Welcome to Canadian Punjabi Post
Follow us on

25

September 2021
 
ਨਜਰਰੀਆ

ਮੂੰਗ ਦੀ ਦਾਲ

July 21, 2021 03:09 AM

-ਰਾਜਿੰਦਰ ਤਿਆਗੀ
ਬੌਸ ਦਾ ਝਾੜ ਅਤੇ ਰਾਹ ਦੀ ਧੂੜ, ਦੋਵੇਂ ਝਾੜਨ ਦੇ ਬਾਅਦ ਮੁੰਨਾ ਲਾਲ ਖਾਣਾ ਖਾਣ ਬੈਠ ਗਿਆ। ਰੋਟੀ ਦੀ ਬੁਰਕੀ ਤੋੜੀ ਅਤੇ ਦਾਲ ਦੀ ਕੌਲੀ ਵਿੱਚ ਬੁਰਕੀ ਇੰਝ ਡੁੱਬ ਗਈ, ਜਿਵੇਂ ਬਿਨਾਂ ਨਦੀ ਵਿੱਚ ਬਿਨਾਂ ਮਲਾਹ ਦੇ ਕਿਸ਼ਤੀ। ਉਸ ਦਾ ਜ਼ਾਇਕਾ ਬੇ-ਜ਼ਾਇਕਾ ਹੋ ਗਿਆ ਤਾਂ ਪਤਨੀ ਤੋਂ ਪੁੱਛਿਆ, ‘‘ਭਾਗਵਾਨੇ! ਅੱਜ ਇਹ ਕੀ ਬਣਾ ਕੇ ਲਿਆਈ ਏਂ?”
ਪਤਨੀ ਨੇ ਰਸੋਈ ਵਿੱਚੋਂ ਜਵਾਬ ਦਿੱਤਾ, ‘‘ਦਾਲ।”
ਪਤਨੀ ਦਾ ਜਵਾਬ ਸੁਣ ਕੇ ਮੁੰਨਾ ਲਾਲ ਆਸਣ ਉੱਤੇ ਖੜ੍ਹਾ ਹੋ ਕੇ ਇਕਦਮ ਕੱਪੜੇ ਉਤਾਰਨ ਲੱਗਾ। ਦੂਸਰੀ ਰੋਟੀ ਲੈ ਕੇ ਪਤਨੀ ਰਸੋਈ ਵਿੱਚੋਂ ਬਾਹਰ ਆਈ ਅਤੇ ਪਤੀ ਦੀ ਹਰਕਤ ਦੇਖ ਕੇ ਹੈਰਾਨ ਰਹਿ ਗਈ। ਹੈਰਾਨੀ ਹੁੰਦੇ ਹੋਏ ਉਸ ਨੇ ਕਿਹਾ, ‘‘ਕਿਉਂ ਜੀ! ਖਾਣਾ ਖਾਂਦੇ-ਖਾਂਦੇ ਇਹ ਕੀ?”
ਮੁੰਨਾ ਲਾਲ ਨੇ ਜਵਾਬ ਦਿੱਤਾ, ‘‘ਕੁਝ ਨਹੀਂ! ਬੱਸ ਕੱਪੜੇ ਉਤਾਰ ਕੇ ਕੌਲੀ ਵਿੱਚ ਡੁਬਕੀ ਲਾਉਣ ਦੀ ਸੋਚ ਰਿਹਾ ਹਾਂ, ਤੁਹਾਡੀ ਬਣਾਈ ਦਾਲ ਵਿੱਚ ਦਾਲ ਦੇ ਦਾਣੇ ਲੱਭਣ ਦੇ ਲਈ।”
ਪਤਨੀ ਪਹਿਲਾਂ ਖਿੜਾਖਿੜਾ ਕੇ ਹੱਸੀ ਅਤੇ ਫਿਰ ਖਿੱਝ ਕੇ ਬੋਲੀ, ‘‘ਦਸ ਹਜ਼ਾਰ ਤਨਖਾਹ ਵਿੱਚ ਦਾਲ ਮੱਖਣੀ ਦੇ ਸੁਫਨੇ ਦੇਖਦੇ ਹੋ ਜੀ।”
ਮਾਸੂਮੀਅਤ ਨਾਲ ਮੁੰਨਾ ਲਾਲ ਬੋਲਿਆ, ‘‘ਮੱਖਣੀ ਦਾਲ ਮੈਂ ਕਦੋਂ ਮੰਗੀ? ਮੂੰਗੀ-ਮਸਰ ਜਿਸ ਦੀ ਵੀ ਦਾਲ ਸੀ, ਦਾਲ ਦੇ ਦੋ-ਚਾਰ ਦਾਣੇ ਤਾਂ ਗਰਮ ਪਾਣੀ ਵਿੱਚ ਪਾਉਣ ਦੀ ਮਿਹਰਬਾਨੀ ਕਰ ਦਿੰਦੀ।”
ਮਹਿੰਗਾਈ ਵਾਂਗ ਪਤਨੀ ਨੇ ਨੱਕ-ਮੂੰਹ ਵੱਟਿਆ ਅਤੇ ਫਿਰ ਵਿਅੰਗ ਕੀਤਾ, ‘‘ਇਹ ਮੂੰਹ ਅਤੇ ਮਸਰਾਂ ਦੀ ਦਾਲ। ਮਹਿੰਗਾਈ ਦੇ ਸ਼ੀਸ਼ੇ ਵਿੱਚ ਥੋਬੜਾ ਦੇਖੇ ਕਿੰਨੇ ਦਿਨ ਹੋ ਗਏ ਹਨ? ਕਦੇ-ਕਦੇ ਘਰ ਦੇ ਪਿਛਵਾੜੇ ਜਾ ਕੇ ਦੁਕਾਨਦਾਰ ਦਾ ਸ਼ੀਸ਼ਾ ਵੀ ਝਾਕ ਆਇਆ ਕਰੋ। ਪਤਾ ਹੈ, ਮੂੰਗ ਦੀ ਦਾਲ ਵੀ ਮੰਗਲ ਗ੍ਰਹਿ ਦੀ ਸੈਰ ਉੱਤੇ ਨਿਕਲੀ ਹੈ। ਦਾਲ ਦੇ ਦੋ-ਚਾਰ ਦਾਣੇ ਡੱਬੇ ਵਿੱਚ ਬਚੇ ਹਨ, ਉਨ੍ਹਾਂ ਨੂੰ ਬਿਮਾਰੀ-ਸ਼ਮਾਰੀ ਵਿੱਚ ਖਿਚੜੀ ਬਣਾਉਣ ਲਈ ਬਚਾ ਕੇ ਰੱਖਿਆ ਹੈ।”
ਮਹਿੰਗਾਈ ਪੁਰਾਣ ਦੀ ਕਥਾ ਸੁਣ ਕੇ ਮੁੰਨਾ ਲਾਲ ਦਾ ਚਿਹਰਾ ਝੜੀ ਹੋਈ ਬੇਰੀ ਵਾਂਗ ਸੁੰਗੜ ਗਿਆ। ਸਰੀਰ ਦੇ ਕੱਪੜਿਆਂ ਉੱਤੇ ਪਕੜ ਢਿੱਲੀ ਹੋ ਗਈ। ਉਹ ਅਣਮੰਨੇ ਮਨ ਨਾਲ ਪਾਣੀ ਵਾਲੀ ਦਾਲ ਵਿੱਚ ਭਿੱਜੀ ਹੋਈ ਬੁਰਕੀ ਨਿਗਲਣ ਬੈਠ ਗਿਆ। ਉਸ ਨੇ ਫਟਾਫਟ ਭੋਜਨ ਕੀਤਾ ਤੇ ਮੰਜੇ ਉੱਤੇ ਪੈ ਗਿਆ। ਅੱਖ ਲੱਗੀ ਹੀ ਸੀ ਕਿ ਸੁਫਨੇ ਵਿੱਚ ਇੱਕ ਸੁੰਦਰੀ ਆਈ। ਮਿੰਨਾ-ਮਿੰਨਾ ਮੁਸਕਰਾਉਂਦੇ ਹੋਏ ਮੁੰਨਾ ਲਾਲ ਨੇ ਚਿਹਰੇ ਉੱਤੇ ਹੱਥ ਫੇਰਿਆ ਅਤੇ ਸੁੰਦਰੀ ਦੀ ਤੁਲਨਾ ਮਸਰਾਂ ਦੀ ਦਾਲ ਦੀ ਸੁੰਦਰਤਾ ਨਾਲ ਕਰ ਕੇ ਪੁੱਛਿਆ, ‘‘ਐ ਸੁੰਦਰੀ! ਤੂੰ ਕੌਣ ਏਂ? ਕਿਹੜੀ ਦਾਲ ਦੀ ਅਗਵਾਈ ਕਰਦੀ ਏਂ?”
ਸੁੰਦਰੀ ਮੁਸਕਰਾ ਕੇ ਬੋਲੀ, ‘‘ਪਿਆਰੇ ਮੁੰਨਾ ਲਾਲ, ਠੀਕ ਪਛਾਣਿਆ! ਮੈਂ ਦਾਲ ਹੀ ਹਾਂ, ਪਰ ਮੂੰਗ ਦੀ।”
ਮੁੰਨਾ ਲਾਲ ਵਿੱਚ ਬੋਲਿਆ, ‘‘ਪਰ, ਸੁੰਦਰੀ! ਤੈਨੂੰ ਪਤਨੀ ਨੇ ਬਿਮਾਰੀ-ਸ਼ਮਾਰੀ ਵਿੱਚ ਖਿਚੜੀ ਦੇ ਲਈ ਡੱਬੇ ਵਿੱਚ ਬੰਦ ਕਰ ਕੇ ਰੱਖਿਆ ਹੈ।”
‘‘ਚਿੰਤਾ ਨਾ ਕਰੋ, ਪਿਆਰੇ! ਮੈਂ ਇਥੇ ਭੋਗ ਲਈ ਹਾਜ਼ਰ ਨਹੀਂ ਹੋਈ ਹਾਂ। ਜਦ ਤੂੰ ਬਿਮਾਰ ਪਏਂਗਾ ਤਾਂ ਖਿਚੜੀ ਵਿੱਚ ਦਰਸ਼ਨ ਦਿਆਂਗੀ। ਅਜੇ ਤਾਂ ਤੇਰੀ ਚਿੰਤਾ, ਤੇਰੀ ਸ਼ੰਕਾ ਦਾ ਨਿਪਟਾਰਾ ਕਰਨ ਲਈ ਹਾਜ਼ਰ ਹੋਈ ਹਾਂ, ਪਿਆਰੇ।”
‘‘ਕਹਿ, ਜਲਦੀ ਕਹਿ, ਜੋ ਵੀ ਕਹਿਣੈ ! ਦੇਸ਼ ਦੇ ਕਰਣਧਾਰਾਂ ਨੂੰ ਪਤਾ ਲੱਗ ਗਿਆ ਕਿ ਤੂੰ ਮੁੰਨਾ ਲਾਲ ਦੇ ਸੁਫਨੇ ਵਿੱਚ ਜਾਂਦੀ ਏਂ ਤਾਂ ਉਸ ਉੱਤੇ ਵੀ ਪਾਬੰਦੀ ਲਾ ਦੇਣਗੇ।”
‘‘ਚਿੰਤਾ ਨਾ ਕਰ ਪਿਆਰੇ! ਦਿਨ ਦੇ ਸੁਫਨਿਆਂ ਉੱਤੇ ਪਾਬੰਦੀ ਲੱਗ ਸਕਦੀ ਹੈ, ਰਾਤ ਦੇ ਸੁਫਨੇ ਦੇਖਣ ਤੋਂ ਤੈਨੂੰ ਕੋਈ ਨਹੀਂ ਰੋਕ ਸਕੇਗਾ। ਸਰਕਾਰ ਨੇ ਤੈਨੂੰ ਗਰੀਬੀ ਰੇਖਾ ਤੋਂ ਉਪਰ ਖਿੱਚਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਤੂੰ ਫੈਵੀਕੋਲ ਦੇ ਜੋੜ ਵਾਂਗ ਉਥੇ ਹੀ ਚਿਪਕਿਆ ਰਿਹਾ। ਜਦ ਅਹਿਸਾਸ ਹੋਇਆ ਕਿ ਲਛਮਣ ਰੇਖਾ ਪਾਰ ਨਾ ਕਰਨ ਲਈ ਤੂੰ ਪ੍ਰਤਿੱਗਿਆ ਬੱਧ ਏਂ ਤਾਂ ਸਰਕਾਰ ਨੇ ਲਛਮਣ ਰੇਖਾ ਦਾ ਦਾਇਰਾ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਫਸੋਸ ਤੂੰ ਫਿਰ ਵੀ ਸੀਮਾ ਰੇਖਾ ਤੋਂ ਬਾਹਰ ਨਹੀਂ ਆਇਆ।”
ਸੁੰਦਰੀ ਨੇ ਅੱਗੇ ਕਿਹਾ, ‘‘ਦੱਸ, ਪਿਆਰੇ ਤੂੰ ਹੀ ਦੱਸ! ਮੈਂ ਜਾਂ ਪਿਆਜ਼, ਆਲੂ ਜਾਂ ਟਮਾਟਰ, ਕਦੋਂ ਤੱਕ ਤੇਰੇ ਨਾਲ ਚਿਪਕੇ ਰਹਿੰਦੇ। ਆਪੋ-ਆਪਣੀ ਕਿਸਮਤ। ਤੂੰ ਗਰੀਬੀ ਦੀ ਲਛਮਣ ਰੇਖਾ ਲੰਘ ਨਾ ਸਕਿਆ, ਇੰਤਜ਼ਾਰ ਦੇ ਬਾਅਦ ਅਸੀਂ ਰੇਖਾ ਲੰਘ ਕੇ ਉਪਰਲਿਆਂ ਦੀ ਜਮਾਤ ਵਿੱਚ ਸ਼ਾਮਲ ਹੋ ਗਏ। ਆਖਰ ਸਾਡੇ ਵੀ ਆਪਣੇ ਅਰਮਾਨ ਹਨ, ਸੁਫਨੇ ਹਨ।”
ਇੰਨਾ ਕਹਿ ਕੇ ਮੂੰਗ ਦੀ ਦਾਲ ਮੁੰਨਾ ਲਾਲ ਦੇ ਸੁਫਨੇ ਵਿੱਚੋਂ ਵੀ ਗਾਇਬ ਹੋ ਗਈ। ਉਸ ਨੇ ਪਾਸਾ ਲਿਆ ਤੇ ਡੂੰਘੀ ਨੀਂਦ ਲੈਣ ਦੀ ਮਹਿੰਗੀ ਕੋਸ਼ਿਸ਼ ਕੀਤੀ। ਤਦ ਦੂਸਰਾ ਸੁਫਨਾ ਉਸ ਨੂੰ ਘੇਰ ਬੈਠਾ, ਰੋਟੀ ਦਾ ਇੱਕ ਟੁਕੜਾ ਉਸ ਦੇ ਹੱਥ ਵਿੱਚ ਸੀ, ਜਿਸ ਨੂੰ ਉਹ ਡੱਬੇ ਵਿੱਚ ਲੁਕਾਉਣ ਜਾ ਰਿਹਾ ਸੀ, ਤਦ ਇੱਕ ਜਾਨਵਰ ਉਸ ਵੱਲ ਝਪਟਿਆ ਅਤੇ ਉਸ ਦੇ ਹੱਥ ਵਿੱਚੋਂ ਟੁਕੜਾ ਖੋਹ ਕੇ ਭੱਜ ਗਿਆ।
ਭੈਅਭੀਤ ਮੁੰਨਾ ਲਾਲ ਦੇ ਮੂੰਹ ਵਿੱਚੋਂ ਚੀਕ ਨਿਕਲੀ ਤਾਂ ਸੁਣ ਕੇ ਉਸ ਦੀ ਪਤਨੀ ਜਾਗ ਗਈ। ਸੁਫਨੇ ਦੀ ਗੱਲ ਉਸ ਨੇ ਪਤਨੀ ਨੂੰ ਦੱਸੀ। ਪਤਨੀ ਨੇ ਉਸ ਨੂੰ ਹੌਸਲਾ ਦਿੱਤਾ, ‘‘ਡਰੋ ਨਾ, ਸੌਂ ਜਾਓ। ਜਾਨਵਰ ਨਹੀਂ ਸੀ, ਮਹਿੰਗਾਈ ਸੀ।”

 
Have something to say? Post your comment