Welcome to Canadian Punjabi Post
Follow us on

25

September 2021
 
ਨਜਰਰੀਆ

ਸਾਉਣ ਦਿਆ ਬੱਦਲਾ ਵੇ..

July 28, 2021 03:06 AM

-ਹਰਕੰਵਲ ਕੰਗ
ਜਦੋਂ ਜੇਠ-ਹਾੜ੍ਹ ਦੀ ਗਰਮੀ ਦੀ ਲੂਅ ਸਾਰੇ ਉਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਤਾਂ ਲੋਕਾਈ ਨੂੰ ਸਾਉਣ ਮਹੀਨੇ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਹੋਵੇ ਵੀ ਕਿਉਂ ਨਾ, ਇਹ ਰੁੱਤ ਮੀਂਹ ਦੀ ਜੋ ਹੋਈ। ਕੋਈ ਬੱਦਲੀ ਅਚਾਨਕ ਵਰ੍ਹਦੀ ਜਾਂ ਆਕਾਸ਼ ਵਿੱਚ ਕਿਸੇ ਪਾਸਿਓਂ ਬੱਦਲਾਂ ਦੀ ਘਟਾ ਚੜ੍ਹ ਕੇ ਆਉਂਦੀ ਹੈ ਅਤੇ ਫਿਜ਼ਾ ਵਿੱਚ ਬੱਦਲਾਾਂ ਦੀ ਗੜਗੜਾਹਟ ਪੈਦਾ ਹੁੰਦੀ ਹੈ ਤਾਂ ਗਰਮੀ ਦੇ ਸਤਾਏ ਲੋਕਾਂ ਵਿੱਚ ਨਵਾਂ ਜੋਸ਼ ਤੇ ਨਵੀਂ ਉਮੰਗ ਪੈਦਾ ਹੁੰਦੀ ਹੈ। ਪੰਛੀ ਚਹਿਕ ਉਠਦੇ ਹਨ। ਜਦੋਂ ਸਾਉਣ ਦਾ ਮੀਂਹ ਵਰ੍ਹਦਾ ਹੈ ਤਾਂ ਚਾਰੇ ਪਾਸੇ ਬਨਸਪਤੀ ਮਹਿਕ ਉਠਦੀ ਹੈ। ਹਰਿਆਲੀ ਪੈਦਾ ਹੋ ਜਾਂਦੀ ਹੈ। ਸੂਰਜ ਦੀ ਲੋਅ ਨਾਲ ਤੜਫ਼ਦੀ ਧਰਤੀ ਦੀ ਹਿੱਕ ਮੀਂਹ ਪੈਣ ਨਾਲ ਠਰ ਜਾਂਦੀ ਹੈ। ਰੁੱਖਾਂ ਉੱਤੇ ਨਿਖਾਰ ਆ ਜਾਂਦਾ ਹੈ। ਸੁੱਕਦੀਆਂ ਮੁਰਝਾਉਂਦੀਆਂ ਫ਼ਸਲਾਂ ਦੇਖ ਕੇ ਖੁਦ ਵੀ ਮੁਰਝਾਇਆ ਕਿਸਾਨ ਵੀ ਬੱਦਲਾਂ ਦੀ ਘਟਾ ਦੇਖ ਕੇ ਝੂਮ ਉਠਦਾ ਹੈ। ਸਾਵਣ ਮਨਾਂ ਵਿੱਚ ਚੰਚਲਤਾ ਪੈਦਾ ਕਰਦਾ ਹੈ ਤੇ ਚਾਰੇ ਪਾਸੇ ਸਾਨੂੰ ਕੁਦਰਤ ਦੇ ਕਾਦਰ ਦੀਆਂ ਸਿਫ਼ਤਾਂ ਵਿੱਚ ਪਿਆਰੇ ਗੀਤ ਸੁਣਨ ਨੂੰ ਮਿਲਦੇ ਹਨ। ਮਹਿਕਾਂ ਛੱਡਦੀ ਪੌਣ ਜਦੋਂ ਗਰਮੀ ਨਾਲ ਭਿੱਜੇ ਪਿੰਡਿਆਂ ਨਾਲ ਖਹਿੰਦੀ ਹੈ ਤਾਂ ਸੁਖਾਵਾਂ ਅਨੁਭਵ ਹੁੰਦਾ ਹੈ। ਖੇਤੀ ਪ੍ਰਧਾਨ ਖਿੱਤਾ ਹੋਣ ਕਰਕੇ ਉਤਰੀ ਭਾਰਤ ਵਿੱਚ ਮੀਂਹ ਦਾ ਮਹੱਤਵ ਹੋਰ ਖਿੱਤਿਆਂ ਨਾਲੋਂ ਕੁਝ ਵਧੇਰੇ ਹੀ ਹੈ ਅਤੇ ਦੇਸੀ ਸਾਲ ਦੇ ਪੰਜਵੇਂ ਮਹੀਨੇ ਸਾਉਣ ਦੀ ਇਸ ਕਰਕੇ ਸਾਡੇ ਸਾਹਿਤ ਵਿੱਚ ਤੂਤੀ ਬੋਲਦੀ ਹੈ।
ਸਾਉਣ ਦਾ ਮਹੀਨਾ ਚੜ੍ਹਦਿਆਂ ਸਾਰ ਹੀ ਦੇਸ਼ ਵਿੱਚ ਤਿਓਹਾਰਾਂ ਤੇ ਮੇਲਿਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਤਿਓਹਾਰ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਇਹ ਸਾਡੀ ਏਕਤਾ, ਇਕਜੁੱਟਤਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਤਿਓਹਾਰਾਂ ਨਾਲ ਦੇਸ਼ ਦੀ ਆਰਥਿਕਤਾ ਜੁੜੀ ਹੋਈ ਹੈ ਤੇ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਤਿਓਹਾਰ ਸਾਨੂੰ ਗ਼ਮਾਂ ਨੂੰ ਭੁਲਾ ਕੇ ਖੁਸ਼ੀਆਂ ਮਨਾਉਣ ਲਈ ਪ੍ਰੇਰਦੇ ਹਨ। ਸਾਡੀ ਜੀਵਨ ਸ਼ੈਲੀ ਵਿੱਚ ਨੱਚਣ ਗਾਉਣ ਦੀ ਬੇਹੱਦ ਅਹਿਮੀਅਤ ਹੈ। ਜਦੋਂ ਕੋਈ ਇਕੱਠ ਜੁੜਦਾ ਹੈ, ਉਹ ਭਾਵੇਂ ਮੇਲੇ ਦੇ ਰੂਪ ਵਿੱਚ ਹੋਵੇ ਜਾਂ ਕੋਈ ਵਿਸ਼ੇਸ਼ ਦਿਨ ਮਨਾਉਣ ਲਈ ਜਾਂ ਫਿਰ ਵਿਆਹ ਮੁਕਲਾਵੇ ਲਈ ਹੋਵੇ, ਉਹ ਨੱਚਣ ਟੱਪਣ ਗਾਉਣ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ, ਕਿਉਂਕਿ ਮਨੁੱਖ ਸਮੂਹਿਕ ਰੂਪ ਵਿੱਚ ਰਹਿ ਕੇ ਖੁਸ਼ ਰਹਿੰਦਾ ਹੈ। ਭਾਰਤੀ ਮਹਾਂਦੀਪ ਵਿੱਚ ਹਰ ਖਿੱਤੇ ਦੇ ਲੋਕਾਂ ਵੱਲੋਂ ਅਨੇਕ ਤਿਓਹਾਰ ਮਨਾਏ ਜਾਂਦੇ ਹਨ।
ਸਾਉਣ ਚੜ੍ਹਦੇ ਸਾਰ ਹੀ ਮਨ ਵਿੱਚ ਗੀਤ ਤੇ ਬੋਲੀਆਂ ਨਿੱਸਰਨ ਲੱਗਦੀਆਂ ਹਨ ਜਿਵੇਂ-
ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਜਾਂ ਫਿਰ:
ਸ਼ੌਕ ਨਾਲ ਗਿੱਧੇ ਵਿੱਚ ਆਵਾਂ।
ਬੋਲੀ ਪਾਵਾਂ, ਸ਼ਗਨ ਮਨਾਵਾਂ
ਸਾਉਣ ਦਿਆ ਬੱਦਲਾ ਵੇ
ਮੈਂ ਤੇਰਾ ਜੱਸ ਗਾਵਾਂ।
ਇਸ ਤਰ੍ਹਾਂ ਹੀ ਇੱਕ ਬਹੁਤ ਪਿਆਰ ਲੋਕ ਗੀਤ ਹੈ-
ਸਾਵਣ ਆਇਆ
ਮਹਿੰਦੀ ਤਾਂ ਪਾ ਦੇ ਮਾਏਂ ਸੁੱਕਣੀ
ਮਾਏਂ ਮੇਰੀਏਂ
ਮਹਿੰਦੀ ਦਾ ਰੰਗ ਨੀਂ ਉਦਾਸ
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਪੇਕੜੇ, ਮਾਏਂ ਮੇਰੀਏ ਨੀਂ
ਧੀਆਂ ਨੂੰ ਲਈ ਮੰਗਾ
ਸਾਵਣ ਆਇਆ।
ਸਾਉਣ ਮਹੀਨੇ ਜਦੋਂ ਮੀਂਹ ਵਰ੍ਹਦਾ ਹੈ ਤਾਂ ਬੱਚੇ ਝੂਮ ਝੂਮ ਕੇ ਗਾਉਂਦੇ ਹਨ, ‘ਕਾਲੀਆਂ ਇੱਟਾਂ, ਕਾਲੇ ਰੋੜ, ਮੀਂਹ ਵਰਸਾ ਦੇ ਜ਼ੋਰੋ-ਜ਼ੋਰੋ।’ ਦੂਜੇ ਪਾਸੇ ਮੋਰਾਂ ਦੀ ਘੈਮ-ਘੈਮ, ਬੀਡਿਆਂ ਦੀ ਭੀਂ-ਭੀਂ, ਚਿੜੀਆਂ ਜਨੌਰਾਂ ਦੀ ਚੀਂ-ਚੀਂ ਕੰਨਾਂ ਵਿੱਚ ਰਸ ਘੋਲਦੀਆਂ ਆਵਾਜ਼ਾਂ ਸਾਨੂੰ ਰੁੱਤ ਬਦਲੀ ਦਾ ਸੰਕੇਤ ਦਿੰਦੀਆਂ ਹਨ। ਜਦੋਂ ਫਿਰ ਲੰਬਾ ਸਮਾਂ ਮੀਂਹ ਵਰ੍ਹਦਾ ਹੈ ਤਾਂ ਪੰਜਾਬੀ ਵਿੱਚ ਇਸ ਨੂੰ ਝੜੀ ਲੱਗਣਾ ਕਹਿੰਦੇ ਹਨ ਤੇ ਜਦੋਂ ਕਦੇ ਝੜੀ ਲੱਗੇ ਤਾਂ ਘਰਾਂ ਵਿੱਚ ਵਿਸ਼ੇਸ਼ ਪਕਵਾਨ ਪੱਕਦੇ ਹਨ, ਚਾਹੇ ਉਹ ਮਾਲ੍ਹ-ਪੂੜੇ ਹੋਣ ਜਾਂ ਕਚੌਰੀਆਂ-ਗੁਲਗੁਲੇ। ਕਦੇ ਕਦੇ ਪਤੌੜ ਬਣਦੇ ਹਨ, ਖੀਰ-ਕੜਾਹ ਇਸ ਰੁੱਤ ਦਾ ਵਿਸ਼ੇਸ਼ ਪਕਵਾਨ ਹੈ। ਪਿੰਡਾਂ ਵਿੱਚ ਜਾਮਣਾਂ, ਅੰਬ, ਖਜ਼ੂਰਾਂ, ਅਮਰੂਦ ਸਾਉਣ ਦੇ ਫ਼ਲ ਹਨ।
ਸਾਉਣ ਮਹੀਨੇ ਦਾ ਗੁਰਬਾਣੀ ਦੇ ਬਾਰਾਮਾਹ ਵਿੱਚ ਵੀ ਵਿਸ਼ੇਸ਼ ਜ਼ਿਕਰ ਹੈ। ਪੰਜਾਬੀ ਵਿੱਚ ਬਾਰਾਂ ਦੇਸੀ ਮਹੀਨਿਆਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧੀ ਸਾਉਣ ਮਹੀਨੇ ਨੂੰ ਮਿਲੀ ਹੈ। ਜਦੋਂ ਕਦੇ ਪਲਾਂ ਵਿੱਚ ਕੋਈ ਚਿੱਟੀ ਬੱਦਲੀ, ਜਿਸ ਨੂੰ ਧੁੱਪ ਦੇ ਬੱਦਲ ਵੀ ਕਹਿ ਲਿਆ ਜਾਂਦਾ ਹੈ, ਭੂਰੀ ਹੋ ਕੇ ਅਚਾਨਕ ਵਰ੍ਹਦੀ ਹੈ ਤਾਂ ਫਿਰ ਮਨ ਕਹਿ ਉਠਦਾ ਹੈ-
ਤਿੱਤਰ ਖੰਭੀ ਬੱਦਲੀ ਵਰ੍ਹ ਗਈ
ਪੈ ਗਿਆ ਮੀਂਹ ਦੜਾਕੇ ਦਾ
ਜਦੋਂ ਪਿੰਡਾਂ ਤੇ ਨਗਰਾਂ ਵਿੱਚ ਚਾਰੇ ਪਾਸੇ ਪਾਣੀ ਖੜ੍ਹ ਜਾਂਦਾ ਹੈ ਤਾਂ ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਛੱਡਦੇ ਹਨ। ਇਸ ਤਰ੍ਹਾਂ ਖ਼ੁਸ਼ੀ ਦੇ ਨਾਲ ਕਲਾਤਮਕ ਰੁਚੀਆਂ ਵੀ ਪੈਦਾ ਹੁੰਦੀਆਂ ਹਨ। ਦੂਜੇ ਪਾਸੇ ਪੁਰਾਤਨ ਸੰਸਕਾਰਾਂ ਤਹਿਤ ਲੋਕ ਖਵਾਜ਼ੇ ਦੀ ਪੂਜਾ ਕਰਦੇ ਹਨ ਅਤੇ ਹੜ੍ਹਾਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਓਹੜ-ਪੋਹੜ ਕਰਦੇ ਹਨ।
ਹਰ ਰੁੱਤ ਤੇ ਮਹੀਨੇ ਦੀ ਵੱਖਰੀ ਪਛਾਣ ਹੈ। ਸਾਉਣ ਦਾ ਮਹੀਨਾ ਤੀਆਂ ਦੇ ਤਿਓਹਾਰ ਲਈ ਜਾਣਿਆ ਜਾਂਦਾ ਹੈ। ਤੀਆਂ ਦਾ ਤਿਓਹਾਰ ਇਸ ਮਹੀਨੇ ਦੀ ਰੂਹ ਹੈ। ਅੱਜਕੱਲ੍ਹ ਤੀਆਂ ਦੇ ਤਿਓਹਾਰ ਦਾ ਸਰੂਪ ਬਦਲ ਗਿਆ ਹੈ, ਪਰ ਪੰਜਾਬਣਾਂ ਦੇ ਮਨਾਂ ਵਿੱਚ ਤੀਆਂ ਲਈ ਜੋਸ਼ ਕਾਇਮ ਹੈ। ਇਹ ਤਿਓਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਨੂੰ ਸ਼ੁਰੂ ਹੁੰਦਾ ਅਤੇ ਪੁੰਨਿਆ ਨੂੰ ਸਿਰੇ ਚੜ੍ਹਦਾ ਹੈ। ਤੀਆਂ ਤੋਂ ਪਹਿਲਾਂ ਦੂਜ ਦੀ ਰਾਤ 'ਮਹਿੰਦੀ ਵਾਲੀ ਰਾਤ' ਹੁੰਦੀ ਹੈ। ਮੁਟਿਆਰਾਂ ਆਪਣੇ ਹੱਥਾਂ ਉੱਤੇ ਮਹਿੰਦੀ ਲਵਾਉਂਦੀਆਂ ਹਨ। ਵਣਜਾਰਿਆਂ ਤੋਂ ਰੰਗ-ਬਿਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਹਨ। ਕੁੜੀਆਂ ਵਹੁਟੀਆਂ ਤੀਲੇ ਨਾਲ ਆਪਣੇ ਹੱਥਾਂ ਉੱਤੇ ਮਹਿੰਦੀ ਦੇ ਖੂਬਸੂਰਤ ਫੁੱਲ-ਬੂਟੇ ਬਣਾ ਲੈਂਦੀਆਂ ਸਨ। ਦੂਜੀ ਸਵੇਰੇ, ਆਪਣੀਆਂ ਤਲੀਆਂ ਉੱਤੇ ਖਿੜੇ ਮਹਿੰਦੀ ਦੇ ਰੱਤੇ ਫੁੱਲਾਂ ਨੂੰ ਤੱਕ ਫੁੱਲੀਆਂ ਨਹੀਂ ਸਮਾਉਂਦੀਆਂ।
ਕਈ ਵਾਰ ਮਾਪੇ ਇਸ ਮਹੀਨੇ ਧੀਆਂ ਨੂੰ ਨਹੀਂ ਲਿਆ ਸਕਦੇ ਜਾਂ ਮੁਸ਼ਕਿਲ ਹੋਵੇ ਤਾਂ ਉਹ ਧੀ ਡਾਰ ਤੋਂ ਵਿੱਛੜੀ ਕੂੰਜ ਵਾਂਗ ਕੁਰਲਾ ਉਠਦੀ। ਉਹ ਬਾਗਾਂ ਵਿੱਚ ਗਾਉਂਦੀ ਕੋਇਲ ਵਾਂਗ ਆਪਣੇ ਗੀਤਾਂ ਰਾਹੀਂ ਬਾਬਲ ਦੇ ਵਿਹੜੇ ਵੱਲ ਕਾਵਾਂ ਹੱਥ ਸੁਨੇਹੇ ਘੱਲਦੀ। ਜਿਨ੍ਹਾਂ ਭੈਣਾਂ ਘਰ ਵੀਰ ਨਹੀਂ ਹੁੰਦੇ, ਉਨ੍ਹਾਂ ਦੇ ਕਾਲਜੇ ਨੂੰ ਵੀ ਇਸ ਮਹੀਨੇ ਖੋਹ ਪੈਂਦੀ ਹੈ। ਉਹ ਰੱਬ ਤੋਂ ਮੰਗ ਕਰਦੀਆਂ ਨੇ-
ਇੱਕ ਵੀਰ ਦੇਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
ਪੰਜਾਬ ਦੇ ਪਿੰਡਾਂ ਵਿੱਚ ਦੁਪਹਿਰ ਸਮੇਂ ਬੋਹੜਾਂ ਤੇ ਪਿੱਪਲਾਂ ਦੀਆਂ ਛਾਵਾਂ ਵਿੱਚ ਤੀਆਂ ਦੇ ਪਿੜ ਬੱਝਦੇ ਸਨ। ਇੱਥੋਂ ਉਹ ਆਪਣੇ ਮਨੋਭਾਵਾਂ ਦਾ ਪ੍ਰਗਟਵਾ ਬੋਲੀਆਂ ਪਾ ਕੇ ਕਰਦੀਆਂ-
* ਆਉਂਦੀ ਕੁੜੀਏ, ਜਾਂਦੀ ਕੁੜੀਂਏ,
ਤੁਰਦੀ ਪਿੱਛੇ ਨੂੰ ਜਾਵੇਂ,
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ,
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।
* ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ-ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
* ਆਹ ਲੈ ਮਿੱਤਰਾਂ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
* ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ
ਪਿੱਪਲ ਕੁੜੀਆਂ ਦੇ ਅਰਮਾਨਾਂ ਦੇ ਗਵਾਹ ਬਣਦੇ ਸਨ। ਪਿੱਪਲਾਂ, ਟਾਹਲੀਆਂ ਅਤੇ ਬਰੋਟਿਆਂ ਦੇ ਟਾਹਣਾਂ ਦੇ ਨਾਲ ਪਾਈਆਂ ਪੀਂਘਾਂ ਉੱਤੇ ਹੁਲਾਰੇ ਲੈਂਦੀਆਂ ਉਹ ਆਪਣੇ ਸੁਪਨਿਆਂ ਦੇ ਨਾਲ ਅੰਬਰੀ ਉਡਾਣਾਂ ਭਰਦੀਆਂ। ਇਨ੍ਹਾਂ ਪੀਂਘਾਂ ਲਈ ਵਿਸ਼ੇਸ਼ ਲੱਜ (ਰੱਸੇ) ਨੂੰ ਗੱਠ ਦੇਣੀ ਅਤੇ ਫੱਟੀ ਪਾਉਣ ਵਿੱਚ ਵੀ ਮੁਹਾਰਤ ਦੀ ਗੱਲ ਹੈ। ਭਾਵੇਂ ਸ਼ਹਿਰੀਕਰਨ ਦੇ ਪ੍ਰਭਾਵ ਵਿੱਚ ਕੁੜੀਆਂ ਨੂੰ ਅੰਬਰੀਂ ਪੀਂਘ ਚੜ੍ਹਾਉਣੀ ਸ਼ਾਇਦ ਭੁੱਲ ਗਈ ਹੋਵੇ, ਪਰ ਪੀਂਘ ਦੇ ਝੂਟੇ ਦੀ ਤਾਂਘ ਕਾਇਮ ਹੈ। ਸ਼ਹਿਰਾਂ ਵਿੱਚ ਤੀਆਂ ਦਾ ਤਿਓਹਾਰ ਵੀ ਮੇਲੇ ਦਾ ਰੂਪ ਬਣ ਗਿਆ ਹੈ। ਪੰਜਾਬ ਵਿੱਚ ਮਾਪੇ ਨਵੀਆਂ ਵਿਆਹੀਆਂ ਧੀਆਂ ਨੂੰ ਸਾਉਣ ਚੜ੍ਹਨ ਤੋਂ ਪਹਿਲਾਂ ਪੇਕੇ ਲੈ ਆਉਂਦੇ ਹਨ। ਤੀਆਂ ਵਿੱਚ ਜਾਣ ਤੋਂ ਪਹਿਲਾਂ ਉਹ ਹੱਥੀਂ ਮਹਿੰਦੀ ਲਾ ਕੇ ਵਾਲ ਗੁੰਦ ਕੇ ਅਤੇ ਚੂੜੀਆਂ ਚੜ੍ਹਾ ਕੇ ਬਣ ਠਣ ਜਾਂਦੀਆਂ ਹਨ। ਤੀਆਂ ਵਿੱਚ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੇ ਸਾਂਗ ਰਚਾਉਂਦੀਆਂ ਹਨ ਜਿਵੇਂ-
ਮੋੜੀਂ ਮੋੜੀਂ ਵੇ ਗੁਲਜ਼ਾਰੀ ਭੇਡਾਂ ਦੂਰ ਗਈਆਂ।
ਕੁੜੀਆਂ ਦੀ ਅੱਡੀ ਨਾਲ ਗਿੱਧੇ ਦੀ ਥਾਪ ਨਾਲ ਜਦੋਂ ਪਿੜ ਬੱਝ ਜਾਂਦਾ ਹੈ ਤਾਂ ਫਿਰ ਇਹ ਨਣਦਾਂ-ਭਰਜਾਈਆਂ, ਭੂਆ-ਭਤੀਜੀਆਂ, ਚਾਚੀਆਂ-ਤਾਈਆਂ ਵੱਲੋਂ ਪਾਏ ਗਿੱਧੇ ਨਾਲ ਸਿਖਰਾਂ ਨੂੰ ਛੂੰਹਦਾ ਦਿਨ ਦਾ ਤੀਜਾ ਪਹਿਰ ਖ਼ਤਮ ਹੋਣ ਨਾਲ ਅਗਲੇ ਦਿਨ ਆਉਣ ਦਾ ਸੱਦਾ ਦਿੰਦਾ ਖ਼ਤਮ ਹੁੰਦਾ ਹੈ। ਤੀਆਂ ਇੱਕ ਤਰ੍ਹਾਂ ਔਰਤਾਂ ਦੇ ਖੁੱਲ੍ਹ ਕੇ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕਰਨ ਦਾ ਮੰਚ ਰਿਹਾ ਹੈ, ਕਿਉਂਕਿ ਪੁਰਾਤਨ ਜ਼ਮਾਨੇ ਵਿੱਚ ਅੱਜ ਜਿੰਨੀ ਖੁੱਲ੍ਹ ਤੇ ਆਜ਼ਾਦੀ ਨਹੀਂ ਸੀ। ਇਸ ਕਰ ਕੇ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕਰਨ ਲਈ ਤੀਆਂ ਹੀ ਮੌਕਾ ਦਿੰਦੀਆਂ ਸਨ। ਦੂਜਾ ਪਹਿਲੂ ਇਹ ਕਿ ਇੱਥੇ ਸਿਰਫ਼ ਔਰਤਾਂ ਹੁੰਦੀਆਂ ਤੇ ਉਨ੍ਹਾਂ ਨੂੰ ਮਰਦਾਂ ਦੀ ਗੈਰਹਾਜ਼ਰੀ ਦਾ ਲਾਹਾ ਮਿਲਦਾ। ਤੀਆਂ ਦਾ ਗਿੱਧਾ ਦੇਖਣਾ ਮਰਦਾਂ ਲਈ ਮਨਾਹੀ ਹੁੰਦੀ ਸੀ। ਕੁੜੀਆਂ ਨੂੰ ਸਾਉਣ ਮਹੀਨਾ ਆਪਣਾ ਭਰਾ ਜਾਪਦਾ ਤੇ ਭਾਦੋਂ ਨੂੰ ਚੰਦਰੀ ਮੰਨਦੀਆਂ, ਕਿਉਂਕਿ ਉਨ੍ਹਾਂ ਨੂੰ ਭਾਦੋਂ ਚੜ੍ਹਦਿਆਂ ਸਾਰ ਫਿਰ ਵਿੱਛੜਨਾ ਪੈਂਦਾ ਹੈ। ਪੁੰਨਿਆਂ ਵਾਲੇ ਦਿਨ ਵੱਲੋ (ਬੱਲੋ) ਪਾਈ ਜਾਂਦੀ ਹੈ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਜਾਂਦੀਆਂ ਦੁੱਬ (ਹਰਾ ਘਾਹ) ਪੁੱਟ ਕੇ ਲੈ ਜਾਂਦੀਆਂ ਹਨ ਤਾਂ ਜੋ ਵੀਰ ਦਾ ਘਰ ਸਾਉਣ ਦੇ ਮਹੀਨੇ ਦੇ ਘਾਹ ਵਾਂਗੂ ਹਰਿਆ-ਭਰਿਆ ਰਹੇ। ਗਿੱਧੇ ਦਾ ਅੰਤ ਕਰਦੀਆਂ ਹੋਈਆਂ ਉਹ ਗਾਉਂਦੀਆਂ-
ਸਾਉਣ ਵੀਰ `ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਇਸ ਤਰ੍ਹਾਂ ਪੇਕੇ ਆਈਆਂ ਧੀਆਂ ਮਾਪਿਆਂ ਦੀ ਸੁੱਖ ਮੰਗਦੀਆਂ ਫਿਰ ਆਪਣੇ ਘਰਾਂ ਨੂੰ ਰਵਾਨਾ ਹੋ ਜਾਂਦੀਆਂ। ਤੀਆਂ ਦਾ ਚਾਅ ਨਵੇਂ ਯੁੱਗ ਦੇ ਮਨੋਰੰਜਨ ਦੇ ਸਾਧਨਾਂ ਨੇ ਬਹੁਤ ਘਟਾ ਦਿੱਤਾ ਹੈ। ਪਦਾਰਥਵਾਦੀ ਯੁੱਗ ਵਿੱਚ ਜਾਇਦਾਦਾਂ ਦੀ ਵੰਡ ਨੇ ਭੈਣ-ਭਰਾ ਦੇ ਪਿਆਰ ਵਿੱਚ ਵੀ ਫ਼ਰਕ ਪਾ ਦਿੱਤਾ ਹੈ। ਅੱਜਕੱਲ੍ਹ ਨਾ ਵੀਰ ਕੋਲ ਬੋਤਾ ਹੈ ਤੇ ਨਾ ਹੀ ਭੈਣ ਨੂੰ ਉਡੀਕ ਹੈ। ਤੀਆਂ ਕਲੱਬਾਂ, ਸਟੇਜਾਂ ਤੇ ਪਾਰਕਾਂ ਦਾ ਸ਼ਿੰਗਾਰ ਬਣ ਗਈਆਂ ਹਨ। ਸਾਰੇ ਸਾਧਨ ਸਪੰਨ ਸਮਾਜ ਵਿੱਚ ਭਾਵੇਂ ਖ਼ੁਦਗਰਜ਼ੀ ਭਾਰੂ ਹੈ, ਪਰ ਸਾਡੇ ਤਿਓਹਾਰ ਸਾਡੇ ਮਨਾਂ ਅਤੇ ਰਿਸ਼ਤਿਆਂ ਨੂੰ ਠੰਢਕ ਵਰਤਾਉਂਦੇ ਹਨ।

 
Have something to say? Post your comment