Welcome to Canadian Punjabi Post
Follow us on

25

September 2021
 
ਨਜਰਰੀਆ

ਵਿਅੰਗ : ਇੱਕ ਕਲਾ ਹੈ ਬਰਖਾਸਤ ਹੋਣਾ

July 28, 2021 03:05 AM

-ਕਮਲ ਕਿਸ਼ੋਰ ਸਕਸੈਨਾ
ਜੋ ਲੋਕ ਅੱਜ ਤੱਕ ਬਰਖਾਸਤ ਨਹੀਂ ਹੋਏ, ਉਹ ਕੋਸ਼ਿਸ਼ ਕਰ ਲੈਣ, ਅਜੇ ਦੇਰ ਨਹੀਂ ਹੋਈ, ਕਿਉਂਕਿ ਬਰਖਾਸਤੀ ਰੂਪੀ ਰਤਨ ਦੇ ਬਿਨਾਂ ਨੌਕਰੀ ਰੂਪੀ ਤਾਜ ਦੀ ਚਮਕ ਅਧੂਰੀ ਰਹਿੰਦੀ ਹੈ। ਸਵੇਰੇ ਦਸ ਤੋਂ ਸ਼ਾਮ ਪੰਜ ਵਜੇ ਤੱਕ ਕਲਮ ਜਾਂ ਕੰਪਿਊਟਰ ਦਾ ਮਾਊਸ ਘਸੀਟ ਕੇ ਆਪਣਾ ਫੰਡ, ਗ੍ਰੈਚੂਟੀ ਅਤੇ ਬੀਮਾ ਬਹੁਤ ਸਾਰੇ ਲੋਕ ਲੈ ਜਾਂਦੇ ਹਨ, ਬਿਨਾਂ ਕੰਮ ਕੀਤੇ ਅੱਧੀ ਤਨਖਾਹ ਦਾ ਸੁਖ ਨਸੀਬ ਵਾਲਿਆਂ ਨੂੰ ਮਿਲਦੈ। ਬਰਖਾਸਤਗੀ ਲਈ ਭਿ੍ਰਸ਼ਟਾਚਾਚ ਬਹੁਤ ਜ਼ਰੂਰੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੋ ਬਰਖਾਸਤ ਹੋਇਆ ਹੈ, ਉਹ ਭਿ੍ਰਸ਼ਟ ਹੋਵੇਗਾ। ਕਦੇ-ਕਦੇ ਇਮਾਨਦਾਰ ਲੋਕ ਵੀ ਬਰਖਾਸਤ ਹੋ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਬਰਖਾਸਤੀ ਕਰਨ ਵਾਲਾ ਵੀ ਭ੍ਰਿਸ਼ਟ ਹੁੰਦਾ ਹੈ।
ਬਰਖਾਸਤ ਹੋਣਾ ਵੀ ਕਲਾ ਹੈ, ਜੋ ਲੋਕ ਇਸ ਨੂੰ ਜਾਣਦੇ ਹਨ, ਸੁਖੀ ਰਹਿੰਦੇ ਹਨ। ਜਾਣਕਾਰ ਲੋਕ ਜਦ ਨੌਕਰੀ ਕਰਦੇ ਹਨ, ਕਮਾਉਂਦੇ ਹਨ। ਫਿਰ ਬਰਖਾਸਤ ਹੋ ਕੇ ਬਾਕਾਇਦਾ ਉਸ ਦਾ ਸੁੱਖ ਭੋਗਦੇ ਹਨ। ਸਾਡੇ ਇੱਕ ਮਿੱਤਰ ਕੋਈ ਨਾ ਕੋਈ ਹੱਥਕੰਡਾ ਅਪਣਾ ਕੇ ਹਰ ਸਾਲ ਮਈ-ਜੂਨ ਵਿੱਚ ਸਸਪੈਂਡ ਹੋ ਜਾਂਦੇ ਸਨ ਅਤੇ ਪਤਨੀ-ਬੱਚਿਆਂ ਨੂੰ ਕਿਸੇ ਨਾ ਕਿਸੇ ਹਿਲ ਸਟੇਸ਼ਨ ਉੱਤੇ ਘੁੰਮਾ ਲਿਆਉਂਦੇ ਸਨ। ਪਿਛਲੇ ਮਹੀਨੇ ਲਾਕਡਾਊਨ ਖੁੱਲ੍ਹਣ ਉੱਤੇ ਸਾਨੂੰ ਮਿਲੇ। ਦੱਸਿਆ ਕਿ ਦਫਤਰ ਜਾ ਰਹੇ ਹਨ ਤਾਂ ਹੈਰਾਨੀ ਹੋਈ। ਕਾਫੀ ਪੁੱਛਣ ਉੱਤੇ ਉਨ੍ਹਾਂ ਦੱਸਿਆ, ‘‘ਯਾਰ, ਨਵਾਂ ਬੌਸ ਬਹੁਤ ਘਾਗ ਹੈ। ਸੋਚਿਆ ਸੀ ਕਿ ਐਤਕੀਂ ਗਰਮੀਆਂ ਵਿੱਚ ਪਿੰਡ ਵਾਲਾ ਮਕਾਨ ਬਣਵਾ ਲਵਾਂਗਾ, ਸਾਹਿਬ ਨੇ ਸਸਪੈਂਡ ਨਹੀਂ ਕੀਤਾ।”
ਮੈਨੂੰ ਹੈਰਾਨੀ ਹੋਈ ਕਿ ਮਿੱਤਰ ਵਰਗਾ ਅਨੁਭਵੀ ਵਿਅਕਤੀ ਸਸਪੈਂਡ ਹੋਣ ਵਿੱਚ ਮਾਤ ਖਾ ਗਿਆ ਤਾਂ ਨਵੇਂ ਲੋਕਾਂ ਦਾ ਕੀ ਹੋਵੇਗਾ? ਮਿੱਤਰ ਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ, ‘‘ਬਰਖਾਸਤ ਹੋਣ ਲਈ ਮੈਂ ਕੀ-ਕੀ ਨਹੀਂ ਕੀਤਾ। ਅਫਸਰ ਨੂੰ ਹਿੱਸਾ ਦਿੱਤੇ ਬਿਨਾਂ ਟੈਂਡਰ ਪਾਸ ਕਰਵਾਇਆ, ਪਰ ਉਸ ਨੇ ਸਸਪੈਂਡ ਕਰਨ ਦੀ ਥਾਂ ਅਗਲੇ ਟੈਂਡਰ ਦਾ ਮੇਰਾ ਕਮਿਸ਼ਨ ਹੜੱਪ ਲਿਆ। ਫਿਰ ਮੈਂ ਸ਼ਰੇਆਮ ਉਸ ਨੂੰ ਗਾਲ੍ਹਾਂ ਕੱਢੀਆਂ, ਪਰ ਉਸ ਨੇ ਕਾਰਵਾਈ ਕਰਨ ਦੀ ਥਾਂ ਆਪਣੇ ਕੰਨਾਂ ਵਿੱਚ ਤੁੰਨ ਲਈ।”
‘‘ਤੂੰ ਉਸ ਨੂੰ ਝਾਪੜ ਕਿਉਂ ਨਹੀਂ ਮਾਰਿਆ?” ਮੈਂ ਮਾੜੀ ਜਿਹੀ ਰਾਇ ਦਿੱਤੀ।
‘‘ਉਹ ਵੀ ਮਾਰ ਕੇ ਦੇਖ ਲਿਆ, ਪਰ ਕੁਝ ਨਹੀਂ ਹੋਇਆ। ਉਸ ਨੇ ਪਲਟ ਕੇ ਮੈਨੂੰ ਜੜ ਦਿੱਤਾ।” ਮਿੱਤਰ ਨੇ ਅੱਗੇ ਦੱਸਿਆ, ‘‘ਕਹਿੰਦਾ ਹੈ ਕਿ ਲੋਕਤੰਤਰ ਵਿੱਚ ਸਭ ਨੂੰ ਸਸਪੈਂਡ ਹੋਣ ਦਾ ਸਮਾਨ ਅਧਿਕਾਰ ਹੈ। ਇਹ ਕੀ ਗੱਲ ਹੋਈ ਕਿ ਹਮੇਸ਼ਾ ਤੁਸੀਂ ਮੌਜ ਕਰੋ। ਖੂਬ ਚੰਦ ਨੇ ਲੜਕੀ ਦੀ ਵਿਆਹ ਕਰਨਾ ਹੈ। ਬੇਬੇ ਦੀ ਅੱਖ ਦਾ ਆਪਰੇਸ਼ਨ ਕਰਵਾਉਣਾ ਹੈ। ਪਲਹੜ ਜੀ ਨੇ ਆਪਣੇ ਮਾਂ-ਬਾਪ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਵਾਉਣੇ ਹਨ। ਕੀ ਇਨ੍ਹਾਂ ਲੋਕਾਂ ਨੂੰ ਸਸਪੈਂਡ ਹੋਣ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ।”
ਮਿੱਤਰ ਦੀ ਇਹ ਕਰੁਣਾ ਕਥਾ ਨੌਕਰੀ ਰੂਪੀ ਪੁਸਤਕ ਦਾ ਇੱਕ ਦੁਖਦਾਈ ਕਾਂਡ ਕਈ ਵਾਰ ਅਣਮੰਨੇ ਮਨ ਪੜ੍ਹਨਾ ਪੈ ਜਾਂਦਾ ਹੈ, ਪਰ ਇਸ ਦ ਇਹ ਅਰਥ ਨਹੀਂ ਕਿ ਕੋਸ਼ਿਸ਼ ਕਰਨੀ ਛੱਡ ਦਿੱਤੀ ਜਾਏ। ਗੀਤਾ ਵਿੱਚ ਵੀ ਕਿਹਾ ਗਿਆ ਹੈ ਕਿ ਮਨੁੱਖ ਨੂੰ ਕਰਮ ਜ਼ਰੂਰ ਕਰਨਾ ਚਾਹੀਦੈ। ਬਰਖਾਸਤਗੀ ਰੂਪੀ ਫਲ ਅਫਸਰ ਦੇ ਹੱਥ ਵਿੱਚ ਹੈ। ਇਹ ਜ਼ਰੂਰ ਹੈ ਕਿ ਜਿਨ੍ਹਾਂ ਲੋਕਾਂ ਦੀ ਆਪਣੇ ਅਫਸਰ ਨਾਲ ਚੰਗੀ ਟਿਊਨਿੰਗ ਹੁੰਦੀ ਹੈ, ਉਨ੍ਹਾਂ ਨੂੰ ਬਿਨਾਂ ਨੰਬਰ ਦੇ ਹੀ ਬਰਖਾਸਤਗੀ ਸੁੱਖ ਦਾ ਅਸਿੱਧੇ ਰੂਪ ਵਿੱਚ ਮਿਲਦਾ ਰਹਿੰਦਾ ਹੈ। ਅਰਥਾਤ ਬਰਖਾਸਤ ਹੋਣ ਲਈ ਅਫਸਰ ਦੀ ਗੁਡ ਬੁੱਕ ਵਿੱਚ ਰਹਿਣਾ ਜ਼ਰੂਰੀ ਹੈ।
ਬਰਖਾਸਤ ਕਰਮਚਾਰੀ ਦੀ ਰੁਟੀਨ ਅਲੱਗ ਹੋ ਜਾਂਦੀ ਹੈ। ਪਹਿਲਾਂ ਦਸ ਵਜੇ ਤੱਕ ਦਫਤਰ ਜਾਣ ਦੀ ਭਾਜੜ ਹੁੰਦੀ ਸੀ, ਪਰ ਬਰਖਾਸਤਗੀ ਦੇ ਬਾਅਦ ਬੜਾ ਆਰਾਮ ਰਹਿੰਦਾ ਹੈ। ਜਦ ਬਾਕੀ ਦੁਨੀਆ ਮਸ਼ੀਨ ਬਣੀ ਦਫਤਰ ਭੱਜ ਰਹੀ ਹੁੰਦੀ ਹੈ ਤਾਂ ਬਰਖਾਸਤ ਕਰਮਚਾਰੀ ਚੈਨ ਨਾਲ ਅਖਬਾਰ ਪੜ੍ਹਦਾ ਮਿਲਦਾ ਹੈ ਅਤੇ ਮੁੱਛਾਂ ਉੱਤੇ ਤਾਅ ਦੇ ਕੇ ਮਨ ਹੀ ਮਨ ਕਹਿੰਦਾ ਹੈ, ‘ਨੌਕਰੀ ਕਰੋਗੇ ਤਾਂ ਇੰਝ ਹੀ ਕੋਹਲੂ ਦੇ ਬੈਲ ਬਣੇ ਰਹੋਗੇ।’ ਬਰਖਾਸਤ ਕਰਮਚਾਰੀ ਦੀ ਪਤਨੀ ਵੀ ਉਸ ਤੋਂ ਖੁਸ਼ ਰਹਿੰਦੀ ਹੈ, ਕਿਉਂਕਿ ਪਤੀਦੇਵ ਘਰ ਦੇ ਕੰਮਾਂ ਵਿੱਚ ਉਸ ਦਾ ਹੱਥ ਵਟਾ ਲੈਂਦੇ ਹਨ। ਇਸ ਸਮੇਂ ਘਰ ਦੇ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਪੜ੍ਹਾਉਣ ਲਈ ਕਾਫੀ ਸਮਾਂ ਹੈ, ਨਤੀਜਾ ਟਿਊਟਰ ਦੀ ਵੀ ਛੁੱਟੀ। ਬਰਖਾਸਤਗੀ ਦੇ ਸਮੇਂ ਦੌਰਾਨ ਕਾਫੀ ਆਰਥਿਕ ਬਚਤ ਵੀ ਹੁੰਦੀ ਹੈ। ਜੋ ਲੋਕ ਪਹਿਲਾਂ ਮੁਲਾਕਾਤ ਨਾ ਹੋਣ ਦਾ ਉਲ੍ਹਾਭਾ ਦਿੰਦੇ ਸਨ, ਉਨ੍ਹਾਂ ਦੀ ਸ਼ਿਕਇਤ ਏਨੀ ਦੂਰ ਹੁੰਦੀ ਹੈ ਕਿ ਉਹ ਮਨਾਉਣ ਲੱਗਦੇ ਹਨ, ‘‘ਹੇ ਪ੍ਰਮਾਤਮਾ! ਇਨ੍ਹਾਂ ਨੂੰ ਬਹਾਲ ਕਰ ਦੇ।”
ਕੁੱਲ ਮਿਲਾ ਕੇ ਬਰਖਾਸਤ ਹੋਣਾ ਨਾ ਕੇਵਲ ਹਰ ਪਹਿਲੂ ਤੋਂ ਲਾਹੇਵੰਦ ਹੈ, ਸਗੋਂ ਜਿਊਣ ਦੀ ਇੱਕ ਮਹੱਤਵ ਪੂਰਨ ਉਪਲਬਧੀ ਵੀ ਹੈ। ਇਸ ਲਈ ਹੇ ਕਰਮਚਾਰੀਓ! ਆਪਣੀ ਨੌਕਰੀ ਵਿੱਚ ਮਿਲੇ ਸਸਪੈਂਡਿੰਗ ਰੂਪੀ ਅਧਿਕਾਰ ਨੂੰ ਪਛਾਣੋ ਅਤੇ ਉਸ ਨੂੰ ਪ੍ਰਾਪਤ ਕਰੋ।

 
Have something to say? Post your comment