Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਪੰਜਾਬ ਵਿੱਚ ਕਾਣਿਆਂ ਨੂੰ ਵਰਤਣ ਦਾ ਦਾਅ ਖੇਡਣ ਦੇ ਮੂਡ ਵਿੱਚ ਦਿੱਸ ਰਹੀ ਹੈ ਭਾਜਪਾ

July 05, 2021 02:39 AM

-ਜਤਿੰਦਰ ਪਨੂੰ
ਐਨ ਓਦੋਂ, ਜਦੋਂ ਇਹ ਸਮਝਿਆ ਜਾ ਰਿਹਾ ਹੈ ਕਿ ਅੱਜ ਦੀ ਤਰੀਕ ਵਿੱਚ ਪੰਜਾਬ ਦੇ ਲੋਕਾਂ ਵਿੱਚ ਬਾਕੀ ਸਾਰਿਆਂ ਤੋਂ ਵੱਧ ਅਣਚਾਹੀ ਪਾਰਟੀ ਭਾਜਪਾ ਹੈ, ਉਸ ਵਕਤ ਵੀ ਇਸ ਪਾਰਟੀ ਦੇ ਆਗੂ ਇਹ ਦਾਅਵਾ ਹਿੱਕ ਕੇ ਠੋਕ ਕੇ ਕਰੀ ਜਾ ਰਹੇ ਹਨ ਕਿ ਅਗਲੇ ਸਾਲ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਸਰਕਾਰ ਉਨ੍ਹਾਂ ਦੀ ਬਣਨੀ ਹੈ। ਏਦਾਂ ਦੇ ਕਿਸੇ ਵੀ ਧਿਰ ਵੱਲੋਂ ਕੀਤੇ ਗਏ ਦਾਅਵੇ ਨੂੰ ਚੋਣਾਂ ਕਾਫੀ ਦੂਰ ਹੋਣ ਕਾਰਨ ਵੇਲੇ ਤੋਂ ਪਹਿਲਾਂ ਦੀ ਗੱਲ ਕਹਿ ਕੇ ਅਤੇ ਭਾਜਪਾ ਆਗੂਆਂ ਦੇ ਕਹੇ ਗਏ ਸ਼ਬਦਾਂ ਨੂੰ ਮੁੰਗੇਰੀ ਲਾਲ ਦੇ ਹੁਸੀਨ ਸੁਫਨੇ ਕਹਿ ਕੇ ਛੱਡਿਆ ਜਾ ਸਕਦਾ ਹੈ, ਪਰ ਜਦੋਂ ਭਾਜਪਾ ਦੀ ਚੋਣ ਰਣਨੀਤੀ ਦੇ ਧੁਰੰਤਰਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਜਾਣ ਤਾਂ ਵਿੱਚੋਂ ਇੱਕ ਸਾਜਿ਼ਸ਼ੀ ਯੋਜਨਾਬੰਦੀ ਝਲਕ ਪੈਂਦੀ ਹੈ। ਉਨ੍ਹਾਂ ਦਾ ਸਿਰਫ ਦਾਅਵਾ ਨਹੀਂ, ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਅੰਦਰੋ-ਅੰਦਰ ਏਦਾਂ ਦਾ ਕੰਮ ਕਰ ਰਹੇ ਹਨ ਅਤੇ ਕਿਸੇ ਇੱਕ ਵੀ ਪਾਰਟੀ ਨੂੰ ਉਨ੍ਹਾਂ ਦੇ ਕੀਤੇ ਦੀ ਜਾਂ ਤਾਂ ਭਿਣਕ ਨਹੀਂ ਪਈ, ਜਾਂ ਫਿਰ ਅੰਦਰ ਦੀ ਕਾਣ ਦੇ ਕਾਰਨ ਸਿਆਸੀ ਆਗੂ ਭਾਜਪਾ ਸਾਹਮਣੇ ਸਿਰ ਚੁੱਕ ਕੇ ਬੋਲਣ ਦੀ ਜੁਰਅੱਤ ਨਹੀਂ ਕਰ ਸਕਦੇ। ਦੂਸਰੀ ਗੱਲ ਸਾਨੂੰ ਵੱਧ ਠੀਕ ਜਾਪਦੀ ਹੈ।
ਅਸਲ ਵਿੱਚ ਪੰਜਾਬ ਜਿੱਤਣ ਵਾਸਤੇ ਭਾਜਪਾ ਦੀ ਯੋਜਨਾਬੰਦੀ ਵਿੱਚ ਲੋੜੀਂਦੇ ਬੰਦਿਆਂ ਦਾ ਕਾਣੇ ਹੋਣਾ ਹੀ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ਕੋਈ ਵਕਤ ਸੀ ਕਿ ਇਹ ਫਾਰਮੂਲਾ ਪੰਜਾਬ ਦੇ ਅਕਾਲੀ ਤੇ ਕਾਂਗਰਸੀ ਵਰਤਦੇ ਸਨ। ਅਣਵੰਡੇ ਪੰਜਾਬ ਵਿੱਚ ਅਜੋਕੇ ਹਰਿਆਣਾ ਵੱਲ ਦੇ ਵਿਧਾਇਕ ਪਿਆਰਾ ਰਾਮ ਨੇ ਵਿਧਾਨ ਸਭਾ ਵਿੱਚ ਜਦੋਂ ਕੁਝ ਸਵਾਲ ਤਾਬੜਤੋੜ ਕਰ ਦਿੱਤੇ ਤਾਂ ਪ੍ਰਤਾਪ ਸਿੰਘ ਕੈਰੋਂ ਦਾ ਹਰ ਸਵਾਲ ਬਾਰੇ ਇੱਕੋ ਲਾਈਨ ਦਾ ਜਵਾਬ ਸੀ, ‘ਅਜੇ ਇਸ ਦੀ ਜਾਣਕਾਰੀ ਨਹੀਂ, ਪਤਾ ਕਰ ਕੇ ਦੱਸ ਸਕਾਂਗਾ।’ ਪਿਆਰਾ ਰਾਮ ਨੇ ਕਿਹਾ ਸੀ: ‘ਪੁੱਤਰਾਂ ਦੇ ਸਿਨਮਿਆਂ ਦੀ ਜਾਣਕਾਰੀ ਤਾਂ ਹੋਵੇਗੀ।’ ਇਸ ਤੋਂ ਹੰਗਾਮਾ ਹੋ ਗਿਆ, ਪਰ ਪਿਆਰਾ ਰਾਮ ਨੇ ਨਵੀਂ ਗੱਲ ਕਹਿ ਦਿੱਤੀ ਕਿ ‘ਤੇਰੀ ਕੈਬਨਿਟ ਵਿੱਚ ਕੇਸਾਂ ਵਿੱਚ ਫਸੇ ਹੋਏ ਕਿੰਨੇ ਮੰਤਰੀ ਹਨ, ਇਸ ਦਾ ਵੀ ਤੈਨੂੰ ਪਤਾ ਹੋਊਗਾ, ਕਿਉਂਕਿ ਉਨ੍ਹਾਂ ਦੀ ਫਾਈਲਾਂ ਦਿਖਾ ਕੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਰੱਖਣ ਤੇ ਵਰਤਣ ਦਾ ਢੰਗ ਤੈਨੂੰ ਆਉਂਦਾ ਹੈ।’ ਇਹ ਚੋਟ ਪ੍ਰਤਾਪ ਸਿੰਘ ਤੋਂ ਸਹਾਰੀ ਨਹੀਂ ਸੀ ਗਈ ਅਤੇ ਓਸੇ ਸ਼ਾਮ ਪਿਆਰਾ ਰਾਮ ਦੇ ਘਰ ਇੱਕ ਅਫਸਰ ਉਸ ਨੂੰ ਜੇਲ੍ਹ ਜਾਣ ਜਾਂ ਚੁੱਪ ਦਾ ਮੁੱਲ ਵੱਟਣ ਲਈ ਕਹਿਣ ਚਲਾ ਗਿਆ ਸੀ ਤੇ ਪਿਆਰਾ ਰਾਮ ਨੇ ਇਸ ਦਾ ਮੁੱਲ ਵੱਟਣ ਦੀ ਥਾਂ ਕੈਰੋਂ ਦੀ ਭੰਡੀ ਜਾਰੀ ਰੱਖਣ ਅਤੇ ਜੇਲ੍ਹ ਜਾਣ ਵਾਲਾ ਰਾਹ ਚੁਣ ਲਿਆ ਸੀ।
ਕੈਰੋਂ ਤੋਂ ਬਾਅਦ ਇਹ ਫਾਰਮੂਲਾ ਜੇ ਕਿਸੇ ਨੇ ਸਭ ਤੋਂ ਵੱਧ ਚੁਸਤੀ ਨਾਲ ਵਰਤਿਆ ਸੀ ਤਾਂ ਉਸ ਦਾ ਨਾਂਅ ਪ੍ਰਕਾਸ਼ ਸਿੰਘ ਬਾਦਲ ਹੈ। ਇਸ ਦੀਆਂ ਮਿਸਾਲਾਂ ਵਿੱਚੋਂ ਇੱਕੋ ਦੱਸ ਦੇਣੀ ਕਾਫੀ ਹੋਵੇਗੀ। ਇੱਕ ਪੁਰਾਣਾ ਘਾਗ ਅਕਾਲੀ ਮੰਤਰੀ ਤੇ ਇੱਕ ਯੂਥ ਆਗੂ ਪੇਚਾ ਪਾਈ ਰੱਖਦੇ ਸਨ। ਦੋਵੇਂ ਇੱਕੋ ਹਲਕੇ ਤੋਂ ਸਨ। ਉਸ ਮੰਤਰੀ ਦੇ ਪਰਵਾਰ ਦਾ ਇੱਕ ਜੀਅ ਪੰਜਾਬ ਸਰਕਾਰ ਦੇ ਅਫਸਰ ਵਜੋਂ ਜਿੱਥੇ ਲਾਇਆ ਸੀ, ਉਸ ਦਾ ਸੀਨੀਅਰ ਆਈ ਏ ਐੱਸ ਅਫਸਰ ਉਸ ਦੇ ਕੰਮਾਂ ਤੋਂ ਖੁਸ਼ ਨਹੀਂ ਸੀ ਤੇ ਰੋਜ਼ ਜਵਾਬ ਤਲਬੀ ਕਰ ਲੈਂਦਾ ਸੀ। ਇੱਕ ਵਾਰੀ ਬੈਠਿਆਂ ਉਸ ਨੇ ਖੁਦ ਦੱਸਿਆ ਕਿ ਉਸ ਨੂੰ ਏਦਾਂ ਕਰਨ ਲਈ ਮੁੱਖ ਮੰਤਰੀ ਬਾਦਲ ਨੇ ਕਿਹਾ ਸੀ। ਮੈਂ ਹੱਸ ਕੇ ਕਿਹਾ: ਤੁਸੀਂ ਨੁਕਸਾਨ ਕਰਵਾ ਲਓਗੇ। ਉਸ ਨੇ ਕਿਹਾ: ‘ਬਾਦਲ ਸਾਹਿਬ ਮੇਰਾ ਨੁਕਸਾਨ ਨਹੀਂ ਹੋਣ ਦੇਣਗੇ।’ ਮੈਂ ਪੁੱਛਿਆ: ਤੁਹਾਡੇ ਕੋਲ ਕਿੰਨੀਆਂ ਵੋਟਾਂ ਹਨ? ਉਹ ਕੁਝ ਦੇਰ ਚੁੱਪ ਰਹਿ ਕੇ ਪੁੱਛਣ ਲੱਗਾ: ‘ਇਸ ਦਾ ਕੀ ਮਤਲਬ?’ ਮੈਂ ਦੱਸਿਆ ਕਿ ਬਾਦਲ ਸਾਹਿਬ ਉਸ ਮੰਤਰੀ ਨੂੰ ਤੰਗ ਕਰਵਾਉਣਗੇ ਤੇ ਜਦੋਂ ਉਹ ਝੁਕ ਗਿਆ ਤਾਂ ਉਸ ਨੂੰ ਖੁਸ਼ ਕਰਨ ਲਈ ਤੁਹਾਡਾ ਰਗੜਾ ਕੱਢ ਦੇਣਗੇ। ਉਹ ਸਹਿਮਤ ਨਹੀਂ ਸੀ। ਆਖਰ ਨੂੰ ਉਹੀ ਹੋਇਆ, ਜੋ ਮੈਂ ਉਸ ਨੂੰ ਕਿਹਾ ਸੀ। ਮੰਤਰੀ ਨੂੰ ਖੁਸ਼ ਕਰਨ ਲਈ ਉਸ ਅਫਸਰ ਨੂੰ ਨਾ ਸਿਰਫ ਬਦਲ ਦਿੱਤਾ ਗਿਆ, ਸਗੋਂ ਉਸ ਦੀ ਏਨੀ ਜਿ਼ਆਦਾ ਬੇਇੱਜ਼ਤੀ ਕਰਵਾਈ ਗਈ ਕਿ ਉਸ ਦੀ ਕਹਾਣੀ ਪਾਉਣਾ ਮੈਨੂੰ ਅੱਜ ਤੱਕ ਠੀਕ ਨਹੀਂ ਲੱਗਦਾ। ਮੰਤਰੀ ਦਾ ਕਾਣਾ ਹੋਣਾ ਉਸ ਬੰਦੇ ਦਾ ਉਹ ਗੁਣ ਸੀ, ਜਿਹੜਾ ਅੱਜ ਤੱਕ ਬਾਦਲ ਪਰਵਾਰ ਨੂੰ ਰਾਸ ਆਈ ਜਾ ਰਿਹਾ ਹੈ।
ਦੂਸਰੀ ਗੱਲ ਇਹ ਕਿ ਪਿਛਲੇਰੇ ਮਹੀਨੇ ਜਦੋਂ ਵਿਧਾਇਕ ਪਰਗਟ ਸਿੰਘ ਨੇ ਇਹ ਖਿਲਾਰਾ ਪਾਇਆ ਸੀ ਕਿ ਅੱਧੀ ਰਾਤ ਫੋਨ ਕਰ ਕੇ ਉਸ ਨੂੰ ਦਬਕਾ ਮਾਰਿਆ ਗਿਆ ਹੈ ਕਿ ਤੇਰੀਆਂ ਫਾਈਲਾਂ ਤਿਆਰ ਪਈਆਂ ਹਨ, ਉਸ ਦਾ ਪਰਗਟ ਨੂੰ ਕੋਈ ਫਰਕ ਨਹੀਂ ਸੀ ਪਿਆ, ਪਰ ਬਾਕੀਆਂ ਨੂੰ ਪਿਆ ਸੀ। ਪੰਜਾਬ ਦਾ ਹਰ ਹਾਕਮ ਆਪਣੇ ਕੋਲ ਵਿਰੋਧੀ ਲੀਡਰਾਂ ਨਾਲੋਂ ਵੱਧ ਆਪਣੇ ਬੰਦਿਆਂ ਦੀਆਂ ਫਾਈਲਾਂ ਰੱਖਦਾ ਹੈ ਤੇ ਜਿਨ੍ਹਾਂ ਵਿੱਚ ਕਾਣ ਹੋਵੇ, ਉਹ ਫਾਈਲਾਂ ਦਾ ਨਾਂਅ ਸੁਣ ਕੇ ਤ੍ਰਹਿਕ ਜਾਂਦੇ ਹਨ, ਪਰ ਜਿਸ ਨੇ ਕੋਈ ਗਲਤ ਨਹੀਂ ਕੀਤਾ, ਉਹ ਅੱਗੋਂ ਆਕੜ ਪਿਆ ਹੈ। ਜਿਹੜਾ ਜਵਾਬੀ ਦਾਅ ਪਰਗਟ ਸਿੰਘ ਨੇ ਵਰਤਿਆ, ਬਾਕੀ ਦੇ ਓਨਾ ਚਿਰ ਨਹੀਂ ਸਨ ਵਰਤ ਸਕੇ, ਜਿੰਨਾ ਚਿਰ ਏਦਾਂ ਦੀਆਂ ਫਾਈਲਾਂ ਦੀ ਚੱਬ ਹੇਠ ਆਏ ਹੋਏ ਕਾਣਿਆਂ ਦੀ ਗਿਣਤੀ ਚੋਖੀ ਨਹੀਂ ਸੀ ਹੋ ਗਈ। ਇਹੀ ਨਹੀਂ, ਕਾਣਿਆਂ ਨੂੰ ਧਮਕੀ ਦੇਣ ਵਾਲਿਆਂ ਦੀਆਂ ਫਾਈਲਾਂ ਵੀ ਕੁਝ ਅਫਸਰਾਂ ਨੇ ਉਨ੍ਹਾਂ ਨੂੰ ਪੁਚਾ ਦਿੱਤੀਆਂ ਸੁਣੀਦੀਆਂ ਹਨ, ਜਿਸ ਤੋਂ ਕਾਂਗਰਸ ਦਾ ਰੱਫੜ ਵਧਿਆ ਹੈ।
ਖੁਦ ਭਾਜਪਾ ਨੇ ਇਹ ਫਾਰਮੂਲਾ ਆਪਣੇ ਰਾਜਾਂ ਵਿੱਚ ਕਈ ਵਾਰ ਵਰਤਿਆ ਹੈ। ਗੁਜਰਾਤ ਨੂੰ ਰਾਜ ਬਣਾਉਣ ਵੇਲੇ ਤੋਂ ਓਥੇ ਸ਼ਰਾਬਬੰਦੀ ਲਾਗੂ ਸੁਣੀਂਦੀ ਹੈ ਅਤੇ ਅੱਜ ਵੀ ਲਾਗੂ ਹੈ। ਇਸ ਦੇ ਬਾਵਜੂਦ ਹਰ ਚਾਰ-ਪੰਜ ਸਾਲਾਂ ਬਾਅਦ ਕਿਤੇ ਨਾ ਕਿਤੇ ਨਾਜਾਇਜ਼ ਸ਼ਰਾਬ ਦੇ ਗੋਦਾਮ ਫੜੇ ਜਾਂਦੇ ਅਤੇ ਉਨ੍ਹਾਂ ਉੱਤੇ ਬੁਲਡੋਜ਼ਰ ਫੇਰਨ ਦਾ ਕੰਮ ਹੁੰਦਾ ਹੈ। ਹਰ ਵਾਰ ਇਸ ਧੰਦੇ ਵਿੱਚ ਕੋਈ ਨਾ ਕੋਈ ਭਾਜਪਾ ਵਿਧਾਇਕ ਜਾਂ ਹੋਰ ਆਗੂ ਸਰਗੁਣਾ ਨਿਕਲਦਾ ਹੈ। ਪਿਛਲੇ ਵੀਰਵਾਰ ਸ਼ਾਮੀਂ ਗੁਜਰਾਤ ਵਿੱਚ ਇੱਕ ਭਾਜਪਾ ਵਿਧਾਇਕ ਆਪਣੇ ਰਿਜ਼ਾਰਟ ਵਿੱਚ ਵਿਗੜੇ ਅਮੀਰਾਂ ਨਾਲ ਜੂਆ ਖੇਡਣ ਦੇ ਨਾਲ ਸ਼ਰਾਬ ਅਤੇ ਸ਼ਬਾਬ ਦੀ ਮਹਿਫਲ ਲਾਈ ਬੈਠਾ ਫੜਿਆ ਗਿਆ ਹੈ। ਉਸ ਕੋਲੋਂ ਨੇਪਾਲ ਤੋਂ ਲਿਆਂਦੀਆਂ ਲੜਕੀਆਂ ਵੀ ਮਿਲੀਆਂ ਹਨ। ਇਹ ਕੰਮ ਉਹ ਚਿਰਾਂ ਤੋਂ ਕਰਦਾ ਰਿਹਾ ਸੀ, ਕਦੀ ਛਾਪਾ ਨਹੀਂ ਪਿਆ। ਕਾਣਾ ਹੋਣ ਕਾਰਨ ਉਹ ਭਾਜਪਾ ਨੂੰ ਵੱਧ ਵਫਾਦਾਰ ਜਾਪਦਾ ਸੀ। ਪਿਛਲੇ ਸਾਲ ਰਾਜ ਸਭਾ ਚੋਣ ਵਿੱਚ ਉਹ ਕਰਾਸ ਵੋਟਿੰਗ ਕਰ ਕੇ ਕਾਂਗਰਸ ਉਮੀਦਵਾਰ ਨੂੰ ਵੋਟ ਪਾ ਬੈਠਾ ਦੱਸਿਆ ਜਾਂਦਾ ਹੈ। ਇਸ ਕਾਰਨ ਪਾਰਟੀ ਉਸ ਨਾਲ ਨਾਰਾਜ਼ ਹੋ ਗਈ। ਪਿਛਲੇ ਵੀਰਵਾਰ ਤੋਂ ਪਹਿਲਾਂ ਉਸ ਦੀਆਂ ਮਹਿਫਲਾਂ ਵਿੱਚ ਕਦੀ ਸਰਕਾਰ ਦੇ ਕਿਸੇ ਅਫਸਰ ਨੇ ਵਿਘਨ ਪਾਉਣ ਦੀ ਵੀ ਜੁਰਅੱਤ ਨਹੀਂ ਸੀ ਕੀਤੀ ਤੇ ਜਦੋਂ ਭਾਜਪਾ ਨਾਰਾਜ਼ ਹੋ ਗਈ ਤਾਂ ਉਸ ਦੇ ਆਗੂਆਂ ਨੇ ਸੋਚਿਆ ਕਿ ਜੇ ਬੇਵਫਾਈ ਕਰਦਾ ਇੱਕ ਕਾਣਾ ਸੁੱਕਾ ਛੱਡ ਦਿੱਤਾ ਤਾਂ ਏਸੇ ਵਾਂਗ ਬਾਕੀ ਦੇ ਕਾਣੇ ਵੀ ਵਿਗੜ ਸਕਦੇ ਹਨ, ਇਸ ਲਈ ਉਹ ਜੂਆ ਖੇਡਦਾ ਮੌਕੇ ਉੱਤੇ ਫੜ ਲਿਆ ਗਿਆ ਹੈ।
ਗੱਲ ਫਿਰ ਭਾਜਪਾ ਦੀ ਅਗਲੇ ਸਾਲ ਦੀ ਉਸ ਚੋਣ ਰਣਨੀਤੀ ਉੱਤੇ ਆਉਂਦੀ ਹੈ, ਜਿਹੜੀ ਅਕਾਲੀ ਅਤੇ ਕਾਂਗਰਸ ਆਗੂ ਬੜੀ ਵਾਰ ਵਰਤਦੇ ਰਹੇ ਸਨ ਤੇ ਇਸ ਵਾਰੀ ਭਾਜਪਾ ਵਰਤਣ ਬਾਰੇ ਸੋਚਦੀ ਪਈ ਹੈ। ਕਰਨਾਟਕਾ ਤੋਂ ਆਰੰਭ ਕਰ ਕੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦਾ ਇੱਕ ਗਰੁੱਪ ਏਸੇ ਫਾਰਮੂਲੇ ਨਾਲ ਤੋੜਨ ਪਿੱਛੋਂ ਭਾਜਪਾ ਨੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਤੋੜਨ ਦਾ ਚੱਕਰ ਚਲਾਇਆ, ਪਰ ਗੱਲ ਨਹੀਂ ਬਣੀ। ਫਿਰ ਪੁੱਡੁਚੇਰੀ ਵਿੱਚ ਕਾਂਗਰਸ ਦੇ ਕਈ ਵਿਧਾਇਕ ਅਗਲੀ ਅਸੈਂਬਲੀ ਚੋਣ ਤੋਂ ਪਹਿਲਾਂ ਅਸਤੀਫੇ ਦਿਵਾ ਕੇ ਆਪਣੇ ਵਿੱਚ ਏਸੇ ਫਾਰਮੂਲੇ ਨਾਲ ਸ਼ਾਮਲ ਕਰਾਏ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੇ ਕਈ ਆਗੂ ਵੀ ਏਸੇ ਫਾਰਮੂਲੇ ਨਾਲ ਭਾਜਪਾ ਨੇ ਆਪਣੇ ਨਾਲ ਮਿਲਾਏ ਸਨ। ਜਿਸ ਕਿਸੇ ਨੂੰ ਦੋ-ਤਿੰਨ ਦਿਨ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਸੀ ਬੀ ਆਈ ਵਾਲੇ ਸੱਦਦੇ ਅਤੇ ਪੁੱਛਗਿੱਛ ਦੇ ਬਹਾਨੇ ਸਾਰਾ ਦਿਨ ਜ਼ਲੀਲ ਕਰਦੇ ਸਨ, ਉਹ ਅਗਲੇ ਦਿਨ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦੇਂਦਾ ਸੀ। ਮਹਾਰਾਸ਼ਟਰ ਵਿਚ ਇਸ ਵਕਤ ਸਾਰਾ ਜ਼ੋਰ ਇਸੇ ਦਾਅ ਨਾਲ ਸਾਂਝੀ ਸਰਕਾਰ ਤੋੜਨ ਤੇ ਭਾਜਪਾ ਸਰਕਾਰ ਬਣਾਉਣ ਲਈ ਲਾਇਆ ਪਿਆ ਹੈ। ਜਦੋਂ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਭਾਜਪਾ ਨਾਲ ਜੁੜ ਕੇ ਉਸ ਦੀ ਸਰਕਾਰ ਵਿੱਚ ਅੱਧੀ ਰਾਤ ਉੱਪ ਮੁੱਖ ਮੰਤਰੀ ਬਣ ਗਿਆ ਤਾਂ ਬਹੱਤਰ ਘੰਟਿਆਂ ਦੇ ਰਾਜ ਦੌਰਾਨ ਭਾਜਪਾ ਨੇ ਉਸ ਦੇ ਖਿਲਾਫ ਆਪਣੀ ਇਸ ਤੋਂ ਪਿਛਲੀ ਸਰਕਾਰ ਦੌਰਾਨ ਖੁਦ ਬਣਵਾਏ ਨੌਂ ਸੰਗੀਨ ਕੇਸ ਇੱਕੋ ਝਟਕੇ ਨਾਲ ਰੱਦ ਕਰ ਦਿੱਤੇ ਸਨ। ਅੱਜਕੱਲ੍ਹ ਉਧਵ ਠਾਕਰੇ ਦੀ ਸਰਕਾਰ ਵਿੱਚੋਂ ਮੱਛੀ ਵਾਂਗ ਕੁੰਡੀ ਪਾ ਕੇ ਖਿੱਚਣ ਲਈ ਓਸੇ ਅਜੀਤ ਪਵਾਰ ਉੱਤੇ ਫਿਰ ਉਹੋ ਜਿਹੇ ਕੇਸ ਬਣਾਏ ਜਾ ਰਹੇ ਹਨ ਅਤੇ ਇਸ ਵਾਰੀ ਉਸ ਦੀ ਪਤਨੀ ਨੂੰ ਵੀ ਉਲਝਾਇਆ ਜਾ ਰਿਹਾ ਹੈ।
ਭਾਜਪਾ ਲੀਡਰ ਮੂੰਹੋਂ ਨਹੀਂ ਕਹਿੰਦੇ, ਪਰ ਕਨਸੋਆਂ ਮਿਲ ਰਹੀਆਂ ਹਨ ਕਿ ਪੰਜਾਬ ਦੀ ਰਾਜਨੀਤੀ ਦੇ ਦੋਵਾਂ ਮੁੱਖ ਧੜਿਆਂ, ਕਾਂਗਰਸ ਤੇ ਅਕਾਲੀ ਦਲ ਦੇ ਜਿੰਨੇ ਕੁ ਲੀਡਰਾਂ ਨੂੰ ਉਨ੍ਹਾਂ ਦੀ ਕਾਣ ਦੇ ਕਾਰਨ ਉਨ੍ਹਾਂ ਪਾਰਟੀਆਂ ਦੇ ਨੇਤਾ ਵਰਤਦੇ ਰਹੇ ਸਨ, ਭਾਜਪਾ ਉਨ੍ਹਾਂ ਹੀ ਕਾਣਿਆਂ ਤੱਕ ਪਹੁੰਚ ਕਰਦੀ ਹੋ ਸਕਦੀ ਹੈ। ਸਾਂਝੇ ਪੰਜਾਬ ਦਾ ਉਹ ਹਰਿਆਣਵੀ ਵਿਧਾਇਕ ਪਿਆਰਾ ਰਾਮ ਤਾਂ ਅੱਜ ਦੀ ਰਾਜਨੀਤੀ ਵਿੱਚ ਕਿਸੇ ਨੂੰ ਯਾਦ ਨਹੀਂ, ਜਿਹੜਾ ਧਮਕੀ ਤੋਂ ਡਰਨ ਦੀ ਥਾਂ ਆਪਣੇ ਕੱਪੜਿਆਂ ਦਾ ਝੋਲਾ ਤੇ ਟਾਈਪਿੰਗ ਮਸ਼ੀਨ ਚੁੱਕ ਕੇ ਜੇਲ੍ਹ ਜਾਣ ਲਈ ਤੁਰ ਪਿਆ ਸੀ, ਅਜੋਕੀ ਰਾਜਨੀਤੀ ਦੇ ਧੁਰੰਤਰ ਇਸ ਕਾਣ ਦੇ ਦਬਾਅ ਹੇਠ ਅਗਲੇ ਸਾਲ ਦੀ ਰਾਜਨੀਤੀ ਦਾ ਹਿੱਸਾ ਬਣਨ ਨੂੰ ਤਿਆਰ ਹੁੰਦੇ ਸੁਣੀਂਦੇ ਹਨ। ਸਾਡੀ ਇਹ ਗੱਲ ਅੱਜ ਕਈ ਲੋਕਾਂ ਨੂੰ ਖਾਮ-ਖਿਆਲੀ ਲੱਗ ਸਕਦੀ ਹੈ, ਪਰ ਜਿਹੜੀਆਂ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਹਨ, ਉਨ੍ਹਾਂ ਦਾ ਸਾਰ ਇਹੋ ਹੈ ਕਿ ਭਾਜਪਾ ਅਗਲੇ ਸਾਲ ਕਾਣਿਆਂ ਨੂੰ ਵਰਤਣ ਦਾ ਉਹੋ ਦਾਅ ਵਰਤ ਸਕਦੀ ਹੈ, ਜਿਹੜਾ ਅਕਾਲੀ ਤੇ ਕਾਂਗਰਸੀ ਆਗੂ ਕੁਰਸੀ ਉੱਤੇ ਬਹਿਣ ਅਤੇ ਬੈਠ ਗਏ ਹੋਣ ਤਾਂ ਟਿਕੇ ਰਹਿਣ ਲਈ ਵਰਤਦੇ ਰਹੇ ਹਨ। ਅਸੀਂ ਅਜੇ ਇਹ ਗੱਲ ਨਹੀਂ ਕਹਿ ਸਕਦੇ ਕਿ ਇਹ ਦਾਅ ਯਕੀਨਨ ਚੱਲ ਵੀ ਜਾਵੇਗਾ, ਪਰ ਇਸ ਦੇ ਵਰਤਣ ਦੀਆਂ ਕਨਸੋਆਂ ਫੋਕੀਆਂ ਨਹੀਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ