Welcome to Canadian Punjabi Post
Follow us on

25

September 2021
 
ਨਜਰਰੀਆ

ਤਾਜ ਬਦਲਣ ਨਾਲ ਕੀ ਸੰਵਰੇਗਾ

July 22, 2021 10:16 AM

-ਡਾਕਟਰ ਕੰਵਰਦੀਪ ਸਿੰਘ ਧਾਰੋਵਾਲੀ
ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲੀ ਕੁਰਸੀ ਕਿਸੇ ਨੂੰ ਵੀ ਮਿਲੇ, ਉਸ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ। ਰਾਜਨੀਤਕ ਪਾਰਟੀਆਂ ਦੇ ਸੂਬਾ ਪ੍ਰਧਾਨ ਅਕਸਰ ਬਦਲਦੇ ਰਹੇ ਹਨ, ਪਰ ਇਸ ਨਾਲ ਸੂਬੇ ਦੇ ਸ਼ਾਸਨ ਅਤੇ ਨੀਤੀਆਂ ਉੱਤੇ ਕਦੇ ਕੋਈ ਖਾਸ ਅਸਰ ਨਹੀਂ ਪਿਆ। ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ। ਅੱਜ ਪਾਰਟੀ ਦੀ ਕਮਾਨ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ। ਓਧਰ ਕਾਂਗਰਸ ਦੇ ਪ੍ਰਧਾਨ ਕਿਸੇ ਵਕਤ ਪ੍ਰਤਾਪ ਸਿੰਘ ਬਾਜਵਾ ਸਨ, ਫਿਰ ਕੈਪਟਨ ਅਮਰਿੰਦਰ ਸਿੰਘ ਬਣੇ, ਫਿਰ ਸੁਨੀਲ ਜਾਖੜ ਅਤੇ ਅੱਜ ਵਾਰੀ ਨਵਜੋਤ ਸਿੱਧੂ ਦੀ ਆਈ ਹੈ। ਕੀ ਇਨ੍ਹਾਂ ਪਾਰਟੀਆਂ ਦੇ ਪ੍ਰਧਾਨ ਬਦਲਣ ਨਾਲ ਪੰਜਾਬ ਦੀ ਮੰਦ-ਹਾਲੀ ਵਿੱਚ ਕੋਈ ਸੁਧਾਰ ਹੋਇਆ? ਪੰਜਾਬ ਦੀ ਬੇਰੁਜ਼ਗਾਰੀ ਲਗਾਤਾਰ ਵਧਦੀ ਗਈ, ਪੜ੍ਹਾਈ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ, ਕਿਸਾਨ ਦੀ ਕਮਾਈ ਘਟ ਗਈ, ਇੰਡਸਟਰੀ ਪੰਜਾਬ ਨੂੰ ਛੱਡ ਕੇ ਗੁਆਂਢੀ ਰਾਜਾਂ ਵਿੱਚ ਸਥਾਪਤ ਹੋ ਗਈ ਅਤੇ ਪੰਜਾਬ ਦਾ ਨੌਜਵਾਨ ਆਪਣੀ ਮਿੱਟੀ ਨੂੰ ਛੱਡ ਕੇ ਬੇਗਾਨੇ ਦੇਸ਼ ਜਾ ਵੱਸਿਆ।
ਕਾਂਗਰਸ ਪਾਰਟੀ ਦੀ ਪ੍ਰੰਪਰਾ ਰਹੀ ਹੈ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਹ ਪ੍ਰਧਾਨ ਬਦਲਦੀ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੀ 2017 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪ੍ਰਧਾਨ ਬਣੇ ਸਨ। ਕਾਂਗਰਸ ਵਿੱਚ ਸੂਬਾ ਪ੍ਰਧਾਨ ਹੋਣਾ ਇਸ ਕਰ ਕੇ ਵੱਧ ਅਹਿਮੀਅਤ ਰੱਖਦਾ ਹੈ ਕਿ ਅਕਸਰ ਪਾਰਟੀ ਪ੍ਰਧਾਨ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਦਾਅਵੇਦਾਰ ਬਣਦਾ ਹੈ। ਇਸ ਕਰ ਕੇ ਨਵਜੋਤ ਸਿੰਘ ਸਿੱਧੂ ਦਾ ਪਾਰਟੀ ਪ੍ਰਧਾਨ ਬਣਨਾ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਅਤੇ ਰਾਜਨੀਤਕ ਹੋਂਦ ਨੂੰ ਵੱਡੀ ਚੁਣੌਤੀ ਹੈ। ਦੋਵੇਂ ਧਿਰਾਂ ਕੈਪਟਨ ਅਤੇ ਸਿੱਧੂ-ਪੰਜਾਬ ਦੀ ਸੱਤਾ ਉੱਤੇ ਕਬਜ਼ਾ ਕਰਨ ਲਈ ਹਰ ਸੰਭਵ ਪੈਂਤੜਾ ਵਰਤ ਰਹੇ ਹਨ। ਕਿਉਂਕਿ 2022 ਦੀਆਂ ਚੋਣਾਂ ਬਹੁਤ ਨੇੜੇ ਹਨ, ਇਸ ਲਈ ਇਹ ਸੱਤਾ ਦੀ ਦੌੜ ਦੱਸਦੀ ਹੈ ਕਿ ਲੜਾਈ ਸਿਰਫ ਕੁਰਸੀ ਦੀ ਹੈ। ਇਸ ਕੁਰਸੀ ਅਤੇ ਅਹੁਦਿਆਂ ਦੀ ਦੌੜ ਵਿੱਚ ਪੰਜਾਬ ਦੇ ਮਸਲੇ ਬਹੁਤ ਪਿੱਛੇ ਰਹਿ ਗਏ ਹਨ। ਸਿੱਧੂ-ਕੈਪਟਨ ਵਿਵਾਦ ਪੰਜਾਬ ਦੇ ਟੈਲੀਵਿਜ਼ਨ ਅਤੇ ਇਲੈਕਟ੍ਰਾਨਿਕ ਮੀਡੀਆ ਉੱਤੇ ਕਈ ਦਿਨਾਂ ਦੇ ਅੰਦਰੂਨੀ ਕਲੇਸ਼ ਨੂੰ ਇੰਝ ਵਿਖਾਇਆ ਗਿਆ, ਜਿਵੇਂ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਗਏ ਹੋਣ, ਬੱਸ ਇਹ ਹੀ ਰਹਿ ਗਿਆ ਸੀ। ਸੂਚਨਾ ਦੇ ਲਿਬਾਸ ਵਿੱਚ ਬੇਬੁਨਿਆਦ ਮੁੱਦਾ ਵੇਚਿਆ ਜਾ ਰਿਹਾ ਹੈ। ਪੰਜਾਬ ਦੇ ਹਰ ਬਾਸ਼ਿੰਦੇ ਸਿਰ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾਂਦੀ ਹੈ। ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰੇ ਹੋਏ ਹਨ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਅਹਿਮ ਮੁੱਦੇ ਸੁਰਖੀਆਂ ਨਹੀਂ ਬਟੋਰ ਰਹੇ। ਸੋਸ਼ਲ ਮੀਡੀਆ ਸਣੇ ਕਈ ਮੀਡੀਆ ਅਦਾਰੇ ਮੁੱਦਾਹੀਣੇ ਖਬਰਾਂ ਰਾਹੀਂ ਲੋਕਾਂ ਦੀਆਂ ਧਾਰਨਾਵਾਂ ਅਤੇ ਰਾਇ ਬਣਾਉਣ ਲੱਗੇ ਹੋਏ ਹਨ। ਇਹ ਮੀਡੀਆੇ ਪ੍ਰਸਾਰ ਨਹੀਂ ਸਗੋਂ ਨਾਂਹ ਪੱਖੀ ਪ੍ਰਚਾਰ ਵਿੱਚ ਲੱਗਾ ਹੋਇਆ ਹੈ, ਜੋ ਲੋਕਤੰਤਰ ਵਾਸਤੇ ਇੱਕ ਵੱਡਾ ਖਤਰਾ ਹੈ।
ਸਿੱਧੂ-ਕੈਪਟਨ ਵਿਵਾਦ ਅਤੇ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਤ੍ਰਾਸਦੀ ਇਹ ਹੈ ਕਿ ਪੰਜਾਬ ਦੇ ਲੀਡਰ ਅੱਜ ਵੀ ਦਿੱਲੀ ਦਰਬਾਰ ਦੇ ਗੁੱਝੇ ਸਿਆਸੀ ਗਣਿਤ ਅਤੇ ਫੈਸਲਿਆਂ ਉਤੇ ਨਿਰਭਰ ਹਨ। ਉਹ ਅਜੇ ਵੀ ਇੰਨੇ ਜੋਗੇ ਨਹੀਂ ਹੋਏ ਕਿ ਪੰਜਾਬ ਨੂੰ ਉਸ ਦੀਆਂ ਲੋੜਾਂ ਮੁਤਾਬਕ ਰਾਜ ਦੇ ਸਕਣ। ਪੰਜਾਬ ਦੀ ਰਾਜਨੀਤੀ ਉਤੇ ਦਿੱਲੀ ਦਾ ਦਬਦਬਾ ਪੰਜਾਬੀਆਂ ਦੀ ਖੁਦਮੁਖਤਿਆਰੀ ਅਤੇ ਦੇਸ਼ ਦੇ ਫੈਡਰਲ ਢਾਂਚੇ ਦੇ ਖਿਲਾਫ ਹੈ, ਪਰ ਸਾਡੇ ਲੀਡਰ ਦਿੱਲੀ ਦਰਬਾਰ ਨੂੰ ਸਰਬ ਉਚ ਦਰਬਾਰ ਮੰਨਦੇ ਹਨ। ਪੰਜਾਬੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਵਿਵਾਦ ਸੱਤਾ ਅਤੇ ਅਹੁਦਿਆਂ ਦੀ ਲੜਾਈ ਹੈ, ਰਾਜਨੀਤਕ ਹਉਮੈ ਦੀ ਲੜਾਈ ਹੈ ਅਤੇ ਖੁਦ ਨੂੰ ਦੂਜੇ ਤੋਂ ਉਚਾ ਸਾਬਿਤ ਕਰਨ ਦੀ ਲੜਾਈ ਹੈ। ਬੇਹੱਦ ਅਫਸੋਸ ਦੀ ਗੱਲ ਇਹ ਹੈ ਕਿ ਇਸ ਦੌੜ ਵਿੱਚ ਪੰਜਾਬ ਦਾ ਆਮ ਨਾਗਰਿਕ ਦੂਰ ਦੂਰ ਤੱਕ ਮੌਜੂਦ ਨਹੀਂ। ਉਹ ਸਿਰਫ ਦਰਸ਼ਕ ਹੈ। ਇਹ ਸਾਡੀ ਰਾਜਨੀਤਕ ਸਮਝ ਤੇ ਰਾਜਨੀਤਕ ਸਭਿਆਚਾਰ ਦੀ ਤ੍ਰਾਸਦੀ ਹੈ। ਇਹ ਅੱਜ ਦੇ ਰਾਜਨੀਤਕ ਆਗੂਆਂ ਦੇ ਚਰਿੱਤਰ ਦੀ ਝਲਕ ਹੈ। ਜਿਸ ਦਿਨ ਪੰਜਾਬ ਦੇ ਸਿਆਸੀ ਆਗੂ ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਅਤੇ ਇਤਿਹਾਸ ਨੂੰ ਸਮਝ ਸਕਣਗੇ ਤਾਂ ਖੁਦ ਤੋਂ ਸ਼ਰਮਿੰਦਾ ਹੋ ਜਾਣਗੇ।
ਮਹਾਰਾਜਾ ਰਣਜੀਤ ਸਿੰਘ ਦੀ ਸੁੱਘੜ ਰਣਨੀਤੀ ਕਾਰਨ ਪੰਜਾਬੀਆਂ ਦਾ ਰਾਜ ਕਾਬਲ-ਕੰਧਾਰ ਤੱਕ ਫੈਲਿਆ ਸੀ। ਤ੍ਰਾਸਦੀ ਇਹ ਹੈ ਕਿ ਅੱਜ ਸਾਰਾ ਪੰਜਾਬ ਧਰਨੇ ਉੱਤੇ ਬੈਠਾ ਹੈ-ਕਿਸਾਨ, ਅਧਿਆਪਕ, ਡਾਕਟਰ, ਡਰਾਈਵਰ-ਕੰਡਕਟਰ, ਲਾਈਨਮੈਨ, ਸਫਾਈ ਕਰਮਚਾਰੀ ਆਦਿ ਸਭ ਆਪਣੀਆਂ ਮੁੱਢਲੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰੇ ਕਰਨ ਰਹੇ ਹਨ, ਪਰ ਚਰਚਾ ਸਿਰਫ ਸਿੱਧੂ-ਕੈਪਟਨ ਵਿਵਾਦ ਦੀ ਹੁੰਦੀ ਹੈ। ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਪਈਆਂ ਹਨ। ਸਿੱਖਿਆ ਵੈਂਟੀਲੇਟਰ ਉੱਤੇ ਪਈ ਹੈ। ਕਿਸਾਨ ਆਤਮਹੱਤਿਆ ਕਰ ਰਿਹਾ ਹੈ ਤੇ ਨੌਜਵਾਨ ਪੰਜਾਬ ਤੋਂ ਭੱਜ ਰਿਹਾ ਹੈ, ਪਰ ਸਿੱਧੂ ਦੀ ਕਾਂਗਰਸ ਵਿੱਚ ਤਾਜਪੋਸ਼ੀ ਦੀਆਂ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ।
ਕਿੱਧਰ ਜਾ ਰਹੇ ਹਾਂ ਅਸੀਂ? ਪੰਜਾਬ ਨੂੰ ਇਸ ਦਲਦਲ ਤੋਂ ਕੱਢਣ ਲਈ ਘਰ-ਘਰ ਵਿੱਚੋਂ ਨੌਜਵਾਨਾਂ ਨੂੰ ਅੱਗੇ ਆ ਕੇ ਰਾਜਨੀਤੀ ਵਿੱਚ ਹਿੱਸਾ ਲੈਣ ਦੀ ਲੋੜ ਹੈ। ਚਿਹਰਿਆਂ ਦੀ ਰਾਨਜੀਤੀ ਨੇ ਪੰਜਾਬ ਨੂੰ ਡੋਬ ਦਿੱਤਾ ਹੈ, ਪੰਜਾਬ ਦੇ ਮੁੜ ਵਸੇਬੇ ਤੇ ਖੁਸ਼ਹਾਲੀ ਲਈ ਰੰਗ ਬਿਰੰਗੇ ਚਿਹਰਿਆਂ ਦੀ ਨਹੀਂ, ਪੜ੍ਹੇ ਲਿਖੇ ਜੁਝਾਰੂ ਕਿਰਦਾਰਾਂ ਦੀ ਲੋੜ ਹੈ। ਪੰਜਾਬੀਆਂ ਨੂੰ ਬੀਤੇ ਤੋਂ ਸਿੱਖਣ ਦੀ ਲੋੜ ਹੈ। ਵੋਟਰਾਂ ਨੂੰ ਭਰਮਾਉਣ ਲਈ ਚੋਣ ਮਨੋਰਥ ਪੱਤਰਾਂ ਵਿੱਚ ਫੋਕੇ ਵਾਅਦਿਆਂ ਤੇ ਦਾਅਵਿਆਂ ਦੀ ਝੜੀ ਲਾਈ ਜਾਂਦੀ ਹੈ। ਸੱਤਾ ਉੱਤੇ ਕਾਬਜ਼ ਹੋਣ ਪਿੱਛੋਂ ਚੋਣ ਮਨੋਰਥ ਪੱਤਰਾਂ ਉੱਤੇ ਮਿੱਟੀ ਦੀ ਮੋਟੀ ਪਰਤ ਜੰਮ ਜਾਂਦੀ ਹੈ। ਨੇਤਾ ਬੇਨਕਾਬ ਤੇ ਵੋਟਰ ਹਤਾਸ਼ ਹੁੰਦੇ ਹਨ। ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਸੱਤਾ ਦੇ ਲੋਭੀਆਂ ਨੂੰ ਬੇਨਕਾਬ ਕਰਨ। ਇਹ ਤਾਂ ਹੀ ਸੰਭਵ ਹੈ, ਜੇ ਚੰਗੇ ਕਿਰਦਾਰ ਵਾਲੇ ਲੋਕ ਅੱਗੇ ਆ ਕੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ।

 

 
Have something to say? Post your comment