-ਗੋਵਰਧਨ ਗੱਬੀ
‘ਕੰਮ ਹੀ ਪੂਜਾ ਹੈ’ ਕਹਾਵਤ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਕੰਮ ਦੀ ਜੀਵਨ ਵਿੱਚ ਬੇਹੱਦ ਮਹੱਤਤਾ ਹੈ। ਇਸ ਕਹਾਵਤ ਵਿੱਚ ਇਮਾਨਦਾਰੀ ਨਾਲ ਕੀਤੇ ਕੰਮ ਨੂੰ ਰੱਬ ਦੀ ਪੂਜਾ ਬਰਾਬਰ ਮੰਨਿਆ ਗਿਆ ਹੈ। ਇਮਾਨਦਾਰੀ ਨਾਲ ਕੀਤਾ ਗਿਆ ਕੰਮ ਸਾਨੂੰ ਆਪਣੀ ਮੰਜ਼ਿਲ ਤੱਕ ਲੈ ਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਮਾਨਦਾਰੀ ਨਾਲ ਕੰਮ ਕਰ ਕੇ ਮਿਲੀ ਸਫਲਤਾ ਦਾ ਆਨੰਦ ਵਿਲੱਖਣ ਹੁੰਦਾ ਹੈ। ਕਹਿੰਦੇ ਹਨ ਕਿ ਪੂਜਾ ਇਵੇਂ ਕਰੋ, ਜਿਵੇਂ ਸਾਰਾ ਕੁਝ ਰੱਬ ਉਪਰ ਨਿਰਭਰ ਹੈ ਅਤੇ ਕੰਮ ਇਵੇਂ ਕਰੋ, ਜਿਵੇਂ ਸਾਰਾ ਕੁਝ ਕੰਮ ਉਪਰ ਨਿਰਭਰ ਹੈ। ਸਾਨੂੰ ਹਮੇਸ਼ਾ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਕੋਈ ਕੰਮ ਛੋਟਾ ਤੇ ਵੱਡਾ ਨਹੀਂ ਹੁੰਦਾ, ਸਾਡੀ ਸੋਚ ਜ਼ਰੂਰ ਛੋਟੀ-ਵੱਡੀ ਹੋ ਸਕਦੀ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਏ ਪੀ ਜੇ ਅਬਦੁਲ ਕਲਾਮ ਦੇ ਕਥਨ ਹਨ ਕਿ ਆਪਣੇ ਕੰਮ ਨੂੰ ਸਲਾਮ ਕਰੋ ਤਾਂ ਦੁਨੀਆ ਤੁਹਾਨੂੰ ਸਲਾਮ ਕਰੇਗੀ। ਜੇ ਤੁਹਾਡਾ ਕੰਮ ਦੂਸ਼ਿਤ ਅਤੇ ਪ੍ਰਦੂਸ਼ਿਤ ਹੋਵੇਗਾ ਤਾਂ ਫਿਰ ਤੁਹਾਨੂੰ ਦੂਸਰਿਆਂ ਨੂੰ ਸਲਾਮ ਕਰਨਾ ਪਵੇਗਾ।
ਕਿਹਾ ਜਾਂਦਾ ਹੈ ਕਿ ਬਿਨਾਂ ਅਸੂਲਾਂ ਤੋਂ ਸਿਆਸਤ, ਨਿੱਠਤਾ ਵਿਹੂਣਾ ਵਿਕਾਸ, ਬਿਨਾਂ ਜਾਗਰੂਕਤਾ ਅਰਦਾਸ ਅਤੇ ਬਿਨਾਂ ਮਿਹਨਤ ਕੀਤਿਆਂ ਮਿਲੇ ਧਨ ਨਾਲ ਲੋਕਾਈ ਨੂੰ ਨੁਕਸਾਨ ਪਹੁੰਚਦਾ ਹੈ। ਕੰਮ ਤਦੇ ਪੂਜਾ ਹੁੰਦਾ ਹੈ, ਜੇ ਉਸ ਨੂੰ ਪੂਰੀ ਇਮਾਨਦਾਰੀ ਨਾਲ ਕੀਤਾ ਜਾਵੇ। ਸਿਆਣੇ ਆਖਦੇ ਹਨ ਕਿ ਬੱਚੇ ਨੂੰ ਸਿਖਾਓ ਕਿ ਕੰਮ ਹੀ ਪੂਜਾ ਹੈ ਅਤੇ ਸਮਝਦਾਰੀ ਵਾਲਾ ਕੰਮ ਪੂਜਾ ਵਾਸਤੇ ਕੀਤੀ ਪ੍ਰਾਰਥਨਾ ਤੋਂ ਵੀ ਬਿਹਤਰ ਹੈ। ਵਿਹਲਾ ਬੰਦਾ ਸਮਾਜ ਉਪਰ ਬੋਝ ਹੁੰਦਾ ਹੈ। ਉਹ ਕਦੇ ਕਿਸੇ ਦੇ ਕੰਮ ਨਹੀਂ ਆਉਂਦਾ। ਉਸ ਨੂੰ ਵਿਹਲ ਤੋਂ ਹੀ ਵਿਹਲ ਨਹੀਂ ਮਿਲਦੀ। ਮਨੁੱਖ ਦੀ ਪਛਾਣ ਉਸ ਦੇ ਕੰਮਾਂ ਤੋਂ ਹੁੰਦੀ ਹੈ।
ਮੇਰੇ ਮਰਹੂਮ ਪਿਤਾ ਜੀ ਭਾਰਤੀ ਫੌਜ ਵਿੱਚ ਸਿਪਾਹੀ ਸਨ। ਅਜੇ ਅੱਠ ਸਾਲ ਹੋਏ ਸਨ ਨੌਕਰੀ ਨੂੰ ਕਿ ਭਰ ਜਵਾਨੀ ਵਿੱਚ ਇੱਕ ਦੁਰਘਟਨਾ ਵਿੱਚ ਖੱਬਾ ਹੱਥ ਗੁਆਉਣ ਤੋਂ ਬਾਅਦ ਫੌਜ ਵੱਲੋਂ ਉਹ ਬਿਨਾਂ ਪੈਨਸ਼ਨ ਦੇ ਘਰ ਭੇਜ ਦਿੱਤੇ ਗਏ। ਉਹ ਰੋਜ਼ੀ-ਰੋਟੀ ਕਮਾਉਣ ਵਾਸਤੇ ਸਾਈਕਲ ਉਪਰ ਪਿੰਡ-ਪਿੰਡ ਜਾ ਕੇ ਚੱਪਲਾਂ-ਬੂਟ ਆਦਿ ਵੇਚਣ ਵਾਸਤੇ ਫੇਰੀ ਲਾਉਣ ਜਾਂਦੇ। ਉਨ੍ਹਾਂ ਨੇ ਖੇਤੀਬਾੜੀ ਦਾ ਕੰਮ ਵੀ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਕੀਤਾ। ਨਤੀਜਤਨ, ਉਹ ਵਧੀਆ ਅਤੇ ਇੱਜ਼ਤਦਾਰ ਜ਼ਿੰਦਗੀ ਜਿਊਣ ਵਿੱਚ ਕਾਮਯਾਬ ਹੋਏ। ਸਰੀਰਕ ਪੱਖੋਂ ਅਪੂਰਨ ਹੋਣ ਦੇ ਬਾਵਜੂਦ ਉਹ ਮਾਨਸਿਕ ਤੌਰ ਉੱਤੇ ਸੰਪੂਰਨ ਸਾਬਤ ਹੋਏ। ਸਾਡੇ ਸਾਰੇ ਭੈਣ-ਭਰਾਵਾਂ ਨੂੰ ਪੈਰਾਂ ਉੱਤੇ ਸਫਲਤਾ ਨਾਲ ਖੜ੍ਹੇ ਕਰਨ ਵਿੱਚ ਪੂਰਾ ਯੋਗਦਾਨ ਪਾ ਗਏ। ਦੂਸਰੇ ਪਾਸੇ ਮੈਂ ਪੜ੍ਹਨਾ ਕੁਝ ਹੋਰ ਚਾਹੁੰਦਾ ਸੀ, ਪੜ੍ਹਿਆ ਕੁਝ ਹੋਰ। ਬਣਨਾ ਕੁਝ ਹੋਰ ਚਾਹੁੰਦਾ ਸੀ, ਬਣਿਆ ਕੁਝ ਹੋਰ। ਗੁਜ਼ਾਰਾ ਕਰਨ ਅਤੇ ਪਰਵਾਰਕ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਕੰਮ ਮਜਬੂਰੀ ਵਸੱ ਕੀਤਾ। ਕੰਮ ਨੂੰ ਪੂਜਾ ਵਾਂਗ ਨਹੀਂ ਕੀਤਾ। ਨਤੀਜਾ ਇਹ ਹੈ ਕਿ ਤੀਹ ਸਾਲਾਂ ਬਾਅਦ ਵੀ ਮੈਂ ਕਾਮਯਾਬ ਨਹੀਂ ਹੋ ਸਕਿਆ। ਜਿਹੜਾ ਮਰਜ਼ੀ ਵਾਲਾ ਕੰਮ ਕਰਨਾ ਚਾਹੁੰਦਾ ਸਾਂ, ਉਹ ਵੀ ਕਈ ਮਜਬੂਰੀਆਂ ਸਦਕਾ ਪੂਰੀ ਨਿੱਠਤਾ ਨਾਲ ਨਹੀਂ ਕਰ ਪਾਇਆ। ਨਤੀਜਾ ਇਹ ਨਿਕਲਿਆ ਕਿ ਉਥੇ ਸਫਲਤਾ ਨਹੀਂ ਮਿਲੀ, ਪਰ ਸਾਡੇ ਦੋਵੇਂ ਬੱਚੇ ਕਿਸਮਤ ਵਾਲੇ ਹਨ। ਉਹ ਉਹੀ ਕੰਮ ਕਰ ਰਹੇ ਹਨ, ਜੋ ਉਹ ਕਰਨਾ ਚਾਹੁੰਦੇ ਹਨ। ਉਹ ਪੱਕੀ ਲਗਨ, ਇਮਾਨਦਾਰੀ ਤੇ ਮਿਹਨਤ ਨਾਲ ਆਪਣੇ ਕੰਮ ਨੂੰ ਕਰ ਰਹੇ ਹਨ, ਜਿਸ ਦੇ ਫਲਸਰੂਪ ਉਹ ਦੋਵੇਂ ਕਾਮਯਾਬੀਆਂ ਦੀਆਂ ਪੌੜੀਆਂ ਹੌਲੀ-ਹੌਲੀ ਚੜ੍ਹ ਰਹੇ ਹਨ।
ਚਾਰ ਮਾਰਚ 1861 ਦੇ ਦਿਨ ਇਬਰਾਹੀਮ ਲਿੰਕਨ ਅਮਰੀਕਾ ਦੇ ਸੋਲ੍ਹਵੇਂ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਦੇ ਪਿਤਾ ਜੀ ਪੇਸ਼ੇਵਰ ਮੋਚੀ ਸਨ। ਰਾਸ਼ਟਰਪਤੀ ਬਣਨ ਤੋਂ ਬਾਅਦ ਜਦੋਂ ਉਹ ਸੈਨੇਟ ਸਾਹਮਣੇ ਪਹਿਲੀ ਵਾਰ ਆਪਣਾ ਭਾਸ਼ਣ ਦੇਣ ਲੱਗੇ ਤਾਂ ਉਥੇ ਹਾਜ਼ਰ ਇੱਕ ਸੈਨੇਟਰ ਦੀ ਉਚੀ ਆਵਾਜ਼ ਆਈ, ‘‘ਮਿਸਟਰ ਲਿੰਕਨ! ਰਾਸ਼ਟਰਪਤੀ ਭਾਵੇਂ ਤੁਸੀਂ ਬਣ ਗਏ ਹੋ, ਪਰ ਯਾਦ ਰੱਖਿਓਂ ਕਿ ਤੁਹਾਡੇ ਪਿਤਾ ਮੇਰੇ ਅਤੇ ਮੇਰੇ ਪਰਵਾਰ ਦੇ ਜੁੱਤੇ ਬਣਾਇਆ ਤੇ ਚਮਕਾਇਆ ਕਰਦੇ ਸਨ।”
ਇਹ ਆਵਾਜ਼ ਸੁਣ ਕੇ ਅਜੀਬ, ਭੱਦੇ ਤੇ ਮਾੜੇ ਅਹਿਸਾਸਾਂ ਨਾਲ ਲਬੋਲਬ ਭਰਿਆ ਠਹਾਕਾ ਸੈਨੇਟ ਵਿੱਚ ਗੂੰਜਿਆ। ਇੱਕ ਵਿਲੱਖਣ ਮਿੱਟੀ ਦੇ ਬਣੇ ਲਿੰਕਨ ਬਿਲਕੁਲ ਸ਼ਾਂਤ ਰਹੇ। ਉਨ੍ਹਾਂ ਦੇ ਚਿਹਰੇ ਉੱਤੇ ਕੋਈ ਮਾੜੇ, ਨਾਰਾਜ਼ਗੀ ਤੇ ਪਰੇਸ਼ਾਨੀ ਵਾਲੇ ਹਾਵ-ਭਾਵ ਨਹੀਂ ਉਭਰੇ। ਕੁਝ ਪਲਾਂ ਬਾਅਦ ਉਹ ਬੋਲੇ, ‘‘ਮੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ ਜੁੱਤੇ ਬਣਾਉਂਦੇ ਸਨ, ਗੰਢਦੇ ਸਨ, ਪਾਲਿਸ਼ ਕਰਦੇ ਸਨ। ਉਹ ਪੇਸ਼ੇਵਰ ਮੋਚੀ ਸਨ। ਉਨ੍ਹਾਂ ਨੇ ਕੇਵਲ ਤੁਹਾਡੇ ਤੇ ਤੁਹਾਡੇ ਪਰਵਾਰ ਦੇ ਨਹੀਂ, ਸਗੋਂ ਕਈ ਹੋਰ ਮਾਣਯੋਗ ਲੋਕਾਂ ਦੇ ਜੁੱਤੇ ਵੀ ਬਣਾਏ ਸਨ। ਉਹ ਪੂਰੇ ਮਨ ਨਾਲ ਜੁੱਤੇ ਬਣਾਉਂਦੇ ਸਨ। ਉਨ੍ਹਾਂ ਵੱਲੋਂ ਬਣਾਏ ਗਏ ਜੁੱਤਿਆਂ ਵਿੱਚ ਉਨ੍ਹਾਂ ਦੀ ਆਤਮਾ ਵਸਦੀ ਸੀ। ਉਹ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ। ਇਸੇ ਲਈ ਉਨ੍ਹਾਂ ਦੇ ਬਣਾਏ ਗਏ ਜੁੱਤਿਆਂ ਪ੍ਰਤੀ ਬਹੁਤ ਘੱਟ ਸ਼ਿਕਾਇਤਾਂ ਆਈਆਂ ਸਨ। ਤੁਸੀਂ ਦੱਸੋ ਕਿ ਕੀ ਕਦੇ ਤੁਸੀਂ ਜਾਂ ਤੁਹਾਡੇ ਪਰਵਾਰ ਨੇ ਉਨ੍ਹਾਂ ਜੁੱਤਿਆਂ ਪ੍ਰਤੀ ਕੋਈ ਸ਼ਿਕਾਇਤ ਕੀਤੀ ਸੀ ਮੇਰੇ ਪਿਤਾ ਜੀ ਕੋਲ? ਉਨ੍ਹਾਂ ਦਾ ਪੁੱਤ ਹੋਣ ਸਦਕਾ ਮੈਂ ਵੀ ਜੁੱਤੇ ਬਣਾ ਲੈਂਦਾ ਹਾਂ। ਜੇ ਅੱਜ ਵੀ ਉਨ੍ਹਾਂ ਵੱਲੋਂ ਬਣਾਏ ਜੁੱਤਿਆਂ ਪ੍ਰਤੀ ਤੁਹਾਡੀ ਕੋਈ ਸ਼ਿਕਾਇਤ ਹੈ ਤਾਂ ਮੈਨੂੰ ਦੱਸੋ, ਮੈਂ ਮੁਰੰਮਤ ਕਰ ਕੇ ਉਨ੍ਹਾਂ ਨੂੰ ਠੀਕ ਕਰ ਦਿਆਂਗਾ। ਮੈਨੂੰ ਆਪਣੇ ਪਿਤਾ ਤੇ ਉਨ੍ਹਾਂ ਦੇ ਮੋਚੀ ਹੋਣ ਉੱਤੇ ਮਾਣ ਹੈ।”
ਉਸ ਦਿਨ ਲਿੰਕਨ ਦਾ ਤਰਕਵਾਦੀ ਭਾਸ਼ਣ ਸੁਣਨ ਤੋਂ ਬਾਅਦ ਸੈਨੇਟ ਹਾਲ ਵਿੱਚ ਸੰਨਾਟਾ ਛਾ ਗਿਆ। ਉਸ ਭਾਸ਼ਣ ਨੂੰ ਅਮਰੀਕਾ ਦੇ ਸੈਨੇਟ ਵਿੱਚ ਕਿਸੇ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਇੱਕ ਬਿਹਤਰੀਨ ਭਾਸ਼ਣ ਵਾਂਗ ਦਰਜ ਕੀਤਾ ਗਿਆ। ਉਸੇ ਭਾਸ਼ਣ ਵਿੱਚੋਂ ਇੱਕ ਥਿਊਰੀ ਨੇ ਜਨਮ ਲਿਆ, ਜਿਸ ਨੂੰ ‘ਮਿਹਨਤ ਦਾ ਮਹੱਤਵ' ਦਾ ਨਾਂਅ ਦਿੱਤਾ ਗਿਆ। ਉਸ ਦਾ ਅਸਰ ਇਹ ਹੋਇਆ ਕਿ ਉਸ ਸਮੇਂ ਦੇ ਕਾਰੀਗਰਾਂ ਨੇ ਆਪੋ-ਆਪਣੇੇ ਪੇਸ਼ੇ ਨੂੰ ਆਪਣਾ ਉਪ-ਨਾਮ ਬਣਾ ਲਿਆ, ਜਿਵੇਂ ਕਿ ਸੁਨਿਆਰ, ਲੋਹਾਰ, ਦਰਜੀ, ਮੋਚੀ, ਘੁਮਿਆਰ ਆਦਿ।
ਅਮਰੀਕਾ ਵਿੱਚ ਅੱਜ ਵੀ ਕੰਮ ਤੇ ਮਿਹਨਤ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਸ਼ਾਇਦ ਇਸੇ ਲਈ ਉਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ। ਭਾਰਤ ਵਿੱਚ ਮਿਹਨਤ ਕਰਨ ਵਾਲੇ ਨੂੰ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ। ਇੱਥੇ ਮਿਹਨਤ ਕਰਨ ਵਾਲੇ ਨੂੰ ਛੋਟਾ ਤੇ ਜੋ ਮਿਹਨਤ ਨਹੀਂ ਕਰਦਾ, ਉਸ ਨੂੰ ਵੱਡਾ ਆਦਮੀ ਸਮਝਿਆ ਜਾਂਦਾ ਹੈ। ਇੱਥੇ ਜੋ ਗੰਦਗੀ ਫੈਲਾਉਂਦਾ ਹੈ, ਉਸ ਨੂੰ ਵੱਡਾ ਅਤੇ ਜੋ ਗੰਦਗੀ ਸਾਫ ਕਰਦਾ ਹੈ ਉਸ ਨੂੰ ਛੋਟਾ ਸਮਝਿਆ ਜਾਂਦਾ ਹੈ। ਲੋਕਾਂ ਦੀ ਇਹੀ ਸੋਚ ਸਮਾਜਕ ਬੁਰਾਈਆਂ ਦੀ ਜੜ੍ਹ ਹੈ। ਵਿਦੇਸ਼ ਵਿੱਚ ਕਿਸੇ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਿਆ ਜਾਂਦਾ। ਇਸੇ ਲਈ ਉਹ ਤਰੱਕੀ ਦੀਆਂ ਮੰਜ਼ਿਲਾਂ ਛੂੰਹਦੇ ਜਾ ਰਹੇ ਹਨ। ਜਦੋਂ ਸਾਡੀ ਮਾਨਸਿਕਤਾ ਇੰਨੀ ਛੋਟੀ ਹੋਵੇਗੀ ਤਾਂ ਅਸੀਂ ਕੇਵਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਬਣਨ ਦਾ ਸੁਫਨਾ ਹੀ ਦੇਖ ਸਕਦੇ ਹਾਂ। ਇਸ ਨੂੰ ਅਮਲੀ ਜਾਮਾ ਤਦ ਤੱਕ ਨਹੀਂ ਪੁਆ ਸਕਦੇ, ਜਦੋਂ ਤੱਕ ਅਸੀਂ ਹਰ ਕੰਮ ਨੂੰ ਸਨਮਾਨ ਦੀ ਨਿਗ੍ਹਾ ਨਾਲ ਨਹੀਂ ਵੇਖਾਂਗੇ।