Welcome to Canadian Punjabi Post
Follow us on

25

September 2021
 
ਨਜਰਰੀਆ

ਜਦੋਂ ਕਾਲੀ ਜੈਕਟ ਨੇ ਪਸੀਨੇ ਛੁਡਾਏ

July 22, 2021 10:15 AM

-ਡਾਕਟਰ ਓਪਿੰਦਰ ਸਿੰਘ ਲਾਂਬਾ
ਸੰਚਾਰ ਸਾਧਨਾਂ ਵਿੱਚ ਪਰਿਵਰਤਨ ਏਨੀ ਤੇਜ਼ੀ ਨਾਲ ਆ ਰਿਹਾ ਹੈ ਕਿ ਦਹਾਕਿਆਂ ਪੁਰਾਣੀਆਂ ਘਟਨਾਵਾਂ ਕਿਸੇ ਹੋਰ ਯੁੱਗ ਦੀਆਂ ਪ੍ਰਤੀਤ ਹੁੰਦੀਆਂ। ਅੱਜ ਜਦੋਂ ਕੋਈ ਵੀ ਸੂਚਨਾ ਸੋਸ਼ਲ ਮੀਡੀਆ ਉੱਤੇ ਜੰਗਲ ਦੀ ਅੱਗ ਵਾਂਗ ਫੈਲਦੀ ਹੈ ਤਾਂ 35 ਸਾਲ ਪਹਿਲਾਂ ਸਰਕਾਰੀ ਨੌਕਰੀ ਵਿੱਚ ਆਉਣ ਮੌਕੇ ਸੰਚਾਰ ਸਾਧਨਾਂ ਦੀ ਭਾਰੀ ਘਾਟ ਦੀ ਸਥਿਤੀ ਮੇਰੀਆਂ ਅੱਖਾਂ ਅੱਗੇ ਘੁੰਮ ਜਾਂਦੀ ਹੈ। ਦਸੰਬਰ 1986 ਵਿੱਚ ਮੇਰੀ ਨਿਯੁਕਤੀ ਪੰਜਾਬ ਸਰਕਾਰ ਵਿੱਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਹੋਈ ਅਤੇ ਮੇਰੀ ਤੈਨਾਤੀ ਚੰਡੀਗੜ੍ਹ ਵਿੱਚ ਹੈੱਡਕੁਆਰਟਰ ਵਿਖੇ ਹੋ ਗਈ। ਮੈਂ ਅਜੇ ਪੜ੍ਹਾਈ ਪੂਰੀ ਕਰ ਕੇ ਹਟਿਆ ਸੀ, ਗਜ਼ਟਿਡ ਅਫਸਰ ਦੀ ਨੌਕਰੀ ਮਿਲਣ ਕਰ ਕੇ ਮੈਨੂੰ ਬੇਰੁਜ਼ਗਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਕਰ ਕੇ ਮੈਂ ਹਮੇਸ਼ਾ ਆਪਣੇ ਆਪ ਨੂੰ ਭਾਗਾਂ ਵਾਲਾਂ ਸਮਝਦਾ ਰਿਹਾ ਹਾਂ। ਸਰਕਾਰੀ ਅਫਸਰ ਵਜੋਂ ਨੌਕਰੀ ਦੌਰਾਨ ਮੈਂ ਆਪਣੀ ਡਿਊਟੀ ਸਿਰਫ ਪ੍ਰੈੱਸ ਨੋਟ ਬਣਾਉਣ ਤੱਕ ਸਮਝਦਾ ਸੀ। ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਦਾ ਮੈਨੂੰ ਚੰਗਾ ਗਿਆਨ ਸੀ ਜਿਸ ਕਰ ਕੇ ਮੈਨੂੰ ਪ੍ਰੈੱਸ ਨੋਟ ਬਣਾਉਣ ਵਿੱਚ ਕਦੇ ਬਹੁਤੀ ਦਿੱਕਤ ਨਹੀਂ ਹੋਈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੱਤਰਕਾਰੀ ਦੀ ਡਿਗਰੀ ਹਾਸਲ ਕਰਨ ਪਿੱਛੋਂ ਮੈਂ ਛੇ ਮਹੀਨੇ ਦੀ ਟ੍ਰੇਨਿੰਗ ‘ਇੰਡੀਅਨ ਐਕਸਪ੍ਰੈੱਸ’ ਦੇ ਸੰਪਾਦਕੀ ਡੈਸਕ ਤੋਂ ਲਈ ਸੀ। ਓਦੋਂ ਸੰਪਾਦਕੀ ਮੰਡਲ ਨੇ ਮੈਨੂੰ ਖਬਰ ਏਜੰਸੀਆਂ ਦੀ ਕਾਪੀ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟਾਂ ਦੇ ਸੰਪਾਦਨ ਦੇ ਕਾਰਜ ਵਿੱਚ ਨਿਪੁੰਨਤਾ ਬਖਸ਼ੀ। ਉਸ ਵੇਲੇ ਚੰਡੀਗੜ੍ਹ ਤੋਂ ਸਿਰਫ ਅੰਗਰੇਜ਼ੀ ਦੇ ਦੋ ਪ੍ਰਮੁੱਖ ਅਖਬਾਰ ‘ਦਿ ਟਿ੍ਰਬਿਊਨ’ ਅਤੇ ‘ਇੰਡੀਅਨ ਐਕਸਪ੍ਰੈੱਸ’ ਅਤੇ ਦੂਰਦਰਸ਼ਨ ਦੀ ਤੂਤੀ ਬੋਲਦੀ ਸੀ। ਨੌਕਰੀ ਤੋਂ ਛੇ ਕੁ ਮਹੀਨਿਆਂ ਮਗਰੋਂ ਹੀ ਮੈਨੂੰ ਵਿਭਾਗ ਵਿੱਚ ਪ੍ਰੈੱਸ ਨੋਟ ਬਣਾਉਣ ਤੋਂ ਇਲਾਵਾ ਬਾਕੀ ਜ਼ਿੰਮੇਵਾਰੀਆਂ ਨਿਭਾਉਣ ਦਾ ਵੀ ਅਹਿਸਾਸ ਹੋਇਆ। ਇੱਕ ਦਿਨ ਬਾਅਦ ਦੁਪਹਿਰ ਮੈਨੂੰ ਮੇਰੇ ਜਾਇੰਟ ਡਾਇਰੈਕਟਰ (ਪ੍ਰੈੱਸ) ਨੇ ਬੁਲਾ ਕੇ ਇੱਕ ਟੀ ਵੀ ਕੈਸੇਟ ਦਿੰਦਿਆਂ ਕਿਹਾ ਕਿ ਇਸ ਨੂੰ ਤੁਰੰਤ ਚੰਡੀਗੜ੍ਹ ਏਅਰਪੋਰਟ ਪੁਚਾਓ ਤਾਂ ਜੋ ਦਿੱਲੀ ਆਪਣੇ ਲੋਕ ਸੰਪਰਕ ਦਫਤਰ ਰਾਹੀਂ ਦੂਰਦਰਸ਼ਨ ਤੋਂ ਸ਼ਾਮ ਨੂੰ ਪ੍ਰਸਾਰਿਤ ਹੋਣ ਵਾਲੇ ਨਿਊਜ਼ ਬੁਲੇਟਿਨ ਵਿੱਚ ਖਬਰ ਚਲਾਈ ਜਾ ਸਕੇ। ਇੱਕ ਵਾਰ ਮੈਂ ਡੌਰ-ਭੌਰ ਜਿਹਾ ਹੋ ਗਿਆ ਕਿ ਇਹ ਕਿਹੜਾ ਕੰਮ ਹੋਇਆ, ਪਰ ਅਧਿਕਾਰੀਆਂ ਦੇ ਕਹੇ ਨੂੰ ਸਿਰ-ਮੱਾਥੇ ਪ੍ਰਵਾਨ ਕਰਦਿਆਂ ਏਅਰਪੋਰਟ ਨੂੰ ਹੋ ਤੁਰਿਆ। ਮਨ ਵਿੱਚ ਥੋੜ੍ਹੀ ਘਬਰਾਹਟ ਅਤੇ ਬੇਚੈਨੀ ਹੋਣ ਕਰ ਕੇ ਮੈਂ ਏਅਰਪੋਰਟ ਦੀ ਲਾਬੀ ਵਿੱਚ ਪਹੁੰਚ ਗਿਆ, ਜਿੱਥੇ ਕੁਝ ਮੁਸਾਫਰ ਸ੍ਰੀਨਗਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਸਨ। ਕੁਝ ਮੁੁਸਾਫਰਾਂ ਉੱਤੇ ਪੰਛੀ ਝਾਤ ਮਾਰਨ ਮਗਰੋਂ ਮੈਂ ਅੱਧਖੜ ਉਮਰ ਦੇ ਇੱਕ ਵਿਅਕਤੀ ਕੋਲ ਜਾ ਕੇ ਆਪਣਾ ਤੁਆਰਫ ਕਰਵਾਉਂਦਿਆਂ ਬੇਨਤੀ ਕੀਤੀ ਕਿ ਇਹ ਕੈਸੇਟ ਤੁਸੀਂ ਪਾਲਮ ਏਅਰਪੋਰਟ ਉੱਤੇ ਪਹੁੰਚਦੇ ਸਾਰ ਸਾਡੇੇ ਦਿੱਲੀ ਦਫਤਰ ਦੇ ਸਹਾਇਕ ਲੋਕ ਸੰਪਰਕ ਅਫਸਰ ਨੂੰ ਦੇ ਦੇਣਾ। ਉਸ ਦੀ ਸਹਿਮਤੀ ਤੋਂ ਪਹਿਲਾਂ ਮੈਂ ਉਸ ਦਾ ਧੰਨਵਾਦ ਕਰ ਦਿੱਤਾ।
ਮੇਰੀ ਤਰਸ ਯੋਗ ਹਾਲਤ ਵੇਖ ਕੇ ਉਸ ਨੇ ਬਿਨਾਂ ਆਨਾਕਾਨੀ ਕੀਤੇ ਕੈਸੇਟ ਆਪਣੇ ਮੋਢੇ ਉੱਤੇ ਟੰਗੇ ਨੀਲੇ ਰੰਗ ਦੇ ਬੈਗ ਵਿੱਚ ਪਾ ਲਈ। ਉਸ ਨੇ ਆਪਣਾ ਨਾਂਅ, ਪਤਾ ਤੇ ਟੈਲੀਫੋਨ ਨੰਬਰ ਦਿੰਦਿਆਂ ਕਿਹਾ ਕਿ ਆਪਣੇ ਦਿੱਲੀ ਵਾਲੇ ਅਫਸਰ ਨੂੰ ਮੇਰੇ ਨੀਲੇ ਰੰਗ ਦੀ ਪੈਂਟ ਅਤੇ ਕਾਲੇ ਰੰਗ ਦੀ ਜੈਕੇਟ ਦੀ ਨਿਸ਼ਾਨੀ ਦੱਸ ਦੇਣਾ ਤਾਂ ਕਿ ਉਹ ਮੈਨੂੰ ਪਛਾਣ ਕੇ ਕੈਸੇਟ ਲੈ ਲਵੇ। ਮੈਂ ਚਾਈਂ-ਚਾਈਂ ਦਫਤਰ ਪਰਤ ਕੇ ਟੈਲੀਫੋਨ ਰਾਹੀਂ ਦਿੱਲੀ ਵਾਲੇ ਅਫਸਰ ਨੂੰ ਉਸ ਦਾ ਹੁਲੀਆ ਬਿਆਨ ਕਰ ਕੇ ਕਿਹਾ ਕਿ ਉਹ ਸਮੇਂ ਸਿਰ ਪੁੱਜ ਕੇ ਏਅਰਪੋਰਟ ਤੋਂ ਟੀ ਵੀ ਕੈਸੇਟ ਲੈ ਲੈਣ। ਲਗਭਗ ਢਾਈ ਘੰਟੇ ਬਾਅਦ ਉਸ ਦਾ ਫੋਨ ਆਇਆ ਕਿ ਏਦਾਂ ਦਾ ਕੋਈ ਸ਼ਖਸ ਏਅਰਪੋਰਟ ਉੱਤੇ ਨਹੀਂ ਉਤਰਿਆ। ਮੇਰੀ ਪ੍ਰੇਸ਼ਾਨੀ ਹੋਰ ਵਧ ਗਈ ਅਤੇ ਸੋਚਿਆ ਕਿ ਨੌਕਰੀ ਤੋਂ ਹੱਥ ਧੋਣੇ ਪੈਣਗੇ। ਮੈਂ ਹੌਸਲਾ ਕਰ ਕੇ ਬਜ਼ੁਰਗ ਨੂੰ ਫੋਨ ਉੱਤੇ ਸੰਪਰਕ ਕੀਤਾ ਤਾਂ ਉਹ ਅੱਗੋਂ ਬੜੇ ਗੁੱਸੇ ਨਾਲ ਬੋਲਿਆ, ‘‘ਕਾਕਾ, ਤੁਸੀਂ ਚੰਗਾ ਨਹੀਂ ਜੇ ਕੀਤਾ। ਮੈਂ ਦੋ ਘੰਟੇ ਭੁੱਖਾ ਭਾਣਾ ਤੁਹਾਡੇ ਮੁਲਾਜ਼ਮ ਦਾ ਇੰਤਜ਼ਾਰ ਕਰਦਾ ਰਿਹਾ, ਪਰ ਉਹ ਉਥੇ ਨਹੀਂ ਪੁੱਜਾ।” ਮੈਂ ਫਿਰ ਆਪਣੇੇ ਅਧਿਕਾਰੀ ਤੋਂ ਪੁੱਛਿਆ ਕਿ ਜਾਪਦਾ ਹੈ ਕਿ ਤੂੰ ਉਸ ਬਜ਼ੁਰਗ ਨੂੰ ਪਛਾਣ ਨਹੀਂ ਸਕਿਆ, ਜੋ ਤੈਨੂੰ ਉਡੀਕਣ ਮਗਰੋਂ ਥੱਕ-ਹਾਰ ਕੇ ਘਰ ਚਲਾ ਗਿਆ। ਮੈਂ ਦੁਬਾਰਾ ਹਿੰਮਤ ਕਰਦਿਆਂ ਉਸ ਬਜ਼ੁਰਗ ਨੂੰ ਫੋਨ ਕਰ ਕੇ ਦੱਸਿਆ ਕਿ ਸਾਡਾ ਅਧਿਕਾਰੀ ਤੁਹਾਡੇ ਦੱਸੇ ਹੁਲੀਏ ਮੁਤਾਬਕ ਤੁਹਾਨੂੰ ਪਛਾਣ ਨਹੀਂ ਸਕਿਆ। ਹੋ ਸਕਦੈ ਕਿਤੇ ਮੇਰੇ ਦੱਸਣ ਵਿੱਚ ਕੋਈ ਫਰਕ ਰਹਿ ਗਿਆ ਹੋਵੇ। ਉਸ ਸਮੇਂ ਤੱਕ ਬਜ਼ੁਰਗ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਚੁੱਕਾ ਸੀ, ਜਿਸ ਕਰ ਕੇ ਉਹ ਕਹਿਣ ਲੱਗਾ, ‘‘ਕਾਕਾ, ਗਲਤੀ ਥੋਡੀ ਨਹੀਂ, ਮੇਰੀ ਹੈ, ਕਿਉਂ ਜੋ ਮੈਂ ਫਲਾਈਟ ਤੋਂ ਉਤਰਦੇ ਸਾਰ ਦਿੱਲੀ ਦੇ ਮੌਸਮ ਨੂੰ ਦੇਖਦਿਆਂ ਪਾਈ ਹੋਈ ਕਾਲੀ ਜੈਕੇਟ ਉਤਾਰ ਕੇ ਬੈਗ ਵਿੱਚ ਪਾ ਲਈ ਸੀ, ਜਿਸ ਕਾਰਨ ਥੋਡਾ ਬੰਦਾ ਮੈਨੂੰ ਪਛਾਣ ਨਹੀਂ ਸਕਿਆ। ਆਪਣੇ ਜਜ਼ਬਾਤ ਉੱਤੇ ਕਾਬੂ ਨਾ ਰੱਖਦੇ ਹੋਏ ਤੇ ਵਿਭਾਗੀ ਅਨੁਸ਼ਾਸਨੀ ਕਾਰਵਾਈ ਤੋਂ ਡਰਦੇ ਮੈਥੋਂ ਅਬੜਵਾਹੇ ਬਜ਼ੁਰਗ ਦੀ ਸ਼ਾਨ ਦੇ ਉਲਟ ਕਿਹਾ ਗਿਆ,‘‘ਬਾਊ ਜੀ! ਇਸੇ ਗੱਲ ਕਰ ਕੇ ਤਾਂ ਸਾਰਾ ਪੁਆੜਾ ਪਿਐ।” ਇਹ ਸੁਣਦਿਆਂ ਬਜ਼ੁਰਗ ਅੱਗ ਬਬੂਲਾ ਹੋ ਉਠਿਆ ਅਤੇ ਕਹਿਣ ਲੱਗਾ, ‘‘ਕਾਕਾ, ਮੈਂ ਤੇਰੇ ਪਿਓ ਦਾ ਨੌਕਰ ਨਹੀਂ।”
ਮੈਂ ਤੁਰੰਤ ਉਸ ਤੋਂ ਮੁਆਫੀ ਮੰਗੀ ਅਤੇ ਮਲਕਦੇਣੀ ਆਖਿਆ,‘‘ਜੇ ਬੁਰਾ ਨਾ ਮੰਨੋ ਤਾਂ ਮੈਂ ਉਸ ਅਧਿਕਾਰੀ ਨੂੰ ਭੇਜ ਕੇ ਤੁਹਾਡੇ ਘਰੋਂ ਇਹ ਕੈਸੇਟ ਮੰਗਵਾ ਲਵਾਂ, ਕਿਉਂਕਿ ਇਹ ਮੇਰੀ ਨੌਕਰੀ ਦਾ ਸਵਾਲ ਹੈ।” ਉਸ ਨੇ ਤੁਰੰਤ ਮੇਰੀ ਮਨੋਦਸ਼ਾ ਨੂੰ ਭਾਂਪ ਕੇ ਆਪਣਾ ਪਤਾ ਦੱਸਿਆ ਤੇ ਕਿਹਾ ਕਿ ਉਸ ਨੂੰ ਜਲਦ ਭੇਜੋ ਤੇ ਕੈਸੇਟ ਲੈ ਜਾਓ। ਇਸ ਸਾਰੇ ਦੁਖਾਂਤ ਦਾ ਹਸ਼ਰ ਇਹ ਹੋਇਆ ਕਿ ਦੂਰਦਰਸ਼ਨ ਦੇ ਸ਼ਾਮ ਦੇ ਬੁਲੇਟਿਨ ਉੱਤੇ ਕਵਰੇਜ਼ ਨਾ ਹੋ ਸਕੀ, ਪਰ ਅਗਲੇ ਦਿਨ ਸਵੇਰ ਦੇ ਬੁਲੇਟਿਨ ਵਿੱਚ ਖਬਰ ਪ੍ਰਕਾਸ਼ਿਤ ਹੋਈ ਅਤੇ ਮੈਨੂੰ ਸਕੂਨ ਮਿਲਿਆ।
ਮੇਰੇ ਅਫਸਰ ਨੇ ਮੇਰੇ ਨਾਲ ਨਰਮਾਈ ਦਾ ਵਤੀਰਾ ਵਰਤ ਕੇ ਮੈਨੂੰ ਅੱਗੇ ਤੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਨ ਲਈ ਤਾੜਨਾ ਕੀਤੀ। ਉਸ ਦਿਨ ਤੋਂ ਮੈਨੂੰ ਅਹਿਸਾਸ ਹੋਇਆ ਕਿ ਲੋਕ ਸੰਪਰਕ ਦੀ ਨੌਕਰੀ ਦੌਰਾਨ ਕੰਮ ਸਿਰਫ ਪ੍ਰੈੱਸ ਨੋਟ ਜਾਂ ਪੱਤਰਕਾਰਾਂ ਦੀ ਆਓਭਗਤ ਕਰਨਾ ਨਹੀਂ ਹੁੰਦਾ, ਹਰ ਰੋਜ਼ ਹੋਰ ਵੀ ਕਈ ਤਰ੍ਹਾਂ ਦੀਆਂ ਨਵੀਆਂ ਚੁਣੌਤੀਆਂ ਨਾਲ ਜੂਝਣਾ ਪੈਂਦਾ ਹੈ। ਪਿਛਲੇ ਪੈਂਤੀ ਸਾਲਾਂ ਵਿੱਚ ਸੰਚਾਰ ਸਾਧਨਾਂ ਨੇ ਹੈਰਾਨੀਜਨਕ ਤਰੱਕੀ ਕੀਤੀ ਹੈ ਜਿਸ ਦਾ ਮੈਂ ਆਪਣੇ ਭਰਤੀ ਹੋਣ ਸਮੇਂ ਸੁਫਨਾ ਤੱਕ ਨਹੀਂ ਦੇਖਿਆ। ਸ਼ੁਰੂ ਵਾਲੇ ਦਿਨਾਂ ਵਿੱਚ ਪ੍ਰੈਸ ਨੋਟ ਟੈਲੀਪ੍ਰਿੰਟਰ ਰਾਹੀਂ ਭੇਜੇ ਜਾਂਦੇ ਸਨ, ਪਰ ਫੋਟੋ ਭੇਜਣ ਲਈ ਉਚੇਚੀ ਗੱਡੀ ਜਲੰਧਰ ਭੇਜੀ ਜਾਂਦੀ ਸੀ। ਅੱਜ ਜਦੋਂ ਮੇਰੇ ਵਿਭਾਗ ਦੇ ਅਫਸਰ ਫੋਟੋਆਂ ਅਤੇ ਵੀਡੀਓਜ਼ ਸਣੇ ਪ੍ਰੈੱਸ ਨੋਟ ਪੱਤਰਕਾਰਾਂ ਦੇ ਵਾਟਸਐਪ ਗਰੁੱਪਾਂ ਉੱਤੇ ਭੇਜ ਕੇ ਚੰਦ ਮਿੰਟਾਂ ਮਗਰੋਂ ਖਬਰ ਚਲਾਉਣ ਵਾਲੇ ਮੀਡੀਆ ਚੈਨਲਾਂ ਦੇ ਲਿੰਕ ਸਾਂਝੇ ਕਰਦੇ ਹਨ ਤਾਂ ਸੱਚਮੁੱਚ ਹੀ ਆਧੁਨਿਕ ਤਕਨਾਲੋਜੀ ਦੇ ਯੁੱਗ ਦਾ ਤੀਬਰ ਅਹਿਸਾਸ ਹੁੰਦਾ ਹੈ।

 
Have something to say? Post your comment