Welcome to Canadian Punjabi Post
Follow us on

25

September 2021
 
ਨਜਰਰੀਆ

ਮੋਰੀ ਰੁਣ ਝੁਣ ਲਾਇਆ..

July 23, 2021 02:22 AM

-ਬਲਵਿੰਦਰ ਆਜ਼ਾਦ
ਪੰਜਾਬੀ ਸੱਭਿਆਚਾਰ ਵਿੱਚ ਭਾਵੇਂ ਹਰ ਮਹੀਨੇ ਨੂੰ ਕਿਸੇ ਨਾ ਕਿਸੇ ਤਿੱਥ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ, ਪਰ ਸਾਉਣ ਮਹੀਨੇ ਦਾ ਵੱਖਰਾ ਰੂਪ ਰੰਗ ਅਤੇ ਢੰਗ ਹੈ। ਜੇਠ, ਹੜ੍ਹ ਦੀਆਂ ਧੁੱਪਾਂ ਨਾਲ ਝੁਲਸੀ ਸਮੁੱਚੀ ਵਨਸਸਪਤੀ, ਮਨੁੱਖ, ਜੀਵ-ਜੰਤੂ, ਪਸ਼ੂ-ਪੰਛੀ ਇਸ ਮਹੀਨੇ ਪੈਣ ਵਾਲੇ ਮੀਂਹ ਨਾਲ ਅਥਾਹ ਰਾਹਤ ਮਹਿਸੂਸ ਕਰਦੇ ਤੇ ਗਰਮੀ ਕਾਰਨ ਪਾਣੀ ਦੀ ਕਮੀ ਨਾਲ ਸੁੱਕਣ ਕੰਢੇ ਪਹੁੰਚ ਚੁੱਕੇ ਨਦੀਆਂ-ਨਾਲੇ, ਟੋਭੇ, ਛੱਪੜ ਵੀ ਭਰ ਜਾਂਦੇ ਹਨ, ਜਿਸ ਨਾਲ ਜਿੱਥੇ ਖੇਤੀ ਪੈਦਾਵਾਰ ਲਈ ਵਰਤੇ ਜਾਣ ਵਾਲੇ ਟਿਊਬਵੈਲਾਂ ਉਪਰ ਬਰੇਕ ਲੱਗ ਜਾਂਦੀ ਹੈ, ਉਥੇ ਧਰਤੀ ਹੇਠੋਂ ਸਿੰਚਾਈ ਲਈ ਨਿਕਲਦੇ ਅਰਬਾਂ, ਖਰਬਾਂ ਲੀਟਰ ਪਾਣੀ ਉਤੇ ਰੋਕ ਲੱਗ ਜਾਂਦੀ ਹੈ। ਬਰਸਾਤੀ ਪਾਣੀ ਬਿਜਲੀ ਪੈਦਾ ਕਰਨ ਲਈ ਵੀ ਵੱਡਾ ਮਦਦਗਾਰ ਸਾਬਤ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਉਣ ਮਹੀਨੇ ਦੀ ਮਹੱਤਤਾ ਬਾਰੇ ਇਸ ਤਰ੍ਹਾਂ ਵਰਨਣ ਕੀਤਾ ਹੈ-
ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣੁ ਆਇਆ॥
ਇਸੇ ਤਰ੍ਹਾਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਉਣ ਮਹੀਨੇ ਬਾਰੇ ਲਿਖਿਆ ਹੈ:
ਸਾਵਣਿ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰੁ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥
ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਵਿੱਚ ਬਿਆਨ ਕਰਦੇ ਹਨ ਕਿ ਸਾਉਣ ਮਹੀਨੇ ਵਿੱਚ ਉਹ ਹੀ ਜੀਵ ਇਸਤਰੀ ਪ੍ਰਫੁੱਲਿਤ ਹੁੰਦੀ ਹੈ, ਜਿਸ ਦਾ ਆਪਣੇ ਪਤੀ ਭਾਵ ਪਰਮਾਤਮਾ ਦੇ ਚਰਨਾਂ ਨਾਲ ਪਿਆਰ ਹੁੰਦਾ ਹੈ। ਉਸ ਜੀਵ ਇਸਤਰੀ ਦਾ ਮਨ ਤਨ ਪ੍ਰਭੂ ਦੇ ਇੱਕੋ ਰੰਗ ਵਿੱਚ ਰੰਗਿਆ ਜਾਂਦਾ ਹੈ, ਜਿਸ ਸਾਹਮਣੇ ਦੁਨੀਆ ਦੇ ਸਾਰੇ ਰੰਗ ਫਿੱਕੇ ਭਾਵ ਝੂਠੇ ਪੈ ਜਾਂਦੇ ਹਨ। ਪ੍ਰਭੂ ਦੇ ਨਾਮ ਦੀ ਅੰਮ੍ਰਿਤ ਬੂੰਦ ਸਾਧੂਆਂ ਦੇ ਸੰਗ ਪੀਤੀ ਜਾ ਸਕਦੀ ਹੈ। ਸਾਉਣ ਦੇ ਮਹੀਨੇ ਸਮਰੱਥ ਪ੍ਰਭੂ ਦੀ ਕ੍ਰਿਪਾ ਨਾਲ ਜੰਗਲ-ਬੇਲੇ ਹਰੇ ਭਰੇ ਹੋ ਜਾਂਦੇ ਹਨ। ਜੀਵ ਇਸਤਰੀ ਦੇ ਸ਼ੁਭ ਕਰਮ ਪਰਮੇਸ਼ਵਰ ਰੂਪੀ ਪਤੀ ਨਾਲ ਮੇਲ ਕਰਦੇ ਹਨ। ਮੈਂ ਉਨ੍ਹਾਂ ਜੀਵ ਆਤਮਵਾਂ ਦੇ ਬਲਿਹਾਰੇ ਜਾਂਦਾ ਹਾਂ, ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ ਹੈ। ਸਾਉਣ ਮਹੀਨਾ ਉਨ੍ਹਾਂ ਸੁਹਾਗਣ ਜੀਵ ਆਤਮਾਵਾਂ ਲਈ ਸੁਹਾਵਣਾ ਹੰੁਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਰੂਪੀ ਪਤੀ ਦਾ ਨਾਮ ਵਸਿਆ ਹੁੰਦਾ ਹੈ।
ਸਾਉਣ ਮਹੀਨੇ ਨੀਲੇ ਅੰਬਰਾਂ ਉਪਰ ਛਾਈਆਂ ਕਾਲੀਆਂ ਘਟਾਵਾਂ ਜਿੱਥੇ ਮੋਰਾਂ ਨੂੰ ਪੈਲਾਂ ਪਾਉਣ ਲਈ ਮਜ਼ਬੂਰ ਕਰ ਦਿੰਦੀਆਂ ਹਨ, ਉਥੇ ਬਰਸਾਤ ਦੀਆਂ ਫੁਹਾਰਾਂ ਨਾਲ ਖੀਵੇ ਬੱਚੇ ਗਲੀਆਂ ਵਿੱਚ ਟੋਲੀਆਂ ਬਣਾ ਕੇ ਕਹਿੰਦੇ ਹਨ:
ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਬਰਸਾ ਦੇ ਜ਼ੋਰੋ ਜ਼ੋਰ।
ਜਾਂ ਫਿਰ...
ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ।
ਸਾਉਣ ਮਹੀਨੇ ਨਾਲ ਤੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਨੂੰ ਤੀਜ ਦਾ ਤਿਉਹਾਰ ਕਿਹਾ ਜਾਂਦਾ ਹੈ, ਜੋ ਮੁਟਿਆਰਾਂ ਲਈ ਬਹੁਤ ਮਹੱਤਵ ਪੂਰਨ ਹੈ। ਭਾਵੇਂ ਭਾਰਤ ਦੇ ਹਰ ਸੂਬੇ ਵਿੱਚ ਇਸ ਮਹੀਨੇ ਨੂੰ ਕਿਸੇ ਵੀ ਢੰਗ ਨਾਲ ਮਨਾਇਆ ਜਾਂਦਾ ਹੋਵੇ, ਪਰ ਪੰਜਾਬ ਤੇ ਇਸ ਦੇ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਥਾਨ ਵਿੱਚ ਇਹ ਤਿਉਹਾਰ ਮਨਾਉਣ ਦਾ ਵੱਖਰਾ ਹੀ ਰੰਗ ਹੈ। ਸਾਉਣ ਮਹੀਨਾ ਸ਼ੁਰੂ ਹੰੁਦਿਆਂ ਪੰਜਾਬ ਭਰ ਅੰਦਰ ਨਵੀਂਆਂ ਵਿਆਹੀਆਂ ਕੁੜੀਆਂ ਨੂੰ ਤੀਆਂ ਦੇ ਸੰਧਾਰੇ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਤੀਆਂ ਸਾਡੇ ਸੱਭਿਆਚਾਰ ਦਾ ਇੱਕ ਅੰਗ ਹਨ। ਪਹਿਲਾਂ ਤੀਆਂ ਦਾ ਤਿਉਹਾਰ ਪੇਕੇ ਵਾਲਿਆਂ ਵੱਲੋਂ ਭੇਜਿਆ ਜਾਂਦਾ ਹੈ। ਇਸ ਦਾ ਨਵੀਆਂ ਵਿਆਹੀਆਂ ਕੁੜੀਆਂ ਦੇ ਨਾਲ ਪਹਿਲੋਂ ਵਿਆਹੀਆਂ ਕੁੜੀਆਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਤਦੇ ਤਾਂ ਪੁਰਾਣੇ ਸਮਿਆਂ ਵਿੱਚ ਕੁੜੀਆਂ ਇਹ ਗੀਤ ਗਾਉਂਦੀਆਂ ਸਨ-
ਸਾਵਣ ਆਇਆ ਨੀਂ ਸੱਸੜੀਏ, ਸਾਵਣ ਆਇਆ
ਮੇਰਾ ਵੀਰ ਸੰਧਾਰਾ ਲਿਆਇਆ ਨੀਂ, ਨੀਂ ਸੱਸੜੀਏ।
ਇਸ ਤਿਉਹਾਰ ਵਿੱਚ ਜਿੱਥੇ ਕੁੜੀਆਂ ਨੂੰ ਵਧੀਆ ਵਧੀਆ ਸੂਟ ਅਤੇ ਹੋਰ ਸਾਮਾਨ ਭੇਜਿਆ ਜਾਂਦਾ ਹੈ, ਉਥੇ ਕੁੜੀ ਦੀ ਸੱਸ, ਸਹੁਰੇ, ਨਣਦ ਅਤੇ ਪਤੀ ਨੂੰ ਖੁਸ਼ ਕਰਨ ਵਿੱਚ ਕਸਰ ਨਹੀਂ ਛੱਡੀ ਜਾਂਦੀ। ਸਾਉਣ ਮਹੀਨੇ ਚੂੜੀਆਂ ਵਾਲਿਆਂ ਦੀ ਵੀ ਖੂਬ ਚਾਂਦੀ ਹੁੰਦੀ ਸੀ, ਜੋ ਅੱਜਕੱਲ੍ਹ ਘਟ ਗਈ ਹੈ ਅਤੇ ਕੁੜੀਆਂ ਇਸ ਦਿ੍ਰਸ਼ ਨੂੰ ਬੋਲੀ ਰਾਹੀਂ ਕਹਿੰਦੀਆਂ ਸਨ:
ਆ ਵਣਜਾਰੇ ਬਹਿਜਾ ਭਾਈ, ਕਹਾਂ ਤੁਮਾਰੇ ਘਰ ਵੇ,
ਚਾੜ੍ਹ ਬਲੌਰੀ ਵੰਗਾਂ ਮੇਰੇ, ਤੈਨੂੰ ਕੀਹਦਾ ਡਰ ਵੇ,
ਭੀੜੀ ਵੰਗ ਬਚਾ ਕੇ ਚਾੜ੍ਹੀ, ਮੈਂ ਜਾਊਗੀ ਮਰ ਵੇ,
ਮੇਰਾ ਉਡੇ ਡੋਰੀਆ, ਮਹਿਲਾਂ ਵਾਲੇ ਘਰ ਵੇ
ਤੀਆਂ ਦੇ ਦਿਨਾਂ ਵਿੱਚ ਜਦੋਂ ਕੋਈ ਪ੍ਰਾਹੁਣਾ ਸਹੁਰੇ ਘਰ ਆਉਂਦਾ ਤਾਂ ਸਾਲੀਆਂ ਵੱਲੋਂ ਜੀਜੇ ਨੂੰ ਕਈ ਵਾਰ ਤਰ੍ਹਾਂ-ਤਰ੍ਹਾਂ ਦੇ ਪਿਆਰ ਭਰੇ ਮਿਹਣੇ ਵੀ ਦਿੱਤੇ ਜਾਂਦੇ। ਇਨ੍ਹਾਂ ਮਿਹਣਿਆਂ ਦਾ ਗੁੱਸਾ ਨਹੀਂ ਸੀ ਕੀਤਾ ਜਾਂਦਾ। ਭਾਵੇਂ ਇਹ ਤਿਉਹਾਰ ਗਰਮੀ ਵਿੱਚ ਹੁੰਦਾ ਹੈ, ਫਿਰ ਵੀ ਕੁੜੀਆਂ ਵੱਲੋਂ ਇੱਕ ਜਗ੍ਹਾ ਇਕੱਠੀਆਂ ਹੋ ਕੇ ਸਰ੍ਹੋਂ ਦੇ ਤੇਲ ਵਿੱਚ ਪੂੜੇ ਅਤੇ ਗੁਲਗੁਲੇ ਲਾਹੇ ਜਾਂਦੇ ਹਨ, ਜਿਸ ਨੂੰ ਸਭ ਰਲ ਮਿਲ ਕੇ ਇਕੱਠੇ ਬੈਠ ਕੇ ਖਾਂਦੇ ਹਨ। ਅੱਜਕੱਲ੍ਹ ਇਹ ਘਰ ਬਣਨ ਵਾਲੇ ਪਕਵਾਨ ਦੁਕਾਨਾਂ ਉਪਰ ਮਿਲਣੇ ਸ਼ੁਰੂ ਹੋ ਗਏ ਹਨ। ਪਹਿਲਾਂ ਹਰ ਪਿੰਡ, ਸ਼ਹਿਰ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਲਈ ਜਗ੍ਹਾ ਛੱਡੀ ਹੁੰਦੀ ਸੀ। ਕਿਸੇ ਸ਼ਾਇਰ ਨੇ ਤੀਆਂ ਮਨਾਉਣ ਦੇ ਦਿ੍ਰਸ਼ ਨੂੰ ਆਪਣੀ ਬੋਲੀ ਰਾਹੀਂ ਇਉਂ ਬਿਆਨ ਕੀਤਾ ਹੈ:
ਸਾਉਣ ਮਹੀਨਾ ਦਿਨ ਤੀਆਂ ਦੇ
`ਕੱਠੀਆਂ ਹੋਈਆਂ ਕੁੜੀਆਂ
ਸੰਭਲ-ਸੰਭਲ ਪੱਬ ਧਰਨ ਭਰਾਵੋ,
ਜੋ ਮੂਨਾਂ ਦੀਆਂ ਡਾਰਾਂ
ਪੱਟੀਆਂ ਫੈਸ਼ਨ ਨੇ ਸਤਰੰਗੀਆਂ ਮੁਟਿਆਰਾਂ
ਤੀਆਂ ਦੇ ਇਸ ਤਿਉਹਾਰ ਵਿੱਚ ਦਰੱਖਤ ਉਪਰ ਪੀਂਘ ਪਾਉਣਾ ਇੱਕ ਰਸਮ ਮੰਨੀ ਜਾਂਦੀ ਹੈ। ਜਦੋਂ ਤੀਆਂ ਵਾਲੀ ਜਗ੍ਹਾ ਉੱਤੇ ਕੋਈ ਨਵੀਂ ਵਿਆਹੀ ਕੁੜੀ ਜਾਂਦੀ ਤਾਂ ਨਣਦਾਂ ਅਤੇ ਹੋਰ ਕੁੜੀਆਂ ਵੱਲੋਂ ਉਸ ਦੇ ਪੇਕਿਆਂ ਤੋਂ ਲਿਆਂਦੀ ਨਵੀਂ ਪਟੜੀ (ਦਰੱਖਤ ਉਪਰ ਪਾਈ ਲੱਜ ਦੇ ਹੇਠਾਂ ਰੱਖਣ ਵਾਲੀ ਫੱਟੀ) ਦੀ ਮੰਗ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਉਸ ਨੂੰ ਇਸ ਲੱਜ ਨੂੰ ਦਰੱਖਤ ਉਪਰ ਪੀਂਘ ਦੇ ਰੂਪ ਵਿੱਚ ਪਾ ਕੇ ਉਸ ਉਪਰ ਸੱਜ ਵਿਆਹੀ ਲੜਕੀ ਨੂੰ ਪੀਂਘ ਝੂਟਣ ਲਈ ਚੜ੍ਹਾ ਦਿੱਤਾ ਜਾਂਦਾ ਸੀ, ਜਿਸ ਪਿੱਛੋਂ ਨਣਦਾਂ ਵੱਲੋਂ ਪੀਂਘ ਨੂੰ ਹੁਲਾਰਾ ਦੇ ਕੇ ਨਵ-ਵਿਆਹੀ ਲੜਕੀ ਨੂੰ ਦਰੱਖਤ ਦੀ ਟੀਸੀ ਤੱਕ ਪੀਂਘ ਚੜ੍ਹਾਉਣ ਨੂੰ ਕਿਹਾ ਜਾਂਦਾ ਸੀ। ਫਿਰ ਨਵ-ਵਿਆਹੀ ਲੜਕੀ ਆਪਣੇ ਪੂਰੇ ਦਮ-ਖਮ ਨਾਲ ਪੀਂਘ ਨੂੰ ਪੂਰੀ ਟੀਸੀ ਉੱਤੇ ਲਾ ਕੇ ਉਸ ਦਰੱਖਤ ਦੀ ਟਾਹਣੀ ਤੋੜ ਕੇ ਲੈ ਆਉਂਦੀ, ਜਿਸ ਨੂੰ ਸੱਸ ਦਾ ਨੱਕ ਵੱਢਣਾ ਕਿਹਾ ਜਾਂਦਾ ਹੈ।
ਇਸੇ ਤਰ੍ਹਾਂ ਵਾਰੀ-ਵਾਰੀ ਸੱਜ ਵਿਆਹੀਆਂ ਅਤੇ ਦੂਸਰੀਆਂ ਕੁੜੀਆਂ ਪੀਂਘ ਝੂਟਦੀਆਂ ਹਨ। ਕਈ ਵਾਰ ਨਣਦ-ਭਰਜਾਈ ਇੱਕੋ ਸਮੇਂ ਇੱਕੋ ਪੀਂਘ ਨੂੰ ਇਕੱਠੀਆਂ ਚੜ੍ਹਾਉਂਦੀਆਂ ਸਨ ਅਤੇ ਇਹ ਦਿ੍ਰਸ਼ ਬੜਾ ਮਨਮੋਹਣਾ ਹੁੰਦਾ ਸੀ। ਤੀਆਂ ਵਾਲੀ ਥਾਂ ਉੱਤੇ ਪੈਣ ਵਾਲਾ ਗਿੱਧਾ ਵੀ ਦੇਖਣ ਯੋਗ ਹੁੰਦਾ ਹੈ। ਸੁਹਾਗਣਾਂ ਦੇ ਪੈਰਾਂ ਵਿੱਚ ਪਾਈਆਂ ਪੰਜੇਬਾਂ ਦੀ ਛਣ-ਛਣ ਤੀਆਂ ਵਿੱਚ ਆਏ ਕੁਆਰਿਆਂ ਨੂੰ ਹਉਕੇ ਭਰਨ ਲਈ ਮਜ਼ਬੂਰ ਕਰ ਦਿੰਦੀ, ਉਥੇ ਇੱਕ-ਦੂਸਰੀ ਤੋਂ ਵਧ-ਚੜ੍ਹ ਕੇ ਪਾਈ ਜਾਂਦੀ ਬੋਲੀ ਉੱਤੇ ਅੱਡੀਆਂ ਉਪਰ ਨੱਚ ਕੇ ਪਾਇਆ ਜਾਂਦਾ ਗਿੱਧਾ ਰਾਹੀਆਂ ਦੇ ਪੈਰਾਂ ਨੂੰ ਬੰਨ੍ਹ ਕੇ ਰੱਖ ਦਿੰਦਾ ਸੀ। ਇਸ ਗਿੱਧੇ ਦੌਰਾਨ ਪਾਈ ਜਾਣ ਵਾਲੀ ਕਿੱਕਲੀ ਦਾ ਵੀ ਆਪਣਾ ਹੀ ਰੰਗ ਹੁੰਦਾ ਹੈ।
ਕੁੜੀਆਂ ਲਈ ਤੀਆਂ ਦਾ ਤਿਉਹਾਰ, ਜਿੱਥੇ ਉਨ੍ਹਾਂ ਦੇ ਮਨ ਅੰਦਰ ਦੱਬੀ ਹਰ ਖੁਸ਼ੀ, ਦੁੱਖ ਨੂੰ ਬਾਹਰ ਕੱਢ ਦਿੰਦਾ ਹੈ, ਉਥੇ ਸਾਉਣ ਦਾ ਇਹ ਮਹੀਨਾ ਦੂਰ-ਦੁਰਾਡੇ ਵਿਆਹੀਆਂ ਬਚਪਨ ਦੀਆਂ ਸਹੇਲੀਆਂ ਦੀਆਂ ਰੀਝਾਂ, ਸੱਧਰਾਂ, ਚਾਅ ਨੂੰ ਫਿਰ ਤੋਂ ਇਕੱਠਿਆਂ ਕਰ ਦਿੰਦਾ ਹੈ। ਇਸੇ ਕਰਕੇ ਤਾਂ ਸਾਉਣ ਦੇ ਮਹੀਨੇ ਨੂੰ ਕੁੜੀਆਂ ਆਪਣੇ ਭਰਾ ਵਾਂਗ ਚੰਗਾ ਅਤੇ ਭਾਦੋਂ ਦੋ ਮਹੀਨੇ ਨੂੰ ਗਾਲ੍ਹਾ ਦਿੰਦੀਆਂ ਕਹਿੰਦੀਆਂ ਹਨ:
ਸਾਉਣ ਵੀਰ ਇਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜਾ ਪਾਵੇ
ਸਾਉਣ ਦੇ ਮਹੀਨੇ ਘਰਾਂ ਵਿੱਚੋਂ ਸਰੋਂ ਦੇ ਤੇਲ ਤੋਂ ਤਿਆਰ ਹੋਣ ਵਾਲੇ ਗੁਲਗੁਲੇ ਤੇ ਪੂੜਿਆਂ ਦੀ ਖੁਸ਼ਬੋ ਗਲੀ ਵਿੱਚੋਂ ਲੰਘਣ ਵਾਲੇ ਹਰ ਸ਼ਖ਼ਸ ਦੇ ਮਨ ਅੰਦਰ ਇਸ ਪਕਵਾਨ ਨੂੰ ਖਾਣ ਦੀ ਇੱਛਾ ਪੈਦਾ ਕਰ ਦਿੰਦੀ ਸੀ। ਅੱਜ ਵਧਦੀ ਮਹਿੰਗਾਈ ਤੇ ਦੌਲਤ ਇਕੱਠੀ ਕਰਨ ਦੀ ਹੋੜ ਨੇ ਇਸ ਤਿਉਹਾਰ ਅਤੇ ਰਸਮਾਂ-ਰਿਵਾਜਾਂ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ। ਤੀਆਂ ਵਾਲੀਆਂ ਥਾਵਾਂ ਉਪਰ ਲੱਗੇ ਬੋਹੜ, ਪਿੱਪਲ ਤੇ ਦੂਸਰੇ ਹੋਰ ਰੁੱਖ ਸੁਹਾਗਣਾਂ ਅਤੇ ਕੁਆਰੀਆਂ ਦਾ ਅੱਖਾਂ ਵਿਛਾਈ ਰਾਹ ਤੱਕ ਰਹੇ ਹਨ ਜਾਂ ਨਿਸ਼ਾਨੀ ਦੇ ਤੌਰ ਉੱਤੇ ਤੀਆਂ ਵਾਲਾ ਖੂਹ, ਤੀਆਂ ਵਾਲਾ ਬੋਹੜ ਅਤੇ ਜਾਂ ਤੀਆਂ ਵਾਲਾ ਪਿੱਪਲ ਵਜੋਂ ਪਛਾਣ ਬਣ ਕੇ ਰਹਿ ਗਏ ਹਨ। ਵਧਦੀ ਆਬਾਦੀ ਨੇ ਤੀਆਂ ਵਾਲੀ ਥਾਂ ਨਿਗਲ ਲਈ ਹੈ। ਇਨ੍ਹਾਂ ਥਾਵਾਂ ਉੱਤੇ ਨਾ ਕੋਈ ਸਮੋਸਿਆਂ ਵਾਲਾ ਦਿੱਸਦਾ ਹੈ, ਨਾ ਚਾਟ ਵਾਲਾ, ਨਾ ਸਾਲੂ ਵਿੱਚ ਲਪੇਟੀ ਹੋਈ ਸੂਹੇ-ਚੂੜੇ ਵਾਲੀ ਦਿਖਦੀ ਹੈ, ਨਾ ਉਹ ਵੰਗ ਰਹੀ, ਨਾ ਹੀ ਉਹ ਰੰਗ ਰਹੇ ਅਤੇ ਨਾ ਪੁਸ਼ਤੈਨੀ ਤੀਆਂ ਵਾਲੇ ਰੰਗ ਨਜ਼ਰ ਪੈਂਦੇ ਹਨ। ਇਹ ਤਿਉਹਾਰ ਸਿਰਫ਼ ਸਕੂਲਾਂ, ਕਾਲਜਾਂ ਵਿੱਚ ਆਈਟਮ ਬਣ ਕੇ ਰਹਿ ਗਿਆ ਹੈ। ਸਮੇਂ ਦੀ ਬਦਲਦੀ ਚਾਲ ਨਾਲ ਸਮਾਜਿਕ ਰਵਾਇਤਾਂ ਵਿੱਚ ਵੀ ਪਰਿਵਰਤਨ ਆ ਗਿਆ ਹੈ। ਜੇ ਕੁਝ ਸਾਲ ਪਿੱਛੇ ਚਲੇ ਜਾਈਏ ਤਾਂ ਪਹਿਲਾਂ ਪੰਜਾਬ ਅੰਦਰ ਇਹ ਰੁਝਾਨ ਸੀ ਕਿ ਵਿਆਹੀਆਂ ਕੁੜੀਆਂ ਸਾਉਣ ਦੇ ਮਹੀਨੇ ਪੇਕੇ ਆਉਂਦੀਆਂ ਸਨ, ਪਰ ਅੱਜਕੱਲ੍ਹ ਇਹ ਰੁਝਾਨ ਬਦਲ ਗਿਆ ਹੈ।

 

 
Have something to say? Post your comment