Welcome to Canadian Punjabi Post
Follow us on

25

September 2021
 
ਨਜਰਰੀਆ

ਕਰ ਛੱਤਰੀ ਦੀ ਛਾਂ ਮੈਂ ਛਾਵੇਂ ਬਹਿੰਦੀ ਆਂ

July 28, 2021 03:06 AM

-ਬਹਾਦਰ ਸਿੰਘ ਗੋਸਲ
ਮਨੁੱਖੀ ਜੀਵਨ ਵਿੱਚ ਕੁਝ ਵਸਤਾਂ ਸਦੀਆਂ ਤੋਂ ਮਨੁੱਖ ਦਾ ਸਾਥ ਦਿੰਦੀਆਂ ਆਈਆਂ ਹਨ। ਭਾਵੇਂ ਇਹ ਗੱਲ ਠੀਕ ਹੈ ਕਿ ਰੋਟੀ, ਕੱਪੜਾ ਤੇ ਮਕਾਨ ਮਨੁੱਖਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਹਨ, ਪਰ ਕੁਝ ਵਸਤਾਂ ਦੀ ਜ਼ਰੂਰਤ ਮਨੁੱਖ ਨੂੰ ਕਿਸੇ ਵਿਸ਼ੇਸ਼ ਸਮੇਂ ਜਾਂ ਸੰਕਟ ਦੇ ਵਕਤ ਮਹਿਸੂਸ ਹੰੁਦੀ ਹੈ। ਅਜਿਹੀਆਂ ਵਸਤਾਂ ਬਹੁਤ ਛੋਟੀਆਂ ਹੋਣ ਕਾਰਨ ਭਾਵੇਂ ਹਰ ਰੋਜ਼ ਵਰਤੋਂ ਵਿੱਚ ਨਹੀਂ ਆਉਂਦੀਆਂ, ਪਰ ਉਸ ਦੀ ਮਹੱਤਤਾ ਸਮੇਂ ਅਨੁਸਾਰ ਹੁੰਦੀ ਹੈ।
ਪੁਰਾਣੇ ਬਜ਼ੁਰਗ ਜਦੋਂ ਕਿਤੇ ਬਾਹਰ ਯਾਤਰਾ ਆਦਿ ਉੱਤੇ ਜਾਂਦੇ ਤਾਂ ਉਹ ਆਪਣੇ ਨਾਲੇ ਸੋਟੀ, ਗੜਵੀ ਅਤੇ ਛੱਤਰੀ ਲੈ ਕੇ ਚੱਲਦੇ ਸਨ। ਸੋਟੀ ਕਈ ਤਰ੍ਹਾਂ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਮਦਦ ਕਰਦੀ ਤੇ ਗੜਵੀ ਪਾਣੀ ਆਦਿ ਦੀ ਵਰਤੋਂ ਦੇ ਕੰਮ ਆਉਂਦੀ। ਧੁੱਪ, ਮੀਂਹ ਤੋਂ ਬਚਣ ਲਈ ਉਹ ਆਪਣੇ ਨਾਲ ਛੱਤਰੀ ਵੀ ਲੈ ਲੈਂਦੇ। ਸਾਧਾਰਨ ਛੱਤਰੀ ਬਹੁਤ ਮਹਿੰਗੀ ਨਹੀਂ ਸੀ ਹੁੰਦੀ ਤੇ ਇਸੇ ਕਰ ਕੇ ਪੁਰਾਣੇ ਸਮਿਆਂ ਵਿੱਚ ਹਰ ਘਰ ਵਿੱਚ ਛੱਤਰੀ ਰੱਖੀ ਮਿਲਦੀ ਸੀ। ਜਦੋਂ ਇਸ ਦੀ ਲੋੜ ਨਾ ਹੁੰਦੀ ਤਾਂ ਘਰ ਵਿੱਚ ਕਿਸੇ ਕੋਨੇ ਕਿੱਲੇ ਨਾਲ ਟੰਗੀ ਰਹਿੰਦੀ, ਪਰ ਮੀਂਹ ਸਮੇਂ ਜਾਂ ਧੁੱਪ ਵਿੱਚ ਬਾਹਰ ਜਾਣ ਸਮੇਂ ਬਜ਼ੁਰਗ ਇਸ ਛੱਤਰੀ ਦੀ ਵਰਤੋ ਕਰਦੇ ਸਨ। ਲੋਹੇ ਦੀਆਂ ਕੁਝ ਤਾਰਾਂ, ਕਾਲੇ ਕੱਪੜੇ ਤੇ ਲੱਕੜ ਦੀ ਖੁੰਡੀ ਵਾਲੀ ਛੱਤਰੀ ਯਾਤਰੂਆਂ ਦੀ ਸਹਿਯੋਗੀ ਮਿੱਤਰ ਬਣ ਜਾਂਦੀ। ਜਿਉਂ ਜਿਉਂ ਸਮਾਂ ਬਦਲਦਾ ਗਿਆ, ਛੱਤਰੀ ਵੀ ਨਵੇਂ ਰੰਗ ਰੂਪ ਅਪਣਾਉਣ ਲੱਗੀ। ਫੈਸ਼ਨਾਂ ਦੀ ਬਦਲਦੀ ਦੁਨੀਆ ਵਿੱਚ ਇਸ ਕਾਲੀ ਛੱਤਰੀ ਨੂੰ ਰੰਗ ਚੜ੍ਹਨ ਲੱਗੇ। ਸ਼ਹਿਰਾਂ ਵਿੱਚ ਇਨ੍ਹਾਂ ਦੇ ਡਿਜ਼ਾਈਨਾਂ ਦੀ ਹੋੜ ਜਿਹੀ ਲੱਗ ਗਈ। ਸ਼ਹਿਰੀ ਮੁਟਿਆਰਾ ਧੁੱਪ ਵਿੱਚ ਕਦੇ ਛੱਤਰੀ ਤੋਂ ਬਿਨਾਂ ਬਾਹਰ ਨਹੀਂ ਨਿਕਲਦੀਆਂ। ਸ਼ਹਿਰਾਂ ਵਿੱਚ ਨੌਕਰੀ ਕਰਦੀਆਂ ਔਰਤਾਂ ਲਈ ਫੈਸ਼ਨਿਕ ਲੋੜ ਬਣ ਗਈ।
ਛੱਤਰੀ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਗਈ। ਪਤਾ ਨਹੀਂ ਕਿੰਨੇ ਗੀਤ, ਲੋਕ ਗੀਤ, ਕਵਿਤਾਵਾਂ, ਕਹਾਣੀਆਂ ਜਾਂ ਨਾਵਲਾਂ ਦਾ ਇਹ ਛੱਤਰੀ ਸ਼ਿੰਗਾਰ ਬਣ ਗਈ। ਜਦੋਂ ਕਿਸੇ ਭੈਣ ਨੂੰ ਆਪਣੇ ਭਰਾ ਦੀ ਯਾਦ ਆਉਂਦੀ ਹੈ ਤਾਂ ਉਹ ਕਹਿ ਉਠਦੀ ਹੈ :
ਓਹ ਵੀਰ ਮੇਰਾ ਕੁੜੀਓ,
ਹੱਥ ਛੱਤਰੀ
ਨਹਿਰ ਦੀ ਜਾਵੇ ਪਟੜੀ।
ਪੰਜਾਬੀ ਸਭਿਆਚਾਰ ਦੀ ਜਿੰਦ ਜਾਨ ਪੰਜਾਬੀ ਬੋਲੀਆਂ ਵਿਚ ਜਦੋਂ ਦਿਓਰ-ਭਰਜਾਈ ਦੇ ਰਿਸ਼ਤੇ ਦੀ ਗੱਲ ਛਿੜਦੀ ਹੈ ਤਾਂ ਛੱਤਰੀ ਵੀ ਆਪਣਾ ਨਿਵੇਕਲਾ ਜਿਹਾ ਰੋਲ ਅਦਾ ਕਰ ਜਾਂਦੀ ਹੈ। ਇੱਕ ਬੋਲੀ ਅਨੁਸਾਰ :
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਾਂਦੀ,
ਦਿਓਰਾ ਕਰ ਛੱਤਰੀ,
ਭਾਬੀ ਅੰਬ ਚੂਪਦੀ ਜਾਂਦੀ।
ਇਸੇ ਤਰ੍ਹਾਂ ਅੱਜ ਤੋਂ ਚਾਲੀ-ਪੰਜਾਹ ਸਾਲ ਪਹਿਲਾਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਜਿਨ੍ਹਾਂ ਪੰਜਾਬੀ ਗੀਤਾਂ ਦੀ ਭਰਮਾਰ ਹੁੰਦੀ ਸੀ, ਉਨ੍ਹਾਂ ਵਿੱਚ ਕਿਸੇ ਪੱਖੋਂ ਛੱਤਰੀ ਦੀ ਗੱਲ ਜ਼ਰੂਰ ਕੀਤੀ ਜਾਂਦੀ ਸੀ। ਇਸ ਤਰ੍ਹਾਂ ਇੱਕ ਪੰਜਾਬੀ ਗਾਣਾ ਪੰਜਾਬੀਆਂ ਦੇ ਦਿਲਾਂ ਨੂੰ ਖੁਸ਼ ਕਰ ਗਿਆ ਸੀ ਤੇ ਪੰਜਾਬੀ ਸਭਿਆਚਾਰ ਵਿੱਚ ਬਹੁਤ ਹੀ ਮਿਠਾਸ ਘੋਲ ਗਿਆ ਸੀ, ਉਸ ਦੀਆਂ ਇਹ ਸਤਰਾਂ ਹਰ ਇੱਕ ਦੇ ਮਨ ਨੂੰ ਮੋਹ ਲੈਂਦੀਆਂ ਹਨ :
ਸੁਣ ਵੇ ਚੀਰੇ ਵਾਲਿਆ,
ਮੈਂ ਕਹਿਨੀ ਆਂ,
ਕਰ ਛੱਤਰੀ ਦੀ ਛਾਂ,
ਮੈਂ ਛਾਵੇਂ ਬਹਿੰਦੀ ਆਂ।
ਇਸ ਤਰ੍ਹਾਂ ਇਹ ਛੱਤਰੀ ਪੰਜਾਬੀਆਂ ਦੇ ਹਰ ਰੰਗ, ਦੁੱਖ, ਸੁੱਖ ਵਿੱਚ ਸਹਾਈ ਹੁੰਦੀ ਸੀ ਅਤੇ ਇਹ ਸਾਡੇ ਪੁਰਾਣੇ ਸਭਿਆਚਾਰਕ ਵਿਰਸੇ ਦੀ ਅਹਿਮ ਕੜੀ ਬਣੀ ਹੋਈ ਸੀ। ਪੰਜਾਬ ਦੇ ਪਿੰਡਾਂ ਵਿੱਚ ਵਿਆਹਾਂ ਵਿੱਚ ਵੀ ਛੱਤਰੀ ਨਹੀਂ ਸੀ ਭੁੱਲਦੀ। ਜਦੋਂ ਜੰਞ ਰੱਥਾਂ, ਗੱਡਿਆਂ ਤੇ ਊਠਾਂ, ਘੋੜਿਆਂ ਉੱਤੇ ਜਾਇਆ ਕਰਦੀ ਸੀ ਤਾਂ ਲਾੜੇ ਦੇ ਹੱਥ ਨੂੰ ਸ਼ਿੰਗਾਰ ਕੇ ਉਸ ਉਪਰ ਸ਼ਗਨਾਂ ਦੇ ਤੌਰ ਉੱਤੇ ਛੱਤਰੀ ਲਾਈ ਜਾਂਦੀ ਸੀ :
ਵਿਆਂਹਦੜ ਗੱਭਰੂ
ਰਥ ਵਿੱਚ ਬਹਿ ਗਿਆ,
ਉਪਰ ਛੱਤਰੀ ਲਾ ਕੇ,
ਵੀਰ ਉਹਦੇ ਚੜ੍ਹ ਗਏ ਊਠਾਂ ਉੱਤੇ,
ਪੈਰੀਂ ਝਾਂਜਰਾਂ ਪਾ ਕੇ,
ਚਾਚੇ, ਤਾਏ, ਮਾਮੇ, ਦੋਸਤ
ਜੰਞ ਚੜ੍ਹਗੀ ਹੁੰਮ ਹੁਮਾ ਕੇ,
ਭੰਗੜਾ ਖੂਬ ਪਿਆ,
ਜਦ ਜੰਞ ਢੁੱਕੀ ਦਰਵਾਜ਼ੇ।
ਅੱਜ ਮੈਂ ਜਿਸ ਛੱਤਰੀ ਦੀ ਗੱਲ ਦੱਸਣ ਲੱਗਾ ਹਾਂ, ਉਹ ਛੱਤਰੀ ਮੇਰੇ ਦਿਲ ਦਿਮਾਗ ਉੱਤੇ ਪਿਛਲੇ ਚਾਰ ਦਹਾਕਿਆਂ ਤੋਂ ਛਾਈ ਹੋਈ ਹੈ। ਗੱਲ ਓਦੋਂ ਦੀ ਹੈ, ਜਦੋਂ 1964 ਵਿੱਚ ਮੈਂ ਆਪਣੇ ਨਾਲ ਦੇ ਪਿੰਡ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਸਤੰਬਰ ਮਹੀਨੇ ਸਕੂਲ ਵਿੱਚ ਪੇਪਰ ਚੱਲਦੇ ਸਨ ਤੇ ਇੱਕ ਦਿਨ ਛੁੱਟੀ ਛੇਤੀ ਹੋ ਗਈ, ਪਰ ਸਾਨੂੰ ਪਤਾ ਲੱਗਿਆ ਕਿ ਉਸ ਪਿੰਡ ਗਾਉਣ ਵਾਲੀ ਦਾ ਅਖਾੜਾ ਹੈ ਤਾਂ ਅਸੀਂ ਸਕੂਲ ਤੋਂ ਸਿੱਧੇ ਓਥੇ ਪਹੁੰਚ ਗਏ। ਉਥੇ ਲੋਕਾਂ ਦਾ ਭਾਰੀ ਇਕੱਠ ਸੀ ਤੇ ਅਸੀਂ ਵੀ ਇੱਕ ਕੋਨੇ ਵਿੱਚ ਜਾ ਖੜ੍ਹੇ ਹੋਏ। ਬੱਦਲ ਜਿਹੇ ਛਾਏ ਹੋਏ ਸਨ ਅਤੇ ਇਸ ਤਰ੍ਹਾਂ ਮੌਸਮ ਬੜਾ ਖੁਸ਼ਗਵਾਰ ਸੀ।
ਲੋਕ ਗਾਇਕ ਜੋੜੀ ਵੱਲੋਂ ਗਾਏ ਜਾ ਰਹੇ ਗੀਤਾਂ ਦਾ ਭਰਪੂਰ ਆਨੰਦ ਲੈ ਰਹੇ ਸਨ। ਗਾਇਕ ਜੋੜੀ ਨੇ ਚੰਗੇ ਗੀਤਾਂ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਸਭ ਦੇ ਮਨਾਂ ਨੂੰ ਵੱਸ ਕਰ ਲਿਆ। ਲੋਕ ਹਿੱਲਣ ਦਾ ਨਾਂਅ ਨਹੀਂ ਸਨ ਲੈਂਦੇ, ਪਰ ਅਚਾਨਕ ਬੱਦਲਾਂ ਵਿੱਚੋਂ ਬੰੂਦਾ-ਬਾਂਦੀ ਜਿਹੀ ਹੋਣ ਲੱਗੀ ਤੇ ਸਰੋਤਿਆਂ ਵਿੱਚ ਘੁਸਰ-ਮੁਸਰ ਜਿਹੀ ਦੇਖੀ ਜਾਣ ਲੱਗੀ, ਪਰ ਉਸ ਗਾਇਕ ਜੋੜੀ ਨੇ ਤੁਰੰਤ ਮੌਕਾ ਸੰਭਾਲਿਆ ਤੇ ਇਹ ਗੀਤ ਗਾਉਣਾ ਸ਼ੁਰੂ ਕਰ ਦਿੱਤਾ :
ਤਾਣ ਛੱਤਰੀ ਵੇ,
ਜਿਹੜੀ ਲੰਡਨੋਂ ਮੰਗਾਈ ਆ,
ਨਿੱਕੀ ਜਿਹੀ ਬੱਦਲੀ ਨੇ
ਕਿਣ-ਮਿਣ ਲਾਈ ਆ,
ਤਾਣ ਛੱਤਰੀ ਵੇ ਜਿਹੜੀ...
ਇੰਨੀ ਮਿੱਠੀ ਆਵਾਜ਼, ਮੌਕੇ ਦੀ ਨਜ਼ਾਕਤ ਅਤੇ ਗਾਉਣ ਦੀ ਕਲਾ ਨੇ ਜਿਵੇਂ ਲੋਕ ਕੀਲ ਹੀ ਦਿੱਤੇ ਹੋਣ, ਸਭ ਆਪੋ-ਆਪਣੀ ਥਾਂ ਉੱਤੇ ਕਿਣ-ਮਿਣ ਨੂੰ ਭੁੱਲ ਕੇ ਸ਼ਾਂਤ ਹੋ ਕੇ ਬੈਠ ਗਏ। ਅੱਜ ਵੀ ਜਦੋਂ ਕਦੇ ਮੈਨੂੰ ਮੀਂਹ ਵਿੱਚ ਬਾਹਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਮਨ ਆਪਣੇ ਆਪ ਇਹ ਗੀਤ ਗੁਣਗੁਣਾਉਣ ਲੱਗ ਜਾਂਦਾ ਹੈ ਤੇ ਅੱਖਾਂ ਸਾਹਮਣੇ ਆ ਜਾਂਦਾ ਹੈ ਪਿੰਡੇ ਦੇ ਉਹ ਅਖਾੜੇ ਦਾ ਦਿ੍ਰਸ਼ ਅਤੇ ਮੈਂ ਵੀ ਯਾਦ ਕਰਦਾ ਹਾਂ ਉਸ ਪਿਆਰੀ ਛੱਤਰੀ ਨੂੰ।
ਸ਼ਹਿਰਾਂ ਦੀਆਂ ਮੁਟਿਆਰਾਂ ਛੱਤਰੀਆਂ ਦੀਆਂ ਖਾਸ ਚਾਹਵਾਨ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਬਾਜ਼ਾਰਾਂ ਵਿੱਚ ਨਵੀਆਂ-ਨਵੀਆਂ ਕਿਸਮਾਂ ਦੀਆਂ ਛੱਤਰੀਆਂ ਆ ਰਹੀਆਂ ਹਨ। ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਮੁਟਿਆਰਾਂ ਆਪਣੇ ਹੁਸਨ ਨੂੰ ਧੁੱਪ ਤੋਂ ਬਚਾਉਣ ਲਈ ਸੁਰੱਖਿਆ ਕਵਚ ਦੇ ਤੌਰ ਉੱਤੇ ਛੱਤਰੀ ਲੈ ਕੇ ਚੱਲਦੀਆਂ ਹਨ। ਧੁੱਪ ਭਾਵੇਂ ਥੋੜ੍ਹੀ ਹੋਵੇ ਜਾਂ ਬਹੁਤੀ ਉਨ੍ਹਾਂ ਵੱਲੋਂ ਛੱਤਰੀ ਲੈਣਾ ਚੰਗਾ ਸਮਝਿਆ ਜਾਂਦਾ ਹੈ।
ਕਈ ਵਾਰ ਦਸੰਬਰ ਦੇ ਮਹੀਨੇ ਵਿੱਚ ਜਦ ਧੁੱਪ ਚਮਕਦੀ ਹੈ ਤਾਂ ਉਹ ਛੱਤਰੀ ਲੈਣ ਲਗਦੀਆਂ ਹਨ। ਅਜਿਹੀਆਂ ਮੁਟਿਆਰਾਂ ਨੂੰ ਦੇਖ ਕੇ ਤਾਂ ਕਿਸੇ ਨੇ ਲਿਖਿਆ ਹੋਵੇਗਾ।
ਮੇਰੀ ਜੁਗਨੀ ਐ ਇੱਕ ਨੰਬਰ ਦੀ,
ਧੁੱਪ ਸਹਿ ਨਾ ਸਕੇ ਦਸੰਬਰ ਦੀ।
ਇਸ ਤਰ੍ਹਾਂ ਦੀ ਛੱਤਰੀ ਦੇ ਗੁਣ ਦੇਖ ਕੇ ਪਿੰਡਾਂ ਵਿੱਚ ਕਬੂਤਰ ਪਾਲਣ ਦੇ ਸ਼ੌਕੀਨ ਬਹੁਤੇ ਨੌਜਵਾਨ ਆਪਣੇ ਘਰਾਂ ਦੀਆਂ ਕੋਠੀਆਂ ਤੇ ਕਬੂਤਰਾਂ ਦੇ ਬੈਠਣ ਲਈ ਛੱਤਰੀ ਲਵਾ ਲੈਂਦੇ ਹਨ ਤੇ ਕਬੂਤਰ ਅਜਿਹੇ ਆਦੀ ਹੋ ਜਾਂਦੇ ਹਨ ਕਿ ਲੰਬਾ ਸਮਾਂ ਦੂਰ-ਦੂਰ ਘੁੰਮ ਕੇ ਉਸ ਛੱਤਰੀ ਉੱਤੇ ਆ ਬੈਠਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਚੀਨੇ ਕਬੂਤਰ ਉਸ ਛੱਤਰੀ ਉੱਤੇ ਆ ਬੈਠਦੇ ਰਹਿੰਦੇ ਹਨ ਅਤੇ ਉਨ੍ਹਾਂ ਨੌਜਵਾਨਾਂ ਦੇ ਪਾਲਤੂ ਬਣ ਜਾਂਦੇ ਹਨ ਤੇ ਉਹ ਵੀ ਉਨ੍ਹਾਂ ਦੇ ਪਿਆਰ ਵਿੱਚ ਬੱਝ ਜਾਂਦੇ ਹਨ। ਕਿੰਨੇ ਗੀਤ ਤੇ ਬੋਲੀਆਂ ਕੋਠੇ ਉੱਤੇ ਲੱਗੀ ਇਸ ਛੱਤਰੀ ਬਾਰੇ ਲਿਖੇ ਗਏ ਹਨ :
ਨੀ ਸੁਣ ਚੀਨੀ ਕਬੂਤਰੀਏ,
ਤੂੰ ਨਿੱਤ ਮੇਰੀ ਛੱਤਰੀ ਉੱਤੇ ਆ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਛੱਤਰੀ ਸਾਡੇ ਸਭਿਆਚਾਰਕ ਜੀਵਨ ਵਿੱਚ ਸ਼ਿੰਗਾਰ ਰਸ ਦਾ ਕਾਰਨ ਬਣਦੀ ਹੈ। ਬਹੁਤ ਛੋਟੀ ਵਸਤੂ ਹੋਣ ਦੇ ਬਾਵਜੂਦ ਇਹ ਸਾਡੇ ਸਮਾਜ ਦੀ ਅਤਿ ਮਹੱਤਵ ਪੂਰਨ ਲੋੜ ਬਣ ਚੁੱਕੀ ਹੈ।
ਜਿਉਂ ਜਿਉਂ ਸਮਾਂ ਬਦਲਦਾ ਗਿਆ, ਛੱਤਰੀ ਵੀ ਨਵੇਂ ਰੰਗ ਰੂਪ ਅਪਣਾਉਣ ਲੱਗੀ। ਫੈਸ਼ਨਾਂ ਦੀ ਬਦਲਦੀ ਦੁਨੀਆ ਵਿੱਚ ਇਸ ਕਾਲੀ ਛੱਤਰੀ ਨੂੰ ਰੰਗ ਚੜ੍ਹਨ ਲੱਗੇ। ਸ਼ਹਿਰਾਂ ਵਿੱਚ ਇਨ੍ਹਾਂ ਛੱਤਰੀਆਂ ਦੇ ਡਿਜ਼ਾਈਨਾਂ ਦੀ ਹੋੜ ਹੀ ਲੱਗ ਗਈ। ਸ਼ਹਿਰੀ ਮੁਟਿਆਰਾਂ ਲਈ ਇਹ ਛੱਤਰੀ ਫੈਸ਼ਨ ਦਾ ਨਵਾਂ ਨਾਂ ਜੋੜਨ ਲੱਗ ਪਈ। ਇਹ ਮੁਟਿਆਰਾਂ ਧੁੱਪ ਵਿੱਚ ਕਦੇ ਛੱਤਰੀ ਤੋਂ ਬਿਨਾਂ ਬਾਹਰ ਨਾ ਨਿਕਲਦੀਆਂ। ਸ਼ਹਿਰਾਂ ਵਿੱਚ ਕੰਮ-ਕਾਜੀ ਜਾਂ ਨੌਕਰੀ ਕਰਦੀਆਂ ਔਰਤਾਂ ਲਈ ਇਹ ਫੈਸ਼ਨਿਕ ਲੋੜ ਬਣ ਗਈ। ਉਹ ਆਪਣੇ ਪਹਿਰਾਵੇ ਨਾਲ ਮੈਚ ਕਰਦੀਆਂ, ਰੰਗਦਾਰ ਛੱਤਰੀਆਂ ਖਰੀਦਦੀਆਂ ਦਿੱਸਦੀਆਂ। ਛੋਟੇ ਬੱਚਿਆਂ ਦੇ ਮਨ ਮੋਹਣ ਲਈ ਰੰਗਦਾਰ ਛੋਟੀਆਂ-ਛੋਟੀਆਂ ਛੱਤਰੀਆਂ ਤੋਂ ਦੁਕਾਨਦਾਰ ਖੂਬ ਲਾਭ ਕਮਾਉਣ ਲੱਗੇ। ਬੱਚੇ ਵੀ ਸੋਹਣੀ ਤੋਂ ਸੋਹਣੀ ਛੱਤਰੀ ਲੈਣ ਦੀ ਜ਼ਿੱਦ ਕਰਦੇ। ਇੱਥੋਂ ਤੱਕ ਕਿ ਬੱਚਿਆਂ ਲਈ ਇਹ ਛੱਤਰੀਆਂ ਤੋਹਫੇ ਦੇ ਰੂਪ ਲੈਣ ਲੱਗੀਆਂ। ਆਪਣੇ ਜਨਮ ਦਿਨਾਂ ਉੱਤੇ ਬੱਚੇ ਰੰਗ-ਬਰੰਗੀਆਂ ਛੱਤਰੀਆਂ ਲੈਣ ਦੀ ਮੰਗ ਕਰਦੇ ਹਨ।
ਸਾਡੇ ਦੇਸ਼ ਵਿੱਚ ਛੱਤਰੀ ਦੀ ਸਦੀਆਂ ਤੋਂ ਮਹੱਤਤਾ ਰਹੀ ਹੈ। ਇੱਥੋਂ ਤੱਕ ਕਿ ਇਸ ਨੂੰ ਸਜਾਵਟੀ ਰੂਪ ਦੇ ਕੇ ਸ਼ਾਨ ਦਾ ਪ੍ਰਤੀਕ ਬਣਾਇਆ ਜਾਂਦਾ ਰਿਹਾ ਹੈ। ਪੁਰਾਣੇ ਬਾਦਸ਼ਾਹ ਲੋਕ ਜਦੋਂ ਹਾਥੀਆਂ ਉੱਤੇ ਬਠ ਆਪਣੀ ਖ਼ਲਕਤ ਵਿੱਚ ਜਾਂਦੇ ਤਾਂ ਇਸ ਛੱਤਰੀ ਨੂੰ ਵੱਡਾ ਕਰ ਕੇ ਸਜਾ ਕੇ ਵੱਡਾ ਛੱਤਰ ਬਣਾਇਆ ਜਾਂਦਾ ਤੇ ਉਹ ਬਾਦਸ਼ਾਹ ਦੇ ਸਿਰ ਉਪਰ ਸ਼ਾਹੀ ਠਾਠ ਦਾ ਨਜ਼ਾਰਾ ਦੇਣ ਲਈ ਝੁਲਾਇਆ ਜਾਂਦਾ, ਪਰ ਗਰੀਬਾਂ ਕੋਲ ਉਹੀ ਕਾਲੀ ਕੱਪੜੇ ਵਾਲੀ ਹੱਥ ਖੂੰਡੀ ਵਾਲੀ ਛੱਤਰੀ ਹੀ ਹੁੰਦੀ ਸੀ। ਬਜ਼ੁਰਗ ਲੋਕ ਤਾਂ ਇਸ ਨੂੰ ਆਪਣੇ ਕੋਲ ਰੱਖ ਕੇ ਆਪਣੀ ਸ਼ਾਨ ਸਮਝਦੇ ਸਨ।

 
Have something to say? Post your comment