Welcome to Canadian Punjabi Post
Follow us on

25

September 2021
 
ਨਜਰਰੀਆ

ਮਹਿੰਦੀ ਵਾਲੇ ਹੱਥ ਰੁੱਸ ਗਏ

July 21, 2021 03:11 AM

-ਪ੍ਰੇਮਲਤਾ
ਜੀਵਨ ਨੂੰ ਹੱਸ ਕੇ ਕੁਦਰਤ ਨਾਲ ਘੁਲ ਮਿਲ ਕੇ, ਲੋੜਾਂ ਅਤੇ ਚਾਵਾਂ ਦੀ ਪੂਰਤੀ ਕਰ ਕੇ ਜਿਊਣ ਦੀ ਕਲਾ ਵਿੱਚੋਂ ਸਭਿਆਚਾਰ ਜਨਮ ਲੈਂਦਾ ਹੈ। ਹਰ ਸਭਿਆਚਾਰ ਦੀ ਬੁਨਿਆਦ ਪਦਾਰਥ ਦੀ ਸੁਚੱਜੀ ਪ੍ਰੀਤ ਭਰੀ ਵਰਤੋਂ ਵਿੱਚੋਂ ਉਪਜਿਆ ਮਾਨਸਿਕ ਜਾਂ ਰੂਹ ਦਾ ਆਨੰਦ ਹੀ ਹੈ। ਜਦੋਂ ਮਨੁੱਖੀ ਜੀਵਨ ਕੁਦਰਤ ਦੇ ਨਜ਼ਾਰਿਆਂ, ਮਨੁੱਖੀ ਰਿਸ਼ਤਿਆਂ, ਪਦਾਰਥਕ ਲੋੜਾਂ ਦੀ ਪੂਰਤੀ ਲਈ ਸਿਰਜਣਾ ਤੇ ਇਤਿਹਾਸਕ ਘਟਨਾਵਾਂ ਨਾਲ ਓਤਪ੍ਰੋਤ ਹੁੰਦੇ ਹੈ ਤਾਂ ਮਨ ਵਿੱਚੋਂ ਵਲਵਲੇ ਉਠਦੇ ਹਨ। ਇਹ ਵਲਵਲੇ ਹੀ ਰਸ ਦੇ ਸਰੋਤ ਹਨ। ਫਿਰ ਇਹ ਰਸ ਸਭਿਆਚਾਰ ਦੀਆਂ ਵੰਨਗੀਆਂ ਵਿੱਚ ਉਘੜ ਪੈਂਦਾ ਹੈ।
ਮਨੁੱਖੀ ਸਭਿਆਚਾਰ ਵਿੱਚ ਮੁੱਖ ਰੂਪ ਵਿੱਚ ਨੌਂ ਰਸ ਮੰਨੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸ਼ਿੰਗਾਰ ਰਸ ਮੀਰੀ ਦਾ ਰਸ ਮੰਨਿਆ ਗਿਆ ਹੈ। ਇਹ ਰਸਾਂ ਵਿੱਚੋਂ ਰਸ ਰਾਜ ਹੈ। ਭਰਤ ਮੁਨੀ ਅਨੁਸਾਰ ਸੰਸਾਰ ਵਿੱਚ ਜੋ ਕੁਝ ਉਜਵਲ ਤੇ ਪਵਿੱਤਰ ਹੈ, ਸ਼ਿੰਗਾਰ ਰਸ ਨੂੰ ਨਿਰਜੀਵ ਅਤੇ ਸਜੀਵ ਦੋਵੇਂ ਸ਼ੈਆਂ ਵਿੱਚ ਦੇਖਿਆ ਜਾ ਸਕਦਾ ਹੈ। ਮੋਰਾਂ ਦੀਆਂ ਪੈਲਾਂ, ਤਿੱਤਲੀਆਂ ਦੇ ਖੇਤਾਂ ਦੇ ਰੰਗ, ਅਸਮਾਨ ਵਿੱਚ ਪੰਛੀਆਂ ਤੇ ਜੰਗਲਾਂ ਵਿੱਚ ਹਿਰਨਾਂ ਦੀਆਂ ਡਾਰਾਂ, ਖਿੜੇ ਹੋਏ ਫੁੱਲ, ਹਰਿਆਵਲ ਭਰੇ ਖੇਤ, ਸਤਰੰਗੇ ਪਹਾੜ, ਡਿੱਗਦੇ-ਵਹਿੰਦੇ ਝਰਨੇ ਆਦਿ ਵਿੱਚ ਕੁਦਰਤ ਦਾ ਰੰਗ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਜਿਨ੍ਹਾਂ ਦੇ ਅਹਿਸਾਸ ਨਾਲ ਮਨੁੱਖ ਰੂਹ ਦਾ ਆਨੰਦ ਮਾਣਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਸ਼ਿੰਗਾਰ ਰਸ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਚਾਹਤ ਹੁੰਦੀ ਹੈ। ਔਰਤਾਂ ਦੀ ਇਹੋ ਚਾਹਤ ਅਮੀਰ ਸਭਿਆਚਾਰ ਨੂੰ ਜਨਮ ਦਿੰਦੀ ਹੈ। ਸਭਿਆਚਾਰ ਮਨੁੱਖ ਨੂੰ ਧਰਤੀ ਦੇ ਇੱਕ ਵਿਸ਼ੇਸ਼ ਟੁਕੜੇ ਨਾਲ ਜੋੜਦਾ ਹੈ ਅਤੇ ਉਸ ਨੂੰ ਟਿਕਾਊ ਬਣਾਉਂਦਾ ਹੈ।
ਸਾਉਣ ਵਿੱਚ ਮਹਿੰਦੀ ਦੀ ਵਰਤੋਂ ਚੋਖੀ ਵਧ ਜਾਂਦੀ ਹੈ ਅਤੇ ਤੀਆਂ ਦੇ ਮੇਲਿਆਂ ਵੇਲੇ ਹਰ ਘਰ ਵਿੱਚ ਕੁਆਰੀਆਂ ਅਤੇ ਵਿਆਂਹਦੜਾਂ ਮਹਿੰਦੀ ਦਾ ਸ਼ਿੰਗਾਰ ਕਰਦੀਆਂ ਹਨ। ਨਿਆਣੀ ਧੀ ਆਪਣੀ ਮਾਂ ਨੂੰ ਕਹਿੰਦੀ ਹੈ :
ਨੀ ਲੈ ਦੇ ਮਾਏਂ ਕਾਲਿਆਂ ਬਾਗ਼ਾਂ ਦੀ ਮਹਿੰਦੀ
ਸਾਉਣ ਮਹੀਨਾ ਮਾਨਣ ਪੇਕੇ ਆਈਆਂ ਮੁਟਿਆਰਾਂ ਮਹਿੰਦੀ ਦੇ ਲਾਲ ਸੂਹੇ ਰੰਗਾਂ ਵਿੱਚ ਰੰਗੀਆਂ, ਸਿਰ ਫੁਲਕਾਰੀਆਂ ਲੈ ਕੇ ਗਿੱਧੇ ਦੇ ਪਿੜ ਵਿੱਚ ਚੀਚ ਵਹੁਟੀਆਂ ਬਣ-ਬਣ ਨਿਤਰਦੀਆਂ ਹਨ। ਜਿਵੇਂ :
ਬਾਗ਼ੀਂ ਫੇਰਾਂ ਪਾ ਗਈ ਨੀਂ,
ਗੋਰੀ ਤਿੱਤਲੀ ਬਣ ਕੇ।
ਹੱਥੀਂ ਤਾਂ ਮਹਿੰਦੀ ਰੰਗਲੀ ਨੀ,ਂ
ਬਾਹੀਂ ਛੂੜਾ ਛਣਕੇ।
ਜੇ ਕੋਈ ਮੁਟਿਆਰ ਤੀਆਂ ਵੇਲੇ ਪੇਕੇ ਨਾ ਜਾਂਦੀ, ਉਸ ਦਾ ਰੰਗਲਾ ਸਮਾਂ ਸਹੇਲੀਆਂ ਤੋਂ ਵਾਂਝਾ ਰਹਿ ਜਾਂਦਾ। ਫੇਰ ਉਸ ਦੀ ਨਨਾਣ ਹੀ ਉਸ ਦੇ ਮਹਿੰਦੀ ਲਾ ਦਿੰਦੀ ਸੀ। ਇਸ ਸਥਿਤੀ ਵਿੱਚ ਮੁਟਿਆਰ ਕਹਿੰਦੀ ਸੀ :
ਮਹਿੰਦੀ ਵਾਲੇ ਹੱਥ ਰੁੱਸ ਗਏ,
ਜਦੋਂ ਘੋਲ ਕੇ ਨਨਾਣ ਨੇ ਲਾਈ,
ਫਿੱਕਾ-ਫਿੱਕਾ ਰੰਗ ਚੜ੍ਹਿਆ,
ਬੂਟੀ ਇੱਕ ਨਾ ਸਵਾਦ ਦੀ ਪਾਈ।
ਪੇਕਿਆਂ ਵੱਲੋਂ ਸਹੁਰੇ ਵਸਦੀ ਧੀ ਲਈ ਭੇਜੇ ਜਾਂਦੇ ਤੀਆਂ ਦੇ ਸੰਧਾਰੇ ਵਿੱਚ ਮਹਿੰਦੀ ਦਾ ਸਥਾਨ ਅਹਿਮ ਹੁੰਦਾ ਹੈ। ਕਰਵਾ ਚੌਥ ਵੇਲੇ ਪੇਕੇ ਗਈ ਨੂੰਹ ਲਈ ਸਹੁਰਿਆਂ ਵੱਲੋਂ ਭੇਜੀ ਜਾਂਦੀ ਸਰਘੀ ਵਿੱਚ ਸੁਹਾਗ ਦੀ ਨਿਸ਼ਾਨੀ ਮਹਿੰਦੀ ਜ਼ਰੂਰ ਰੱਖੀ ਜਾਂਦੀ ਹੈ। ਮਹਿੰਦੀ ਨੂੰ ਪਵਿੱਤਰ ਸ਼ਗਨਾਂ ਦਾ ਬੂਟਾ ਮੰਨਿਆ ਜਾਂਦਾ ਹੈ। ਕੁੜੀਆਂ ਗਾਉਂਦੀਆਂ ਕਹਿੰਦੀਆਂ ਹਨ :
ਮਾਏਂ ਨੀਂ ਮਾਏਂ
ਮਹਿੰਦੜ ਮੈਂ ਬੀਜਿਆ,
ਨੀਂ ਝੰਗ ਸਿਆਲਾਂ ਦੇ ਖੂਹ ਉੱਤੇ।
ਵਿਆਹ-ਸਾਹਿਆਂ ਸਮੇਂ ਸ਼ਰੀਕੇ-ਕਬੀਲੇ ਅਤੇ ਆਂਢ-ਗੁਆਂਢ ਦੀਆਂ ਔਰਤਾਂ ਪਰਾਤ ਵਿੱਚ ਘੋਲੀ ਹੋਈ ਮਹਿੰਦੀ ਦੇ ਦੁਆਲੇ ਘੇਰਾ ਘੱਤ ਕੇ ਭੰਜੇ ਦਰੀ ਉੱਤੇ ਬੈਠ ਜਾਂਦੀਆਂ ਹਨ। ਵਿਚਕਾਰ ਲੱਕੜ ਦੀ ਚੌਂਕੀ ਉੱਤੇ ਵਿਆਂਹਦੜ ਕੁੜੀ ਨੂੰ ਬਿਠਾਇਆ ਜਾਂਦਾ ਹੈ, ਉਸ ਦੇ ਮਹਿੰਦੀ ਲਾਈ ਜਾਂਦੀ ਹੈ ਅਤੇ ਨਾਲ ਲੰਮੀਆਂ ਹੇਕਾਂ ਵਾਲੇ ਗੀਤਾਂ ਨਾਲ ਉਸ ਦਾ ਦਿਲ ਬਹਿਲਾਇਆ ਜਾਂਦਾ ਹੈ। ਸਾਰੀਆਂ ਸੁਆਣੀਆਂ ਅਤੇ ਕੁੜੀਆਂ ਇੱਕ ਦੂਜੀ ਦੇ ਮਹਿੰਦੀ ਲਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਵਿਆਹ ਵਾਲੀ ਕੁੜੀ ਦੀ ਮਾਂ, ਭੈਣ, ਭਰਜਾਈ ਨੂੰ ਸੰਬੋਧਨ ਕਰਦਿਆਂ ਕੁੜੀਆਂ ਗਾਉਂਦੀਆਂ ਹਨ :
ਉਪਰ ਚੁਬਾਰੇ ਤੈਨੂੰ ਸੱਦ ਹੋਈ,
ਸਾਲੂ ਵਾਲੀਏ ਨੀਂ
ਆ ਕੇ ਤਾਂ ਮਹਿੰਦੀ ਨੀਂ ਲਵਾ,
ਦਿਲਾਂ ਵਿੱਚ ਵੱਸ ਹਰੀਏ ਨੀਂ...
ਕੁੜੀ ਦੇ ਵਿਆਹ ਸਮੇਂ ਮਹਿੰਦੀ ਦੇ ਗੀਤਾਂ ਦਾ ਰੰਗ ਸੁਹਾਗ ਦੇ ਗੀਤਾਂ ਵਿੱਚ ਵਟ ਜਾਂਦਾ ਹੈ :
ਰੰਗ ਚੜ੍ਹਿਆ ਭੈਣੇ
ਏਸ ਮਹਿੰਦੀ ਦਾ ਸਿਖਰੇ ਨੀਂ,
ਬਾਬਲ ਨਿਵਿਆਂ ਭੈਣੇ,
ਧੀਆਂ ਦੇ ਫਿਕਰੇ ਨੀਂ।
ਵਿਆਂਹਦੜ ਕੁੜੀ ਤੋਰਨ ਵੇਲੇ ਮਹਿੰਦੀ ਦਾ ਰੰਗ ਵੀ ਉਦਾਸ ਹੋ ਜਾਂਦਾ ਹੈ :
ਮਹਿੰਦੀ ਤਾਂ ਪਾ ਦੇ
ਮਾਏਂ ਸੁੱਕਣੀ ਨੀਂ,
ਮਹਿੰਦੀ ਦਾ ਰੰਗ ਉਦਾਸ,
ਖੂਨੀ ਨੈਣ ਜਲ ਨੀਂ ਭਰੇ।
ਮੁੰਡੇ ਦੇ ਵਿਆਹ ਸਮੇਂ ਮਹਿੰਦੀ ਦੇ ਗੀਤਾਂ ਦਾ ਰੰਗ ਘੋੜੀਆਂ ਵਿੱਚ ਬਦਲ ਜਾਂਦਾ ਹੈ। ਭੈਣਾਂ ਵੀਰ ਦੇ ਮਹਿੰਦੀ ਲਾਉਂਦੀਆਂ ਗਾਉਂਦੀਆਂ ਹਨ :
ਲਾਓ ਨੀਂ ਲਾਓ
ਏਹਨੂੰ ਸ਼ਘਨਾਂ ਦੀ ਮਹਿੰਦੀ,
ਮਹਿੰਦੀ ਦਾ ਰੰਗ ਸੂਹਾ ਲਾਲ,
ਮੇਰੇ ਵੀਰਨ ਦੇ
ਮੱਥੇ ਉੱਤੇ ਚਮਕਣ ਵਾਲ।
ਜਦੋਂ ਵਿਆਹ ਵੇਲੇ ਕੜਾਹੀ ਵਾਲੇ ਦਿਨ ਮੁਟਿਆਰਾਂ ਮਹਿੰਦੀ ਵਾਲੇ ਹੱਥਾਂ ਨਾਲ ਲੱਡੂ ਵੱਟਦੀਆਂ ਹਨ ਤਾਂ ਮਹਿੰਦੀ ਰੱਤੇ ਹੱਥ ਬਹੁਤ ਸੋਹਣੇ ਲੱਗਦੇ ਹਨ। ਲੋਕ ਸਾਹਿਤ ਤੇ ਵਸ਼ਿਸ਼ਟ ਸਾਹਿਤ ਵਿੱਚ ਮਹਿੰਦੀ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਪਤੀ-ਪਤਨੀ ਦੀ ਨੋਕ-ਝੋਕ ਵਿੱਚ ਵੀ ਮਹਿੰਦੀ ਦਾ ਜ਼ਿਕਰ ਖੂਬਸੂਰਤ ਬੋਲੀ ਰਾਹੀਂ ਇੰਝ ਹੋਇਆ ਹੈ :
ਜੇ ਮੈਂ ਅੱਡੀ ਮਾਰ ਉਡਾਵਾਂ,
ਮੇਰੀ ਝਾਂਜਰ ਲਹਿੰਦੀ,
ਜੇ ਮੈਂ ਤਾੜੀ ਮਾਰ ਉਡਾਵਾਂ,
ਮੇਰੀ ਮਹਿੰਦੀ ਲਹਿੰਦੀ,
ਤੇਰੀ ਕਣਕ ਦੀ ਰਾਖੀ ਮੁੰਡਿਆਂ
ਵੇ ਹੁਣ ਮੈਂ ਨਾ ਬਹਿੰਦੀ।
ਸੱਸੀ-ਪੁੰਨੂੰ ਦੀ ਪ੍ਰੀਤ ਗਾਥਾ ਵਿੱਚ ਸੱਸੀ ਦੇ ਮਹਿੰਦੀ ਚਿਤਰੇ ਪੈਰ ਡਾਚੀ ਦੀ ਪੈੜ ਲੱਭਦੇ-ਲੱਭਦੇ ਥਲਾਂ ਵਿੱਚ ਭੁੱਜ ਜਾਂਦੇ ਹਨ। ਸੂਫੀ ਕਵੀ ਹਾਸ਼ਮ ਸ਼ਾਹ ਇਸ ਵੇਦਨਾ ਨੂੰ ਇੰਝ ਪ੍ਰਗਟ ਕਰਦਾ ਹੈ :
ਨਾਜ਼ੁਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ,
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਓਂ ਜੌਂ ਭੁੰਨਣ ਭਠਿਆਰੇ।
ਜੇ ਹਾਣ-ਪ੍ਰਵਾਨ ਦਾ ਵਰ ਕਿਸੇ ਮੁਟਿਆਰ ਨੂੰ ਨਾ ਮਿਲਦਾ ਤਾਂ ਵੀ ਉਸ ਦਾ ਮਹਿੰਦੀ ਲਾਉਣ ਦਾ ਚਾਅ ਅਧੂਰਾ ਰਹਿ ਜਾਂਦਾ। ਫੇਰ ਉਹ ਮੁਟਿਆਰ ਆਪਣਾ ਰੁਦਨ ਇਸ ਤਰ੍ਹਾਂ ਕਰਦੀ ਹੈ :
ਬੁੱਢੜੇ ਨਾਲ ਮੇਰਾ ਵਿਆਹ ਕਰ ਦਿੱਤਾ
ਮੈਂ ਰੋਟੀ ਨਾ ਖਾਵਾਂ,
ਸਖੀਆਂ ਆਖਣ ਮਹਿੰਦੀ ਲਾ ਲੈ,
ਮੈਂ ਮਹਿੰਦੀ ਨਾ ਲਾਵਾਂ,
ਸੁੱਤੀ ਪਈ ਦੇ ਲਾ`ਤੀ ਮਹਿੰਦੀ,
ਕੌਲਿਆਂ ਨਾਲ ਘਸਾਵਾਂ,
ਵੀਰਾਂ ਦੇ ਹਲ ਵਗਦੇ,
ਰੋਂਦੀ ਕੋਲ ਦੀ ਜਾਵਾਂ।
ਜਦੋਂ ਕੋਈ ਕਾਰਖਾਨਾ ਜਾਂ ਉਦਯੋਗ ਨਹੀਂ ਸੀ, ਉਸ ਵੇਲੇ ਔਰਤ ਪੌਦਿਆਂ ਤੋਂ ਬਣੀਆਂ ਵਸਤਾਂ ਜਾਂ ਫੁੱਲ ਪੱਤੀਆਂ ਨਾਲ ਆਪਣਾ ਸ਼ਿੰਗਾਰ ਕਰਦੀ ਸੀ। ਉਸ ਦੀ ਸੁਹਾਗ ਪਟਾਰੀ ਵਿੱਚ ਦੰਦਾਸਾ, ਚੰਦਨ ਅਤੇ ਮਹਿੰਦੀ ਮੁੱਖ ਰੂਪ ਵਿੱਚ ਹੁੰਦੀ ਸੀ। ਇਹ ਤਿੰਨੇ ਵਸਤਾਂ ਪੌਦਿਆਂ ਤੋਂ ਮਿਲਦੀਆਂ ਹਨ। ਇਸ ਤੋਂ ਇਲਾਵਾ ਸੁਰਮਾ, ਚੂੜੀਆਂ, ਸੰਧੂਰ, ਨਹੁੰ ਪਾਲਿਸ਼, ਬਿੰਦੀ, ਇਤਰ, ਖੰਮਣੀ ਤੇ ਲਾਲ ਰਿਬਨ ਆਦਿ ਵਸਤਾਂ ਸੁਹਾਗ ਪਟਾਰੀ ਦਾ ਸ਼ਿੰਗਾਰ ਹੁੰਦੀਆਂ ਸਨ, ਪਰ ਔਰਤ ਦਾ ਮਹਿੰਦੀ ਨਾਲ ਸਾਥ ਹਾਲੇ ਤੀਕ ਵੀ ਉਜਵਲ ਬਣਿਆ ਹੋਇਆ ਹੈ। ਔਰਤ ਦੇ 16 ਸ਼ਿੰਗਾਰਾ ਵਿੱਚੋਂ ਮਹਿੰਦੀ ਦਾ ਸ਼ਿੰਗਾਰ ਉਤਮ ਮੰਨਿਆ ਗਿਆ ਹੈ। ਪੁਰਾਣੇ ਸਮੇਂ ਵਿੱਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉੱਤੇ ਮਹਿੰਦੀ ਦੇ ਬੂਟੇ ਹੁੰਦੇ ਸਨ। ਘਰਾਂ ਵਿੱਚ ਸੁਆਣੀਆਂ ਸੁੱਕੇ ਪੱਤਿਆਂ ਤੋਂ ਪੀਸੀ ਹੋਈ ਮਹਿੰਦੀ ਦੇ ਕੁੱਜੇ ਭਰ ਕੇ ਸੰਦੂਕਾਂ ਹੇਠਾਂ ਰੱਖ ਦਿੰਦੀਆਂ ਸਨ, ਜਿਸ ਨੂੰ ਵਿਆਹਾਂ-ਸ਼ਾਦੀਆਂ, ਮੇਲਿਆਂ, ਤਿਉਹਾਰਾਂ ਮੌਕੇ ਕੱਢ ਕੇ ਲੋਹੇ ਜਾਂ ਮਿੱਟੀ ਦੀਆਂ ਬਠਲੀਆਂ ਵਿੱਚ ਭਿਉਂ ਦਿੱਤਾ ਜਾਂਦਾ ਸੀ। ਮਿੱਟੀ ਦੇ ਬਰਤਨਾਂ ਵਿੱਚ ਘੋਲੀ ਮਹਿੰਦੀ ਅਨੋਖੀ ਮਹਿਕ ਦਿੰਦੀ ਸੀ, ਜਿਸ ਨਾਲ ਸਾਰਾ ਮਾਹੌਲ ਨਸ਼ਿਆਂ ਜਾਂਦਾ ਸੀ।
ਅੰਗਰੇਜ਼ੀ ਵਿੱਚ ਮਹਿੰਦੀ ਨੂੰ ਹਿਨਾ ਕਿਹਾ ਜਾਂਦਾ ਹੈ ਤੇ ਇਸ ਦਾ ਵਿਗਿਆਨਕ ਨਾਂਅ ਲਾਅਸੋਨੀਆ ਇਨਰਮਿਸ ਹੈ। ਮਹਿੰਦੀ ਦਾ ਬੂਟਾ ਅਨਾਰ ਦੇ ਬੂਟੇ ਵਾਂਗ ਲੰਬਾ-ਝਾੜੀਦਾਰ ਹੁੰਦਾ ਹੈ। ਪਿਛਲੇ ਸਮੇਂ ਵਿੱਚ ਮਹਿੰਦੀ ਦੇ ਬੂਟੇ ਤੋਂ ਛੋਟੇ-ਛੋਟੇ ਪੱਤੇ ਤੋੜ ਕੇ ਕੂੰਡੇ ਵਿੱਚ ਕੁੱਟੇ ਜਾਂਦੇ ਸਨ। ਹਰੇ ਪੱਤਿਆਂ ਨੂੰ ਜਿੰਨਾ ਬਰੀਕ ਕੁੱਟਿਆ ਜਾਂਦਾ ਸੀ, ਰੰਗ ਓਨਾ ਹੀ ਗੂੜ੍ਹਾ ਚੜ੍ਹਦਾ ਸੀ। ਸੌਣ ਤੋਂ ਪਹਿਲਾਂ ਕੁੜੀਆਂ ਅਤੇ ਵਿਆਂਹਦੜਾਂ ਮਹਿੰਦੀ ਦੇ ਘੋਲ ਨੂੰ ਹੱਥਾਂ ਅਤੇ ਪੈਰਾਂ ਉਪਰ ਲਾ ਕੇ ਸੌਂ ਜਾਂਦੀਆਂ ਸਨ। ਇਸ ਪ੍ਰਕਿਰਿਆ ਦੀ ਤਾਈਦ ਲੋਕ ਬੋਲੀ ਇੰਝ ਕਰਦੀ ਹੈ :
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮਹਿੰਦੀ ਬਾਗ਼ ਵਿੱਚ ਰਹਿੰਦੀ,
ਹੇਠਾਂ ਕੂੰਡਾ ਉਤੇ ਘੋਟਣਾ
ਚੋਟ ਦੋਵਾਂ ਦੀ ਸਹਿੰਦੀ,
ਘੋਟ-ਘੋਟ ਮੈਂ ਹੱਥਾਂ ਉੱਤੇ ਲਾਈ,
ਬੱਤੀਆਂ ਬਣ-ਬਣ ਲਹਿੰਦੀ,
ਮਹਿੰਦੀ ਸ਼ਗਨਾਂ ਦੀ, ਬਿਨ ਧੋਤਿਆਂ ਨਾ ਲਹਿੰਦੀ।
ਮਹਿੰਦੀ ਦਾ ਇਤਿਹਾਸ ਤੇ ਇਸ ਦਾ ਹਿੰਦੀ, ਪੰਜਾਬੀ ਨਾਂਅ ਮਹਿੰਦੀ, ਮਹਿਕ ਤੋਂ ਉਪਜਿਆ ਜਾਪਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮਹਿੰਦੀ ਮਿਸਰ ਤੋਂ ਅਰਬ ਹੁੰਦੀ ਹੋਈ ਭਾਰਤ ਪਹੁੰਚੀ ਹੈ। ਮਹਿੰਦੀ ਵਿੱਚ ਔਸ਼ਧੀ ਗੁਣ ਹੋਣ ਕਾਰਨ ਮਿਸਰ ਦੇ ਲੋਕ ਆਪਣੇ ਰਾਜੇ ਮਹਾਰਾਜਿਆਂ ਦੇ ਮ੍ਰਿਤ ਸਰੀਰਾਂ ਨੂੰ ਲੰਬਾ ਸਮਾਂ ਰੱਖਣ ਲਈ ਮਹਿੰਦੀ ਦਾ ਲੇਪ ਲਾਉਂਦੇ ਸਨ। ਮਿਸਰ ਦੀ ਰਾਣੀ ਕਲਿਉਪੈਟਰਾ ਵੀ ਆਪਣੇ ਸ਼ਿੰਗਾਰ ਵਿੱਚ ਮਹਿੰਦੀ ਦਾ ਪ੍ਰਯੋਗ ਕਰਦੀ ਸੀ। ਸੰਸਕ੍ਰਿਤ ਵਿੱਚ ਵੀ ਮੈਧਿਕਾ ਨਾਂਅ ਦਾ ਸ਼ਬਦ ਹੈ। ਪ੍ਰਾਚੀਨ ਗਰੰਥਾਂ ਵਿੱਚ ਮੈਧਿਕਾ ਤੇ ਹਲਦੀ ਦੀ ਵਰਤੋਂ ਦਾ ਜ਼ਿਕਰ ਹੈ। ਔਰਤ ਦੇ 16 ਸ਼ਿੰਗਾਰਾਂ ਵਿੱਚੋਂ ਮਹਿੰਦੀ ਨੂੰ ਸੁਰ ਸੁੰਦਰੀ ਦੇਵੀ ਦੀ ਉਪਾਧੀ ਹਾਸਲ ਹੈ। ਆਯੁਰਵੈਦ ਵਿੱਚ ਔਸ਼ਧੀ ਗੁਣਾਂ ਤੋਂ ਇਲਾਵਾ ਮਹਿੰਦੀ ਦੀ ਤਾਸੀਰ ਠੰਢੀ ਮੰਨੀ ਗਈ ਹੈ। ਰਾਖਸ਼ਾਂ ਉਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦੁਰਗਾ ਮਾਤਾ ਦੇ ਹੱਥ ਪੈਰ ਖੂਨ ਨਾਲ ਤਰ ਹੋ ਗਏ ਸਨ। ਗੁੱਸਾ ਸ਼ਾਂਤ ਕਰਨ ਲਈ ਦੁਰਗਾ ਮਾਤਾ ਦਾ ਸ਼ਿੰਗਾਰ ਸੁਰ ਸੁੰਦਰੀ ਦੇਵੀ-ਮਹਿੰਦੀ ਨਾਲ ਕੀਤਾ ਜਾਂਦਾ ਗਿਆ ਸੀ।

 
Have something to say? Post your comment