Welcome to Canadian Punjabi Post
Follow us on

18

September 2021
 
ਨਜਰਰੀਆ

ਜਦੋਂ ਦੋਆਬੇ ਦੇ ਬੱਬਰ ਗਰਜੇ

August 02, 2021 03:02 AM

-ਮਨਮੋਹਨ ਸਿੰਘ ਖੇਲਾ
ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਰਾਜ ਦਰਬਾਰ ਦੀ ਆਪਸੀ ਖਿੱਚੋਤਾਣ ਕਰ ਕੇ ਵੱਖਰਾ ਦੇਸ਼ ਕਹਾਉਣ ਵਾਲਾ ਪੰਜਾਬ ਵੀ ਗੋਰਿਆਂ ਦੀ ਝੋਲੀ ਵਿੱਚ ਪੈ ਗਿਆ। ਗੋਰਿਆਂ ਨੇ ਇਸ ਖਿੱਤੇ ਦੇ ਬਾਹਰ ਪੰਜਾਬੀਆਂ ਉੱਤੇ ਪਲ-ਪਲ ਨਜ਼ਰ ਰੱਖਣ ਵਾਲਾ ਪ੍ਰਬੰਧਕੀ ਢਾਂਚਾ ਬਣਾ ਲਿਆ। ਉਨ੍ਹਾਂ ਨੂੰ ਡਰ ਸੀ ਕਿ ਕਿਧਰੇ ਦੁਬਾਰਾ ਪੰਜਾਬੀ ਇਕੱਠੇ ਹੋ ਕੇ ਪੰਜਾਬ ਨਾ ਖੋਹ ਲੈਣ। ਇਸ ਲਈ ਉਨ੍ਹਾਂ ਨੇ ਪਿੰਡਾਂ ਵਿੱਚ ਸੂਹੀਆਂ ਦੀਆਂ ਨੰਬਰਦਾਰ ਵਜੋਂ ਨਿਯੁਕਤੀਆਂ ਕਰ ਦਿੱਤੀਆਂ ਸਨ। ਧਾਰਮਿਕ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਵੀ ਸਾਰੇ ਧਾਰਮਿਕ ਅਸਥਾਨਾਂ ਜਿਵੇਂ ਕਿ ਗੁਰਦੁਆਰਿਆਂ, ਮੰਦਰਾਂ ਤੇ ਮਸਜਿਦਾਂ ਆਦਿ ਵਿੱਚ ਵੀ ਆਪਣੇ ਸੂਹੀਏ ਮਸੰਦਾਂ ਦੇ ਰੂਪ ਵਿੱਚ ਵਾੜ ਦਿੱਤੇ ਸਨ ਜਿਨ੍ਹਾਂ ਦੀ ਹਰ ਤਰ੍ਹਾਂ ਨਾਲ ਸਰਕਾਰੀ ਪੁਸ਼ਤ ਪਨਾਹੀ ਕੀਤੀ ਜਾਂਦੀ ਸੀ।
ਦੋਆਬੇ ਦੇ ਲੋਕਾਂ ਕੋਲ ਜ਼ਮੀਨਾਂ ਦੀ ਬਹੁਤ ਘਾਟ ਸੀ। ਉਹ ਆਪਣੀਆਂ ਗਰਜਾਂ ਪੂਰੀਆਂ ਕਰਨ ਲਈ ਸ਼ਾਹੂਕਾਰਾਂ ਜਾਂ ਕਾਰਪੋਰੇਟ ਘਰਾਣਿਆਂ ਪਾਸ ਜਾਂਦੇ ਸਨ। ਜਦੋਂ ਛੇ ਮਹੀਨੇ ਬਾਅਦ ਫਸਲ ਘਰ ਆਉਣੀ ਹੁੰਦੀ, ਸ਼ਾਹੂਕਾਰ ਆਪਣਾ ਵਹੀ-ਖਾਤਾ ਲੈ ਕੇ ਹਿਸਾਬ-ਕਿਤਾਬ ਕਰਨ ਲਈ ਘਰ ਆ ਕੇ ਫਸਲ ਲੈ ਜਾਂਦਾ ਤੇ ਵਿਆਜ ਉੱਤੇ ਵਿਆਜ ਪਾਈ ਜਾਂਦਾ। ਕਿਸਾਨ ਇਸ ਸ਼ਾਹੂਕਾਰਾ ਸਿਸਟਮ ਤੋਂ ਬਹੁਤ ਤੰਗ ਸਨ। ਕਦੇ ਉਹ ਦੁਧਾਰੂ ਡੰਗਰ ਖੋਲ੍ਹ ਕੇ ਲੈ ਜਾਂਦੇ ਅਤੇ ਕਦੇ ਜ਼ਮੀਨ ਗਹਿਣੇ ਰੱਖ ਲੈਂਦੇ। ਸ਼ਾਹੂਕਾਰਾਂ ਦਾ ਕਰਜ਼ਾ ਨਾ ਮੁੱਕਦਾ ਵੇਖ ਦੋਆਬੇ ਦੇ ਲੋਕ ਇੰਗਲੈਂਡ, ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਰਗੇ ਦੇਸ਼ਾਂ ਵੱਲ ਰੋਜ਼ੀ-ਰੋਟੀ ਦੀ ਭਾਲ ਵਿੱਚ ਨਿਕਲਣ ਲੱਗ ਪਏ। ਬਹੁਤ ਸਾਰੇ ਮਿਲਟਰੀ ਵਿੱਚ ਭਰਤੀ ਹੋ ਗਏ ਜਿਨ੍ਹਾਂ ਨੇ ਬਹੁਤ ਮਿਹਨਤਾਂ ਕਰ ਕੇ ਪੈਸੇ ਪਿੱਛੇ ਭੇਜਣੇ ਸ਼ੁਰੂ ਕੀਤੇ ਜਿਸ ਨਾਲ ਦੋਆਬੇ ਦੀ ਆਰਥਿਕ ਹਾਲਤ ਸੁਧਰਨ ਲੱਗੀ।
ਦਿੱਲੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਰਕਾਬ ਗੰਜ ਦੀ ਕੰਧ ਢਾਹੁਣ ਦੇ ਮਸਲੇ ਸਮੇਤ ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਮੋਰਚਾ (ਨਨਕਾਣਾ ਸਾਹਿਬ), ਮਹੰਤਾਂ ਤੋਂ ਗੁਰਦੁਆਰਾ ਸਾਹਿਬਾਂ ਨੂੰ ਮੁਕਤ ਕਰਵਾਉਣ, ਜੈਤੋ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਸਿਵਲ ਨਾ-ਫੁਰਮਾਨੀ ਲਹਿਰ, ਕਿਸਾਨ ਲਹਿਰ ਅਤੇ ਪਰਜਾ ਮੰਡਲ ਲਹਿਰ ਆਦਿ ਦੇਸ਼ ਵਿੱਚ ਸ਼ੁਰੂ ਹੋ ਰਹੀਆਂ ਸਨ। ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਰਾਂ ਦੀ ਕੈਨੇਡਾ ਤੋਂ ਵਾਪਸੀ ਵੇਲੇ ਕਲਕੱਤਾ ਦੇ ਬਜਬਜਘਾਟ ਉੱਤੇ ਗੋਲੀਆਂ ਦੀ ਵਾਛੜ ਵਾਲੀ ਮੰਦਭਾਗੀ ਘਟਨਾ ਤੇ ਜਲ੍ਹਿਆਂਵਾਲਾ ਕਾਂਡ ਆਦਿ ਕਾਰਨ ਬੱਬਰ ਲਹਿਰ ਨੇ ਜਨਮ ਲਿਆ। ਭਾਰਤ ਦੀ ਆਜ਼ਾਦੀ ਦੀਆਂ ਸਾਰੀਆਂ ਲਹਿਰਾਂ ਵਿੱਚੋਂ ਇੱਕੋ-ਇੱਕ ਬੱਬਰ ਲਹਿਰ ਸੀ, ਜਿਸ ਵਿੱਚ 25 ਦਸੰਬਰ 1922 ਨੂੰ ਬੱਬਰਾਂ ਨੇ ਜਨਰਲ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਝੋਲੀ ਚੁੱਕਾਂ ਨੂੰ ਸੋਧਿਆ ਜਾਵੇ। ਨਾਲ ਇਨ੍ਹਾਂ ਨੂੰ ਕੋਰਟਾਂ-ਕਚਹਿਰੀਆਂ ਵਿੱਚ ਜਾਣ ਤੋਂ ਰੋਕ ਕੇ ਸਰਕਾਰੀ ਸਿਸਟਮ ਨਕਾਰਾ ਕੀਤਾ ਜਾਵੇ। ਇਸ ਤੋਂ ਭਾਰਤ ਦੀ ਅੰਗਰੇਜ਼ ਸਰਕਾਰ ਬਹੁਤ ਭੈਅਭੀਤ ਹੋ ਗਈ। ਬੱਬਰਾਂ ਦੇ ਫੈਸਲੇ ਅਨੁਸਾਰ ਕੋਰਟਾਂ ਦੇ ਸਾਰੇ ਸਰਕਾਰੀ ਕੰਮਾਂ ਉੱਤੇ ਰੋਕ ਲਾ ਦਿੱਤੀ ਗਈ। ਸਰਕਾਰੀ ਪ੍ਰਾਪਰਟੀ ਤੋਂ ਹੁੰਦੀ ਆਮਦਨ ਵੀ ਬੰਦ ਕਰਵਾ ਦਿੱਤੀ ਗਈ। ਇਸ ਤੋਂ ਇਲਾਵਾ ਬੱਬਰਾਂ ਨੇ ਫੈਸਲਾ ਕੀਤਾ ਕਿ ਇਲਾਕੇ ਦੇ ਮੁਖਬਰ ਨੰਬਰਦਾਰਾਂ, ਜ਼ੈਲਦਾਰਾਂ, ਸਪੈਦਪੋਸ਼ਾਂ ਦਾ ਸੋਧਾ ਲਾਇਆ ਜਾਵੇ, ਕਿਉਂਕਿ ਬੱਬਰਾਂ ਦੇ ਕੰਮਾਂਾਂ ਦੀ ਸਾਰੀ ਸੂਚਨਾ ਇਹ ਮੁਖਬਰ ਸਰਕਾਰ ਨੂੰ ਦਿੰਦੇ ਸਨ। ਇਸ ਨਾਲ ਸਰਕਾਰ ਨੂੰ ਮਿਲਣ ਵਾਲੀ ਜਾਣਕਾਰੀ ਬੰਦ ਹੋ ਗਈ ਅਤੇ ਸਰਕਾਰ ਬੇਵੱਸ ਹੋ ਗਈ।
ਬੱਬਰਾਂ ਦੇ ਹੌਸਲੇ ਤੇ ਇਰਾਦੇ ਬਹੁਤ ਬੁਲੰਦ ਵੇਖ ਕੇ ਸਰਕਾਰੀ ਮਸ਼ੀਰਨੀ ਬਹੁਤ ਡਰ ਗਈ। ਆਮ ਲੋਕ ਬੱਬਰਾਂ ਨਾਲ ਜੁੜਨ ਲੱਗੇ। ਦੋਆਬੇ ਦੇ ਕੰਢੀ ਇਲਾਕੇ ਵਿੱਚ ਸਾਹਦੜਾ, ਬਛੌੜੀ, ਸੁਜਾਵਲਪੁਰ, ਗੁੱਲਪੁਰ, ਕੁੱਲਪੁਰ, ਮੌਜੋਵਾਲ, ਮਜਾਰਾ, ਮਹਿੰਦਪੁਰ, ਰੁੜਕੀ ਖਾਸ, ਹਿਆਤਪੁਰ, ਰੁੜਕੀ, ਰਾਮਗੜ੍ਹ, ਝੂੰਗੀਆਂ, ਸਹੂੰਗੜਾ, ਧਮਾਈ, ਬਕਾਪੁਰ ਸਮੇਤ ਗੜ੍ਹਸ਼ੰਕਰ-ਮਾਹਿਲਪੁਰ ਇਲਾਕੇ ਤੋਂ ਇਲਾਵਾ ਹੁਸ਼ਿਆਰਪੁਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਰੱਕੜਾਂ ਬੇਟ ਅਤੇ ਜ਼ਿਲਾ ਜਲੰਧਰ (ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਦੌਲਤਪੁਰ ਸਮੇਤ ਬੱਬਰ ਮਜਾਰਾ ਦੇ ਨਾਲ ਲੱਗਦੇ ਇਲਾਕੇੇ ਦੇ ਲੋਕਾਂ ਨੇ ਪੂਰਾ ਸਾਥ ਦੇ ਕੇ ਬੱਬਰ ਲਹਿਰ ਨੂੰ ਪੂਰਾ ਹੁਲਾਰਾ ਦਿੱਤਾ। ਬੱਬਰ ਮਾਜਰਾ ਦੇ ਬੱਬਰ ਰਾਮ ਸਿੰਘ ਅਤੇ ਵਰਿਆਮ ਸਿੰਘ ਦੋਵੇਂ ਭਰਾ ਸੁਜਾਵਲਪੁਰ (ਚੜ੍ਹਦਾ) ਵਿਖੇ ਮੌਜੂਦ ਨੰਬਰਦਾਰ ਤਰਸੇਮ ਸਿੰਘ ਦੀਆਂ ਭੂਆ ਨੂੰ ਵਿਆਹੇ ਸਨ ਜਿਨ੍ਹਾਂ ਨੂੰ ਪਿੰਡ ਸੁਜਾਵਲਪੁਰ ਦੇ ਲੋਕਾਂ ਨੇ ਜਨਾਨੀਆਂ ਦੇ ਝੁਰਮਟ ਵਿੱਚ ਲੁਕਾ ਕੇ ਬੜੀ ਵਾਰ ਪੁਲਸ ਤੋਂ ਬਚਾਇਆ। ਵੱਡਾ ਭਰਾ ਛੋਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੁਜਾਵਲਪੁਰ ਆਇਆ ਸੀ। ਪੁਲਸ ਨੇ ਉਸ ਨੂੰ ਫੜਨ ਲਈ ਸਾਰੇ ਸੁਜਾਵਲਪੁਰ ਨੂੰ ਘੇਰਾ ਪਾ ਲਿਆ। ਪਿੰਡ ਦੇ ਨਿਧੜਕ ਦੇਸ਼ ਪਿਆਰ ਵਾਲੇ ਲੋਕਾਂ ਨੇ ਬੱਬਰ ਨੂੰ ਜਨਾਨੀਆਂ ਰਾਹੀਂ ਪਿੰਡ ਦੇ ਦਰਵਾਜ਼ੇ ਲਾਗੇ ਜਵਾਲੇ ਦਿਆਲ ਦੇ ਘਰੋਂ ਛੱਤ ਉੱਤੇ ਚੜ੍ਹਾ ਕੇ ਪਿੰਡ ਦੇ ਪਿਛਵਾੜ ਵੱਲੋਂ ਹੇਠਾਂ ਉਤਾਰ ਕੇ ਜੰਗਲ-ਪਾਣੀ ਬਹਾਨੇ ਨਾਨਕਾ ਮੇਲ ਦੇ ਸਹਾਰੇ ਫੜੇ ਜਾਣ ਤੋਂ ਬਚਾ ਕੇ ਸੁਰੱਖਿਅਤ ਕੱਢ ਦਿੱਤਾ। ਸਾਹਦੜਾ ਵਿਖੇ ਚੱਲਦੀ-ਫਿਰਦੀ ਛੋਟੀ ਜਿਹੀ ਪ੍ਰੈੱਸ ਰਾਹੀਂ ਬੱਬਰਾਂ ਦੀਆਂ ਖਬਰਾਂ ਅਤੇ ਇਸ਼ਤਿਹਾਰ ਛਾਪਣ ਵਾਲੀ ਪ੍ਰੈੱਸ ਦਾ ਇੰਤਜ਼ਾਮ ਸੀ। ਬਛੌੜੀ ਵਿਖੇ ਇਲਾਕੇ ਦੇ ਬੱਬਰਾਂ ਵੱਲੋਂ ਪ੍ਰੋਗਰਾਮ ਉਲੀਕਣ ਵਾਲੀਆਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਸਨ।
ਰਤਨ ਸਿੰਘ ਰੱਕੜ ਨੇ ਆਪਣੇ ਕਾਰਨਾਮਿਆਂ ਨਾਲ ਗੋਰੀ ਸਰਕਾਰ ਨੂੰ ਵਖਤ ਪਾ ਦਿੱਤਾ ਸੀ। ਪੁਲਸ ਵਾਲੇ ਕਹਿੰਦੇ ਸਨ ਕਿ ਰਤਨ ਸਿੰਘ ਇਕੱਲਾ ਨਹੀਂ। ਰੁੜਕੀ ਖਾਸ ਵਿਖੇ ਕਿਸੇ ਮੁਖਬਰ ਨੇ ਸੂਹ ਦਿੱਤੀ ਸੀ। ਮਕਾਨ ਅੰਦਰ ਵੜੇ ਯੋਧੇ ਨੂੰ ਪੁਲਸ ਨੇ ਮਕਾਨ ਸਮੇਤ ਅੱਗ ਲਾ ਦਿੱਤੀ। ਉਹ ਮਕਾਨਾਂ ਦੀਆਂ ਸੱਤ ਕੰਧਾਂ ਚੀਰਦਾ ਬਾਹਰ ਨਿਕਲਿਆ। ਉਥੇ ਖੜ੍ਹੀ ਮਾਈ ਨੂੰ ਰਤਨ ਸਿੰਘ ਨੇ ਕਿਹਾ, ‘‘ਮਾਈ, ਤੂੰ ਮੌਕੇ ਦੀ ਗਵਾਹ ਬਣ ਕੇ ਗੋਰੀ ਹਕੂਮਤ ਨੂੰ ਇਹ ਸੁਨੇਹਾ ਦੇਵੀਂ ਕਿ ਰਤਨ ਸਿੰਘ ਰੱਕੜ ਆਪਣੀ ਗੋਲੀ ਨਾਲ ਆਪ ਸ਼ਹੀਦ ਹੋਇਆ ਹੈ।” ਉਸ ਵੇਲੇ ਉਹ ਅੱਗ ਦੇ ਧੂੰਏਂ ਨਾਲ ਹਾਲੋਂ-ਬੇਹਾਲ ਹੋਇਆ ਪਿਆ ਸੀ, ਪਰ ਯੋਧੇ ਨੇ ਆਪਣਾ ਪ੍ਰਣ ਪੁਗਾ ਕੇ ਦੇਸ਼-ਕੌਮ ਨੂੰ ਦਾਗ ਨਹੀਂ ਸੀ ਲੱਗਣ ਦਿੱਤਾ। ਉਸ ਵੇਲੇ ਮਾਤਾ ਧਰਮ ਕੌਰ, ਬੀਬੀ ਸੰਤ ਕੌਰ, ਬੀਬੀ ਆਸ ਕੌਰ, ਬੀਬੀ ਪ੍ਰੀਤਮ ਕੌਰ ਪਤਨੀ ਮਿਸਤਰੀ ਗੌਂਦਾ ਸਿੰਘ ਹੋਰਾਂ ਨੇ ਬੱਬਰ ਸ਼ੇਰ ਰਤਨ ਸਿੰਘ ਰੱਕੜਾਂ ਬੇਟ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਸੀ, ਜਿਸ ਨੂੰ ਬਾਅਦ ਵਿੱਚ ਦੋ ਸਾਲ ਕੈਦ ਦੀ ਸਜ਼ਾ ਹੋਈ ਸੀ, ਜੋ ਹਾਈ ਕੋਰਟ ਵਿੱਚ ਅਪੀਲ ਪਾਉਣ ਉੱਤੇ ਛੇ ਮਹੀਨੇ ਕੱਟਣੀ ਪਈ। ਇਸੇ ਤਰ੍ਹਾਂ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਸਾਹਦੜਾ, ਦਲੀਪ ਸਿੰਘ ਸਹਾਦੜਾ, ਊਧਮ ਸਿੰਘ ਕੌਲਗੜ੍ਹ, ਬਾਵਾ ਸਿੰਘ ਕੌਲਗੜ੍ਹ, ਸੁੰਦਰ ਸਿੰਘ ਕੁਲੇਵਾਲ, ਹਰਨਾਮ ਸਿੰਘ ਹਿਆਤਪੁਰ ਰੁੜਕੀ, ਧਰਮ ਸਿੰਘ ਹਿਆਤਪੁਰੀ ਰੁੜਕੀ, ਸੰਤ ਸਿੰਘ ਠਾਕਰ ਮੰਡਿਆਲੀ, ਵਤਨ ਸਿੰਘ ਭਾਰਟਾ ਗਣੇਸਪੁਰ, ਮਿਲਖਾ ਸਿੰਘ ਮੋਰਾਂਵਾਲੀ, ਇਹ ਸਾਰੇ ਨੇੜਲੇ ਪਿੰਡਾਂ ਵਾਲੇ ਦੇਸ਼-ਕੌਮ ਤੋਂ ਮਰ ਮਿਟਣ ਵਾਲੇ ਯੋਧੇ ਸਨ ਜਿਨ੍ਹਾਂ ਨੇ ਆਪਣੀ ਬਹਾਦਰੀ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪਾ ਕੇ ਲੰਡਨ ਦੀ ਬ੍ਰਿਟਿਸ਼ ਸਰਕਾਰ ਨੂੰ ਕੰਬਣੀ ਛੇੜ ਦਿੱਤੀ ਸੀ।

 
Have something to say? Post your comment