Welcome to Canadian Punjabi Post
Follow us on

25

September 2021
 
ਨਜਰਰੀਆ

ਤੰਦੂਰ ਵਾਂਗ ਤਪਦਾ ਹਾੜ੍ਹ

July 14, 2021 10:58 PM

-ਹਰਕੰਵਲ ਸਿੰਘ ਕੰਗ
ਗਰਮੀ ਦੀ ਰੁੱਤ ਦਾ ਬਾਦਸ਼ਾਹ ਮਹੀਨਾ ਹਾੜ੍ਹ ਜਦੋਂ ਆਉਂਦਾ ਹੈ ਤਾਂ ਲੋਕ ਤਰਾਹ ਤਰਾਹ ਕਰਨ ਲੱਗਦੇ ਹਨ। ਦੇਸੀ ਸਾਲ ਦਾ ਇਹ ਚੌਥਾ ਮਹੀਨਾ 15 ਜੂਨ ਤੋਂ 15 ਜੁਲਾਈ ਤੱਕ ਹੁੰਦਾ ਹੈ। ਇਸ ਵੇਲੇ ਗਰਮੀ ਦੀ ਰੁੱਤ ਸਿਖਰਾਂ ਛੂੰਹਦੀ ਹੈ। ਪੌਦੇ ਗਰਮੀ ਨਾਲ ਮੁਰਝਾਉਣ ਲੱਗਦੇ ਹਨ। ਪਛੂ-ਪੰਛੀ ਪਾਣੀ ਬਿਨਾਂ ਤਿਹਾਏ ਮਰਨ ਲੱਗਦੇ ਤੇ ਟੋਭੇ, ਖੂਹ, ਝਰਨੇ ਸੁੱਕਣ ਲੱਗਦੇ ਹਨ। ਗੱਲ ਕੀ, ਪਾਣੀ ਦੇ ਸਾਰੇ ਛੋਟੇ ਸਰੋਤ ਇਸ ਮਹੀਨੇ ਸੁੱਕ ਜਾਂਦੇ ਹਨ।
* ਚੜ੍ਹਿਆ ਮਹੀਨਾ ਹਾੜ੍ਹ, ਤਪਣ ਪਹਾੜ,
ਕਿ ਬਲਣ ਅੰਗੀਠੀਆਂ।
* ਜੇਠ ਮਹੀਨਾ ਲੂਆਂ ਦਾ,
ਪਾਣੀ ਸੁੱਕਦਾ ਖੂਹਾਂ ਦਾ,
* ਹਾੜ੍ਹ ਮਹੀਨਾ ਤਪਦਾ ਹੈ
ਸਾਨੂੰ ਘਰਾਂ ਅੰਦਰ ਰੱਖਦਾ ਹੈ।
ਜਦੋਂ ਸੂਰਜ ਦੀ ਤਪਸ਼ ਨਾਲ ਧਰਤੀ ਤੰਦੂਰ ਦੀ ਤਰ੍ਹਾਂ ਤਪਦੀ ਹੈ ਤਾਂ ਪਹਾੜ ਵੀ ਅੰਗੀਠੀਆਂ ਦੀ ਤਰ੍ਹਾਂ ਤਪਦੇ ਹਨ। ਇਸ ਮੌਸਮ ਵਿੱਚ ਲੋਕ ਮਨਾਂ ਅੰਦਰ ਮੀਂਹ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਜਦੋਂ ਕਣੀਆਂ ਪੈਂਦੀਆਂ ਹਨ ਤਾਂ ਜੰਗਲਾਂ ਵਿੱਚ ਬੀਂਡਾ ਅਤੇ ਬਾਗਾਂ ਦੀ ਕੋਇਲ ਕੂਕਦੀ ਹੈ। ਖੇਤਾਂ ਵਿੱਚ ਮੋਰ ਪੈਲਾਂ ਪਾਉਣ ਲੱਗਦੇ ਹਨ। ਆਧੁਨਿਕਤਾ ਦੇ ਇਸ ਦੌਰ ਵਿੱਚ ਜਿੱਥੇ ਗਰੀਬ ਲੋਕ ਇਸ ਰੁੱਤੇ ਅੰਬ, ਪਿੱਪਲ, ਬਰੋਟੇ, ਟਾਹਲੀਆਂ, ਜਾਮਣਾਂ ਅਤੇ ਤੂਤਾਂ ਦੀਆਂ ਛਾਵਾਂ ਵਿੱਚ ਦਿਨ ਕੱਟ ਲੈਂਦੇ ਸਨ, ਉਥੇ ਮੱਧ ਵਰਗ ਦੇ ਲੋਕ ਘਰਾਂ ਵਿੱਚ ਕੂਲਰ ਅਤੇ ਏ ਸੀ ਚਲਾ ਲੈਂਦੇ ਹਨ। ਕੁਝ ਸਰਦੇ-ਪੁਜਦੇ ਲੋਕ ਬਰਫਾਂ ਨਾਲ ਲੱਦੇ ਪਹਾੜਾਂ ਨੂੰ ਵਹੀਰਾਂ ਘੱਤਦੇ ਹਨ। ਲੋਕ ਚਸ਼ਮਿਆਂ ਵਿੱਚ ਨਹਾਉਂਦੇ ਤੇ ਕੁਝ ਚਿਰ ਗਰਮੀ ਦੀ ਰੁੱਤ ਨੂੰ ਭੁੱਲ ਜਾਂਦੇ ਹਨ, ਪਰ ਲੋਕਾਂ ਦੀ ਬੇਮੁਹਾਰੀ ਭੀੜ ਨਾਲ ਹਸੀਨ ਵਾਦੀਆਂ ਦਾ ਸੁਹੱਪਣ ਫਿੱਕਾ ਪੈ ਰਿਹਾ ਹੈ। ਮਨੁੱਖ ਭਾਵੇਂ ਠੰਢੀਆਂ ਥਾਵਾਂ ਉੱਤੇ ਜਾ ਕੇ ਵਕਤੀ ਤੌਰ ਉੱਤੇ ਬਾਹਰੀ ਗਰਮੀ ਤੋਂ ਨਿਜਾਤ ਪਾ ਲੈਂਦਾ ਹੈ, ਪਰ ਜਿਸ ਸੀਨਿਆਂ ਦੀ ਅੱਗ ਵਿੱਚ ਮਨੁੱਖ ਸੜ ਰਿਹਾ ਹੈ, ਉਸ ਤੋਂ ਬਚਣਾ ਮੁਸ਼ਕਲ ਹੈ। ਹਿਰਦੇ ਨੂੰ ਸ਼ਾਂਤ ਰੱਖਣ ਦੀ ਯੁਗਤ ਬਾਰੇ ਸ਼ਾਂਤੀ ਦੇ ਪੁੰਜ ਅਤੇ ਸਬਰ ਸੰਤੋਖ ਦੀ ਮੂਰਤ ਗੁਰੂ ਅਰਜਨ ਦੇਵ ਜੀ ਬਾਰਾਮਾਹ ਰਾਗ ਮਾਝ ਵਿੱਚ ਹਾੜ੍ਹ ਮਹੀਨੇ ਬਾਰੇ ਇਸ ਤਰ੍ਹਾਂ ਫੁਰਮਾਉਂਦੇ ਹਨ :
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥
ਵਰਨਣ ਯੋਗ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਇਸ ਮਹੀਨੇ ਹੀ ਹੋਈ ਸੀ।
ਬਾਰਾਹ ਮਾਹ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਆਖਦੇ ਹਨ :
ਆਸਾੜੁ ਭਲਾ ਸੂਰਜੁ ਗਗਨਿ ਤਪੈ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਜਿਸ ਨੋ ਇਹੁ ਮਨੁ ਦੀਆਂ ਮਰਣੁ ਜੀਵਣੁ ਪ੍ਰਭ ਨਾਲੇ॥
ਹਾੜ੍ਹ ਬਾਰੇ ਭਾਈ ਵੀਰ ਸਿੰਘ ‘ਕੰਤ ਮਹੇਲੀ’ ਬਾਰਾ ਮਾਹ ਵਿੱਚ ਹਾੜ੍ਹ ਮਹੀਨੇ ਬਾਰੇ ਆਖਦੇ ਹਨ :
ਚੜ੍ਹਿਆ ਹਾੜ੍ਹੋਂ ਮਹੀਨਾ
ਬਾਰਾਂ ਭੱਠ ਤਪੇਂਦੇ,
ਲੌਂਦੇ ਕਾਵਾਂ ਤੇ ਚਿੜੀਆਂ,
ਮੈਂ ਵਧ ਸਹਿਕਦੀ ਪਈਆਂ।
ਹਾੜ੍ਹ ਮਹੀਨੇ ਆਕਾਸ਼ ਵਿੱਚ ਤਪਦਾ ਸੂਰਜ ਧਰਤੀ ਦੀ ਸਿੱਲ੍ਹ ਸੁਕਾ ਦਿੰਦਾ ਹੈ ਅਤੇ ਧਰਤੀ ਤਪਸ਼ ਨਾਲ ਬੇਹਾਲ ਹੋ ਜਾਂਦੀ ਹੈ। ਧਰਤੀ ਦੇ ਸੀਨੇ ਵਿੱਚੋਂ ਨਮੀ ਆਦਿ ਸੁੱਕਣ ਲੱਗਦੀ ਹੈ। ਹਾੜ੍ਹ ਦੀ ਗਰਮੀ ਵਿੱਚ ਲੋਕ ਤੇ ਪਸ਼ੂ ਪਾਣੀ ਦੇ ਸਰੋਤਾਂ ਵਿੱਚ ਨਹਾ ਕੇ ਸਮਾਂ ਟਪਾਉਂਦੇ ਹਨ। ਸ਼ਾਇਦ ਪਾਣੀ ਦੀ ਇਸ ਬੇਸ਼ਕੀਮਤੀ ਅਹਿਮੀਅਤ ਕਾਰਨ ਲੋਕ ਮਨਾਂ ਵਿੱਚ ਇਸ ਨੂੰ ਜਲ ਦੇਵਤਾ ਕਿਹਾ ਜਾਂਦਾ ਹੈ। ਇਸ ਮਹੀਨੇ ਲੋਕ ਮੂੰਹ-ਸਿਰ ਢੱਕ ਕੇ ਨਿਕਲਦੇ ਹਨ। ਘੜਿਆਂ, ਸੁਰਾਹੀਆਂ, ਛਤਰੀਆਂ ਆਦਿ ਦੀ ਅਹਿਮੀਅਤ ਵਧ ਜਾਂਦੀ ਹੈ। ਘੜਾ ਗਰੀਬਾਂ ਲਈ ਤਾਂ ਫਰਿੱਜ ਕੰਮ ਕਰਦਾ ਹੀ ਹੈ, ਪਰ ਜਾਗਰੂਕਤਾ ਆਉਣ ਨਾਲ ਸਰਦੇ-ਪੁੱਜਦੇ ਲੋਕ ਵੀ ਫਰਿੱਜ ਦੇ ਪਾਣੀ ਮੁਕਾਬਲੇੇ ਘੜੇ ਦੇ ਪਾਣੀ ਨੂੰ ਪਹਿਲ ਦੇਣ ਲੱਗੇ ਹਨ। ਹਾੜ੍ਹ ਮਹੀਨੇ ਮੀਂਹ ਦੀ ਅਹਿਮੀਅਤ ਬਹੁਤ ਹੈ ਕਿਉਂਕਿ ਮਾਰੂ ਜ਼ਮੀਨਾਂ ਵਿੱਚ ਸਾਉਣੀ ਦੀਆਂ ਫਸਲਾਂ ਮੀਂਹ ਉੱਤੇ ਨਿਰਭਰ ਹਨ। ਇਸ ਮਹੀਨੇ ਝੋਨਾ ਲੱਗਣ ਲੱਗਦਾ ਹੈ। ਪਾਣੀ ਦੀ ਲੋੜ ਵਧ ਕੇ ਮੀਂਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਇਸੇ ਲਈ ਕਿਹਾ ਜਾਂਦਾ ਹੈ :
ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ।
ਜੇਠ ਤਾਏ ਤੇ ਹਾੜ੍ਹ ਵਸਾਏ,
ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ।
ਜੇ ਕਿਤੇ ਹਾੜ੍ਹ ਮਹੀਨਾ ਬਿਨਾਂ ਮੀਂਹ ਤੋਂ ਸੁੱਕਾ ਲੰਘ ਜਾਵੇ ਤਾਂ ਹਾਲਾਤ ਸੋਕਾ ਪੈਣ ਵਰਗੇ ਹੋ ਜਾਂਦੇ ਹਨ। ਖੇਤ ਰੋਹੀ ਬੀਆਬਾਨ ਵਿੱਚ ਬਦਲ ਜਾਂਦੇ ਨੇ, ਘਾਹ ਸੁੱਕ ਜਾਂਦਾ ਹੈ, ਚਾਰਾ ਮੁੱਕ ਜਾਂਦਾ ਤੇ ਪਸ਼ੂ ਭੁੱਖੇ ਮਰਨ ਲੱਗਦੇ ਹਨ, ਪਰ ਅਜੋਕੇ ਵਿਗਿਆਨਕ ਯੁੱਗ ਵਿੱਚ ਜਦੋਂ ਖੂਹਾਂ ਦੀ ਥਾਂ ਟਿਊਬਵੈੱਲ ਆ ਗਏ ਤਾਂ ਵਕਤੀ ਤੌਰ ਉੱਤੇ ਮਨੁੱਖ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ ਲੱਗ ਪਿਆ ਹੈ। ਪਾਣੀ ਦੀ ਦੁਰਵਰਤੋਂ ਤੇ ਕੁਦਰਤੀ ਸੋਮਿਆਂ ਦੀ ਸਹੀ ਸੰਭਾਲ ਨਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਗਿਆ ਤੇ ਪੰਜਾਬ ਦੀ ਸਥਿਤੀ ਬਹੁਤ ਮਾੜੀ ਹੈ। ਹਰਿਆਣਾ ਤੇ ਰਾਜਸਥਾਨ ਦਾ ਹਾਲ ਪੰਜਾਬ ਤੋਂ ਵੀ ਮਾੜਾ ਹੈ। ਸਾਨੂੰ ਕੁਦਰਤੀ ਸੋਮਿਆਂ ਨੂੰ ਸਾਂਭ ਕੇ ਕੁਦਰਤ ਦੇ ਹਾਣੀ ਹੋ ਕੇ ਜਿਊਣਾ ਸਿੱਖਣਾ ਚਾਹੀਦਾ ਹੈ। ਮਸ਼ੀਨੀ ਸੁੱਖ ਦੀ ਥਾਂ ਸਦੀਵੀ ਸੁੱਖ ਲੱਭਣਾ ਚਾਹੀਦਾ ਹੈ। ਇਸ ਰੁੱਤ ਵਿੱਚ ਦਾਨੀ ਸੱਜਣ ਪੁਰਾਤਨ ਸਮਿਆਂ ਵਿੱਚ ਪਿਆਓ ਲਾ ਦਿੰਦੇ ਸਨ ਤਾਂ ਜੋ ਰਾਹੀ ਆਪਣੀ ਪਿਆਸ ਬੁਝਾ ਸਕਣ। ਅੱਜ ਵੀ ਸ਼ਹਿਰਾਂ ਵਿੱਚ ਪਾਣੀ ਦੀਆਂ ਟੈਂਕੀਆਂ ਲਾ ਦਿੱਤੀਆਂ ਜਾਂਦੀਆਂ ਹਨ।
ਜੇ ਕਿਤੇ ਹਾੜ੍ਹ ਵਿੱਚ ਔੜ ਪੈ ਜਾਵੇ ਤਾਂ ਮੀਂਹ ਵਰਸਾਉਣ ਲਈ ਯੱਗ ਕਰਨ ਤੇ ਗੁੱਡੀਆਂ ਫੂਕਣ ਵਰਗੀਆਂ ਰਸਮਾਂ ਦਾ ਸਹਾਰਾ ਲਿਆ ਜਾਂਦਾ ਹੈ। ਇਹ ਰਿਵਾਜ ਸਭਿਆਚਾਰ ਦਾ ਅੰਗ ਹਨ, ਪਰ ਜੇ ਕੋਈ ਵਿਅਕਤੀ ਵਿਸ਼ੇਸ਼ ਕਰਾਮਾਤ ਨਾਲ ਮੀਂਹ ਪਵਾਉਣ ਦੀਆਂ ਬੇਥਵ੍ਹੀਆਂ ਮਾਰੇ ਤਾਂ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਸਮੇਂ ਨਾਲ ਇਹ ਸਿੱਧ ਹੋ ਚੁੱਕਾ ਹੈ ਕਿ ਮੀਂਹ ਪੈਣੇ ਵਿਗਿਆਨਕ ਵਰਤਾਰਾ ਹੈ, ਪਰ ਅੱਜਕੱਲ੍ਹ ਮੌਸਮ ਦੇ ਵਿਸ਼ਵ ਪੱਧਰ ਦੇ ਵਿਗਾੜ ਕਾਰਨ ਸਾਡੀਆਂ ਰੁੱਤਾਂ ਵਿੱਚ ਵੀ ਤਬਦੀਲੀ ਆ ਰਹੀ ਹੈ। ਇਸ ਵਾਰ ਵਿਸਾਖ ਤੇ ਜੇਠ ਮਹੀਨਿਆਂ ਵਿੱਚ ਆਸ ਅਨੁਸਾਰ ਗਰਮੀ ਨਹੀਂ ਪਈ, ਸਗੋਂ ਜੇਠ ਵਿੱਚ ਕਈ ਮੀਂਹ ਪੈ ਗਏ। ਹਾੜ੍ਹ ਵਿੱਚ ਮੌਨਸੂਨ ਪੱਛੜ ਗਈ ਅਤੇ ਗਰਮੀ ਵਧਣ ਕਾਰਨ ਬਿਜਲੀ ਦੇ ਲੰਮੇ ਕੱਟਾਂ ਨੇ ਜੀਵਨ ਨਰਕ ਬਣਾ ਦਿੱਤਾ। ਇਸ ਦਾ ਦੋਸ਼ ਕਿਸੇ ਹੋਰ ਸਿਰ ਮੜ੍ਹਨ ਦੀ ਥਾਂ ਇਨ੍ਹਾਂ ਵਰਤਾਰਿਆਂ ਲਈ ਮਨੁੱਖ ਦਾ ਸਿਰਜਿਆ ਵਿਕਾਸ ਦਾ ਵਿਨਾਸ਼ਕਾਰੀ ਮਾਡਲ ਹੀ ਹੈ। ਏ ਸੀ ਕਮਰੇ ਨੂੰ ਠੰਢਾ ਰੱਖਦਾ, ਪਰ ਬਾਹਰ ਕਈ ਡਿਗਰੀ ਸੇਕ ਵਧਾ ਦਿੰਦਾ ਹੈ। ਵਿਕਾਸ ਮਨੁੱਖਤਾ ਪੱਖੀ ਤੇ ਕੁਦਰਤ ਪੱਖੀ ਹੋਣਾ ਚਾਹੀਦਾ ਹੈ, ਮੁਨਾਫਾਖੋਰੀ ਦਾ ਨਹੀਂ। ਗਰਮੀ ਤੋਂ ਬਚਾਅ ਲਈ ਰੁੱਖਾਂ ਨਾਲ ਪਿਆਰ ਪਾਉਣਾ ਚਾਹੀਦਾ ਤੇ ਕੁਦਰਤੀ ਜਲ ਸਰੋਤਾਂ ਖੂਹ-ਟੋਭਿਆਂ ਦੀ ਸੰਭਾਲ ਲਈ ਹੰਭਲੇ ਮਾਰਨੇ ਚਾਹੀਦੇ ਹਨ।

 
Have something to say? Post your comment