Welcome to Canadian Punjabi Post
Follow us on

25

September 2021
 
ਨਜਰਰੀਆ

ਇੰਝ ਦਿੱਤੀ ਪਿਤਾ ਜੀ ਨੂੰ ਖੁਸ਼ੀ

July 02, 2021 09:01 AM

-ਨਵਦੀਪ ਸਿੰਘ ਭਾਟੀਆ
ਜਦੋਂ ਮੈਂ ਹੋਸ਼ ਸੰਭਾਲੀ ਤਾਂ ਘਰ ਵਿੱਚ ਮੰਮੀ-ਡੈਡੀ ਤੋਂ ਬਿਨਾ ਦਾਦੀ ਮਾਂ ਨੂੰ ਵੇਖਿਆ ਸੀ। ਮੇਰੇ ਦਾਦੀ ਜੀ ਬਿਲਕੁਲ ਉਸੇ ਤਰ੍ਹਾਂ ਸਨ, ਜਿਵੇਂ ਖੁਸ਼ਵੰਤ ਸਿੰਘ ਵੱਲੋਂ ਇੱਕ ਲੇਖ ਵਿੱਚ ਆਪਣੇ ਦਾਦੀ ਦਾ ਚਿਤਰਨ ਪੇਸ਼ ਕੀਤਾ ਗਿਆ ਹੈ। ਮੇਰੇ ਦਾਦੀ ਦੇ ਕੁੱਬ ਪਿਆ ਹੋਇਆ ਸੀ। ਇਹ ਕੁੱਬ ਬਿਰਧ ਅਵਸਥਾ ਕਰ ਕੇ ਨਹੀਂ, ਸਗੋਂ ਗਲੀ ਵਿੱਚ ਤੁਰਦੇ ਕੋਈ ਸਕੂਟਰ ਵੱਲੋਂ ਉਨ੍ਹਾਂ ਨੂੰ ਫੇਟ ਮਾਰਨ ਕਾਰਨ ਪਿਆ ਸੀ। ਬੜਾ ਇਲਾਜ ਕਰਾਇਆ, ਪਰ ਉਹ ਠੀਕ ਨਾ ਹੋਏ। ਅੰਤ ਉਨ੍ਹਾਂ ਨੂੰ ਸੋਟੀ ਦੇ ਸਹਾਰੇ ਤੁਰਨਾ ਪਿਆ। ਮੇਰੇ ਦਾਦੀ ਜੀ ਬੜੀ ਧਾਰਮਿਕ ਬਿਰਤੀ ਵਾਲੇ ਸਨ। ਉਹ ਹਮੇਸ਼ਾ ਮਾਲਾ ਫੇਰਦੇ ਰਹਿੰਦੇ ਸਨ।
ਮੈਂ ਉਨ੍ਹਾਂ ਨੂੰ ਅਕਸਰ ਚਿੱਟੀ ਕੱਪੜਿਆਂ ਵਿੱਚ ਵੇਖਿਆ ਸੀ। ਉਹ ਬੜੇ ਸ਼ਾਂਤ ਸੁਭਾਅ ਦੇ ਸਨ। ਮੈਂ ਦਾਦੀ ਤੇ ਆਪਣੀ ਮਾਤਾ ਨੂੰ ਆਪਸ ਵਿੱਚ ਕਦੇ ਲੜਦੇ ਨਹੀਂ ਵੇਖਿਆ। ਮੇਰੇ ਦਾਦਾ ਜੀ ਸਰਕਾਰੀ ਟੀਚਰ ਸਨ, ਜੋ ਮੇਰੇ ਜਨਮ ਤੋਂ ਪਹਿਲਾਂ ਹੀ ਸਵਰਗਵਾਸ ਹੋ ਗਏ ਸਨ। ਸਾਡੇ ਘਰ ਨੂੰ ‘ਮਾਸਟਰਾਂ ਦਾ ਘਰ’ ਨਾਂਅ ਨਾਲ ਜਾਣਿਆ ਜਾਂਦਾ ਸੀ। ਮੇਰੇ ਪਿਤਾ ਜੀ, ਦਾਦਾ ਜੀ ਬਾਰੇ ਗੱਲਾਂ ਸੁਣਾਇਆ ਕਰਦੇ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਕਿਸੇ ਪਿੰਡ ਵਿੱਚ ਨੌਕਰੀ ਕਰਦੇ ਸਨ। ਵੰਡ ਤੋਂ ਬਾਅਦ ਉਨ੍ਹਾਂ ਨੂੰ ਖੰਨਾ ਸ਼ਹਿਰ ਵਿੱਚ ਇੱਕ ਮਕਾਨ ਅਲਾਟ ਹੋਇਆ ਸੀ।
ਪਾਕਿਸਤਾਨ ਵਿੱਚ ਸਰਕਾਰੀ ਨੌਕਰੀ ਦੇ ਹਿਸਾਬ ਨਾਲ ਉਨ੍ਹਾਂ ਨੂੰ ਇੱਥੇ ਸਰਕਾਰੀ ਟੀਚਰ ਦੀ ਨੌਕਰੀ ਮਿਲ ਗਈ। ਉਨ੍ਹਾਂ ਨੇ ਲੰਬਾ ਸਮਾਂ ਖੰਨਾ ਸ਼ਹਿਰ ਦੇ ਨੇੜੇ ਹਰਿਉਂ ਕਲਾਂ ਪਿੰਡ ਵਿਖੇ ਨੌਕਰੀ ਕੀਤੀ ਅਤੇ ਉਥੋਂ ਰਿਟਾਇਰ ਹੋਏ। ਸ਼ਹਿਰ ਤੋਂ ਪਿੰਡ ਦੇ ਸਕੂਲ ਨੂੰ ਪੈਦਲ ਆਇਆ-ਜਾਇਆ ਕਰਦੇ ਸਨ। ਪਿਤਾ ਜੀ ਦੇ ਦੱਸਣ ਮੁਤਾਬਕ ਉਹ ਬੜੇ ਸਾਦੇ ਰਹਿੰਦੇ ਸਨ। ਮੇਰੇ ਪਿਤਾ ਜੀ ਸਭ ਤੋਂ ਛੋਟੇ ਸਨ ਜਿਸ ਕਾਰਨ ਦਾਦਾ ਜੀ ਨਾਲ ਉਨ੍ਹਾਂ ਦਾ ਲਗਾਅ ਵੱਧ ਸੀ। ਮੇਰੇ ਦੋਵੇਂ ਤਾਏ ਵਿਆਹੇ-ਵਰ੍ਹੇ ਸਨ। ਸੰਨ 1966 ਵਿੱਚ ਮੇਰੇ ਦਾਦਾ ਜੀ ਰੱਬ ਨੂੰ ਪਿਆਰੇ ਹੋ ਗਏ। ਉਦੋਂ ਪਿਤਾ ਜੀ ਦਾ ਵਿਆਹ ਨਹੀਂ ਸੀ ਹੋਇਆ।
ਮੇਰੇ ਪਿਤਾ ਜੀ ਡਾਕਖਾਨੇ ਤੋਂ ਪੋਸਟ ਮਾਸਟਰ ਅਤੇ ਤਾਇਆ ਭਗਵੰਤ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਅਕਾਊਂਟ ਅਫਸਰ ਸੇਵਾਮੁਕਤ ਹੋਏ ਸਨ। ਵੱਡੇ ਤਾਇਆ ਗੁਰਦਿਆਲ ਸਿੰਘ ਜੀ ਬਿਜਲੀ ਬੋਰਡ ਵਿੱਚ ਸਨ, ਜੋ ਸੇਵਾਮੁਕਤੀ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ। ਮੇਰੇ ਪਿਤਾ ਜੀ ਮੈਨੂੰ ਦੱਸਿਆ ਕਰਦੇ ਸਨ ਕਿ ਤੇਰੇ ਦਾਦਾ ਜੀ ਦੀ ਖਾਹਿਸ਼ ਸੀ ਕਿ ਉਨ੍ਹਾਂ ਦਾ ਕੋਈ ਬੱਚਾ ਅਧਿਆਪਕ ਬਣੇ, ਪਰ ਉਨ੍ਹਾਂ ਦੇ ਬੇਟਿਆਂ ਨੇ ਅਧਿਆਪਕ ਦੀ ਨੌਕਰੀ ਕਰਨ ਦੀ ਥਾਂ ਹੋਰ ਵਿਭਾਗਾਂ ਨੂੰ ਚੁਣਿਆ ਸੀ। ਮੈਂ ਆਪਣੇ ਪਿਤਾ ਜੀ ਦੀਆਂ ਗੱਲਾਂ ਸੁਣਦਾ ਰਹਿੰਦਾ। ਮੇਰੇ ਅੰਦਰ ਦਾਦਾ ਜੀ ਦੀ ਖਾਹਿਸ਼ ਨੂੰ ਪੂਰਾ ਕਰਨ ਦਾ ਸੰਕਲਪ ਸੀ। ਮੈਂ 1997 ਵਿੱਚ ਬਤੌਰ ਸਰਕਾਰੀ ਐੱਸ ਐੱਸ ਮਾਸਟਰ ਨਿਯੁਕਤ ਹੋਇਆ ਤੇ ਪ੍ਰਮੋਟ ਹੋ ਕੇ ਪਿਛਲੇ ਤੇਰ੍ਹਾਂ ਸਾਲ ਤੋਂ ਅੰਗਰੇਜ਼ੀ ਲੈਕਚਰਾਰ ਦੀ ਸੇਵਾ ਨਿਭਾ ਰਿਹਾ ਹਾਂ। ਮੇਰੇ ਵੱਡੇ ਤਾਇਆ ਗੁਰਦਿਆਲ ਸਿੰਘ ਭਾਟੀਆ ਦੀਆਂ ਦੋ ਬੇਟੀਆਂ ਤੇ ਦੋ ਜਵਾਈ ਅਤੇ ਇੱਕ ਬੇਟਾ ਸਰਕਾਰੀ ਨੌਕਰੀ ਕਰਦੇ ਹਨ। ਇਸ ਤੋਂ ਇਲਾਵਾ ਮੇਰੇ ਤਾਇਆ ਭਗਵੰਤ ਸਿੰਘ ਭਾਟੀਆ ਦੀਆਂ ਦੋ ਬੇਟੀਆਂ, ਦੋ ਜਵਾਈ ਤੇ ਇੱਕ ਬੇਟਾ ਤੇ ਇੱਕ ਨੂੰਹ ਸਰਕਾਰੀ ਨੌਕਰੀ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਮੇਰੀ ਪਤਨੀ ਵੀ ਸਰਕਾਰੀ ਅਧਿਆਪਕ ਹੈ। ਵਿਸ਼ੇਸ਼ ਤੌਰ ਉੱਤੇ ਇਨ੍ਹਾਂ ਨੌਂ ਸਰਕਾਰੀ ਨੌਕਰੀਆਂ ਵਿੱਚੋਂ ਛੇ ਮੈਂਬਰ ਸਰਕਾਰੀ ਟੀਚਰ ਹਨ। ਇਸ ਸਭ ਪਿੱਛੇ ਸਾਡੇ ਦਾਦਾ ਹਰਨਾਮ ਸਿੰਘ ਭਾਟੀਆ ਦਾ ਅਸ਼ੀਰਵਾਦ ਹੈ। ਅੱਜ ਜੇ ਉਹ ਜਿਊਂਦੇ ਹੁੰਦੇ ਤਾਂ ਬਹੁਤ ਖੁਸ਼ ਹੁੰਦੇ।
ਅੱਜ ਤੋਂ ਦਸ ਸਾਲ ਪਹਿਲਾਂ ਮੈਂ ਆਪਣੇ ਮਾਤਾ-ਪਿਤਾ ਕੋਲ ਬੈਠਾ ਸਾਂ ਤਾਂ ਮਾਤਾ ਜੀ ਇੱਕ ਐਲੂਮੀਨੀਅਮ ਦਾ ਡੱਬਾ ਲੈ ਕੇ ਆਏ। ਉਸ ਵਿੱਚ ਪੁਰਾਣੀਆਂ ਬਲੈਕ ਐਂਡ ਵ੍ਹਾਈਟ ਫੋਟੋ ਸਨ। ਉਸ ਵਿੱਚ ਮੰਮੀ-ਡੈਡੀ ਦੇ ਵਿਆਹ ਦੀਆਂ ਤੇ ਸਾਡੇ ਦੋਵੇਂ ਭਰਾਵਾਂ ਦੇ ਬਚਪਨ ਦੀਆਂ ਫੋਟੋ ਸਨ। ਮੰਮੀ-ਡੈਡੀ ਦੇ ਵਿਆਹ ਦੀ ਫੋਟੋ ਵਿੱਚ ਮੇਰੇ ਦਾਦੀ ਜੀ ਵੀ ਬੈਠੇ ਨਜ਼ਰ ਆਏ ਜਿਨ੍ਹਾਂ ਨੂੰ ਮੈਂ ਛੇਵੀਂ ਜਮਾਤ ਤੱਕ ਦੇਖਿਆ ਸੀ। ਡੈਡੀ ਨੇ ਦਾਦਾ ਜੀ ਬਾਰੇ ਕਈ ਗੱਲਾਂ ਸੁਣਾਈਆਂ ਸਨ, ਪਰ ਮੈਂ ਉਨ੍ਹਾਂ ਦੀ ਫੋਟੋ ਵੇਖਣ ਨੂੰ ਤਰਸ ਰਿਹਾ ਸੀ। ਅਚਾਨਕ ਉਸ ਡੱਬੇ ਦੇ ਇੱਕ ਖੂੰਜੇ ਵਿੱਚ ਇੱਕ ਪਾਸਪੋਰਟ ਸਾਈਜ਼ ਦੀ ਫੋਟੋ ਮਿਲ ਗਈ।
ਚਿੱਟੀ ਦਾੜ੍ਹੀ ਵਿੱਚ ਫੋਟੋ ਮੇਰੇ ਦਾਦਾ ਜੀ ਦੀ ਸੀ। ਫੋਟੋ ਪੁਰਾਣੀ ਹੋ ਚੁੱਕੀ ਸੀ। ਉਨ੍ਹਾਂ ਦੀ ਚਿੱਟੀ ਦਾੜ੍ਹੀ ਦੇ ਹੇਠਲੇ ਪਾਸੇ ਥੋੜ੍ਹੀ ਜਿਹੀ ਸਿਆਹੀ ਦੇ ਨਿਸ਼ਾਨ ਸਨ। ਪਿਤਾ ਜੀ ਵੇਖ ਕੇ ਉਦਾਸ ਹੋ ਗਏ ਕਿ ਫੋਟੋ ਮਿਲੀ, ਪਰ ਕਲੀਅਰ ਨਹੀਂ। ਮੈਂ ਪਿਤਾ ਜੀ ਦੀਆਂ ਭਾਵਨਾਵਾਂ ਨੂੰ ਸਮਝ ਗਿਆ। ਮੈਂ ਸੋਚਿਆ ਕਿ ਮੇਰੇ ਮਾਂ-ਪਿਓ ਨੇ ਮੇਰੇ ਲਈ ਇੰਨਾ ਕੁਝ ਕੀਤਾ ਹੈ, ਮੈਨੂੰ ਪੜ੍ਹਾ-ਲਿਖਾ ਕੇ ਪੈਰਾਂ ਉੱਤੇ ਖੜ੍ਹੇ ਹੋਣ ਜੋਗਾ ਕੀਤਾ ਹੈ, ਮੈਨੂੰ ਹਰ ਤਰੀਕੇ ਦੀ ਸੁੱਖ-ਸਹੂਲਤ ਦਿੱਤੀ ਹੈ। ਮੇਰੀ ਅੰਤਰ-ਆਤਮਾ ਤੋਂ ਆਵਾਜ਼ ਆਈ ਕਿ ਤੂੰ ਕੁਝ ਅਜਿਹਾ ਕਰ ਜਿਸ ਨਾਲ ਤੇਰੇ ਪਿਤਾ ਜੀ ਖੁਸ਼ ਹੋ ਜਾਣ। ਅਗਲੇ ਦਿਨ ਮੈਂ ਬਿਨਾਂ ਪੁੱਛੇ ਚੋਰੀ-ਚੋਰੀ ਅਲਮਾਰੀ ਵਿੱਚੋਂ ਡੱਬਾ ਕੱਢ ਕੇ ਆਪਣੇ ਦਾਦਾ ਜੀ ਦੀ ਫੋਟੋ ਜੇਬ ਵਿੱਚ ਪਾ ਲਈ।
ਮੇਰੇ ਇੱਕ ਖਾਸ ਮਿੱਤਰ ਦਾ ਫੋਟੋ ਸਟੂਡੀਓ ਸੀ। ਮੈਂ ਫੋਟੋ ਵਿਖਾਈ ਤੇ ਪੁੱਛਿਆ ਕਿ ਕੀ ਦਾੜ੍ਹੀ ਤੋਂ ਸਿਆਹੀ ਦਾ ਧੱਬਾ ਮਿਟ ਸਕਦਾ ਹੈ। ਉਸ ਨੇ ਕਿਹਾ, ‘‘ਘਬਰਾ ਨਾ ਮਿੱਤਰ! ਅੱਜ ਦੇ ਕੰਪਿਊਟਰ ਯੁੱਗ ਵਿੱਚ ਸੁਭ ਕੁਝ ਸੰਭਵ ਹੈ। ਫੋਟੋ ਤੋਂ ਦਾਗ ਵੀ ਮਿਟ ਸਕਦਾ ਹੈ ਅਤੇ ਫੋਟੋ ਵੱਡੀ ਹੋ ਸਕਦੀ ਹੈ।” ਮੈਂ ਉਸ ਨੂੰ ਕਿਹਾ, ‘‘ਫਿਰ ਇਹ ਕੰਮ ਕਰ ਦੇ।” ਦਸ ਕੁ ਦਿਨਾਂ ਬਾਅਦ ਮੈਨੂੰ ਉਸ ਦਾ ਫੋਨ ਆਇਆ ਕਿ ਫੋਟੋ ਤਿਆਰ ਹੈ। ਉਸ ਨੇ ਬੜੀ ਮਿਹਨਤ ਨਾਲ ਫੋਟੋ ਵੱਡੀ ਕਰ ਕੇ ਫਰੇਮ ਵਿੱਚ ਜੜ੍ਹ ਦਿੱਤੀ। ਫੋਟੋ ਵਿੱਚ ਸਿਆਹੀ ਵਾਲਾ ਦਾਗ ਇਕਦਮ ਸਾਫ ਹੋ ਚੁੱਕਾ ਸੀ। ਮੰਮੀ-ਡੈਡੀ ਤੋਂ ਨਜ਼ਰ ਬਚਾ ਕੇ ਮੈਂ ਫੋਟੋ ਫਰੇਮ ਬਾਹਰਲੇ ਕਮਰੇ ਦੀ ਕੰਧ ਉੱਤੇ ਟੰਗ ਦਿੱਤਾ। ਪਿਤਾ ਜੀ ਉਸ ਕਮਰੇ ਵਿੱਚ ਗਏ ਤਾਂ ਦਾਦਾ ਜੀ ਦੀ ਕਲੀਅਰ ਫੋਟੋ ਵੇਖ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਨ੍ਹਾਂ ਨੂੰ ਚਿੱਤ-ਚੇਤਾ ਨਹੀਂ ਸੀ ਕਿ ਉਨ੍ਹਾਂ ਦੇ ਪਿਤਾ ਦੀ ਫੋਟੋ ਇੰਝ ਫਰੇਮ ਵਿੱਚ ਜੜੀ ਵੱਡੇ ਆਕਾਰ ਵਿੱਚ ਮਿਲੇਗੀ। ਮੇਰੇ ਪਿਤਾ ਜੀ ਕਿੰਨਾ ਚਿਰ ਦਾਦਾ ਜੀ ਦੀ ਫੋਟੋ ਨੂੰ ਨਿਹਾਰਦੇ ਰਹੇ। ਉਨ੍ਹਾਂ ਦੇ ਚਿਹਰੇ ਉੱਤੇ ਇੱਕ ਖੁਸ਼ੀ ਦੀ ਚਮਕ ਸੀ ਅਤੇ ਮੇਰੇ ਮਨ ਅੰਦਰ ਇੱਕ ਵੱਖਰਾ ਜਿਹਾ ਸਕੂਨ ਸੀ ਕਿ ਮੈਂ ਆਪਣੀ ਕੋਸ਼ਿਸ਼ ਸਦਕਾ ਆਪਣੇ ਪਿਤਾ ਨੂੰ ਖੁਸ਼ ਕਰ ਸਕਿਆ।

 
Have something to say? Post your comment