Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਨਜਰਰੀਆ

ਖ਼ੁਸ਼ੀ ਦਾ ਮੰਤਰ

April 16, 2021 08:20 AM

-ਗੁਰਸ਼ਰਨ ਸਿੰਘ ਕੁਮਾਰ
ਖੁਸ਼ ਰਹਿਣਾ ਹਰ ਮਨੁੱਖ ਦੀ ਅਭਿਲਾਸ਼ਾ ਹੁੰਦੀ ਹੈ ਤਾਂ ਕਿ ਉਹ ਸ਼ਾਂਤੀ ਪੂਰਵਕ ਜ਼ਿੰਦਗੀ ਬਸਰ ਕਰ ਸਕੇ। ਕਈ ਮਨੁੱਖ ਦੁਨਿਆਵੀ ਪਾਦਰਥਾਂ ਵਿੱਚੋਂ ਸੁੱਖ ਭਾਲਦੇ ਹਨ, ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਹੁੰਦੀਆਂ ਹਨ। ਇਸ ਲਈ ਉਹ ਸਮਾਜਿਕ, ਆਰਥਿਕ ਤੌਰ ਉੱਤੇ ਉਚਾ ਉਠਣਾ ਚਾਹੁੰਦੇ ਹਨ, ਤਾਂ ਕਿ ਉਹ ਦੂਜਿਆਂ ਦੀ ਨਜ਼ਰ ਵਿੱਚ ਜਾਣੇ-ਪਛਾਣੇ ਅਤੇ ਸਨਮਾਨੇ ਜਾ ਸਕਣ ਅਤੇ ਦੁਨੀਆ ਉੱਤੇ ਉਨ੍ਹਾਂ ਦਾ ਨਾਮ ਹੋਵੇ। ਇਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ, ਪਰ ਇਹ ਖ਼ੁਸ਼ੀ ਸਦੀਵੀ ਨਹੀਂ ਹੁੰਦੀ। ਉਪਰੋਕਤ ਪਦਾਰਥਾਂ ਤੇ ਅਹੁਦਿਆਂ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਤਣਾਅ ਵਿੱਚ ਰਹਿ ਕੇ ਯਤਨ ਕਰਨੇ ਪੈਂਦੇ ਹਨ। ਇਸ ਲਈ ਉਨ੍ਹਾਂ ਦੀ ਅੰਦਰੂਨੀ ਖ਼ੁਸ਼ੀ ਰਫੂ ਚੱਕਰ ਹੋ ਜਾਂਦੀ ਹੈ। ਬੇਸ਼ੱਕ ਉਹ ਉਪਰ ਉਠਦੇ ਹਨ, ਪਰ ਉਹ ਉਚਾਈ ਕਿਸ ਕੰਮ ਦੀ, ਜਿਸ ਤੋਂ ਆਪਣੇ ਲੋਕ ਹੀ ਨਜ਼ਰ ਨਾ ਆਉਣ। ਦੁਨਿਆਵੀ ਪਦਾਰਥ ਇਕੱਠੇ ਕਰਨ ਲਈ ਕਈ ਵਾਰੀ ਮਨੁੱਖ ਗ਼ਲਤ ਕੰਮ ਵੀ ਕਰ ਬੈਠਦਾ ਹੈ। ਉਹ ਦੂਜੇ ਦਾ ਹੱਕ ਮਾਰ ਬੈਠੇ ਤਾਂ ਕਾਨੂੰਨ ਦੀ ਸ਼ਿਕੰਜੇ ਵਿੱਚ ਫਸਣ ਦਾ ਡਰ ਹੁੰਦਾ ਹੈ। ਹਰ ਗੁਨਾਹ ਦਾ ਮਨ ਉੱਤੇ ਭਾਰ ਹੁੰਦਾ ਹੈ। ਉਸ ਦੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਅਤੇ ਖ਼ੁਸ਼ੀ ਕਾਫੂਰ ਹੋ ਜਾਂਦੀ ਹੈ। ਉਹ ਇਨਸਾਨੀਅਤ ਦੇ ਉਲਟ ਕਈ ਪਾਪ ਵੀ ਕਰ ਬੈਠਦਾ ਹੈ। ਉਹ ਸੋਚਦਾ ਹੈ ਕਿ ਮੈਨੂੰ ਕੋਈ ਨਹੀਂ ਦੇਖ ਰਿਹਾ।
ਜਿਉਂ ਜਿਉਂ ਮਨੁੱਖ ਨੂੰ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਉਸ ਅੰਦਰ ਹਊਮੈ ਵੀ ਵਧਦੀ ਜਾਂਦੀ ਹੈ। ਇਸ ਦੇ ਨਾਲ ਕਾਮ, ਕ੍ਰੋਧ, ਲੋਭ ਤੇ ਮੋਹ ਜਿਹੀਆਂ ਅਲਾਮਤਾਂ ਉਸ ਨੂੰ ਘੇਰ ਲੈਂਦੀਆਂ ਹਨ। ਜੇ ਅਸੀਂ ਸੋਚਦੇ ਹਾਂ ਕਿ ਸਾਡੇ ਚੰਗੇ ਕੰਮਾਂ ਦਾ ਫ਼ਲ ਸਾਨੂੰ ਮਿਲੇਗਾ ਤਾਂ ਆਪਣੇ ਮਨ ਵਿੱਚ ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਮਾੜੇ ਕੰਮਾਂ ਦਾ ਫ਼ਲ ਵੀ ਇੱਕ ਦਿਨ ਜ਼ਰੂਰ ਸਾਡੇ ਕੋਲ ਪਰਤ ਕੇ ਆਵੇਗਾ। ਇਸ ਲਈ ਚੰਗਾ ਸੋਚੋ, ਚੰਗਾ ਕਰੋ ਤੇ ਚੰਗਾ ਬੋਲੋ। ਇੱਜ਼ਤ ਕਰੋ ਤੇ ਇੱਜ਼ਤ ਪਾਵੋ। ਦੂਸਰੇ ਪ੍ਰਤੀ ਵਫ਼ਾਦਾਰ ਰਹੋ। ਨਿੰਦਾ ਚੁਗਲੀ ਅਤੇ ਬੇਈਮਾਨੀ ਤੋਂ ਬਚੋ। ਕਰਮਯੋਗੀ ਕਹਿੰਦੇ ਹਨ ਕਿ ਬ੍ਰਹਿਮੰਡ ਵਿੱਚ ਕੋਈ ਵੱਖਰਾ ਸਵਰਗ ਜਾਂ ਨਰਕ ਨਹੀਂ। ਸਵਰਗ ਜਾਂ ਨਰਕ ਇਸ ਧਰਤੀ ਉੱਤੇ ਹੀ ਹੈ। ਸਾਡੇ ਚੰਗੇ ਮਾੜੇ ਕੰਮਾਂ ਦਾ ਹਿਸਾਬ ਨਾਲੋ-ਨਾਲ ਇਸ ਧਰਤੀ ਉੱਤੇ ਹੋ ਜਾਂਦਾ ਹੈ। ਇਸ ਲਈ ਕੋਈ ਕੰਮ ਕਰਨ ਲੱਗੇ ਰੱਬ ਤੇ ਮੌਤ ਨੂੰ ਯਾਦ ਰੱਖੋ। ਭਲੇ ਕੰਮ ਕਰਨਾ ਬਹੁਤ ਚੰਗੀ ਗੱਲ ਹੈ। ਇਸ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ, ਪਰ ਭਲੇ ਦਾ ਕੰਮ ਨਿਸੁਆਰਥ ਹੋ ਕੇ ਕਰਨਾ ਚਾਹੀਦਾ ਹੈ। ਨਿੱਜੀ ਸੁਆਰਥ ਲਈ ਕਿਸੇ ਦੀ ਜੀ ਹਜ਼ੂਰੀ ਕਰਨੀ ਚੰਗੀ ਨਹੀਂ। ਇਸੇ ਲਈ ਕਹਿੰਦੇ ਹਨ: ਨੇਕੀ ਕਰ ਔਰ ਕੂਏਂ ਮੇਂ ਡਾਲ।
ਸਾਡੀਆਂ ਜ਼ਿਆਦਾਂ ਖਾਹਿਸ਼ਾਂ ਸਾਡੀ ਖ਼ੁਸ਼ੀ ਨੂੰ ਲੁੱਟ ਲੈਂਦੀਆਂ ਹਨ। ਇੱਕ ਖਾਹਿਸ਼ ਪੂਰੀ ਹੁੰਦੀ ਹੈ ਤਾਂ ਉਸੇ ਸਮੇਂ ਸਾਡੇ ਅੰਦਰ ਦੋ ਚਾਰ ਹੋਰ ਖਾਹਿਸ਼ਾਂ ਜਨਮ ਲੈ ਲੈਂਦੀਆਂ ਹਨ। ਇਸ ਲਈ ਜ਼ਿੰਦਗੀ ਵਿੱਚ ਜੋ ਮਿਲਿਆ ਹੈ, ਉਸ ਨਾਲ ਸੰਤੁਸ਼ਟ ਰਹਿਣਾ ਸਿੱਖੋ। ਤੁਸੀਂ ਸਾਦੇ ਭੋਜਨ ਅਤੇ ਸਾਧਾਰਨ ਕੱਪੜਿਆਂ ਨਾਲ ਸਹਿਜ ਜ਼ਿੰਦਗੀ ਬਸਰ ਕਰ ਸਕਦੇ ਹੋ। ਜੋ ਭੋਜਨ ਮਿਲ ਜਾਏ, ਉਸ ਨੂੰ ਪਰਮਾਤਮਾ ਦਾ ਪ੍ਰਸ਼ਾਦ ਸਮਝ ਕੇ ਛਕ ਲਉ ਤੇ ਉਸ ਦਾ ਸ਼ੁਕਰਾਨਾ ਕਰੋ। ਪਤਾ ਨਹੀਂ ਕੱਲ੍ਹ ਨੂੰ ਇਹ ਵੀ ਨਸੀਬ ਹੋਵੇ ਜਾਂ ਨਾ। ਜੋ ਜ਼ਿੰਦਗੀ ਤੁਸੀਂ ਅੱਜ ਜੀਅ ਰਹੋ ਹੋ, ਕਈ ਲੋਕ ਇਸ ਨੂੰ ਵੀ ਤਰਸਦੇ ਹਨ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ, ਉਹ ਕਦੋਂ ਰਾਜੇ ਨੂੰ ਰੰਕ ਬਣਾ ਦੇਵੇ ਅਤੇ ਰੰਕ ਨੂੰ ਰਾਜ ਕਰ ਦੇਵੇ। ਜੇ ਕੋਈ ਅਣਹੋਣੀ ਘਟਨਾ ਵਾਪਰ ਜਾਏ ਤਾਂ ਵੀ ਪਰਮਾਤਮਾ ਦੇ ਭਾਣੇ ਵਿੱਚ ਰਹੋ, ਕਿਉਂਕਿ ਉਸ ਦੇ ਹੁਕਮ ਨੂੰ ਨਾ ਤੁਸੀ ਟਾਲ ਸਕਦੇ ਹੋ ਤੇ ਨਾ ਬਦਲ ਸਕਦੇ ਹੋ। ਜੇ ਕਦੀ ਗ਼ਰੀਬੀ ਵੀ ਕੱਟਣੀ ਪੈ ਜਾਵੇ ਤਾਂ ਵੀ ਜ਼ਿੰਦਗੀ ਤੋਂ ਸੰਤੁਸ਼ਟ ਰਹੋ। ਅਧਿਆਪਕ ਹਮੇਸ਼ਾਂ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਸ਼ਕਲ ਇਮਤਿਹਾਨ ਵਿੱਚ ਪਾਉਂਦਾ ਹੈ ਤਾਂ ਕਿ ਉਹ ਹੋਰ ਹੁਸ਼ਿਆਰ ਬਣੇ।
ਦੂਸਰੇ ਕੋਲੋਂ ਕੋਈ ਵਸਤੂ ਲੈਣ ਦੀ ਇੱਛਾ ਮਨ ਵਿੱਚ ਨਾ ਰੱਖੋ। ਕਿਸੇ ਕੋਲੋਂ ਕੋਈ ਚੀਜ਼ ਲੈਣ ਦਾ ਆਨੰਦ ਥੋੜ੍ਹੇ ਸਮੇਂ ਦਾ ਹੁੰਦਾ ਹੈ, ਪਰ ਕਿਸੇ ਨੂੰ ਕੁਝ ਦੇਣ ਦੀ ਖ਼ੁਸ਼ੀ ਲੰਮੇ ਸਮੇਂ ਦੀ ਹੁੰਦੀ ਹੈ। ਇਸ ਲਈ ਤੁਹਾਡਾ ਹੱਥ ਕਿਸੇ ਨੂੰ ਕੁਝ ਦੇਣ ਲਈ ਝੁਕਿਆ ਹੋਣਾ ਚਾਹੀਦਾ ਹੈ। ਹਰ ਮਨੁੱਖ ਆਪਣੇ ਅੰਦਰ ਆਤਮਾ ਲੈ ਕੇ ਪੈਦਾ ਹੁੰਦਾ ਹੈ। ਇਸ ਲਈ ਕੇਵਲ ਇੱਕ ਸਰੀਰ ਬਣ ਕੇ ਨਾ ਜੀਓ, ਸਗੋਂ ਇੱਕ ਸ਼ਖ਼ਸੀਅਤ ਬਣ ਕਿ ਜੀਓ।
ਜੇ ਤੁਸੀਂ ਖ਼ੁਸ਼ ਰਹਿਣਾ ਚਾਹੁੰਦੇ ਹੋ ਤਾਂ ਪਹਿਲਾਂ ਖ਼ੁਦ ਨੂੰ ਸੁਧਾਰੋ। ਆਪਣੀਆਂ ਮਾੜੀਆਂ ਆਦਤਾਂ ਤੁਰੰਤ ਛੱਡ ਦਿਓ ਤੇ ਚੰਗੀਆਂ ਅਪਣਾ ਲਓ। ਤੁਹਾਡੇ ਛੋਟੇ ਛੋਟੇ ਸੁਧਾਰ ਤੁਹਾਡੀ ਜ਼ਿੰਦਗੀ ਵਿੱਚ ਮਹਾਨ ਤਬਦੀਲੀ ਲਿਆ ਸਕਦੇ ਹਨ। ਜੇ ਤੁਹਾਡੇ ਕੋਲੋਂ ਕੋਈ ਗਲਤੀ ਹੋ ਜਾਏ ਤਾਂ ਉਸ ਨੂੰ ਸਵੀਕਾਰ ਕਰਨ ਦਾ ਹੌਂਸਲਾ ਰੱਖੋ। ਜੋ ਮਨੁੱਖ ਗ਼ਲਤੀ ਸਵੀਕਾਰ ਨਹੀਂ ਕਰ ਸਕਦਾ, ਉਹ ਆਪਣਾ ਜੀਵਨ ਨਹੀਂ ਬਦਲ ਸਕਦਾ। ਸਮਾਜ ਵਿੱਚ ਬੰਦਾ ਜਿੰਨਾ ਝੁਕਦਾ ਹੈ, ਉਸ ਦੀ ਸ਼ਖ਼ਸੀਅਤ ਓਨੀ ਉਪਰ ਉਠਦੀ ਹੈ। ਉਹ ਪਿਆਰ ਨਾਲ ਸਾਰੀ ਦੁਨੀਆ ਨੂੰ ਝੁਕਾ ਸਕਦਾ ਹੈ। ਕਿਸੇ ਨੂੰ ਦੁੱਖ ਦੇ ਕੇ ਆਪਣੀ ਖ਼ੁਸ਼ੀ ਦੀ ਦੁਆ ਨਾ ਕਰੋ। ਅਜਿਹੀਆਂ ਦੁਆਵਾਂ ਕਦੀ ਪ੍ਰਵਾਨ ਨਹੀਂ ਹੁੰਦੀਆਂ। ਦੂਜੇ ਦਾ ਹੱਕ ਮਾਰ ਕੇ ਜਾਂ ਕਾਨੂੰਨ ਤੋੜ ਕੇ ਜਾਂ ਫਿਰ ਮਨੁੱਖਤਾ ਦੇ ਧਰਮ ਨੂੰ ਅਣਗੋਲਿਆਂ ਕਰ ਕੇ ਤੁਸੀਂ ਕਦੇ ਖ਼ੁਸ਼ ਨਹੀਂ ਰਹਿ ਸਕਦੇ। ਜੇ ਤੁਸੀਂ ਦੇਸ਼ ਦੇ ਕਾਨੂੰਨ ਅਤੇ ਕੁਦਰਤ ਦੇ ਨਿਯਮਾਂ ਦਾ ਪਾਲਣ ਕਰੋਗੇ ਤਾਂ ਨਿਡਰ ਹੋ ਕੇ ਬਾਦਸ਼ਾਹਾਂ ਦੀ ਤਰ੍ਹਾਂ ਜ਼ਿੰਦਗੀ ਜੀਓਗੇ ਤੇ ਸਦਾ ਖ਼ੁਸ਼ ਰਹੋਗੇ।
ਖ਼ੁਸ਼ੀ ਦਾ ਸਭ ਤੋਂ ਵੱਡਾ ਮੰਤਰ ਮਨ ਦੀ ਸੰਤੁਸ਼ਟੀ ਹੈ। ਕੁਦਰਤ ਨੇ ਜੋ ਤੁਹਾਨੂੰ ਦਿੱਤਾ ਹੈ, ਉਹ ਤੁਹਾਡਾ ਨਸੀਬ ਹੈ। ਜੇ ਤੁਸੀਂ ਆਪਣੇ ਨਸੀਬ ਉੱਤੇ ਖ਼ੁਸ਼ ਰਹੋਗੇ ਤਾਂ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ। ਦੂਸਰਿਆਂ ਦੀ ਦੌਲਤ ਅਤੇ ਰੁਤਬੇ ਨੂੰ ਦੇਖ ਕੇ ਝੂਰਦੇ ਰਹੋਗੇ ਤਾਂ ਤੁਸੀਂ ਕਦੀ ਖ਼ੁਸ਼ ਨਹੀਂ ਰਹੋਗੇ। ਸਬਰ ਕਰੋ। ਜੇ ਤੁਸੀਂ ਆਰਥਿਕ ਤੌਰ ਉੱਤੇ ਖ਼ੁਸ਼ਹਾਲ ਹੋਣਾ ਚਾਹੁੰਦੇ ਹੋ ਤਾਂ ਹੋਰ ਮਿਹਨਤ ਕਰੋ। ਮਿਹਤਨ ਦੇ ਪਸੀਨੇ ਨਾਲ ਤੁਸੀਂ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿੱਚ ਬਦਲ ਸਕਦੇ ਹੋ। ਸਖ਼ਤ ਮਿਹਨਤ ਸਫਲਤਾ ਦੀ ਕੁੰਜੀ ਹੈ। ਹੱਕ ਹਲਾਲ ਦੀ ਕਮਾਈ ਨਾਲ ਧਨ ਕਮਾਉਣ ਵਿੱਚ ਕੋਈ ਬੁਰਾਈ ਨਹੀਂ। ਤੁਹਾਡੇ ਪੈਰ ਧਰਤੀ ਉੱਤੇ ਜੁੜੇ ਹੋਣੇ ਚਾਹੀਦੇ ਹਨ। ਲੋਕ ਕਹਿੰਦੇ ਹਨ ਕਿ ਪਰਮਾਤਮਾ ਨਜ਼ਰ ਨਹੀਂ ਆਉਂਦਾ, ਪਰ ਔਖੇ ਸਮੇਂ ਜਦੋਂ ਸਾਰੇ ਸਾਥ ਛੱਡ ਜਾਂਦੇ ਹਨ ਤਾਂ ਉਸ ਦਾ ਸਹਾਰਾ ਹੀ ਨਜ਼ਰ ਆਉਂਦਾ ਹੈ। ਖ਼ੁਸ਼ੀ ਕੋਈ ਮੁੱਲ ਮਿਲਣ ਵਾਲੀ ਚੀਜ਼ ਨਹੀਂ। ਬਾਹਰੋਂ ਮਿਲਣ ਵਾਲੀ ਖ਼ੁਸ਼ੀ ਥੋੜ੍ਹੇ ਚਿਰ ਦੀ ਹੁੰਦੀ ਹੈ। ਖ਼ੁਸ਼ੀ ਹਾਸਲ ਕਰਨ ਲਈ ਪਹਿਲਾਂ ਦੂਜੇ ਨੂੰ ਖ਼ੁਸ਼ੀ ਦੇਣੀ ਪੈਂਦੀ ਹੈ। ਖ਼ੁਸ਼ੀ ਦੇ ਬੀਜ ਪਹਿਲਾਂ ਦੂਸਰੇ ਦੇ ਦਿਲਾਂ ਵਿੱਚ ਬੀਜਣੇ ਪੈਂਦੇ ਹਨ। ਉਹ ਬੀਜ ਅੰਦਰ ਫੁੱਟਦੇ ਹਨ ਅਤੇ ਸਮਾਂ ਪਾ ਕੇ ਵੱਡੇ ਹੰੁਦੇ ਹਨ। ਫਿਰ ਗੁਲਦਸਤਾ ਬਣ ਕੇ ਤੁਹਾਡੇ ਕੋਲ ਵਾਪਸ ਆਉਂਦੇ ਹਨ।

Have something to say? Post your comment