Welcome to Canadian Punjabi Post
Follow us on

25

September 2021
 
ਨਜਰਰੀਆ

ਕਾਹਨੂੰਵਾਨ ਦਾ ਛੋਟਾ ਘੱਲੂਘਾਰਾ

July 21, 2021 03:10 AM

-ਲਵਪ੍ਰੀਤ ਸਿੰਘ ਵਡਾਲੀ
ਛੋਟਾ ਘੱਲੂਘਾਰਾ ਸਾਮਰਾਜ ਦੇ ਅਲੋਪ ਹੋ ਰਹੇ ਸਾਲਾਂ ਵਿੱਚ ਮੁਗਲਾਂ ਵੱਲੋਂ ਸਿੱਖ ਆਬਾਦੀ ਦੇ ਬਹੁਤ ਵੱਡਾ ਹਿੱਸੇ ਦਾ ਕਤਲੇਆਮ ਸੀ। ਇਹ 1746 ਈਸਵੀ (ਸੰਮਤ 1803 ਬਿਕਰਮੀ) ਵਿੱਚ ਵਾਪਰਿਆ। ਇਸ ਸਮੇਂ ਮੁਗਲ ਹਾਕਮ ਸਿੱਖਾਂ ਨੂੰ ਖਤਮ ਕਰਨ ਲਈ ਹਰ ਹੀਲਾ ਵਰਤ ਰਹੇ ਸਨ। ਅਜਿਹੇ ਸਮੇਂ ਦੀਵਾਨ ਲਖਪਤ ਰਾਏ ਵੀ ਉਨ੍ਹਾਂ ਦਾ ਸਾਥ ਦੇਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਇਸ ਬਾਰੇ ਭਾਈ ਰਤਨ ਸਿੰਘ ਭੰਗੂ ‘ਪੰਥ ਪ੍ਰਕਾਸ਼' ਵਿੱਚ ਲਿਖਦੇ ਹਨ :
ਸੰਮਤ ਅਠਾਰਾਂ ਸੈ ਹੁਤੋ ਉਪਰ ਤੀਨ ਸੁ ਸਾਲ।
ਘੱਲੂਘਾਰੇ ਵੱਡ ਕਰਯੋ ਤੁਰਕਨ ਸਿੰਘਨ ਨਾਲ।
ਜਸਪਤ ਰਾਏ ਐਮਨਾਬਾਦ ਦਾ ਫੌਜਦਾਰ ਸੀ। ਯਾਹੀਆ ਖਾਨ ਨੇ ਤਾਕਤ ਹੱਥ ਵਿੱਚ ਲੈਂਦੇ ਸਾਰ ਲੱਖਪਤ ਰਾਏ ਨੂੰ ਦੀਵਾਨ ਥਾਪਿਆ। ਜਸਪਤ ਰਾਏ, ਲੱਖਪਤ ਰਾਏ ਦਾ ਵੱਡਾ ਭਰਾ ਸੀ। ਜਸਪਤ ਰਾਏ ਨੇ ਸਿੱਖਾਂ ਦਾ ਰੂੜੀ ਸਾਹਿਬ ਜੁੜਨਾ ਸੁਣਿਆ ਤਾਂ ਉਸ ਨੇ ਇਕੱਠੇ ਹੋਏ ਸਿੱਖਾਂ ਉੱਤੇ ਹੱਲਾ ਬੋਲ ਦਿੱਤਾ। ਉਸ ਨੇ ਸਿੰਘਾਂ ਨੂੰ ਕਮਜ਼ੋਰ ਜਾਣ ਕੇ ਬੜੇ ਹੰਕਾਰ ਭਰੇ ਸ਼ਬਦ ਬੋਲੇ। ਉਸ ਵੇਲੇ ਸਿੱਖਾਂ ਨੂੰ ਗੁਰਦੁਆਰਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ, ਪਰ ਉਨ੍ਹਾਂ ਉਥੋਂ ਜਾਣਾ ਮੁਨਾਸਬ ਨਾ ਸਮਝਿਆ। ਜਸਪਤ ਰਾਏ ਨੇ ਰੋਹ ਵਿੱਚ ਹੱਲਾ ਬੋਲ ਦਿੱਤਾ। ਸਿੱਖ ਵੀ ਟਾਕਰੇ ਲਈ ਡਟ ਗਏ ਤੇ ਕਿਹਾ, ‘‘ਜਸਪਤ ਰਾਏ ਨੇ ਸੁੱਤੇ ਸ਼ੇਰ ਦੀ ਮੁੱਛ ਨੂੰ ਹੱਥ ਪਾਇਆ ਹੈ।” ਜਸਪਤ ਰਾਏ ਹਾਥੀ ਉੱਤੇ ਬੈਠਾ ਫੌਜ ਨੂੰ ਹੁਕਮ ਦੇ ਰਿਹਾ ਸੀ ਕਿ ਭਾਈ ਨਿਬਾਹੂ ਸਿੰਘ ਨੇ ਜਸਪਤ ਰਾਏ ਦਾ ਸਿਰ ਵੱਢ ਦਿੱਤਾ:
ਨਿਬਾਹੂ ਸਿੰਘ ਗਜ ਪਹਿ ਚੜਯੋ ਮਾਰ ਤੇਗ ਦਿਓ ਸੂਟ।
ਆਪਣੇ ਭਰਾ ਜਸਪਤ ਰਾਏ ਦੀ ਮੌਤ ਦੀ ਖਬਰ ਸੁਣ ਕੇ ਲੱਖਪਤ ਰਾਏ ਲੋਹਾ-ਲਾਖਾ ਹੋ ਗਿਆ ਅਤੇ ਬੁੁਰੀ ਤਰ੍ਹਾਂ ਬੌਖਲਾ ਗਿਆ। ਉਸ ਨੇ ਆਪਣੀ ਪੱਗ ਯਾਹੀਆ ਖਾਨ ਦੇ ਪੈਰਾਂ ਵਿੱਚ ਰੱਖ ਕੇ ਪਾਨ ਦਾ ਬੀੜਾ ਚੁੱਕ ਕੇ ਸਹੁੰ ਖਾਧੀ ਕਿ ਉਹ ਸਿੱਖਾਂ ਦਾ ਅੰਤ ਕਰ ਕੇ ਹੀ ਪੱਗ ਸਿਰ ਉੱਤੇ ਬੰਨ੍ਹੇਗਾ। ਵੱਡੇ ਹੰਕਾਰ ਵਿੱਚ ਆ ਕੇ ਲੱਖਪਤ ਰਾਏ ਕਹਿਣ ਲੱਗਾ, ‘ਸਿੱਖੀ ਇੱਕ ਖੱਤਰੀ (ਗੁਰੂ ਨਾਨਕ ਦੇਵ ਜੀ) ਨੇ ਸ਼ੁਰੂ ਕੀਤੀ ਤੇ ਇੱਕ ਖੱਤਰੀ ਹੀ ਮੁਕਾਵੇਗਾ।” ਉਸੇ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਿੱਥੇ ਕਿਤੇ ਵੀ ਸਿੱਖ ਨਜ਼ਰ ਆਏ, ਉਸ ਨੂੰ ਰਾਜ ਦਰਬਾਰ ਵਿੱਚ ਪੇਸ਼ ਕਰ ਦਿੱਤਾ ਜਾਵੇ। ਭਾਈ ਰਤਨ ਸਿੰਘ ਭੰਗੂ ਇਸ ਦਾ ਇੰਝ ਜ਼ਿਕਰ ਕਰਦੇ ਹਨ :
ਯਹੀ ਬਾਤ ਲੱਖਪਤ ਸੁਣੀ ਢਿਗ ਨਵਾਬ ਦਈ ਪੱਗ ਡਾਰ।
ਫੇਰ ਆਨ ਮੈਂ ਬੰਧੋਂਗੇ ਸਿੰਘਨ ਕੋ ਪੰਥ ਗਾਰ।
ਇਹ ਦੌਰ ਕਈ ਦਿਨ ਜਾਰੀ ਰਿਹਾ। ਹਾਲਾਤ ਦੀ ਨਜ਼ਾਕਤ ਦੇਖਦਿਆਂ ਸਿੱਖਾਂ ਨੇ ਲਾਹੌਰ ਤੋਂ ਦੂਰੀ ਬਣਾਉਂਦਿਆਂ ਗੁਰਦਾਸਪੁਰ ਜ਼ਿਲੇ ਵਿੱਚ ਬਿਆਸ ਨੇੜੇ ਜੰਗਲਾਂ ਨੂੰ ਆਪਣੀ ਠਾਹਰ ਬਣਾ ਲਿਆ। ਲਖਪਤ ਰਾਏ ਨੇ 10 ਮਾਰਚ 1746 ਨੂੰ ਲਾਹੌਰ ਦੇ ਸਾਰੇ ਸਿੱਖਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਅਤੇ ਗੁਰੂ, ਗੁੜ ਅਤੇ ਗ੍ਰੰਥ ਆਦਿ ਸ਼ਬਦਾਂ ਉੱਤੇ ਪਾਬੰਦੀ ਲਾ ਦਿੱਤੀ। ਜਿਹੜਾ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਾ, ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਸੀ। ਉਸ ਦੀ ਸੋਚ ਸੀ ਕਿ ਗੁੜ ਕਹਿਣ ਨਾਲ ਗੁਰੂ ਯਾਦ ਆ ਜਾਂਦਾ ਹੈ ਅਤੇ ਗੁਰੂ ਯਾਦ ਆਉਣ ਨਾਲ ਗੁਰੂ ਗੋਬਿੰਦ ਸਿੰਘ ਯਾਦ ਆ ਜਾਂਦੇ ਹਨ। ਉਨ੍ਹਾਂ ਦੀ ਯਾਦ ਆਉਣ ਨਾਲ ਸਿੱਖਾਂ ਵਿੱਚ ਜਜ਼ਬਾ ਪੈਦਾ ਹੁੰਦਾ ਹੈ। ਇਸ ਲਈ ਉਸ ਨੂੰ ਗੁੜ ਦੀ ਰੋੜੀ ਜਾਂ ਭੇਲੀ ਆਖਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਕਿਸੇ ਵੀ ਪੁਸਤਕ ਨੂੰ ਗ੍ਰੰਥ ਦੀ ਜਗ੍ਹਾ ਪੋਥੀ ਆਖਣ ਦੀ ਹਦਾਇਤ ਕੀਤੀ ਗਈ। ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ। ਇਹ ਛੋਟੇ ਘੱਲੂਘਾਰੇ ਦਾ ਆਰੰਭ ਸੀ।
ਗੁੜ ਕੇ ਕਹਨੇ ਗੁਰ ਕਹੈਂ ਰੋੜੀ ਪਾਯੋ ਨਾਮ।
ਜੇ ਕੋ ਗੁਰ ਕਹਿ ਕਿਸ ਸਦੇ ਮਾਰੋਂ ਚੜ੍ਹ ਤਿਸ ਗਾਮ।
ਲਖਪਤ ਰਾਏ ਲਾਹੌਰ ਦੇ ਵਸਨੀਕਾਂ ਨੂੰ ਸ਼ਹੀਦ ਕਰਨ ਮਗਰੋਂ ਅੰਮ੍ਰਿਤਸਰ ਵੱਲ ਵਧਿਆ ਤੇ ਲਾਹੌਰ ਦੀਆਂ ਫੌਜਾਂ ਨੂੰ ਲਾਮਬੰਦ ਕੀਤਾ। ਅੰਮ੍ਰਿਤਸਰ ਉੱਤੇ ਵੀ ਇੱਕ ਦਮ ਫੌਜਾਂ ਦਾ ਹੱਲਾ ਹੋਣ ਕਾਰਨ ਸਿੱਖ ਟਿਕਾਣਿਆਂ ਵੱਲ ਨਾ ਜਾ ਸਕੇ। ਉਨ੍ਹਾਂ ਕਾਹਨੂੰਵਾਨ ਦੇ ਛੰਭਾਂ ਵੱਲ ਜਾਣ ਦੀ ਵਿਉਂਤ ਬਣਾਈ। ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਕਿ ਸਿੱਖ ਕਾਹਨੂੰਵਾਨ ਦੇ ਛੰਭ ਵੱਲ ਜਾ ਰਹੇ ਹਨ ਤਾਂ ਫੌਜਾਂ ਨੇ ਰਾਹ ਵਿੱਚ ਰੋਕਾਂ ਲਾ ਕੇ ਸਿੱਖਾਂ ਦੀ ਵਹੀਰ ਦਾ ਮੂੰਹ ਰਾਵੀ ਵੱਲ ਕਰ ਦਿੱਤਾ। ਲਖਪਤ ਰਾਏ ਨੇ ਮੁਗਲ ਸੈਨਾ ਦੀ ਸਹਾਇਤਾ ਨਾਲ ਮਈ 1746 ਵਿੱਚ ਛੰਭ ਨੂੰ ਚਾਰੇ ਪਾਸਿਓਂ ਘੇਰ ਲਿਆ, ਜੰਗਲ ਕਟਵਾ ਕੇ ਚਾਰੇ ਪਾਸੇ ਅੱਗ ਲਾ ਦਿੱਤੀ ਤੇ ਤੋਪਾਂ ਸਿੰਘਾਂ ਵੱਲ ਬੀੜ ਦਿੱਤੀਆਂ। ਸਿੰਘਾਂ ਦੇ ਸੱਜੇ ਪਾਸੇ ਰਾਵੀ, ਅੱਗੇ ਪਿੱਛੇ ਫੌਜ ਤੇ ਸਾਹਮਣੇ ਪਹਾੜੀ ਉਤੋਂ ਪੱਥਰ ਤੇ ਗੋਲੀਆਂ ਵਰ੍ਹਨ ਲੱਗੀਆਂ। ਇਸ ਵੇਲੇ ਸਿੰਘਾਂ ਕੋਲ ਨਾ ਰਸਦ ਸੀ, ਨਾ ਪਾਣੀ, ਨਾ ਤੋਪਾਂ ਤੇ ਨਾ ਬਰੂਦ ਸੀ। ਸ਼ਸਤਰ ਵੀ ਖੁੰਢੇ ਹੋ ਗਏ। ਕਮਾਨਾਂ ਕਮਜ਼ੋਰ ਹੋ ਗਈਆਂ ਉੱਤੇ ਤੀਰ ਮੁੱਕ ਗਏ। ਆਪਣੇ ਆਪ ਨੂੰ ਚਾਰੇ ਪਾਸਿਓਂ ਘਿਰਿਆ ਦੇਖ ਕੇ ਉਨ੍ਹਾਂ ਇਹ ਸੋਚ ਬਣਾਈ ਕਿ ਇੱਕ ਜਥਾ ਪਹਾੜੀ ਚੜ੍ਹੇ, ਦੂਜਾ ਰਾਵੀ ਪਾਰ ਕਰੇ ਤੇ ਤੀਜਾ ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਅਗਵਾਈ ਹੇਠ ਲਖਪਤ ਰਾਏ ਦਾ ਟਾਕਰਾ ਕਰੇ। ਇਸੇ ਤਰ੍ਹਾਂ ਕੁਝ ਸਿੱਖ ਪਹਾੜੀਆਂ ਉੱਤੇ ਚੜ੍ਹ ਗਏ ਅਤੇ ਕੁਝ ਸਿੱਖ ਬਿਆਸ ਦਰਿਆ ਦੇ ਕੰਢੇ ਕੰਢੇ ਇਸ ਛੰਭ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਏ ਅਤੇ ਜੋ ਬਾਕੀ ਰਹਿ ਗਏ, ਉਨ੍ਹਾਂ ਫੈਸਲਾ ਕੀਤਾ ਕਿ ਗੋਲਕਾਰ ਕਿਲ੍ਹੇ ਦੀ ਸ਼ਕਲ ਬਣਾ ਕੇ ਲਖਪਤ ਰਾਏ ਦੀਆਂ ਫੌਜਾਂ ਉੱਤੇ ਹੱਲਾ ਬੋਲ ਦਿੱਤਾ ਜਾਏ। ਪਹਿਲੀ ਜੂਨ 1746 ਨੂੰ ਛੋਟੇ ਘੱਲੂਘਾਰੇ ਦਾ ਆਰੰਭ ਸੀ ਅਤੇ ਦੁੱਖ-ਭੁੱਖ ਦੀਆਂ ਮਾਰਾਂ ਸ਼ੁਰੂ ਹੋਈਆਂ। ਰੇਤਲੇ ਮੈਦਾਨ ਜੇਠ-ਹਾੜ੍ਹ ਦੀਆਂ ਧੁੱਪਾਂ ਵਿੱਚ ਪਾਰ ਕਰ ਕੇ ਬਿਆਸ ਤੱਕ ਪੁੱਜਣਾ ਔਖਾ ਕੰਮ ਸੀ। ਭਾਈ ਰਤਨ ਸਿੰਘ ਭੰਗੂ ਲਿਖਦੇ ਹਨ :
ਅੱਧੀ ਮੌਤ ਮੁਸਾਫਰੀ ਸਾਰੀ ਮੌਤ ਸੁ ਭੁੱਖ।
ਊਹਾਂ ਆਇ ਦੋਊ ਮਿਲੀ ਯਹ ਭਯੋ ਖਾਲਸੇ ਦੁੱਖ।
ਕਾਹਨੂੰਵਾਨ ਦੀ ਦਲਦਲ ਤੇ ਅੱਗ ਵਿੱਚ ਘਿਰ ਜਾਣ ਕਾਰਨ ਸੱਤ ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋ ਗਏ ਤੇ ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਲਿਜਾਇਆ ਗਿਆ। ਲਖਪਤ ਰਾਏ ਕਈ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲਾਹੌਰ ਲੈ ਗਿਆ ਤੇ ਉਥੇ ਇਨ੍ਹਾਂ ਦੇ ਸਿਰਾਂ ਦਾ ਮੀਨਾਰ ਉਸਾਰਿਆ। ਲਾਹੌਰ ਵਿੱਚ ਸਿੰਘਾਂ ਨੂੰ ਨਖਾਸ (ਘੋੜਿਆਂ ਦੇ ਵਪਾਰ ਦੀ ਜਗ੍ਹਾ) ਵਾਲੇ ਥਾਂ ਸ਼ਹੀਦ ਕੀਤਾ ਗਿਆ। ਇਸ ਘੱਲੂਘਾਰੇ ਵਿੱਚ 10 ਹਜ਼ਾਰ ਤੋਂ ਵੱਧ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ। ਕਾਹਨੂੰਵਾਨ ਦੇ ਛੰਭ ਉੱਤੇ ਇੰਨੀ ਵੱਡੀ ਗਿਣਤੀ ਵਿੱਚ ਸਿੱਖਾਂ ਦੀ ਸ਼ਹਾਦਤ ਲਈ ਸਿੱਖ ਇਤਿਹਾਸ ਵਿੱਚ ਇਸ ਨੂੰ ਵਿੱਚੋਟਾ ਘੱਲੂਘਾਰਾ’ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਇਸੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦਾਸਪੁਰ ਵਿੱਚ ਛੰਭ ਕਾਹਨੂੰਵਾਨ ਵਿੱਚ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰੇ ਨੇੜੇ ਚੱਕ ਅਬਦੁਲ ਬਾਰੀ ਕਾਹਨੂੰਵਾਨ ਵਿੱਚ ਛੋਟਾ ਘੱਲੂਘਾਰਾ ਮੈਮੋਰੀਅਲ ਬਣਾਇਆ ਗਿਆ ਹੈ।

 
Have something to say? Post your comment