Welcome to Canadian Punjabi Post
Follow us on

29

March 2024
 
ਨਜਰਰੀਆ

ਉਮਰਾਂ ਵਿੱਚ ਕੀ ਰੱਖਿਆ...

August 02, 2021 03:02 AM

-ਨਵਦੀਪ ਕੌਰ ਗਿੱਲ
ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ 26 ਜੁਲਾਈ ਨੂੰ ਦੋ ਨਤੀਜੇ ਅਜਿਹੇ ਆਏ, ਜਿਨ੍ਹਾਂ ਨੇ ਖਿਡਾਰੀਆਂ ਦੀ ਉਮਰ ਦੀਆਂ ਮਿੱਥਾਂ ਤੋੜ ਦਿੱਤੀਆਂ। ਪਹਿਲਾ ਨਤੀਜਾ ਓਲੰਪਿਕਸ ਵਿੱਚ ਪਹਿਲੀ ਵਾਰ ਸ਼ਾਮਲ ਹੋਈ ਖੇਡ ਸਕੇਟਿੰਗ ਬੋਰਡ ਵਿੱਚ ਆਇਆ, ਜਦੋਂ ਜਾਪਾਨ ਦੀ 14 ਸਾਲਾਂ ਦੀ ਮੋਮਿਜੀ ਨਿਸ਼ੀਆ ਨੇ ਸੋਨੇ ਦਾ ਅਤੇ ਬਰਾਜ਼ੀਲ ਦੀ 13 ਸਾਲਾਂ ਦੀ ਜੂਲੀਆ ਰਾਇਸਾ ਮੈਂਡੇਸ ਲੀਲ ਨੇ ਚਾਂਦੀ ਦਾ ਮੈਡਲ ਜਿੱਤਿਆ। ਕਾਂਸੀ ਦਾ ਤਮਗਾ ਜਿੱਤਣ ਵਾਲੀ ਜਾਪਾਨੀ ਕੁੜੀ ਫੁਨਾ ਨਾਕਾਯਾਮਾ ਦੀ ਉਮਰ ਵੀ 18 ਸਾਲ ਸੀ। ਤਿੰਨੇ ਅੱਲ੍ਹੜ ਉਮਰ ਦੀਆਂ ਖਿਡਾਰਨਾਂ। ਤਿੰਨੇ ਮੈਡਲ ਜੇਤੂ ਕੁੜੀਆਂ ਦੀ ਉਮਰ ਕੁੱਲ ਮਿਲਾ ਕੇ 45 ਸਾਲ ਹੀ ਬਣਦੀ ਹੈ।
ਸਕੇਟਿੰਗ ਬੋਰਡ ਦੇ ਨਤੀਜਿਆਂ ਤੋਂ ਥੋੜ੍ਹਾ ਸਮਾਂ ਪਿੱਛੋਂ ਨਿਸ਼ਾਨੇਬਾਜ਼ੀ ਦੇ ਪੁਰਸ਼ ਸਕੀਟ ਦਾ ਨਤੀਜਾ ਆਇਆ, ਜਿਸ ਵਿੱਚ ਆਜ਼ਾਦਾਨਾ ਓਲੰਪਿਕ ਐਥਲੀਟ (ਆਈ ਓ ਏ) ਵਜੋਂ ਖੇਡ ਰਹੇ ਕੁਵੈਤ ਦੇ ਅਬਦੁੱਲਾ ਅਲ ਰਾਸ਼ਿਦੀ ਨੇ ਕਾਂਸੀ ਦਾ ਮੈਡਲ ਜਿੱਤ ਲਿਆ। ਰਾਸ਼ਿਦੀ ਦੀ ਉਮਰ 57 ਸਾਲ ਹੈ। ਸਕੇਟਿੰਗ ਬੋਰਡ ਵਿੱਚ ਤਮਗਾ ਜਿੱਤਣ ਵਾਲੀਆਂ ਤਿੰਨੇ ਖਿਡਾਰਨਾਂ ਨਾਬਾਲਗ ਉਮਰ ਦੀਆਂ ਅਤੇ ਸਕੀਟ ਦਾ ਮੈਡਲ ਜਿੱਤਣ ਵਾਲਾ ਨਿਸ਼ਾਨੇਬਾਜ਼ ਸਰਕਾਰੀ ਰਿਕਾਰਡ ਮੁਤਾਬਕ ਰਿਟਾਇਰਮੈਂਟ ਦੀ ਉਮਰ ਨੇੜੇ ਪੁੱਜਾ ਹੋਇਆ ਹੈ। ਰਾਸ਼ਿਦੀ ਦੀ ਇਹ ਸੱਤਵੀਂ ਓਲੰਪਿਕਸ ਹੈ ਅਤੇ 2016 ਵਿੱਚ ਰੀਓ ਵਿੱਚ ਵੀ ਉਸ ਨੇ ਕਾਂਸੀ ਦਾ ਮੈਡਲ ਜਿੱਤ ਲਿਆ ਸੀ। ਉਮਰ-ਦਰਾਜ਼ ਖਿਡਾਰੀਆਂ ਵਜੋਂ ਟੋਕੀਓ ਵਿੱਚ ਆਪਣੀ ਛੇਵੀਂ ਓਲੰਪਿਕ ਖੇਡਣ ਵਾਲੀ ਆਸਟਰੇਲੀਆ ਦੀ ਘੋੜਸਵਾਰ ਮੈਰੀ ਹਨਾ ਸਭ ਤੋਂ ਵੱਡੀ ਉਮਰ ਦੀ ਹੈ, ਜਿਸ ਦੀ ਉਮਰ 66 ਸਾਲ ਹੈ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸਵੀਡਨ ਦੇ ਨਿਸ਼ਾਨੇਬਾਜ਼ ਆਸਕਰ ਸਵਾਹਨ ਨੇ 72 ਸਾਲਾਂ ਦੀ ਉਮਰੇ 1920 ਦੀਆਂ ਐਂਟਵਰਪ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਤੇ ਚਾਂਦੀ ਦਾ ਮੈਡਲ ਜਿੱਤਿਆ ਸੀ। ਸਵਾਹਨ ਨੇ ਤਿੰਨ ਓਲੰਪਿਕ ਖੇਡਾਂ (ਲੰਡਨ 1908, ਸਟਾਕਹੋਮ 1912 ਅਤੇ ਐਂਟਵਰਪ 1920) ਵਿੱਚ ਹਿੱਸਾ ਲੈ ਕੇ ਤਿੰਨੇ ਸੋਨੇ, ਇੱਕ ਚਾਂਦੀ ਤੇ ਦੋ ਕਾਂਸੀ ਦੇ ਮੈਡਲ ਜਿੱਤੇ।
ਖਿਡਾਰੀਆਂ ਦੀ ਉਮਰ ਬਾਰੇ ਇੱਕ ਵਾਕਿਆ ਯਾਦ ਆ ਗਿਆ, ਜਦੋਂ 2008 ਵਿੱਚ ਮੈਨੂੰ ਪੇਈਚਿੰਗ ਵਿੱਚ ਹੋਈਆਂ ਓਲੰਪਿਕ ਖੇਡਾਂ ਕਵਰ ਕਰਨ ਦਾ ਮੌਕਾ ਮਿਲਿਆ ਸੀ। ਓਦੋਂ ਖੇਡਾਂ ਦੀ ਸੈਮਸੰਗ ਲੌਂਜ ਵਿੱਚ ਮੇਰਾ ਸਬੱਬੀ ਮੇਲ ਰੋਮਾਨੀਆ ਦੀ ਸਾਬਕਾ ਜਿਮਨਾਸਟ ਨਾਦੀਆ ਕੁਮੈਂਸੀ ਨਾਲ ਹੋਇਆ। ਨਾਦੀਆ ਨੂੰ ‘ਰਬੜ ਦੀ ਗੁੱਡੀ’ ਆਖਿਆ ਜਾਂਦਾ ਸੀ, ਜਿਸ ਨੇ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ 15 ਸਾਲਾਂ ਦੀ ਉਮਰੇ ਨਾ ਸਿਰਫ ਤਿੰਨ ਸੋਨੇ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਮੈਡਲ ਜਿੱਤਿਆ, ਸਗੋਂ 10 ਵਿੱਚੋਂ 10 ਪੁਆਇੰਟ (ਪਰਫੈਕਟ ਟੈਨ) ਲੈਣ ਵਾਲੀ ਪਹਿਲੀ ਜਿਮਨਾਸਟ ਬਣੀ। ਨਾਦੀਆ ਕੁਮੈਂਸੀ ਬਾਰੇ ਛੋਟੇ ਹੁੰਦੇ ਬੜਾ ਸੁਣਿਆ ਸੀ। ਮੇਰੇ ਪਿਤਾ ਜੀ ਦੱਸਦੇ ਸਨ ਕਿ ਕਿਵੇਂ ਉਨ੍ਹਾਂ ਰੇਡੀਓ ਦੀ ਕੁਮੈਂਟਰੀ ਰਾਹੀਂ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਉਸ ਦੇ ਇਤਿਹਾਸ ਰਚਣ ਦੀ ਕਹਾਣੀ ਸੁਣੀ। ਮੇਰੇ ਇਹ ਕਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਨਾਦੀਆ ਕੁਮੈਂਸੀ ਨੂੰ ਮਿਲਣ ਤੇ ਇੰਟਰਵਿਊ ਕਰਨ ਦਾ ਮੌਕਾ ਮਿਲੇਗਾ। ਜੋਸ਼ ਅਤੇ ਉਤਸ਼ਾਹ ਵਿੱਚ ਮੈਨੂੰ ਕੋਈ ਖਾਸ ਸਵਾਲ ਤਾਂ ਨਹੀਂ ਸੁੱਝ ਰਹੇ ਸਨ, ਪਰ ਇੱਕ ਸਵਾਲ ਦੇ ਜਵਾਬ ਵਿੱਚ ਕਹੀ ਗੱਲ ਮੈਨੂੰ ਅੱਜ ਟੋਕੀਓ ਓਲੰਪਿਕਸ ਵਿੱਚ ਛੋਟੀ ਉਮਰ ਦੀਆਂ ਖਿਡਾਰਨਾਂ ਦੀ ਪ੍ਰਾਪਤੀ ਉੱਤੇ ਫਿਰ ਚੇਤੇ ਆ ਗਈ। ਨਾਦੀਆ ਨੇ ਕਿਹਾ ਕਿ ਜੇ ਉਹ ਅੱਜ ਦੇ ਜ਼ਮਾਨੇ ਵਿੱਚ ਜੰਮੀ ਹੁੰਦੀ ਤਾਂ ਕਦੇ ਵੀ ਮਾਂਟਰੀਅਲ ਓਲੰਪਿਕਸ ਵਾਲੀ ਗੱਲ ਨਹੀਂ ਦੁਹਰਾਈ ਜਾਣੀ ਸੀ। ਮੈਂ ਜਦੋਂ ਇਹ ਗੱਲ ਸਮਝਾਉਣ ਨੂੰ ਕਿਹਾ ਤਾਂ ਉਸ ਦਾ ਕਹਿਣਾ ਸੀ ਕਿ 1976 ਵਿੱਚ ਜਿਮਨਾਸਟਿਕ ਲਈ ਖਿਡਾਰੀਆਂ ਦੀ ਘੱਟੋ-ਘੱਟ ਉਮਰ ਹੱਦ 14 ਸਾਲ ਸੀ, ਜਿਹੜੀ 1981 ਵਿੱਚ 15 ਸਾਲ ਕਰ ਦਿੱਤੀ ਗਈ ਅਤੇ 1997 ਤੋਂ ਬਾਅਦ 16 ਸਾਲ। ਇਸ ਤਰ੍ਹਾਂ 15 ਸਾਲਾਂ ਦੀ ਉਮਰੇ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਨਾਦੀਆ ਕੁਮੈਂਸੀ ਕੋਲੋਂ ਖੇਡਾਂ ਵਿੱਚ ਹਿੱਸਾ ਹੀ ਨਹੀਂ ਲਿਆ ਜਾਣਾ ਸੀ।
ਅੱਜ ਸਕੇਟਿੰਗ ਬੋਰਡ ਵਿੱਚ 13 ਤੋਂ 14 ਸਾਲ ਦੀਆਂ ਖਿਡਾਰਨਾਂ ਦੇ ਮੈਡਲ ਜਿੱਤਣ ਉੱਤੇ ਮੈਂ ਇਹੋ ਸੋਚ ਰਿਹਾ ਸੀ ਕਿ ਜੇ ਇਸ ਖੇਡ ਵਿੱਚ ਘੱਟੋ-ਘੱਟ ਉਮਰ ਹੱਦ ਮਿੱਥੀ ਹੁੰਦੀ ਤਾਂ ਨਿਸ਼ੀਆ ਤੇ ਜੂਲੀਆ ਦੇ ਗਲੇ ਦਾ ਸ਼ਿੰਗਾਰ ਬਣੇ ਮੈਡਲ ਹੋਰਨਾਂ ਖਿਡਾਰਨਾਂ ਦੇ ਗਲੇ ਦਾ ਸ਼ਿੰਗਾਰ ਹੁੰਦੇ। ਜਿਮਨਾਸਟਿਕ ਵਿੱਚ ਉਮਰ ਹੱਦ ਪਿੱਛੇ ਤਰਕ ਇਹ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ਉਪਰ ਵੀਡੀਓ ਸਾਹਮਣੇ ਆਈ ਜਿਸ ਵਿੱਚ ਚੀਨ ਵਿੱਚ ਬਹੁਤ ਹੀ ਛੋਟੀ ਉਮਰ ਦੇ ਬੱਚਿਆਂ ਨੂੰ ਧੱਕੇ ਨਾਲ ਜਿਮਨਾਸਟਿਕ ਕਰਾਈ ਜਾ ਰਹੀ ਸੀ, ਕਿਉਂਕਿ ਛੋਟੀ ਉਮਰ ਦੇ ਬੱਚਿਆਂ ਦੇ ਸਰੀਰ ਵਿਚਲੀ ਲਚਕ ਜਿਮਨਾਸਟਿਕ ਵਿੱਚ ਨਿਪੁੰਨ ਬਣਾ ਸਕਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ