Welcome to Canadian Punjabi Post
Follow us on

25

September 2021
 
ਨਜਰਰੀਆ

ਜਿਊਣ ਮਰਨ

July 09, 2021 03:02 AM

-ਜਗਦੀਪ ਸਿੱਧੂ
ਸਾਡੀ ਪੰਜ ਕੁ ਸਾਲਾਂ ਦੀ ਧੀ ਜਦ ਸ਼ਰਾਰਤ ਕਰਦੀ ਹੈ ਤਾਂ ਅਸੀਂ ਉਹਨੂੰ ਡਰਾਉਣ ਲਈ ਕਹਿੰਦੇ ਹਾਂ, ‘‘ਤੈਨੂੰ ਅਸੀਂ ਹੋਸਟਲ ਵਿੱਚ ਪਾ ਦੇਣਾ ਹੈ, ਓਥੇ ਹੀ ਰਿਹਾ ਕਰਨਾ ਤੂੰ। ਦੋ ਮਹੀਨਿਆਂ ਬਾਅਦ ਮਿਲਣ ਆਇਆ ਕਰਾਂਗੇ।'' ਉਹ ਤਰਲੇ ਕੱਢਣ ਲੱਗ ਪੈਂਦੀ ਹੈ। ਸਾਡੇ ਬਿਨਾ ਇੱਕ ਦਿਨ ਵੀ ਨਾਨਕੇ ਨਹੀਂ ਰਹਿੰਦੀ। ਅਸੀਂ ਵੀ ਉਹਦੇ ਬਿਨਾਂ ਬੇਚੈਨ ਹੋ ਜਾਂਦੇ ਹਾਂ।
ਨਿਮਨ ਮੱਧ ਵਰਗ ਦਾ ਅਲੱਗ ਜਿਹਾ ਸੰਸਾਰ ਹੁੰਦਾ ਹੈ। ਸੀਮਤ ਸੋਚ। ਸੀਮਤ ਦਾਇਰਾ। ਸਾਡੇ ਘਰਾਂ ਦੀ ਸੀਮਤ ਜਿਹੀ ਛਾਲ ਸੀ। ਬਾਹਲਾ ਰਿਸਕ ਲੈਣ ਦੀ ਕੋਈ ਲੋੜ ਨਹੀਂ ਸੀ ਹੁੰਦੀ। ਛਾਲ ਇੰਨੀ ਕੁ ਕਿ ਬੰਦਾ ਪੱਕੀ ਨੌਕਰੀ ਕੋਲ ਆਣ ਡਿੱਗੇ, ਬਸ। ਮੇਰੇ ਵੇਲਿਆਂ ਵਿੱਚ ਮੁਲਕ ਦੇ ਹਾਲਾਤ ਡਾਵਾਂ-ਡੋਲ ਸਨ। ਮੇਰਾ ਖ਼ਿਆਲ ਇਸ ਮੁਲਕ ਵਿੱਚ ਪੈਦਾ ਹੋਣ ਵਾਲੇ ਬਹੁਤੇ ਲੋਕਾਂ ਦੇ ਹਾਲਾਤ ਆਪਣੇ ਸਮਿਆਂ ਵਿੱਚ ਬਹੁਤੇ ਸਾਜ਼ਗਾਰ ਨਹੀਂ ਹੁੰਦੇ।
ਛੋਟੇ ਜਿਹੇ ਕਸਬੇ ਵਿੱਚ ਤਦ ਸਾਨੂੰ ਹੋਸਟਲ ਬਾਰੇ ਬਹੁਤਾ ਪਤਾ ਨਹੀਂ ਸੀ ਹੁੰਦਾ। ਘਰ ਦੇ ਮੂਹਰੇ ਵਧੀਆ ਅੰਗਰੇਜ਼ੀ ਸਕੂਲ ਸੀ। ਦੂਜੀ ਥਾਂ ਰਹਿ ਕੇ ਪੜ੍ਹਨ ਦਾ ਸਾਡੇ ਵਰਗਿਆਂ ਨੂੰ ਕੋਈ ਗਿਆਨ ਨਹੀਂ ਸੀ। ਖੇਡਾਂ ਦਾ ਮਾਹੌਲ ਸੀ। ਖੇਡਣ ਲੱਗ ਪਏ। ਖ਼ਿਡਾਰੀਆਂ ਲਈ ਨੌਕਰੀਆਂ ਦੇ ਬਿਹਤਰ ਮੌਕੇ ਹੁੰਦੇ। ਕਿਸੇ ਅਜਿਹੀ ਸੰਸਥਾ ਵਿੱਚ ਜਾਣਾ ਜ਼ਰੂਰੀ ਸੀ ਜਿੱਥੇ ਸਿੱਖਣ, ਅਗਾਂਹ ਖੇਡਣ ਦੇ ਵੱਡੇ ਮੌਕੇ ਹੋਣ। ਟਰਾਇਲ ਦਿੱਤੇ। ਚੋਣ ਹੋਈ। ਹੋਸਟਲ ਦੇ ਰੂਪ ਦਾ ਪਹਿਲੀ ਵਾਰ ਸਾਹਮਣਾ ਹੋਇਆ। ਘਰ ਤੋਂ ਦੂਰ। ਬੰਦਿਸ਼ਾ। ਸੀਮਤ ਖੁਰਾਕ। ਮੰਜ਼ਿਲ ਕੋਲ ਪਹੁੰਚਣ ਲਈ ਭੱਜ-ਨੱਠ, ਮਿਹਨਤ। ਥੋੜੇ ਜਿਹੇ ਪਿੰਜਰ ਤਾਂ ਸਾਡੇ ਵੀ ਦਿੱਸਣ ਲੱਗ ਪੈਂਦੇ ਸਨ, ਅਸੀਂ ਭਾਵੇਂ ਮਰਜ਼ੀ ਨਾਲ, ਬਿਹਤਰੀ ਲਈ ਆਏ ਸਾਂ, ਫਿਰ ਵੀ, ਘਰ ਤੋਂ ਦੂਰ ਅੰਦਰ ਕੁਝ ਮਰਦਾ ਰਹਿੰਦਾ। ਜ਼ਿਆਦਾਤਰ ਨਿਮਨ, ਨਿਮਨ ਮੱਧ ਵਰਗੀ ਘਰਾਂ ਦੇ ਬੱਚੇ ਹੀ ਖੇਡਾਂ ਕਰਦੇ। ਥੋੜ੍ਹੇ ਖ਼ੁਸ਼ ਵੀ ਹੁੰਦੇ। ਸ਼ਾਇਦ ਉਨ੍ਹਾਂ ਦੇ ਅੰਦਰ ਘਰ ਰਹਿ ਕੇ ਜ਼ਿਆਦਾ ਕੁਝ ਮਰਦਾ ਹੋਵੇ।
ਫਿਰ ਕਾਫ਼ੀ ਸਾਲਾਂ ਬਾਅਦ ਜਦ ਪੜ੍ਹਾਈ ਅਤੇ ਖੇਡਾਂ ਤੋਂ ਫ਼ਾਰਿਗ ਹੋਇਆ ਤਾਂ ਹੋਸਟਲ ਦੀ ਜ਼ਿੰਦਗੀ ਦਾ ਵੱਖਰਾ ਰੂਪ ਦੇਖਿਆ। ਕੁਝ ਸਮਾਂ ਇੱਕ ਵੱਡੇ ਬੋਰਡਿੰਗ ਸਕੂਲ ਵਿੱਚ ਐਡਮ-ਕਮ-ਹੋਸਟਲ ਵਾਰਡਨ ਦਾ ਕੰਮ ਕਰਨਾ ਪਿਆ। ਬੱਚੇ ਭਾਰਤ ਦੇ ਦੂਰ-ਦੁਰਾਡੇ ਹਿੱਸਿਆਂ ਤੋਂ ਪੜ੍ਹਨ ਆਉਂਦੇ। ਉਤਰਾਂਚਲ, ਤਰਾਈ ਦੇ ਇਲਾਕੇ ਦੇ ਪੰਜਾਬੀਆਂ ਦੇ ਬੱਚੇ ਵੱਧ ਸਨ। ਉਨ੍ਹਾਂ ਦੇ ਪੁਰਖਿਆਂ ਨੇ ਜੰਗਲ ਸਾਫ਼ ਕਰਕੇ ਉਹ ਇਲਾਕਾ ਰਹਿਣ ਯੋਗ ਬਣਾਇਆ ਸੀ। ਉਨ੍ਹਾਂ ਨੂੰ ਉਥੋਂ ਕੱਢਣ ਦੇ ਮਨਸੂਬੇ ਬਣਾਏ ਜਾ ਰਹੇ ਸਨ। ਸਕੂਲ ਕਾਫ਼ੀ ਮਹਿੰਗਾ ਸੀ। ਇੱਕ ਸੰਤ ਵੀ ਇਸ ਨਾਲ ਜੁੜਿਆ ਹੋਇਆ ਸੀ। ਉਸਦਾ ਉਸ ਇਲਾਕੇ ਵਿੱਚ ਆਉਣਾ ਜਾਣਾ ਸੀ। ਸੰਗਤ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੁੰਦੇ ਨੇ। ਕੁਝ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਦੇ ਮੱਦੇਨਜ਼ਰ ਆਪਣੇ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਪੜ੍ਹਾਉਂਦੇ। ਉਹ ਕਦੀ ਕਦੀ ਬਾਬਾ ਜੀ ਨੂੰ ਫੀਸ ਮੁਆਫ਼ ਦੀ ਅਰਜ਼ ਕਰਦੇ। ਮੈਨੂੰ ਲੱਗਦਾ, ਤਦ ਬੱਚੇ ਨਹੀਂ, ਮਾਪੇ ਵੀ ਥੋੜ੍ਹਾ ਥੋੜ੍ਹਾ ਮਰ ਰਹੇ ਸਨ। ਪੈਸੇ ਦੀ ਘਾਟ ਸੀ, ਤੇ ਬੱਚਿਆਂ ਤੋਂ ਦੂਰੀ ਵੀ। ਬੱਚੇ ਰਾਤ ਨੂੰ ਸੌਣ ਵੇਲੇ ਸਿਸਕਦੇ। ਮਾਪੇ ਬੱਚਿਆਂ ਨਾਲ ਗੱਲ ਕਰਨ ਲਈ ਤਰਲੇ ਕਰਦੇ। ਨਿਸਚਤ ਦਿਨ ਅਤੇ ਸਮੇਂ ਉਤੇ ਬੱਚਿਆਂ ਨਾਲ ਗੱਲ ਹੋ ਸਕਦੀ। ਮਾਪਿਆਂ ਦੇ ਉਲਾਂਭੇ ਸ਼ੁਰੂ ਹੋ ਜਾਂਦੇ। ਸਾਰਾ ਦਿਨ ਹੱਥ ਫ਼ੋਨ ਸਮੇਤ ਕੰਨ ਉਤੇ ਰਹਿੰਦਾ। ਥੱਪੜ ਪੈ ਰਹੇ ਮਹਿਸੂਸ ਹੁੰਦੇ। ਤਮਾਮ ਸਹੁਲਤਾਂ ਦੇ ਬਾਵਜੂਦ ਬੱਚੇ ਉਦਾਸ ਰਹਿੰਦੇ। ਜਦ ਕਦੇ ਬਾਹਰ ਜਾਂਦੇ ਤਾਂ ਆਪਣਾ ਰੋਲ ਨੰਬਰ ਬੋਲ ਕੇ ਕੈਦੀ ਨੰਬਰ ਦਾ ਮਖੌਲ ਕਰਦੇ।
ਜਿਊਣ ਮਰਨ ਦਾ ਭਾਵ ਬਹੁਤ ਡੂੰਘਾ ਹੁੰਦਾ ਹੈ। ਇਸ ਸੰਘਰਸ਼ ਵਿੱਚ ਜਿਊਣ ਦਾ ਸਾਰ ਪਿਆ ਸੀ। ਦੋ ਹੋਸਟਲਾਂ ਦੇ ਇਹ ਦੋ ਬਿਰਤਾਂਤ ਸਿਰਫ਼ ਮਿਸਾਲ ਹਨ, ਕੜੀ ਜੋੜਨ ਲਈ ਤਾਂ ਕਿ ਜਾਣਿਆ ਜਾ ਸਕੇ ਕਿ ਮੂਲ ਨਿਵਾਸੀਆਂ ਬੱਚਿਆਂ ਅਤੇ ਮਾਪਿਆਂ ਦੇ ਹਾਲਾਤ ਕਿੰਨੇ ਤਰਸਯੋਗ ਹੁੰਦੇ ਹੋਣੇ, ਜਿਨ੍ਹਾਂ ਆਪਣਿਆਂ ਨੂੰ ਮਿਲ ਤਾਂ ਕੀ ਸਕਣਾ ਸੀ, ਗੱਲ ਵੀ ਨਹੀਂ ਸੀ ਕਰ ਸਕਦੇ। ਬੱਚਿਆਂ ਤੇ ਮਾਪਿਆਂ ਨੇ ਕਿੰਨਾ ਝੱਲਿਆ!
ਲੱਗਭਗ ਹਰ ਦੇਸ਼ ਵਿੱਚ ਮੂਲ ਨਿਵਾਸੀਆਂ ਦਾ ਇਹੋ ਹਸ਼ਰ ਹੈ- ਅਸਟਰੇਲੀਆਂ ਵਿੱਚ ਵੀ ਇਹ ਸੰਘਰਸ਼ ਕਰ ਰਹੇ ਹਨ। ਭਾਰਤ ਵਿੱਚ ਝਾਰਖੰਡ, ਛਤੀਸਗੜ੍ਹ ਵਿੱਚ ਉਨ੍ਹਾਂ ਦੀਆਂ ਜੰਗਲ ਰੂਪੀ ਰਿਹਾਇਸ਼ਗਾਹਾਂ ਖੋਹੀਆਂ ਜਾਂ ਰਹੀਆਂ ਤਾਂ ਕਿ ਉਥੇ ਖੁਦਾਈ ਜਾਂ ਥਾਂ ਵਰਤ ਕੇ ਆਪਣੇ ਉਦਯੋਗ ਲਾ ਕੇ ਸਭਿਆ ਸਮਾਜ ਵਿਕਸਤ ਕੀਤਾ ਜਾ ਸਕੇ।
ਕੈਨੇਡਾ ਦੇ ਸ਼ਹਿਰ ਕੈਮਲੂਪਸ ਵਿੱਚ ਜੋ ਹੋਇਆ, ਉਸ ਵਿੱਚ ਜਿਊਣ ਕਿੱਥੇ ਹੈ? ਉਹ ਸਿਰਫ਼ ਮਰਨ ਹੈ, ਮਰਨ ਬੱਚਿਆਂ ਦਾ, ਮਾਪਿਆਂ ਦਾ, ਜੋ ਸੁਣਦੇ ਪੜ੍ਹਦੇ ਨੇ, ਉਨ੍ਹਾਂ ਸੰਵੇਦਨਸ਼ੀਲ ਲੋਕਾਂ ਦਾ, ਤੇ ਉਨ੍ਹਾਂ ਲੋਕਾਂ ਦਾ ਵੀ ਸ਼ਰਮ ਨਾਲ ਮਰਨ ਹੈ ਜਿਹੜੇ ਆਪਣੇ ਆਪ ਨੂੰ ਸਭਿਅਕ ਕਹਾਉਂਦੇ ਨੇ। ਇੱਕ ਕਵਿਤਾ ਜ਼ਿਹਨ ਵਿੱਚ ਹੈ, ਜੋ ਸ਼ਾਇਦ ਮੇਰੀ ਸੰਵੇਦਨਾ ਡੂੰਘਾਈ ਨਾਲ ਪ੍ਰਗਟ ਕਰ ਸਕੇਗੀ; ਮੂਲ ਨਿਵਾਸੀਆਂ ਦੇ ਖ਼ਾਤਮੇ ਲਈ/ ਮਾਰਨ ਲੱਗੇ ਆਰੰਭ ਨੂੰ/ ਤਾੜ ਦਿੱਤੇ ਮਾਸੂਮ ਹੋਸਟਲਾਂ ਵਿੱਚ/ ਬਹਾਨਾ ਪੜ੍ਹਨ-ਲਿਖਣ ਦਾ/ ਕਲਮ ਇਸ ਤਰ੍ਹਾਂ ਵੀ/ ਤਲਵਾਰ ਤੋਂ ਵੱਧ ਤਿੱਖੀ ਸਾਬਤ ਹੋਏਗੀ/ ਇਲਮ ਨਹੀਂ ਸੀ/ ਪੜ੍ਹਾਉਣ ਲਈ ਲੈ ਕੇ ਸੀ ਗਏ/ ਪਹਿਲਾਂ ਹੀ ਕਤਲ ਮੁਹਾਵਰਿਆਂ ਦਾ/ ਵੱਡੇ ਵੱਡੇ ਖੁੱਲ੍ਹੇ ਖੁੱਲ੍ਹੇ ਅੱਖਰ ਲਿਖਦੇ ਜਦ ਉਹ/ ਤਾਂ ਮਾਰ ਪੈਂਦੀ/ ਸ਼ਾਇਦ ਚੀਕਾਂ/ ਉਚੀ ਉਚੀ ਰੋਣਾ ਲਿਖਦੇ/ ਕੱਲੇ ਦੰਦ ਸਲਾਮਤ ਨਿਕਲੇ ਉਨ੍ਹਾਂ ਦੇ!/ ਜੋ ਦੌੜ ਆਏ ਉਥੋਂ ਹੁਣ ਪਹੁੰਚੇ ਨੇ!/ ਕੀ ਹੋਵੇਗਾ ਵੱਧੋ-ਵੱਧ ਹੁਣ/ ਛੋਟੇ ਬੱਚਿਆਂ ਦੀ ਚੀਕ/ ਕਿੰਨੀ ਕੁ ਉਚੀ ਹੰੁਦੀ/ ਜੋ ਸੁਣੀ ਜਾਂਦੀ ਰਹੇਗੀ।
ਕਵਿਤਾ ਵਿੱਚ ਦੋ ਸਤਰਾਂ ਆਉਂਦੀਆਂ ਨੇ: ਜੋ ਦੌੜ ਆਏ ਉਥੋਂ/ ਹੁਣ ਪਹੁੰਚੇ ਨੇ!.. ਸਾਡੇ ਲਈ ਉਹ ਬੱਚੇ ਅੱਜ ਪਹੁੰਚੇ ਨੇ, ਭਾਵ ਅਸੀਂ ਉਨ੍ਹਾਂ ਬਾਰੇ ਅੱਜ ਜਾਣਿਆ ਹੈ। ਬਚ ਨਿਕਲੇ ਬੱਚੇ ਬਜ਼ੁਰਗ ਹੋ ਗਏ ਨੇ। ਸਰਕਾਰ ਉਨ੍ਹਾਂ ਨਾਲ ਹੋਈਆਂ ਵਧੀਕੀਆਂ ਬਾਰੇ ਭਲੀਭਾਂਤ ਜਾਣਦੀ ਹੈ। ਉਸ ਨੇ ਉਨ੍ਹਾਂ ਤੇ ਹੋਰ ਮੂਲ ਨਿਵਾਸੀਆਂ ਲਈ ਕੀ ਕੀਤਾ? ਉਹ ਅਜੇ ਵੀ ਹਾਸ਼ੀਏ ਉੱਤੇ ਜੀ ਰਹੇ ਨੇ। ਸਰਕਾਰ ਲਈ ਤਾਂ ਉਹ ਬਹੁਤ ਪਹਿਲਾਂ ਪਹੁੰਚ ਚੁੱਕੇ ਸਨ ਪਰ ਨਾ ਪਹੁੰਚਿਆਂ ਵਰਗੇ ਨੇ।

 
Have something to say? Post your comment