨ ਵਿੱਚ ਨਾਕਾਮ ਹੋ ਚੁੱਕਾ ਹੈ। ਜਦ ਰੂਸੀ ਫੌਜਾਂ ਅਫਗਾਨਿਸਤਾਨ ਵਿੱਚ ਸਨ, ਅਮਰੀਕਾ ਨੇ ਮੁਜਾਹਦੀਨ ਤਿਆਰ ਕਰ ਕੇ ਉਨ੍ਹਾਂ ਨੂੰ ਹਥਿਆਰ ਦਿੱਤੇ ਸਨ। ਫਿਰ ਉਨ੍ਹਾਂ ਦਾ ਸਥਾਨ ਤਾਲਿਬਾਨ ਨੇ ਲੈ ਲਿਆ। ਇਨ੍ਹਾਂ ਨੂੰ ਪਾਕਿਸਤਾਨ ਨੇ ਸਿਖਲਾਈ ਦਿੱਤੀ ਤੇ ਅਮਰੀਕਾ ਨੇ ਵੀ ਮਦਦ ਕੀਤੀ। ਉਦੋਂ ਸ਼ਾਇਦ ਅਮਰੀਕਾ ਨੂੰ ਪਤਾ ਨਹੀਂ ਸੀ ਕਿ ਜਿਸ ਤਾਲਿਬਾਨ ਦੀ ਉਹ ਮਦਦ ਕਰ ਰਿਹਾ ਹੈ, ਉਹੀ ਉਸ ਦੇ ਸੀਨੇ ਵਿੱਚ ਖੰਜਰ ਮਾਰੇਗਾ। ਤਾਲਿਬਾਨ ਨੇ ਉਸ ਅਲ ਕਾਇਦਾ ਨੂੰ ਪਾਲਿਆ ਜਿਸ ਨੇ 9-11 ਦੇ ਹਮਲੇ ਕੀਤੇ। ਤਾਲਿਬਾਨ ਅਤੇ ਅਲ ਕਾਇਦਾ ਜਿੰਨਾ ਖਤਰਨਾਕ ਇਸਲਾਮਕ ਸਟੇਟ ਵੀ ਹੈ ਜਿਸ ਨੇ ਸੀਰੀਆ ਤੇ ਇਰਾਕ ਵਿੱਚ ਸਿਰ ਚੁੱਕਿਆ ਹੋਇਆ ਹੈ। ਇਹ ਅੱਤਵਾਦੀ ਸੰਗਠਨ ਵੀ ਅਮਰੀਕਾ ਦੀਆਂ ਗਲਤ ਨੀਤੀਆਂ ਤੋਂ ਉਭਰਿਆ। ਅਜਿਹੇ ਅੱਤਵਾਦੀ ਸੰਗਠਨ ਲੀਬੀਆ ਵਿੱਚ ਵੀ ਹਨ। ਸ਼ੱਕ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਨਾਲ ਕੋਈ ਨਵਾਂ ਅੱਤਵਾਦੀ ਸੰਗਠਨ ਉਭਰ ਸਕਦਾ ਹੈ ਕਿਉਂਕਿ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਅਲ ਕਾਇਦਾ ਅਤੇ ਇਸਲਾਮਕ ਸਟੇਟ ਵਰਗੇ ਅੱਤਵਾਦੀ ਸੰਗਠਨਾਂ ਨੂੰ ਆਪਣਾ ਸਮਰਥਨ ਦੇਣਾ ਜਾਰੀ ਰੱਖੇਗਾ। ਇਹ ਵੀ ਤੈਅ ਹੈ ਕਿ ਪਾਕਿਸਤਾਨ ਤਾਲਿਬਾਨ ਦਾ ਪੂਰਾ ਸਾਥ ਦੇਵੇਗਾ।
ਪਾਕਿਸਤਾਨ ਭਾਵੇਂ ਇਹ ਕਹਿੰਦਾ ਹੈ ਕਿ ਉਹ ਤਾਲਿਬਾਨ ਦਾ ਬੁਲਾਰਾ ਨਹੀਂ, ਪਰ ਹਕੀਕਤ ਇਹੀ ਹੈ ਕਿ ਉਹ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਅਤੇ ਸਮਰਥਨ ਦੇ ਰਿਹਾ ਹੈ। ਇਸ ਦਾ ਪਤਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਸ ਬਿਆਨ ਤੋਂ ਲੱਗਦਾ ਹੈ ਕਿ ਤਾਲਿਬਾਨ ਫੌਜੀ ਸੰਗਠਨ ਨਹੀਂ, ਉਹ ਆਮ ਨਾਗਰਿਕ ਹਨ। ਪਾਕਿਸਾਤਨ ਨੇ ਹਮੇਸ਼ਾ ਭਾਰਤ ਵੱਲ ਵੈਰ ਵਾਲਾ ਰਵੱਈਆ ਰੱਖਿਆ ਹੈ। ਉਹ ਅੱਜ ਵੀ ਕਸ਼ਮੀਰ ਹਥਿਆਉਣ ਦਾ ਸੁਫਨਾ ਦੇਖ ਰਿਹਾ ਹੈ। ਕਿਉਂਕਿ ਉਹ ਆਹਮੋ-ਸਾਹਮਣੇ ਦੀ ਜੰਗ ਵਿੱਚ ਭਾਰਤ ਤੋਂ ਨਹੀਂ ਜਿੱਤ ਸਕਦਾ, ਇਸ ਲਈ ਕਸ਼ਮੀਰ ਵਿੱਚ ਲੁਕਵੀਂ ਜੰਗ ਵਿੱਢੀ ਬੈਠਾ ਹੈ। ਇਸ ਲੁਕਵੀਂ ਜੰਗ ਵਿੱਚ ਉਹ ਤਾਲਿਬਾਨ ਦੀ ਮਦਦ ਲੈ ਸਕਦਾ ਹੈ। ਇਸ ਦੀ ਅਣਦੇਖੀ ਨਹੀਂ ਕਰ ਸਕਦੇ ਕਿ ਕਸ਼ਮੀਰ ਵਿੱਚ ਸਰਗਰਮ ਰਹਿਣ ਵਾਲੇ ਲਸ਼ਕਰ ਅਤੇ ਜੈਸ਼ ਤਾਲਿਬਾਨ ਦੇ ਸਹਿਯੋਗੀ ਹਨ। ਅਜੇ ਇਹ ਸਪੱਸ਼ਟ ਨਹੀਂ ਕਿ ਮੋਦੀ ਸਰਕਾਰ ਅਫਗਾਨਿਸਤਾਨ ਕੇਸ ਵਿੱਚ ਕਿਸ ਨੀਤੀ ਉਤੇ ਚੱਲੇਗੀ, ਪਰ ਉਸ ਤੋਂ ਤੈਅ ਹੈ ਕਿ ਉਹ ਨਾ ਹੱਥ ਉੱਤੇ ਹੱਥ ਧਰ ਕੇ ਬੈਠੀ ਰਹੇਗੀ ਅਤੇ ਨਾ ਅਫਗਾਨਿਸਤਾਨ ਨੂੰ ਤਾਲਿਬਾਨ ਦੇ ਹੱਥਾਂ ਵਿੱਚ ਜਾਂਦਾ ਦੇਖਦੀ ਰਹੇਗੀ।

 

 
Have something to say? Post your comment