-ਜਸਵੀਰ ਸ਼ਰਮਾ
ਜਿਵੇਂ ਇਸ ਲੇਖ ਦੇ ਨਾਮ ਤੋਂ ਭਲੀ ਭਾਂਤ ਧੀ ਦੀ ਬਾਬਲ ਨੂੰ ਅਰਜੋਈ ਕਰਦੀ ਦੀ ਝਲਕ ਪੈਂਦੀ ਹੈ ਅਤੇ ਨਾਲ ਦੇ ਨਾਲ ਪੁਰਾਤਨ ਪੰਜਾਬ ਦੀ ਉਹ ਪੁਰਾਣੀ ਤਸਵੀਰ ਅੱਖਾਂ ਅੱਗੇ ਹੂ-ਬ-ਹੂ ਘੰੁਮ ਜਾਂਦੀ ਹੈ ਕਿ ਸਾਡੇ ਪੁਰਖਿਆਂ ਦੇ ਪੁਰਾਤਨ ਪੰਜਾਬ ਵਿੱਚ ਘਰ ਕੱਚੇ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਜ਼ੁਬਾਨਾਂ ਦੇ ਪੱਕੇ ਤੇ ਸੱਚੇ ਹੋਇਆ ਕਰਦੇ ਸਨ। ਇਨ੍ਹਾਂ ਘਰਾਂ ਦੀਆਂ ਨੀਹਾਂ ਚੌੜੀਆਂ ਹੁੰਦੀਆਂ ਸਨ ਤੇ ਇਹ ਘਰ ਅੰਦਰੋਂ ਠੰਢੇ ਹੁੰਦੇ ਸਨ। ਬੇਸ਼ੱਕ ਬਹੁਤ ਘੱਟ ਟਾਂਵੇ-ਟਾਂਵੇ ਘਰ ਕਿਤੇ ਕਤਾਈਂ ਪਿੰਡਾਂ ਵਿੱਚ ਪੱਕੇ ਸਨ, ਪਰ ਸੀ ਬਹੁਤ ਘੱਟ। ਘਰਾਂ ਵਿੱਚ ਸਵਾਣੀਆਂ ਘਰ ਦੀਆਂ ਪੁਰਾਤਨ ਬੀਬੀਆਂ ਨੂੰਹਾਂ ਤੇ ਘਰਾਂ ਦੀਆਂ ਧੀਆਂ ਇਨ੍ਹਾਂ ਕੱਚੇ ਘਰਾਂ ਨੂੰ, ਹੱਥੀਂ ਲਿੱਪ ਪੋਚ ਕੇ ਵਧੀਆ ਰੱਖਦੀਆਂ ਸਨ।
ਪਿੰਡੋਂ ਬਾਹਰ ਵਾਰ ਛੱਪੜਾਂ ਵਿੱਚੋਂ ਲੇਸਦਾਰ ਮਿੱਟੀ ਕੱਢ ਕੇ ਬਾਹਰ ਢੇਲ ਲਾ ਲੈਣੇ, ਜੇ ਛੱਪੜ ਸੁੱਕਾ ਹੋਣਾ ਤਾਂ ਉਸ ਵਿੱਚੋਂ ਵੱਡੇ-ਵੱਡੇ ਡਲੇ, ਜਿਨ੍ਹਾਂ ਨੂੰ ਗੁੰਮੇ ਕਿਹਾ ਜਾਂਦਾ ਸੀ, ਕਹੀਆਂ ਨਾਲ ਪੁੱਟ-ਪੁੱਟ ਕੇ ਛੱਪੜੋਂ ਬਾਹਰ ਢੇਰ ਲਾ ਲੈਣੇ, ਫਿਰ ਉਨ੍ਹਾਂ ਨੂੰ ਬੱਠਲਾਂ ਜਾਂ ਛੋਟੀਆਂ-ਛੋਟੀਆਂ ਟੋਕਰੀਆਂ ਵਿੱਚ ਪਾ ਕੇ ਘਰੀਂ ਢੋਣਾ। ਘਰ ਵਿੱਚ ਘਾਣੀ ਬਣਾ ਕੇ ਉਸ ਵਿੱਚ ਪਾਣੀ, ਪਲੋਂ ਜਾਂ ਗਲੀ ਸੜੀ ਤੂੜੀ ਰਲਾ ਕੇ ਉਸ ਨੂੰ ਲੱਤ ਲਾ-ਲਾ ਕੇ ਲੇਸਦਾਰ ਬਣਾ ਲੈਣਾ। ਕਈ-ਕਈ ਦਿਨ ਆਦਮੀਆਂ ਨੇ ਇਸ ਬਣਾਈ ਹੋਈ ਘਾਣੀ ਨੂੰ ਲੱਤ ਲਾ-ਲਾ ਕੇ ਚੀਕਣੀ ਭਾਵ ਲੇਸਦਾਰ ਬਣਾਈ ਜਾਣਾ। ਜਿਸ ਦਿਨ ਇਸ ਨਾਲ ਕੋਠਿਆਂ ਜਾਂ ਕੰਧਾਂ ਨੂੰ ਲਿਪਣਾ ਹੁੰਦਾ, ਉਸ ਦਿਨ ਲੱਤ ਲਾ ਕੇ ਲੋੜ ਅਨੁਸਾਰ ਕਾਲਾ ਟਰੈਕਟਰ ਦਾ ਕੱਢਿਆ ਤੇਲ ਜਾਂ ਕਿਸੇ ਇੰਜਣ ਦੇ ਕੱਢੇ ਗਏ ਕਾਲੇ ਤੇਲ ਨੂੰ ਘਾਣੀ ਵਿੱਚ ਰਲਾ ਲੈਣਾ ਤਾਂ ਕਿ ਮਿੱਟੀ ਤਿਲਕਣੀ ਹੋ ਕੇ ਮੀਂਹ ਦਾ ਪਾਣੀ ਕੋਠੇ ਦੀ ਛੱਤ ਜਾਂ ਕੰਧ ਉਪਰੋਂ ਤਿਲਕਦਾ ਰਹੇ ਤੇ ਇਹ ਲੱਗੀ ਹੋਈ ਮਿੱਟੀ ਜ਼ਿਆਦਾ ਸਮਾਂ ਕੰਮ ਦੇਵੇ ਭਾਵ ਜਲਦੀ ਦੁਬਾਰਾ ਛੇਤੀ ਕੋਠਿਆਂ ਦੀਆਂ ਚੱਤਾਂ ਕੰਧਾਂ ਕੰਧੋਲੀਆਂ ਆਦਿ ਨੂੰ ਲਿਪਣਾ ਨਾ ਪਵੇ। ਇਹ ਸਾਰਾ ਕੰਮ ਆਪਣੇ ਹੱਥੀਂ ਸਿਆਣੀਆਂ ਸਵਾਣੀਆਂ ਨੂੰਹਾਂ ਅਤੇ ਕੁਆਰੀਆਂ ਧੀਆਂ ਭੈਣਾਂ ਰਲ-ਮਿਲ ਕੇ ਕਰਿਆ ਕਰਦੀਆਂ ਸਨ।
ਇਸੇ ਕਰ ਕੇ ਇਹ ਉਪਰੋਕਤ ਅਖਾਣ ਹੋਂਦ ਵਿੱਚ ਆਇਆ ਕਿ ‘‘ਬਾਬਲਾ ਤੇਰੇ ਘਰ ਤਾਂ ਅਸੀਂ ਇਹ ਕੰਮ ਕੀਤਾ ਹੈ, ਕਿਤੇ ਅਗਲੇ ਘਰ ਵੀ ਇਹ ਕੰਮ ਨਾ ਕਰਨਾ ਪੈ ਜਾਵੇ।” ਭਾਵ ਕੱਚੇ ਘਰ ਵਿੱਚ ਮੈਨੂੰ ਨਾ ਵਿਆਹ ਦੇਵੀਂ। ਕਿਤੇ ਇਹ ਨਾ ਹੋਵੇ ਕਿ ਪੇਕੀਂ ਵੀ ਅਤੇ ਸਹੁਰੀਂ ਵੀ ਮੈਂ ਕੰਧਾਂ ਕੰਧੋਲੀਆਂ ਤੇ ਕੋਠਿਆਂ ਦੀਆਂ ਛੱਤਾਂ ਲਿਪਦੀ ਲਿਪਦੀ ਹੀ ਬੁੱਢੀ ਨਾ ਹੋ ਜਾਵਾਂ। ਇਸ ਕਰ ਕੇ ਹੀ ਧੀ ਵੱਲੋਂ ਬਾਬਲ ਨੂੰ ਇਹ ਜੋਦੜੀ ਵਾਲਾ ਅਖਾਣ ਬਣਿਆ ਸੀ।
ਜਿੱਥੇ ਕੋਠਿਆਂ ਦੀਆਂ ਛੱਤਾਂ ਕੰਧਾਂ-ਕੰਧੋਲੀਆਂ ਨੂੰ ਚਿੱਲ ਚੀਕਣੀ ਛੱਪੜਾਂ ਦੀ ਮਿੱਟੀ ਨਾਲ ਦਿੱਤੀ ਜਾਂਦੀ ਰਹੀ ਹੈ ਉਥੇ ਚੌਕੇ ਚੁੱਲ੍ਹੇ ਨੂੰ ਗੋਹਾ ਤੇ ਲਾਲ ਮਿੱਟੀ ਫੇਰਨ ਦਾ ਰਿਵਾਜ ਵੀ ਉਨ੍ਹਾਂ ਸਮਿਆਂ ਵਿੱਚ ਸਿਖਰਾਂ ਉੱਤੇ ਸੀ। ਚੁੱਲ੍ਹੇ, ਹਾਰੀ ਹਾਰੇ ਚੁਰ ਆਦਿ ਨੂੰ ਪੋਚਾ ਫੇਰ ਕੇ ਚਿੱਟਾ-ਚਿੱਟਾ ਬਣਾ ਕੇ ਰੱਖਣਾ ਇਹ ਵੀ ਸਿਆਣੀਆਂ ਸਵਾਣੀਆਂ ਦੇ ਹਿੱਸੇ ਦਾ ਹੀ ਕੰਮ ਸੀ। ਘਰਾਂ ਦੇ ਚੌਕੇ ਚੁੱਲ੍ਹਿਆਂ ਵਿੱਚ ਬਹੁਤ ਹੀ ਸੁੱਚਮ ਰੱਖੀ ਜਾਂਦੀ ਰਹੀ ਹੈ, ਨੰਗੇ ਪੈਰੀਂ ਚੌਕੇ ਵਿੱਚ ਆਉਣਾ ਜਿਸ ਦੇ ਇੱਕ ਪਾਸੇ ਠੰਢੇ ਪਾਣੀ ਵਾਲੇ ਘੜਿਆਂ ਨੂੰ ਸਜਾ ਕੇ ਰੱਖਿਆ ਜਾਂਦਾ ਸੀ। ਫਰਿਜਾਂ ਦੇ ਪਾਣੀ ਪੀਣ ਦਾ ਬਿਲਕੁਲ ਰਿਵਾਜ ਨਹੀਂ ਸੀ। ਘੜਿਆਂ ਉਪਰ ਗਿੱਲਾ ਕਰ ਕੇ ਕੱਪੜਾ ਜਾਂ ਗਿੱਲੀ ਟਾਟ ਵਾਲੀ ਬੋਲੀ ਚੰਗੀ ਤਰ੍ਹਾਂ ਧੋ ਕੇ ਭਿਉਂ ਕੇ ਪਾ ਦੇਣੀ ਤਾਂ ਕਿ ਪਾਣੀ ਠੰਢਾ ਰਹੇ। ਇਹ ਪਾਣੀ ਸਿਹਤ ਲਈ ਬਹੁਤ ਵਧੀਆ ਸੀ। ਉਨ੍ਹਾਂ ਸਮਿਆਂ ਵਿੱਚ ਤਾਂ ਕੋਈ ਜ਼ਿਆਦਾ ਬਿਮਾਰੀਆਂ ਲੱਗਣ ਦਾ ਡਰ ਵੀ ਨਹੀਂ ਸੀ, ਕਿਉਂਕਿ ਆਰਗੈਨਿਕ ਖੇਤੀ ਕਰਨ ਕਰ ਕੇ ਵਧੀਆ ਖੁਰਾਕ ਖਾਲਸ ਦੁੱਧ ਪੀਣ ਕਰ ਕੇ ਕਦੇ ਵੀ ਕਿਸੇ ਨੂੰ ਕੋਈ ਭਿਆਨਕ ਬਿਮਾਰੀ ਲੱਗਦੀ ਨਹੀਂ ਸੀ। ਸਿਰ ਦਰਦ, ਜ਼ੁਕਾਮ ਨਜ਼ਲਾ, ਬੁਖਾਰ ਇਹ ਨਾਰਮਲ ਗੱਲਾਂ ਸਨ। ਜਿਸ ਨੂੰ ਇਹ ਸ਼ਿਕਾਇਤ ਹੋਣੀ, ਮਲੱਠੀ, ਬਨਕਸ਼ਾ, ਵੱਡੀ ਇਲਾਇਚੀ ਆਦਿ ਰਗੜ ਕੇ ਹਰ ਸਿਆਣੀ ਸਵਾਣੀ ਘਰ ਵਿੱਚ ਰੱਖਦੀ। ਲੋੜ ਪੈਣ ਉੱਤੇ ਇਹ ਦੇ ਦੇਣਾ ਤੇ ਸਭ ਕੁਝ ਠੀਕ। ਜੇ ਕਿਸੇ ਛੋਟੇ ਬੱਚੇ ਨੂੰ ਕੋਈ ਮਾੜਾ ਮੋਟਾ ਬੁਖਾਰ ਹੋਣਾ ਤਾਂ ਉਸ ਨੂੰ ਵੀ ਇਹ ਦੁਸ਼ਾਂਦਾ ਦੇ ਕੇ ਕਹਿਣਾ ਕਿ ਮਿੱਟੀ ਵਿੱਚ ਲਿਟੋ ਤਾਂ ਕਿ ਦੁਬਾਰਾ ਬੁਖਾਰ ਚੜ੍ਹੇ ਹੀ ਨਾ। ਇਹ ਬਿਲਕੁਲ ਹਕੀਕੀ ਗੱਲਾਂ ਨੇ ਤੇ ਦਾਸ ਨੇ ਖੁਦ ਹੰਢਾਈਆਂ ਹਨ। ਇਹ ਸਮੇਂ ਰਹੇ ਹਨ ਪੰਜਾਬ ਵਿੱਚ। ਕੋਠਿਆਂ ਦੀਆਂ ਛੱਤਾਂ ਲਿੱਪਣ ਲਈ ਬਹੁਤ ਤਜਰਬੇ ਵਾਲੀ ਸਵਾਣੀ ਦੀ ਲੋੜ ਹੁੰਦੀ ਸੀ ਕਿਉਂਕਿ ਪਰਨਾਲੇ ਵਾਲੇ ਪਾਸੇ ਢਲਾਣ ਕਰਨ ਦੀ ਕਲਾ ਹਰ ਕਿਸੇ ਕੋਲ ਨਹੀਂ ਸੀ ਹੁੰਦੀ। ਤਜਰਬੇ ਵਾਲੀ ਸਵਾਣੀ ਹੀ ਇਹ ਕਾਰਜ ਕਰਿਆ ਕਰਦੀ ਸੀ ਤੇ ਸਾਰੇ ਪਿੰਡ ਵਿੱਚ ਹੀ ਇਹੋ ਜਿਹੇ ਸਮੇਂ ਉਸੇ ਸਵਾਣੀ ਨੂੰ ਬੁਲਾਇਆ ਜਾਂਦਾ ਰਿਹਾ ਹੈ। ਸਮੇਂ-ਸਮੇਂ ਦੀ ਗੱਲ ਹੈ। ਅੱਜਕੱਲ੍ਹ ਤਾਂ ਪਿੰਡਾਂ ਸ਼ਹਿਰਾਂ ਵਿੱਚ ਕਿਧਰੇ ਕੱਚੇ ਘਰ ਹੀ ਨਹੀਂ ਰਹੇ। ਇਹ ਗੱਲਾਂ ਸਭ ਬੀਤੇ ਦੀਆਂ ਹੋ ਕੇ ਰਹਿ ਗਈਆਂ ਹਨ।