Welcome to Canadian Punjabi Post
Follow us on

25

September 2021
 
ਨਜਰਰੀਆ

ਕੰਮ-ਕਾਜੀ ਔਰਤਾਂ ਦੀ ਛੁੱਟੀ?

July 12, 2021 03:10 AM

-ਪੂਨਮ ਬਿਲਿੰਗ
ਪੁਰਾਣੇ ਸਮਿਆਂ ਵਿੱਚ ਮਰਦ ਬਾਹਰ ਦਾ ਕੰਮ ਤੇ ਔਰਤਾਂ ਚੁੱਲ੍ਹਾ ਚੌਕਾ ਸਾਂਭਦੀਆਂ ਸਨ, ਪਰ ਅਜੋਕੇ ਸਮੇਂ ਦੀ ਲੋੜ ਨੇ ਔਰਤਾਂ ਦੇ ਮੌਢਿਆਂ ਉੱਤੇ ਬਾਹਰ ਦੀ ਜ਼ਿੰਮੇਵਾਰੀ ਵੀ ਪਾ ਦਿੱਤੀ ਹੈ। ਅੱਜਕੱਲ੍ਹ ਲੱਗਭਗ ਹਰ ਲੜਕੀ ਜਾਂ ਔਰਤ ਪੜ੍ਹ ਲਿਖ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣਾ ਲੋਚਦੀ ਹੈ। ਉਹ ਆਰਥਿਕ ਆਜ਼ਾਦੀ ਚਾਹੁੰਦੀ ਹੈ। ਦਿਨੋਂ ਦਿਨ ਵੱਧਦੀ ਜਾ ਰਹੀ ਮਹਿੰਗਾਈ, ਸਾਡੇ ਜੀਵਨ ਉੱਤੇ ਭਾਰੂ ਪੈ ਰਿਹਾ ਬਾਜ਼ਾਰ, ਸਾਡੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਅਤੇ ਪਰਵਾਰ ਦੀ ਆਰਥਿਕ ਖ਼ੁਸ਼ਹਾਲੀ ਲਈ ਔਰਤਾਂ ਵੀ ਮਰਦਾਂ ਬਰਾਬਰ ਕੰਮ ਕਰਦੀਆਂ ਹਨ। ਔਰਤ ਦਾ ਕੰਮ ਕਰਨਾ ਜਿੱਥੇ ਪਰਵਾਰ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਕਰਦਾ ਹੈ, ਉਥੇ ਔਰਤ ਵਿੱਚ ਸਵੈ ਮਾਣ ਵੀ ਪੈਦਾ ਕਰਦਾ ਹੈ।
ਨੌਕਰੀ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਹਫ਼ਤੇ ਵਿੱਚ ਇੱਕ ਦਿਨ ਦੀ ਬਰੇਕ ਭਾਵ ਛੁੱਟੀ ਦਾ ਹੱਕ ਹਰੇਕ ਨੂੰ ਮਿਲਿਆ ਹੈ। ਸਵਾਲ ਇਹ ਹੈ ਕਿ ਕੀ ਔਰਤ ਨੂੰ ਸੱਚਮੁੱਚ ਬਰੇਕ ਮਿਲਦੀ ਹੈ? ਔਰਤ ਨੌਕਰੀ ਦੇ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੀ ਹੈ। ਸਾਰੀਆਂ ਪਰਵਾਰਕ ਜ਼ਿੰਮੇਵਾਰੀਆਂ ਨਿਭਾ ਕੇ ਹੀ ਉਹ ਡਿਊਟੀ ਉੱਤੇ ਜਾਂਦੀ ਹੈ। ਭਾਵੇਂ ਅਸੀਂ ਔਰਤ-ਮਰਦ ਬਰਾਬਰੀ ਦੇ ਨਾਅਰੇ ਮਾਰਦੇ ਹਾਂ, ਪਰ ਭਾਰਤੀ ਸਮਾਜ ਵਿੱਚ ਅਜੇ ਵੀ ਸਾਡੀ ਸੋਚ ਇਹੋ ਹੈ ਕਿ ਮਰਦ ਨੇ ਤਾਂ ਕੇਵਲ ਬਾਹਰ ਦੇ ਕੰਮ ਕਰਨੇ ਹਨ, ਘਰ ਦੇ ਕੰਮਾਂ ਵਿੱਚ ਮਦਦ ਕਰਨਾ ਮਰਦ ਨੂੰ ਸ਼ੌਭਦਾ ਨਹੀਂ, ਔਰਤ ਚੁੱਲ੍ਹਾ-ਚੌਕਾ ਸਾਂਭਣ ਦੇ ਨਾਲ ਬਾਹਰ ਡਿਊਟੀ ਵੀ ਕਰਦੀ ਹੈ। ਉਸ ਉੱਤੇ ਤੀਹਰੀ ਜ਼ਿੰਮੇਵਾਰੀ ਹੈ: ਨੌਕਰੀ, ਘਰ ਦਾ ਕੰਮ ਤੇ ਬੱਚਿਆਂ ਦੀ ਸੰਭਾਲ। ਪੱਛਮੀ ਦੇਸ਼ਾਂ ਵਿੱਚ ਛੁੱਟੀ ਤੋਂ ਭਾਵ ਰੋਜ਼ਾਨਾ ਦੇ ਕੰਮਾਂ ਤੋਂ ਕੁਝ ਹਟ ਕੇ ਕਰਨਾ ਹੁੰਦਾ ਹੈ ਭਾਵ ਇਸ ਬਰੇਕ ਨੂੰ ਮਾਣਨਾ ਹੁੰਦਾ ਹੈ। ਸਾਡੇ ਲਈ ਐਤਵਾਰ ਕੇਸੀ ਨਹਾਉਣ, ਕੱਪੜੇ ਧੋਣ, ਸਫ਼ਾਈਆਂ ਕਰਨ ਜਾਂ ਸਬਜ਼ੀਆਂ ਬਣਾਉਣ ਦਾ ਦਿਨ ਹੁੰਦਾ ਹੈ। ਛੁੱਟੀ ਸ਼ਬਦ ਹਰੇਕ ਨੂੰ ਖ਼ੁਸ਼ੀ ਦੇਂਦਾ ਹੈ, ਭਾਵੇਂ ਉਹ ਔਰਤ, ਮਰਦ ਜਾਂ ਬੱਚਾ ਕੋਈ ਵੀ ਹੋਵੇ। ਆਮ ਤੌਰ ਉੱਤੇ ਵੇਖਣ ਵਿੱਚ ਆਉਂਦਾ ਹੈ ਕਿ ਔਰਤ ਨੂੰ ਛੁੱਟੀ ਨਹੀਂ ਹੁੰਦੀ। ਉਸ ਦਿਨ ਉਸ ਨੇ ਸਾਰੇ ਪਰਵਾਰਕ ਮੈਂਬਰਾਂ ਦੇ ਮਨਪਸੰਦ ਖਾਣੇ ਬਣਾਉਣੇ ਹੁੰਦੇ ਹਨ। ਬੱਚਿਆਂ ਨੂੰ ਨਹਾਉਣਾ, ਨਹੁੰ ਕੱਟਣੇ, ਸਕੂਲ ਯੂਨੀਫਾਰਮ ਧੋ ਕੇ ਪ੍ਰੈਸ ਕਰਨੀ, ਬੂਟ ਪਾਲਿਸ਼ ਕਰਨੇ, ਘਰ ਦੀ ਸਾਫ਼ ਸਫ਼ਾਈ, ਕੱਪੜੇ ਧੋਣੇ ਅਤੇ ਹੋਰ ਕਈ ਨਿੱਕੇ ਨਿੱਕੇ ਕੰਮ ਅਤੇ ਉਪਰੋਂ ਸਭ ਦੀਆਂ ਖਾਣੇ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੀ ਹੈ। ਸਾਰਾ ਦਿਨ ਉਹ ਲੱਗੀ ਰਹਿੰਦੀ ਹੈ, ਪਰ ਪਤੀ ਦੇਵ ਚਾਹ ਦੀਆਂ ਚੁਸਕੀਆਂ ਨਾਲ ਅਖ਼ਬਾਰ ਦੀ ਇੱਕ ਇੱਕ ਖ਼ਬਰ ਨੀਝ ਨਾਲ ਪੜ੍ਹਦੇ ਹਨ। ਬੱਚੇ ਲੇਟ ਉਠ ਕੇ ਆਪਣਾ ਮਨਪਸੰਦ ਨਾਸ਼ਤਾ ਕਰਕੇ ਆਪਣਾ ਮਨਪਸੰਦ ਟੀ ਵੀ ਸ਼ੋਅ ਵੇਖ ਕੇ ਜਾਂ ਪਾਰਕ ਵਿੱਚ ਖੇਡ ਕੇ ਛੁੱਟੀ ਮਾਣਦੇ ਹਨ। ਘਰ ਦੇ ਵਡੇਰੇ ਮੈਂਬਰ ਵੀ ਸੋਚਦੇ ਹਨ ਕਿ ਅੱਜ ਉਹ ਘਰ ਹੈ, ਚਲੋ ਅੱਜ ਸਤਿਸੰਗ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਜਾ ਆਉਣ, ਭਾਵ ਉਸ ਦੀ ਛੁੱਟੀ ਦਾ ਘਰ ਦੇ ਹਰ ਮੈਂਬਰ ਨੂੰ ਫਾਇਦਾ ਹੁੰਦਾ ਹੈ।
ਸੋਚਣ ਵਾਲੀ ਗੱਲ ਹੈ ਕਿ ਔਰਤ ਵੀ ਪ੍ਰਾਣੀ ਹੈ, ਮਸ਼ੀਨ ਜਾਂ ਰੋਬੋਟ ਨਹੀਂ। ਉਸ ਨੂੰ ਵੀ ਬਰੇਕ ਚਾਹੀਦੀ ਹੈ। ਉਸ ਨੇ ਵੀ ਜ਼ਿੰਦਗੀ ਨੂੰ ਮਾਣਨਾ ਹੈ। ਭਾਰਤੀ ਔਰਤ ਨੇ ਖ਼ੁਦ ਆਪਣੇ ਆਪ ਨੂੰ ਇੰਨਾ ਵਿਅਸਤ ਕਰ ਲਿਆ ਹੈ ਜਾਂ ਹੋ ਚੁੱਕੀ ਹੈ ਕਿ ਉਹ ਭੁੱਲ ਜਾਂਦੀ ਹੈ ਕਿ ਉਸ ਦਾ ਵੀ ਮਨ ਹੈ। ਉਸ ਦੀਆਂ ਵੀ ਖ਼ਾਹਿਸ਼ਾਂ ਹਨ। ਰੁਝੇਵਿਆਂ, ਜ਼ਿੰਮੇਵਾਰੀਆਂ ਦੀ ਗ਼੍ਰਿਫਤ ਵਿੱਚ ਉਸ ਦਾ ਆਪਾ ਗੁਆਚ ਜਾਂਦਾ ਜਾਂ ਆਪਣੀ ਹੋਂਦ ਗੁਆ ਲੈਂਦੀ ਹੈ। ਜ਼ਿੰਦਗੀ ਬਸਰ ਕਰਨ ਅਤੇ ਮਾਣਨ ਵਿੱਚ ਅੰਤਰ ਹੈ। ਆਪਣੀਆਂ ਜ਼ਿੰਮੇਵਾਰੀਆਂ ਤੋਂ ਨਾ ਭੱਜੋ, ਜ਼ਿੰਮੇਵਾਰੀਆਂ ਜ਼ਰੂਰ ਨਿਭਾਓ, ਪਰ ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਮਾਣਨ ਦੇ ਨਾਲ-ਨਾਲ। ਸਰੀਰ ਇੱਕ ਮਸ਼ੀਨ ਹੈ, ਜਿਸ ਦੀ ਇੱਕ ਸਮਰੱਥਾ ਹੁੰਦੀ ਹੈ। ਇਨਸਾਨ ਦੀ ਸਿਹਤ ਉਸ ਦਾ ਸਭ ਤੋਂ ਵਧੀਆ ਸਾਥੀ ਹੈ। ਜੇ ਉਸ ਦਾ ਸਾਥ ਨਾ ਰਿਹਾ ਤਾਂ ਉਹ ਹਰ ਰਿਸ਼ਤੇ ਲਈ ਬੋਝ ਬਣ ਜਾਂਦਾ ਹੈ। ਛੁੱਟੀ ਦਾ ਇੱਕ ਦਿਨ ਤੇ ਢੇਰ ਸਾਰੇ ਕੰਮ ਕਈ ਵਾਰ ਸੁਭਾਅ ਵਿੱਚ ਚਿੜਚਿੜਾਪਨ ਤੇ ਤਣਾਅ ਪੈਦਾ ਕਰਦੇ ਹਨ ਜੋ ਮਾਨਸਿਕ ਤੇ ਸਰੀਰਿਕ ਰੋਗਾਂ ਦਾ ਕਾਰਨ ਬਣਦਾ ਅਤੇ ਉਮਰ ਦੇ ਅਖੀਰਲੇ ਪੜਾਅ ਵਿੱਚ ਦੁਖਦਾਈ ਹੋ ਜਾਂਦਾ ਹੈ। ਮੁਕਦੀ ਗੱਲ ਕਿ ਆਪਣੀ ਛੁੱਟੀ ਦਾ ਕੁਝ ਸਮਾਂ ਆਪਣੇ ਆਪ ਨੂੰ ਕਿਵੇਂ ਦਿੱਤਾ ਜਾਵੇ। ਸਭ ਤੋਂ ਜ਼ਰੂਰੀ ਹੈ ਕਿ ਸਾਰਾ ਪਰਵਾਰ ਕੰਮ ਦਾ ਹੱਥ ਵਟਾਵੇ। ਰਲ ਮਿਲ ਕੇ ਕੰਮ ਕਰਨ ਨਾਲ ਕੰਮ ਦਾ ਬੋਝ ਵੰਡਿਆ ਜਾਂਦਾ ਹੈ। ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਬੱਚਿਆਂ ਨੂੰ ਸ਼ੁਰੂ ਤੋਂ ਆਪਣਾ ਕੰਮ ਆਪ ਕਰਨ ਦੀ ਆਦਤ ਪਾਵੋ। ਸਾਡੀ ਸੋਚ ਮੁਤਾਬਕ ਬੱਚਿਆਂ ਨੂੰ ਕੰਮ ਨਾ ਲਾਉਣਾ ਲਾਡ ਪਿਆਰ ਹੈ। ਕਈ ਘਰਾਂ ਵਿੱਚ ਬੱਚੇ ਪਾਣੀ ਦਾ ਗਿਲਾਸ ਵੀ ਆਪ ਚੁੱਕ ਕੇ ਨਹੀਂ ਪੀਦੇ। ਟੀ ਵੀ ਦੇਖਦੇ ਬੈਡ ਉੱਤੇ ਬੈਠ ਖਾਣਾ ਖਾ ਕੇ ਜੂਠੇ ਬਰਤਨ ਉਥੇ ਹੇਠਾਂ ਰੱਖ ਦਿੰਦੇ ਹਨ। ਆਪਣੀਆਂ ਚੀਜ਼ਾਂ ਇੱਧਰ ਉਧਰ ਸੁੱਟਦੇ ਹਨ। ਜਦੋਂ ਤੱਕ ਘਰ ਦੀ ਸੁਆਣੀ ਵਿੱਚ ਹਿੰਮਤ ਹੋਵੇ, ਉਹ ਘਰ ਦਾ ਕੰਮ ਕਰਦੀ ਹੈ, ਪਰ ਜਦੋਂ ਸਰੀਰਿਕ ਊਰਜਾ ਘੱਟ ਜਾਵੇ ਤਾਂ ਕੰਮ ਦਾ ਬੋਝ ਝੁੰਜਲਾਹਟ ਪੈਦਾ ਕਰਦਾ ਹੈ। ਕਿਸੇ ਦਾ ਗੁੱਸਾ ਕਿਸੇ ਉੱਤੇ ਨਿਕਲਦਾ ਹੈ। ਕਈ ਵਾਰ ਇਹ ਗੁੱਸਾ ਕਲੇਸ਼ ਦਾ ਰੂਪ ਧਾਰ ਲੈਂਦਾ ਤੇ ਪਰਵਾਰ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ।
ਕੁਝ ਪਲ ਆਪਣੇ ਆਪ ਬਾਰੇ ਸੋਚੋ। ਆਪਣੀ ਮਰਜ਼ੀ ਵੀ ਕਰੋ ਕਿਉਂਕਿ ਸਰੀਰ ਦੇ ਨਾਲ ਦਿਮਾਗ਼ ਨੂੰ ਵੀ ਬਰੇਕ ਦੀ ਲੋੜ ਹੈ। ਜੋ ਵੀ ਤੁਹਾਡਾ ਸ਼ੌਕ ਹੈ, ਕਿਤਾਬਾਂ ਪੜ੍ਹਨਾ, ਗੀਤ ਸੁਣਨਾ ਟੀ ਵੀ ਉੱਤੇ ਫ਼ਿਲਮ ਵੇਖਣਾ, ਭਾਵ ਜਿਸ ਨਾਲ ਤੁਹਾਨੂੰ ਖ਼ੁਸ਼ੀ ਜਾਂ ਸਕੂਨ ਮਿਲੇ, ਉਹ ਕਰੋ। ਪਰਵਾਰ ਨਾਲ ਪਿਕਨਿਕ ਦਾ ਪ੍ਰੋਗਰਾਮ ਬਣਾਓ। ਜੇ ਹੋ ਸਕੇ ਮਹੀਨੇ ਦੋ ਮਹੀਨੇ ਬਾਅਦ ਆਪਣੀਆਂ ਸਹੇਲੀਆਂ ਨਾਲ ਕਿਤੇ ਘੁੰਮਣ ਦਾ ਪ੍ਰੋਗਰਾਮ ਰੱਖੋ। ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੇ ਬਗ਼ੈਰ ਸਾਡੇ ਪਰਵਾਰ ਦਾ ਕੀ ਬਣੂ? ਉਹ ਇਸ ਲਈ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਤਮ ਨਿਰਭਰ ਨਹੀਂ ਬਣਾਉਂਦੇ। ਬੱਚੇ ਤਾਂ ਬੱਚੇ ਵੱਡੇ ਵੀ ਕਈ ਵਾਰ ਛੋਟੀ ਛੋਟੀ ਚੀਜ਼ ਲਈ ਆਵਾਜ਼ਾਂ ਮਾਰਦੇ ਹਨ। ਜੇ ਘਰ ਦਾ ਹਰ ਜੀਅ ਆਪਣਾ ਕੰਮ ਆਪ ਕਰ ਲਵੇ ਤਾਂ ਘਰ ਦੀ ਸੁਆਣੀ ਲਈ ਸੌਖਾ ਹੋ ਜਾਵੇ। ਛੁੱਟੀ ਵਾਲੇ ਦਿਨ ਕੁਝ ਸਮਾਂ ਆਪਣੇ ਆਪ ਨੂੰ ਦਿਓ। ਬੱਚਿਆਂ ਨਾਲ ਕੈਰਮ, ਬੈਡਮਿੰਟਨ, ਜੋ ਵੀ ਮਨਪਸੰਦ ਖੇਡ ਹੋਵੇ, ਖੇਡੋ। ਛੁੱਟੀ ਮਾਣਨ ਲਈ ਹੈ, ਖਪਣ ਲਈ ਨਹੀਂ। ਜੇ ਹੋਰ ਕੁਝ ਨਹੀਂ ਤਾਂ ਘੱਟੋ ਘੱਟ ਸਾਰੇ ਦਿਨ ਵਿੱਚ ਸ਼ਾਂਤ ਚਿੱਤ ਬੈਠ ਕੇ ਇੱਕ ਚਾਹ ਦੇ ਕੱਪ ਦੀਆਂ ਚੁਸਕੀਆਂ ਮਾਣਦੇ ਹੋਏ ਆਪਣੇ ਆਪ ਨਾਲ ਗੱਲਾਂ ਕਰੋ। ਨੌਕਰੀ ਪੇਸ਼ਾ ਔਰਤਾਂ ਘਰ ਦੇ ਕੰਮਾਂ ਲਈ ਹੈਲਪਰ ਜ਼ਰੂਰ ਰੱਖਣ, ਜਿਸ ਨਾਲ ਕੰਮਾਂ ਤੋਂ ਰਾਹਤ ਮਿਲੇਗੀ ਅਤੇ ਕਿਸੇ ਹੋਰ ਔਰਤ ਨੂੰ ਵੀ ਰੁਜ਼ਗਾਰ ਮਿਲੇਗਾ। ਜਦੋਂ ਕਦੇ ਕੰਮ ਵਾਲੀ ਛੁੱਟੀ ਮੰਗੇ ਤਾਂ ਉਸ ਉੱਤੇ ਗੁੱਸਾ ਨਾ ਕਰੋ ਕਿਉਂਕਿ ਉਹ ਵੀ ਇਨਸਾਨ ਹੈ। ਆਪਣੇ ਕੰਮਾਂ ਨੂੰ ਏਦਾਂ ਤਰਤੀਬ ਦੇਵੋ ਕਿ ਤੁਹਾਨੂੰ ਆਪਣੇ ਲਈ ਵੀ ਸਮਾਂ ਮਿਲੇ ਤਾਂ ਕਿ ਤੁਸੀਂ ਮਾਨਸਿਕ ਅਤੇ ਸਰੀਰਿਕ ਤੌਰ ਉੱਤੇ ਤਾਜ਼ਗੀ ਅਤੇ ਊਰਜਾ ਨਾਲ ਭਰਪੂਰ ਅਗਲੇ ਹਫ਼ਤੇ ਦੇ ਕੰਮਾਂ-ਕਾਰਾਂ ਲਈ ਤਿਆਰ ਹੋਵੇ।

 
Have something to say? Post your comment