Welcome to Canadian Punjabi Post
Follow us on

25

September 2021
 
ਨਜਰਰੀਆ

ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ

August 03, 2021 02:23 AM

-ਗੋਵਰਧਨ ਗੱਬੀ
ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ‘ਮਾਂ’ ਆਪਣੇ ਆਪ ਵਿੱਚ ਇੱਕ ਅਜਿਹਾ ਮੁਕੰਮਲ ਸ਼ਬਦ ਹੈ, ਜਿਸ ਨੂੰ ਸ਼ਬਦਾਂ ਰਾਹੀਂ ਪਰਿਭਾਸ਼ਿਤ ਕਰਨਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੈ। ਇਹ ਵੀ ਸੱਚ ਹੈ ਕਿ ਸ੍ਰਿਸ਼ਟੀ ਨੂੰ ਚੱਲਦੇ ਰੱਖਣ ਵਾਸਤੇ ਰੱਬ ਨੂੰ ਮਾਂ ਅੱਗੇ ਝੁਕਣਾ ਪੈਂਦਾ ਹੈ। ਮਾਂ ਦਾ ਆਪਣੇ ਬੱਚਿਆਂ ਨਾਲ ਰਿਸ਼ਤਾ ਬਹੁਤ ਪਵਿੱਤਰ, ਵਿਲੱਖਣ ਤੇ ਅਟੁੱਟ ਹੁੰਦਾ ਹੈ। ਇਸ ਰਿਸ਼ਤੇ ਨੂੰ ਸਮਝਾਉਣ, ਦਰਸਾਉਣ ਤੇ ਪੇਸ਼ ਕਰਨ ਵਾਸਤੇ ਸ਼ਬਦ ਕਾਰਗਰ ਸਾਬਿਤ ਨਹੀਂ ਹੁੰਦੇ। ਅਸਲ ਵਿੱਚ ਮਾਂ ਤੇ ਬੱਚਿਆਂ ਦਾ ਰਿਸ਼ਤਾ ਕੇਵਲ ਨਿਭਾਉਣ ਵਾਲਾ ਨਹੀਂ, ਸਗੋਂ ਮਹਿਸੂਸ ਕਰਨ ਵਾਲਾ ਵੀ ਹੁੰਦਾ ਹੈ। ਇਸ ਵਿੱਚ ਅਹਿਸਾਸਾਂ ਦਾ ਅਨਮੋਲ ਭੰਡਾਰ ਹੁੰਦਾ ਹੈ।
ਮਾਂ-ਪੁੱਤ ਵਾਂਗ ਮਾਂ ਤੇ ਧੀ ਦਾ ਰਿਸ਼ਤਾ ਬਹੁਤ ਖਾਸ ਤੇ ਅਹਿਮ ਹੁੰਦਾ ਹੈ। ਧੀ ਦੇ ਜਨਮ ਤੋਂ ਹੀ ਮਾਂ ਤੇ ਧੀ ਆਪਸ ਵਿੱਚ ਸੱਚੀਆਂ ਦੋਸਤ, ਸਹੇਲੀਆਂ ਤੇ ਰਾਜ਼ਦਾਰ ਬਣ ਜਾਂਦੀਆਂ ਹਨ। ਮਾਂ ਅਤੇ ਧੀ ਦਾ ਰਿਸ਼ਤਾ ਬਹੁਤ ਵਿਲੱਖਣ ਹੁੰਦਾ ਹੈ। ਦੋਵੇਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ। ਧੀ ਭਵਿੱਖ ਵਿੱਚ ਮਾਂ ਦਾ ਰੂਪ ਧਾਰਦੀ ਹੈ। ‘‘ਜਿੰਨਾ ਤੂੰ ਸਮਝਦੀ ਹੈਂ ਨਾ...! ਮੈਂ ਉਸ ਤੋਂ ਕਿਤੇ ਵੱਧ ਤੈਨੂੰ ਪਿਆਰ ਕਰਦੀ ਆਂ...।” ਧੀਆਂ ਅਤੇ ਮਾਵਾਂ ਅਕਸਰ ਇਹ ਬੋਲ ਇੱਕ ਦੂਜੇ ਨੂੰ ਬੋਲਦੀਆਂ ਰਹਿੰਦੀਆਂ ਹਨ। ‘‘ਮਾਂ! ਜਦੋਂ ਵੀ ਮੈਨੂੰ ਕੁਝ ਪਰੇਸ਼ਾਨੀ ਤੇ ਦੁੱਖ ਹੁੰਦਾ ਹੈ ਨਾ ਤਾਂ ਮੈਨੂੰ ਕੇਵਲ ਤੇਰੀ ਹਿੱਕ ਨਾਲ ਲੱਗ ਕੇ ਹੀ ਸ਼ਾਂਤੀ ਤੇ ਸਕੂਨ ਮਿਲਦਾ ਹੈ...।” ਧੀ ਅਕਸਰ ਇਹ ਬੋਲ ਆਪਣੀ ਮਾਂ ਨੂੰ ਬੋਲਦੀ ਰਹਿੰਦੀ ਹੈ।
ਮਾਂ ਬਚਪਨ ਤੋਂ ਧੀ ਦੀ ਢਾਲ ਬਣ ਰਹਿੰਦੀ ਹੈ। ਉਹ ਕਦੇ ਉਸ ਨੂੰ ਪਿਓ ਤੇ ਕਦੇ ਭਰਾਵਾਂ ਦੇ ਗੁੱਸੇ ਤੋਂ ਬਚਾਉਂਦੀ ਹੈ। ਜਦੋਂ ਉਹ ਵਿਆਹੀ ਜਾਂਦੀ ਹੈ ਤਾਂ ਉਹ ਉਸ ਨੂੰ ਸਹੁਰੇ ਵਾਲਿਆਂ ਦੇ ਗੁੱਸੇ, ਨਾਰਾਜ਼ਗੀ ਤੇ ਜ਼ਿਆਦਤੀਆਂ ਤੋਂ ਬਚਾਉਣ ਵਾਸਤੇ ਉਸ ਦੀ ਰੱਖਿਆ ਛੱਤਰੀ ਬਣ ਜਾਂਦੀ ਹੈ। ਜਦੋਂ ਧੀ ਪਰਾਈ ਹੋ ਜਾਂਦੀ ਹੈ, ਮਤਲਬ ਉਸ ਦਾ ਵਿਆਹ ਹੋ ਜਾਂਦਾ ਹੈ ਤਾਂ ਅਕਸਰ ਮਾਂ ਨੂੰ ਆਪਣੀ ਧੀ ਦਾ ਫਿਕਰ ਲੱਗਾ ਰਹਿੰਦਾ ਹੈ। ਅਜੇ ਧੀ ਨੂੰ ਸਹੁਰੇ ਗਏ ਕੁਝ ਦਿਨ ਹੁੰਦੇ ਹਨ, ਰੋਜ਼ ਫੋਨ ਉਪਰ ਗੱਲਬਾਤ ਵੀ ਹੁੰਦੀ ਹੈ, ਫਿਰ ਵੀ ਮਾਂ ਉਹਨੂੰ ਕਹਿੰਦੀ ਹੈ, ‘‘ਕਿੰਨੇ ਦਿਨ ਹੋ ਗਏ ਤੈਨੂੰ ਮਿਲਿਆਂ ਨੂੰ, ਕਦੋਂ ਆਏਂਗੀ ਮਿਲਣ ਵਾਸਤੇ...? ਤੈਨੂੰ ਆਪਣੀ ਮਾਂ ਦੀ ਯਾਦ ਨਹੀਂ ਆਉਂਦੀ? ਤੂੰ ਤਾਂ ਸਹੁਰੇ ਜਾਂਦੇ ਹੀ ਮਾਂ ਨੂੰ ਭੁਲਾ ਹੀ ਦਿੱਤਾ ਹੈ...।” ਜਦੋਂ ਵੀ ਧੀ ਦੇ ਬੋਲਾਂ ਵਿੱਚ ਕੁਝ ਤਲਖੀ ਤੇ ਪਰੇਸ਼ਾਨੀ ਝਲਕਦੀ ਹੈ ਤਾਂ ਮਾਂ ਅਕਸਰ ਪੁੱਛ ਲੈਂਦੀ ਹੈ, ‘‘ਦੇਖ ਧੀਏ ਸੱਚ ਦੱਸ... ਝੂਠ ਨਾ ਬੋਲੀਂ, ਮੇਰੇ ਤੋਂ ਕੁਝ ਛੁਪਾਈਂ ਨਾ, ਤੂੰ ਠੀਕ ਹੈ ਨਾਂ? ਕੋਈ ਪਰੇਸ਼ਾਨੀ ਜਾਂ ਸਮੱਸਿਆ ਤਾਂ ਨਹੀਂ ਨਾ...?”
ਮਾਂ ਦੀ ਜ਼ਰਾ ਜਿਹੀ ਖਾਂਸੀ ਧੀ ਨੂੰ ਪ੍ਰੇਸ਼ਾਨ ਤੇ ਦੁਖੀ ਕਰ ਦਿੰਦੀ ਹੈ। ਉਸ ਦੇ ਆਪਣੀ ਮਾਂ ਨੂੰ ਬੋਲੇ ਇਹ ਸ਼ਬਦ ਆਮ ਹੁੰਦੇ ਹਨ, ‘‘ਪਿਤਾ ਜੀ ਨਾਲ ਝਗੜਾ ਘੱਟ ਕਰਿਆ ਕਰ, ਨੂੰਹਾਂ ਦੇ ਕੰਮਾਂ ਵਿੱਚ ਨੁਕਸ ਨਾ ਕੱਢਿਆ ਕਰ, ਵੱਡੇ ਵੀਰ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ, ਉਹ ਵਿਚਾਰਾ ਚੱਕੀ ਦੇ ਪੁੜਾਂ ਵਿੱਚ ਦਾਣਿਆਂ ਵਾਂਗ ਪਿਸਦਾ ਰਹਿੰਦਾ ਹੈ... ਇੱਕ ਪਾਸੇ ਤੂੰ ਤੇ ਦੂਜੇ ਪਾਸੇ ਭਰਜਾਈ... ਉਹ ਵਿਚਾਰਾ ਦੋਵਾਂ ਨੂੰ ਖੁਸ਼ ਰੱਖਣ ਵਾਸਤੇ ਲੱਗਿਆ ਰਹਿੰਦਾ ਹੈ... ਮੇਰੇ ਬਾਰੇ ਵੀ ਬਹੁਤਾ ਫਿਕਰ ਨਾ ਕਰਿਆ ਕਰ, ਮੇਰੇ ਘਰ ਵਾਲਾ ਅਤੇ ਸੱਸ ਸਹੁਰਾ ਦੋਵੇਂ ਠੀਕ ਨੇ, ਮੇਰਾ ਬਹੁਤ ਖਿਆਲ ਰੱਖਦੇ ਨੇ, ਮਾਂ ਬਹੁਤਾ ਸੜਿਆ ਧੁਖਿਆ ਨਾ ਕਰ, ਖੁਸ਼ ਰਿਹਾ ਕਰ, ਗੱਲ ਗੱਲ ਉੱਤੇ ਆਪਣਾ ਬੀ ਪੀ ਨਾ ਵਧਾਇਆ ਕਰੇ, ਯੋਗਾ ਕਰਿਆ ਕਰ, ਦਵਾਈ ਸਮੇਂ ਸਿਰ ਖਾਇਆ ਕਰ, ਸਿਹਤ ਦਾ ਖਿਆਲ ਰੱਖਿਆ ਕਰ। ਸਿਆਲ ਆ ਰਿਹਾ ਹੈ, ਤੇਰੇ ਵਾਸਤੇ ਨਵੀਂ ਸਵੈਟਰ ਬੁਣਨੀ ਹੈ, ਅੱਛਾ ਇਹ ਦੱਸ ਕਿਹੜੇ ਰੰਗ ਦੀ ਉੱਨ ਲਵਾਂ?”
ਮਾਂ ਹਮੇਸ਼ਾ ਧੀ ਦੇ ਫਾਇਦੇ ਵਾਸਤੇ ਸੋਚਦੀ ਰਹਿੰਦੀ ਹੈ। ਜੇ ਧੀ ਦਾ ਚਿਹਰਾ ਥੋੜ੍ਹਾ ਜਿਹਾ ਲਿੱਸਾ ਵਿਖਾਈ ਦੇਵੇ ਤਾਂ ਮਾਂ ਉਸੇ ਵੇਲੇ ਪੁੱਛ ਲੈਂਦੀ ਹੈ, ‘‘ਤੂੰ ਇੰਨੀ ਕਮਜ਼ੋਰ ਕਿਵੇਂ ਹੋ ਗਈ? ਖਾਣਾ ਨਹੀਂ ਖਾਂਦੀ, ਆਪਣੇ ਖਾਣ-ਪੀਣ ਦਾ ਧਿਆਨ ਰੱਖਿਆ ਕਰ, ਕਿੰਨੇ ਦਿਨ ਹੋ ਗਏ ਤੈਨੂੰ ਮਿਲੇ ਨੂੰ... ਆ ਜਾ ਮਿਲ ਜਾ ਕਿਸੇ ਦਿਨ, ਮੈਂ ਤੇਰੇ ਵਾਸਤੇ ਤੇਰੀ ਮਨਪਸੰਦ ਦਾ ਮੇਵਿਆਂ ਵਾਲਾ ਹਲਵਾ ਬਣਾਵਾਂਗੀ... ਆ ਜਦਾ ਮੇਰਾ ਪੁੱਤ...।” ਜੇ ਕਿਤੇ ਉਹ ਵੀਡੀਓ ਕਾਲ ਰਾਹੀਂ ਵੀ ਦੇਖ ਲਵੇ ਕਿ ਧੀ ਕੁਝ ਸਜੀ ਸੰਵਰੀ ਨਹੀਂ ਹੈ ਤਾਂ ਉਹ ਅਕਸਰ ਡਾਂਟਦੀ ਹੋਈ ਕਹਿੰਦੀ ਹੈ, ‘‘ਥੋੜ੍ਹਾ ਬਣ ਸੰਵਰ ਵੀ ਲਿਆ ਕਰ, ਤੂੰ ਕਿਹੜੀ ਕਿਤੇ ਬੁੱਢੀ ਹੋ ਗਈ ਐਂ, ਕੀ ਐਵੇਂ ਝਾਟਾ ਖਿਲਾਰਿਆ ਪਿਆ ਹੈ, ਜਿਉਂਦੇ ਜੀਅ ਕੰਮ ਤਾਂ ਕਦੇ ਮੁੱਕਣੇ ਨਹੀਂ, ਆਪਣੇ ਵਾਸਤੀ ਈ ਟਾਈਮ ਕੱਢ ਲਿਆ ਕਰ ਧੀਏ...।”
ਧੀ ਮਾਂ ਨੂੰ ਮਿਲਣ ਆਉਂਦੀ ਹੈ। ਦੋ ਚਾਰ ਦਿਨ ਰਹਿ ਕੇ ਜਦੋਂ ਪਰਤਣ ਲੱਗਦੀ ਹੈ ਤਾਂ ਮਾਂ ਅਕਸਰ ਇਹ ਬੋਲਦੀ ਹੈ, ‘‘ਬੱਸ ਇੰਨੀ ਛੇਤੀ... ਅਜੇ ਮੈਂ ਤੈਨੂੰ ਪੂਰੀ ਤਰ੍ਹਾਂ ਮਿਲੀ ਵੀ ਨਹੀਂ... ਔਤਰਾ ਵਕਤ ਹੀ ਨਹੀਂ ਮਿਲਿਆ, ਰਹਿ ਲੈ ਨਾ ਦੋ ਦਿਨ ਹੋਰ ਮਾਂ ਕੋਲ, ਫਿਰ ਪਤਾ ਨਹੀਂ ਕਦੋਂ ਆਏਂਗੀ... ਨਾਲੇ ਧੀਏ ਮੇਰੀ ਤਬੀਅਤ ਵੀ ਕੁਝ ਠੀਕ ਨਹੀਂ ਰਹਿੰਦੀ... ਘੜੀ ਦਾ ਕੀ ਪਤਾ ਹੁੰਦੇ...?” ਮਾਂ ਦੇ ਮੋਹ ਭਿੱਜੇ ਬੋਲ ਸੁਣ ਧੀ ਅਕਸਰ ਕੁਝ ਸਮਾਂ ਹੋਰ ਆਪਣੀ ਮਾਂ ਨਾਲ ਗੁਜ਼ਾਰਦੀ ਹੈ। ਧੀ ਚਾਹੇ ਜਿੰਨੀ ਮਰਜ਼ੀ ਅਮੀਰ ਹੋਵੇ, ਪਰ ਤੁਰਨ ਲੱਗਿਆਂ ਹੋਰਾਂ ਤੋਂ ਚੋਰੀ ਅਕਸਰ ਮਾਂ ਆਪਣੀ ਧੀ ਦੇ ਹੱਥ ਵਿੱਚ ਕੁਝ ਰੁਪਏ ਸ਼ਗਨ ਦੇ ਰੂਪ ਵਿੱਚ ਫੜਾ ਹੀ ਦਿੰਦੀ ਹੈ।
ਘਰ ਵਿੱਚ ਮਾਂ ਹੋਵੇ ਤਾਂ ਵਿਹੜਾ ਵੀ ਧੀਆਂ ਦੀ ਉਡੀਕ ਕਰਦਾ ਹੈ। ਧੀਆਂ ਨੂੰ ਪੇਕੇ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ। ਧੀਆਂ ਆਪਣੇ ਮਨ ਦੀਆਂ ਗੱਲਾਂ ਤੇ ਰਾਜ਼ ਕੇਵਲ ਤੇ ਕੇਵਲ ਆਪਣੀਆਂ ਮਾਵਾਂ ਨਾਲ ਸਾਂਝਾ ਕਰਦੀਆਂ ਹਨ। ਧੀਆਂ ਨੂੰ ਆਪਣੀ ਮਾਂ ਉਤੇ ਇੱਕ ਕਿਸਮ ਦਾ ਅਧਿਕਾਰ ਹੁੰਦਾ ਹੈ। ਅਜਿਹਾ ਅਧਿਕਾਰ ਜਿਸ ਵਿੱਚ ਆਪਣਾਪਣ, ਮੋਹ ਤੇ ਪਿਆਰ ਲਬੋਲਬ ਭਰਿਆ ਹੁੰਦਾ ਹੈ। ਰੱਬ ਕਰੇ ਮਾਂ...ਧੀ ਦਾ ਇਹ ਅਨਮੋਲ ਰਿਸ਼ਤਾ ਹਮੇਸ਼ਾ ਖੁਸ਼ਹਾਲ ਬਣਿਆ ਰਹੇ। ਆਮੀਨ।

 
Have something to say? Post your comment