Welcome to Canadian Punjabi Post
Follow us on

25

September 2021
 
ਨਜਰਰੀਆ

ਬਿਜਲੀ ਦਾ ਅੱਖ ਮਟੱਕਾ ਤੇ ਸੋਨ ਤਗ਼ਮਾ

August 03, 2021 02:23 AM

-ਇੰਦਰਜੀਤ ਭਲਿਆਣ
‘ਓਹ ਹੋ... ਅਜੇ ਤਾਂ ਅੱਧਾ ਵੀ ਨਹੀਂ ਹੋਇਆ ਮੈ, ਬਿਜਲੀ ਚਲੀ ਗਈ।’ ਮੈਂ ਬੁੜ ਬੁੜ ਕਰਦਾ ਨਾਲ ਬੈਠੀ ਨਿੱਕੀ ਭੈਣ ਵੱਲ ਇਉਂ ਦੇਖਣ ਲੱਗਦਾ ਹਾਂ, ਜਿਵੇਂ ਇਹ ਉਸੇ ਦਾ ਕਸੂਰ ਹੋਵੇ। ਭੈਣ ਨੂੰ ਮੈਚ ਨਾਲ ਬੇਸ਼ੱਕ ਬਹੁਤਾ ਲਗਾਓ ਤਾਂ ਨਹੀਂ, ਸ਼ਾਇਦ ਉਹ ਮੇਰੀ ਤਸੱਲੀ ਲਈ ਨਾਲ ਬੈਠ ਜਾਂਦੀ ਹੈ। ਮੈਨੂੰ ਵੀ ਲੱਗਣ ਲੱਗ ਜਾਂਦਾ ਹੈ ਕਿ ਅੱਜ ਨਹੀਂ ਭਾਰਤ ਨੂੰ ਹਾਰਨ ਦਿੰਦੇ। ਅਸਲ ਵਿੱਚ ਮੈਚ ਦੌਰਾਨ ਖਿਡਾਰੀਆਂ ਦੀਆਂ ਗਲਤੀਆਂ ਦੀ ਅਸੀਂ ਤਿੱਖੀ ਨੁਕਤਾਚੀਨੀ ਕਰਦੇ ਰਹਿੰਦੇ ਹਾਂ, ਜਿਵੇਂ ਅਸੀਂ ਸਰੋਤੇ ਨਾ ਹੋ ਕੇ ਕੋਚ ਹੋਈਏ, ਪਰ ਕਈ ਵਾਰ ਅਗਲੇ ਹੀ ਮੂਵ ਵਿੱਚ ਖਿਡਾਰੀ ਗਲਤੀ ਸੁਧਾਰ ਲੈਂਦਾ ਹੈ ਤੇ ਗੋਲ ਕਰ ਦਿੰਦਾ ਹੈ। ਜ਼ਾਹਿਰ ਹੈ ਕਿ ਸਾਨੂੰ ਬੇਹੱਦ ਤਸੱਲੀ ਹੁੰਦੀ ਹੈ, ਪਰ ਇੱਥੇ ਤਾਂ ਭਾਣਾ ਹੀ ਹੋਰ ਵਰਤ ਗਿਆ, ਬਿਜਲੀ ਹੀ ਚਲੇ ਗਈ, ਫਿਰ ਟੀਮ ਦਾ ਬਣੂ ਕੀ?
1980 ਦੀਆਂ ਓਲੰਪਿਕ ਖੇਡਾਂ ਸੋਵੀਅਤ ਰੂਸ ਦੇ ਸ਼ਹਿਰ ਮਾਸਕੋ ਵਿੱਚ ਹੋਈਆਂ ਸਨ। ਅਮਰੀਕਾ ਅਤੇ ਉਸ ਦੇ ਮਿੱਤਰ ਮੁਲਕਾਂ ਨੇ ਇਨ੍ਹਾਂ ਖੇਡਾਂ ਦਾ ਬਾਈਕਾਟ ਕਰ ਦਿੱਤਾ। ਇਸ ਕਰ ਕੇ ਹਾਕੀ ਦੇ ਮੁਕਾਬਲੇ ਵੀ ਪਾਕਿਸਤਾਨ, ਹਾਲੈਂਡ, ਜਰਮਨੀ, ਆਸਟਰੇਲੀਆ, ਬਰਤਾਨੀਆ ਆਦਿ ਮੁਲਕਾਂ ਦੀ ਗੈਰ ਹਾਜ਼ਰੀ ਕਾਰਨ ਫਿੱਕੇ ਰਹੇ। ਭਾਰਤ ਸਮੇਤ ਕੁੱਲ ਛੇ ਟੀਮਾਂ ਨੇ ਸ਼ਿਰਕਤ ਕੀਤੀ। ਭਾਰਤ ਨੇ ਕਿਊਬਾ, ਤਨਜ਼ਾਨੀਆ ਤੇ ਸੋਵੀਅਤ ਰੂਸ ਦੀਆਂ ਟੀਮਾਂ ਨੂੰ ਆਸਾਨੀ ਨਾਲ ਮਾਤ ਦੇ ਦਿੱਤੀ, ਪਰ ਪੋਲੈਂਡ ਤੇ ਸਪੇਨ ਦੀਆਂ ਟੀਮਾਂ ਨੇ ਸਖਤ ਟੱਕਰ ਦਿੰਦਿਆਂ ਮੈਚ ਬਰਾਬਰ ਰੱਖੇ। ਉਸ ਸਾਲ ਭਾਰਤ ਤੇ ਸਪੇਨ ਵਿਚਾਲੇ ਹਾਕੀ ਮੁਕਾਬਲਿਆਂ ਦਾ ਫਾਈਨਲ ਖੇਡਿਆ ਗਿਆ। ਜਸਦੇਵ ਸਿੰਘ ਅਤੇ ਉਨ੍ਹਾਂ ਦਾ ਸਾਥੀ ਕਮੈਂਟੇਟਰ ਰੇਡੀਓ ਉੱਤੇ ਬੇਹੱਦ ਜੋਸ਼ੀਲੀ ਆਵਾਜ਼ ਵਿੱਚ ਮੈਚ ਦਾ ਅੱਖੀਂ ਡਿੱਠਾ ਹਾਲ ਸੁਣਾ ਰਹੇ ਸਨ ਕਿ ਅਚਾਨਕ ਬਿਜਲੀ ਚਲੇ ਗਈ।
ਇਹ ਉਹ ਦੌਰ ਸੀ, ਜਦੋਂ ਚੰਡੀਗੜ੍ਹ ਵਿੱਚ ਮਕਾਨ ਉਸਾਰੀ ਵਿਭਾਗ ਨਵੇਂ ਸੈਕਟਰਾਂ ਵਿੱਚ ਫਲੈਟਾਂ ਦੀ ਧੜਾਧੜ ਉਸਾਰੀ ਕਰਵਾ ਰਿਹਾ ਸੀ। ਘੱਟ ਆਮਦਨ ਵਰਗ ਲਈ ਬਣਾਏ ਜਾ ਰਹੇ ਇਹ ਫਲੈਟ ਆਮ ਲੋਕਾਂ ਦੀ ਪਹੁੰਚ ਵਿੱਚ ਅਤੇ ਲੰਮੇ ਸਮੇਂ ਦੀਆਂ ਕਿਸ਼ਤਾਂ ਉੱਤੇ ਮਿਲ ਜਾਂਦੇ ਸਨ। ਮੱਧ ਆਮਦਨ ਵਰਗ ਨੇ ਇਨ੍ਹਾਂ ਲਈ ਦਿਲਚਸਪੀ ਦਿਖਾਈ ਸੀ। ਅੱਜ ਸੋਚਿਆ ਨਹੀਂ ਜਾ ਸਕਦਾ ਕਿ ਵੀਹ-ਬਾਈ ਹਜ਼ਾਰ ਰੁਪਏ ਵਿੱਚ ਐਲ ਆਈ ਜੀ ਫਲੈਟ ਮਿਲ ਜਾਂਦਾ ਹੋਵੇਗਾ। ਬੱਸ ਇੱਕੋ ਮੁਸੀਬਤ ਸੀ ਕਿ ਨਵੇਂ ਬਣੇ ਸੈਕਟਰਾਂ ਵਿੱਚ ਮੁੱਢਲੀਆਂ ਸਹੂਲਤਾਂ ਦੀ ਅਣਹੋਂਦ ਹੁੰਦੀ ਸੀ। ਸਕੂਲ, ਸੜਕਾਂ, ਡਿਸਪੈਂਸਰੀ, ਪਾਰਕ, ਪਾਣੀ ਆਦਿ ਦੀ ਘਾਟ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਸੀਂ ਵੀ ਇਨ੍ਹਾਂ ਦਿਨਾਂ ਵਿੱਚ ਅਜਿਹੇ ਹੀ ਨਵੇਂ ਬਣ ਰਹੇ ਸੈਕਟਰ ਦੇ ਇੱਕ ਫਲੈਟ ਵਿੱਚ ਕਿਰਾਏ ਉੱਤੇ ਰਹਿ ਰਹੇ ਸਾਂ। ਬਾਕੀ ਦਿੱਕਤਾਂ ਦੇ ਨਾਲ-ਨਾਲ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਸੀ। ਨੁਕਸ ਪਿਆ ਹੀ ਰਹਿੰਦਾ ਸੀ। ਉਸ ਦਿਨ ਵੀ ਇਹੋ ਹੋਇਆ। ਫਾਈਨਲ ਮੈਚ ਸ਼ੁਰੂ ਹੋਏ ਅਜੇ ਕੁਝ ਮਿੰਟ ਹੀ ਹੋਏ ਸਨ ਕਿ ਕਿਧਰੇ ਪਟਾਕਾ ਪਿਆ ਤੇ ਬਿਜਲੀ ਗੁੱਲ।
ਮਾਯੂਸੀ ਛਾ ਗਈ। ਸਮਝ ਨਹੀਂ ਸੀ ਆ ਰਿਹਾ, ਕੀਤਾ ਕੀ ਜਾਵੇ। ਅੱਜ ਕੱਲ੍ਹ ਤਾਂ ਕੋਈ ਮੁਸ਼ਕਲ ਨਹੀਂ, ਸੈੱਲ ਫੋਨ ਉੱਤੇ ਮੈਚ ਆਰਾਮ ਨਾਲ ਦੇਖਿਆ ਜਾ ਸਕਦਾ ਹੈ। ਬਾਜ਼ਾਰਾਂ ਵਿੱਚ ਟੀ ਵੀ ਉੱਤੇ ਮੈਚ ਚਲਦੇ ਰਹਿੰਦੇ ਹਨ। ਸੁਣਨ ਦੀ ਥਾਂ ਮੈਚ ਦੇਖ ਲਈਦੇ ਹਨ। ਇਹ ਵੱਖਰੀ ਗੱਲ ਹੈ ਕਿ ਜਸਦੇਵ ਸਿੰਘ ਮੈਚ ਦਾ ਅੱਖੀਂ ਡਿੱਠਾ ਹਾਲ ਸੁਣਾਉਂਦੇ ਹੋਏ ਪੂਰਾ ਮੈਚ ਅੱਖਾਂ ਅੱਗੇ ਪਰੋਸ ਦਿੰਦੇ ਸਨ। ਹੋਰ ਕੋਈ ਚਾਰਾ ਨਾ ਚੱਲਦਾ ਦੇਖ ਮੈਂ ਘਰ ਤੋਂ ਬਾਹਰ ਆ ਕੇ ਸੜਕ ਉੱਤੇ ਟਹਿਲਣ ਲੱਗਾ। ਮੈਚ ਹਾਲੇ ਕਾਫੀ ਪਿਆ ਸੀ ਅਤੇ ਕੋਈ ਜੁਗਾੜ ਨਹੀਂ ਸੀ ਬਣ ਰਿਹਾ। ਸੈਕਟਰ ਵਿੱਚ ਅਸੀਂ ਅਜੇ ਨਵੇਂ ਆਏ ਸਾਂ, ਨੇੜਲੇ ਘਰਾਂ ਵਿੱਚ ਜਾਣ ਪਛਾਣ ਨਹੀਂ ਸੀ ਬਣੀ, ਇਸ ਲਈ ਕਿਸੇ ਘਰ ਦੀ ਘੰਟੀ ਵੀ ਨਹੀਂ ਸੀ ਖੜਕਾਈ ਜਾ ਸਕਦੀ। ਵੈਸੇ ਵੀ ਉਦੋਂ ਆਬਾਦੀ ਵਧੇਰੇ ਨਹੀਂ ਸੀ ਹੋਈ, ਕਾਫੀ ਫਲੈਟ ਖਾਲੀ ਸਨ। ਸਾਹਮਣੇ ਇੱਕ ਫਲੈਟ ਵਿੱਚੋਂ ਮੈਚ ਦੀ ਕੁਮੈਂਟਰੀ ਦੀ ਹਲਕੀ ਹਲਕੀ ਆਵਾਜ਼ ਸੁਣਾਈ ਦਿੱਤੀ। ਮੇਰੇ ਕੰਨ ਖੜ੍ਹੇ ਹੋ ਗਏ। ਸਮੱਸਿਆ ਇਹ ਸੀ ਕਿ ਇਸ ਘਰ ਵਿੱਚ ਜਾਵਾਂ ਕਿਵੇਂ? ਮੈਂ ਤੇਜ਼ ਕਦਮੀ ਘਰ ਮੁੜ ਆਇਆ ਤੇ ਭੈਣ ਨੂੰ ਕੋਲ ਬੁਲਾ ਕੇ ਪੁੱਛਿਆ, ‘ਆਹ ਸਾਹਮਣੇ ਆਲੀ ਨਵੀ ਵਿਆਹੀ ਮੁਟਿਆਰ ਤੁਹਾਡੇ ਨਾਲ ਜਾਂਦੀ ਆ ਸ਼ਾਮੀਂ ਦੁੱਧ ਲੈਣ। ਉਨ੍ਹਾਂ ਦੇ ਘਰ ਤੋਂ ਮੈਚ ਦੀਆਂ ਆਵਾਜ਼ਾਂ ਆ ਰਹੀਆਂ। ਜਾ ਤੂੰ ਉਨ੍ਹਾਂ ਨੂੰ ਪੁੱਛ ਕੇ ਆ ਕਿ ਮੈਚ ਸੁਣਨ ਆ ਜਾਵਾਂ।’ ਉਹ ਤੁਰੰਤ ਫਲੈਟ ਦੀਆਂ ਪੌੜੀਆਂ ਚੜ੍ਹ ਗਈ ਤੇ ਖੋਟੇ ਪੈਸੇ ਵਾਂਗ ਵਾਪਸ ਵੀ ਆ ਗਈ। ਕਹਿਣ ਲੱਗੀ, ‘ਵੀਰੇ ਮੈਂ ਸਾਰੀ ਗੱਲ ਦੱਸੀ, ਭਾਬੀ ਕਹਿੰਦੀ ਕਿ ਆਪਣਾ ਬਿਜਲੀ ਵਾਲਾ ਰੇਡੀਓ ਸਾਨੁੂੰ ਦੇ ਜਾ, ਸਾਡਾ ਸੈਲਾਂ ਵਾਲਾ ਲੈ ਜਾ ਅਤੇ ਕੁਮੈਂਟਰੀ ਸੁਣ ਲੋ, ਸਾਹਮਣੇ ਆਲੀ ਲਾਈਨ ਵਿੱਚ ਬਿਜਲੀ ਹੈਗੀ ਆ।’
ਅਸੀਂ ਮੁੜ ਤੋਂ ਮੈਚ ਨਾਲ ਜੁੜ ਗਏ। ਸਾਡੀ ਟੀਮ ਬੇਸ਼ੱਕ ਅੱਗੇ ਚੱਲ ਰਹੀ ਸੀ, ਪਰ ਸਪੇਨ ਦੇ ਹਮਲਾਵਰ ਖਿਡਾਰੀ ਵੀ ਵਾਰ-ਵਾਰ ਧਾਵੇ ਬੋਲ ਰਹੇ ਸਨ। ਸਪੇਨ ਦੇ ਖਿਡਾਰੀ ਜੌਨ ਅਮਾਤ ਨੇ ਖਤਰਨਾਕ ਦਬਦਬਾ ਬਣਾ ਰੱਖਿਆ ਸੀ। ਅਜੇ ਦਸ ਕੁ ਮਿੰਟ ਮੈਚ ਨਾਲ ਜੁੜੇ ਸਾਂ ਕਿ ਸਾਹਮਣੇੇ ਵਾਲੀ ਮੁਟਿਆਰ ਆ ਖੜ੍ਹੀ ਹੋਈ, ‘ਸਾਡੇ ਘਰ ਵੀ ਬਿਜਲੀ ਚਲੇ ਗਈ, ਉਨ੍ਹਾਂ ਨੇ ਮੈਚ ਸੁਣਨਾ ਏ’, ਆਖ ਆਪਣਾ ਰੇਡੀਓ ਚੁੱਕ ਕੇ ਫੁਰਰ ਹੋਈ। ਅਸੀਂ ਫਿਰ ਬੇਵੱਸ ਸਾਂ। ਮੈਚ ਆਖਰੀ ਪਲਾਂ ਉੱਤੇ ਸੀ ਤੇ ਸਾਡੀ ਟੀਮ 4-3 ਨਾਲ ਅੱਗੇ ਵੀ ਸੀ, ਪਰ ਜੌਨ ਅਮਾਤ ਨੇ ਭਾਰਤੀ ਰੱਖਿਆ ਪੰਕਤੀ ਦੇ ਪਸੀਨੇ ਛੁਡਾਏ ਹੋਏ ਸਨ। ਕੁਝ ਵੀ ਹੋ ਸਕਦਾ ਸੀ। ਅਚਾਨਕ ਬਿਜਲੀ ਆ ਗਈ। ਜਸਦੇਵ ਸਿੰਘ ਦੀ ਆਵਾਜ਼ ਆ ਰਹੀ ਸੀ, ‘‘ਮੈਚ ਦੇ ਪੈਂਤੀ ਸੈਕਿੰਡ ਬਾਕੀ ਹਨ, ਪੁੱਠੀ ਗਿਣਤੀ ਸੁਣਾਉਣੀ ਹੀ ਬਿਹਤਰ... 3... 2... 1... ਭਾਰਤ ਸੋਨੇ ਦਾ ਤਮਗਾ ਜਿੱਤ ਗਿਆ।”
‘‘ਮੁਬਾਰਕਾਂ ਜੀ ਮੁਬਾਰਕਾਂ” ਕਹਿੰਦਿਆਂ ਮੈਂ ਵੀ ਖੁਸ਼ੀ ਮਨਾਉਣ ਸੜਕ ਉੱਤੇ ਆ ਗਿਆ।

 
Have something to say? Post your comment