Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਨਜਰਰੀਆ

ਜਦੋਂ ਮੈਨੂੰ ਕੁੱਟ ਖਾਣੀ ਪਈ

April 15, 2021 12:49 AM

-ਡਾਕਟਰ ਰਣਜੀਤ ਸਿੰਘ
ਆਜ਼ਾਦੀ ਦੇ ਕੁਝ ਸਾਲਾਂ ਪਿੱਛੋਂ ਹੀ ਸਾਰੇ ਪੰਜਾਬ ਵਿੱਚ ਕਮਿਊਨਿਸਟ ਪਾਰਟੀ ਦੇ ਹੱਕ ਵਿੱਚ ਇੱਕ ਲਹਿਰ ਖੜ੍ਹੀ ਹੋ ਗਈ ਸੀ। ਤੇਰਾ ਸਿੰਘ ਚੰਨ ਤੇ ਜੋਗਿੰਦਰ ਬਾਹਰਲੇ ਵੱਲੋਂ ਪਿੰਡਾਂ ਵਿੱਚ ਖੇਡੇ ਜਾ ਰਹੇ ਨਾਟਕ ਇਸ ਦੇ ਸਿਰਜਕ ਸਨ। ਉਨ੍ਹਾਂ ਦਿਨਾਂ ਵਿੱਚ ਤਾਰਿਆਂ ਦੀ ਲੋਅ ਵਿੱਚ ਕਹਾਣੀ ਅਤੇ ਕਵੀ ਦਰਬਾਰ ਹੁੰਦੇ। ਸਾਰੀ-ਸਾਰੀ ਰਾਤ ਨਾਟਕ ਖੇਡੇ ਜਾਂਦੇ। ਇਨ੍ਹਾਂ ਦਾ ਵਿਸ਼ਾ ਵਸਤੂ ਕਿਰਤੀ-ਕਾਮਿਆਂ ਨੂੰ ਕ੍ਰਾਂਤੀ ਲਈ ਤਿਆਰ ਕਰਨਾ ਹੁੰਦਾ। ਬੱਚਿਆਂ ਨੂੰ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆਮ ਸੁਣਿਆ ਜਾਂਦਾ ਸੀ। ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦੀ ਕਾਨਫਰੰਸਾਂ ਦਾ ਆਰੰਭ ਵੀ ਇਸੇ ਪਾਰਟੀ ਨੇ ਕੀਤਾ ਸੀ।
ਇਹ ਸ਼ਾਇਦ 1964 ਦਾ ਸਾਲ ਸੀ। ਮੈਂ ਸੱਤਵੀਂ ਪਾਸ ਕੀਤੀ ਸੀ। ਸ਼ਹੀਦੀ ਦਿਨ 23 ਮਾਰਚ ਨੂੰ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਸਾਹਮਣੇ ਢੋਲ ਵੱਜ ਰਿਹਾ ਸੀ ਅਤੇ ਪਿੰਡ ਦੇ ਕਾਮਰੇਡ ਇਕੱਠੇ ਹੋ ਰਹੇ ਸਨ। ਮੈਂ ਅਤੇ ਮੇਰਾ ਇੱਕ ਦੋਸਤ ਵੀ ਉਥੇ ਪੁੱਜ ਗਏ। ਸਾਡੇ ਹੱਥਾਂ ਵਿੱਚ ਵੀ ਲਾਲ ਝੰਡੀਆਂ ਫੜਾ ਦਿੱਤੀਆਂ ਗਈਆਂ। ਪਤਾ ਲੱਗਾ ਕਿ ਜਥਾ ਭਗਤ ਸਿੰਘ ਹੋਰਾਂ ਦੀ ਸ਼ਹੀਦੀ ਕਾਨਫਰੰਸ ਵੇਖਣ ਜਾ ਰਿਹਾ ਹੈ ਅਤੇ ਸਾਨੂੰ ਵੀ ਨਾਲ ਤੋਰ ਲਿਆ। ਸਾਡਾ ਜਥਾ ਪਹਿਲਾਂ ਬੰਗਾ ਪੁੱਜਿਆ ਤੇ ਉਥੋਂ ਵੱਡੇ ਜਲੂਸ ਦੇ ਰੂਪ ਵਿੱਚ ਖਟਕੜ ਕਲਾਂ ਪੰਡਾਲ ਵਿੱਚ ਪੁੱਜਿਆ। ਇਥੇ ਪਾਣੀ ਤੇ ਚਾਹ ਦਾ ਪ੍ਰਬੰਧ ਸੀ ਜਿਸ ਨਾਲ ਥਕਾਵਟ ਕੁਝ ਦੂਰ ਹੋਈ। ਕਾਨਫਰੰਸ ਸ਼ੁਰੂ ਹੋਈ। ਜਦੋਂ ਜਲਸਾ ਖਤਮ ਹੋਇਆ ਤਾਂ ਵਾਪਸ ਜਾਣ ਨੂੰ ਅਸੀਂ ਆਪਣੇ ਪਿੰਡ ਦੇ ਬੰਦਿਆਂ ਨੂੰ ਲੱਭਣ ਲੱਗ ਪਏ, ਪਰ ਸਾਨੂੰ ਕੋਈ ਨਜ਼ਰ ਨਾ ਆਇਆ। ਸਾਨੂੰ ਹਨੇਰੇ ਵਿੱਚ ਪਿੰਡ ਜਾਣ ਤੋਂ ਡਰ ਲੱਗਦਾ ਸੀ ਕਿਉਂਕਿ ਅਸੀਂ ਰਾਹ ਤੋਂ ਵਾਕਿਫ ਨਹੀਂ ਸਾਂ। ਦੱਸਿਆ ਗਿਆ ਸੀ ਕਿ ਰਾਤ ਨੂੰ ਨਾਟਕ ਖੇਡੇ ਜਾਣੇ ਹਨ। ਅਸੀਂ ਸਲਾਹ ਕੀਤੀ ਕਿ ਰਾਤ ਨਾਟਕ ਵੇਖ ਕੇ ਸਵੇਰੇ ਪਿੰਡ ਜਾਵਾਂਗੇ। ਹੋ ਸਕਦਾ ਹੈ ਕਿ ਸਵੇਰੇ ਪਿੰਡੋਂ ਕੋਈ ਆ ਜਾਵੇ। ਹਨੇਰਾ ਹੋ ਗਿਆ, ਭੁੱਖ ਲੱਗੀ ਹੋਈ ਸੀ। ਕੁਝ ਹੋਰ ਬੰਦੇ ਉਥੇ ਖੜ੍ਹੇ ਸਨ। ਉਨ੍ਹਾਂ ਸਾਨੂੰ ਆਖਿਆ, ‘‘ਆ ਜਾਵੋ ਜੇ ਰੋਟੀ ਖਾਣੀ ਹੈ। ਪਿੰਡ ਵਿੱਚ ਲੰਗਰ ਦਾ ਪ੍ਰਬੰਧ ਹੈ।” ਉਨ੍ਹਾਂ ਦੇ ਨਾਲ ਅਸੀਂ ਜਾ ਕੇ ਲੰਗਰ ਛਕਿਆ। ਮੁੜ ਨਾਟਕ ਵੇਖੇ। ਅੱਧੀ ਕੁ ਰਾਤ ਨਾਟਕ ਖਤਮ ਹੋ ਗਏ। ਥੋੜ੍ਹੀ ਦੂਰ ਕੁਝ ਬੰਦੇ ਧੂਣੀ ਲਾ ਕੇ ਅੱਗ ਬਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਅਸੀਂ ਵੀ ਉਥੇ ਚਲੇ ਗਏ। ਅਸੀਂ ਦੱਸਿਆ ਕਿ ਸਾਨੂੰ ਪਿੰਡ ਦਾ ਰਾਹ ਨਹੀਂ ਆਉਂਦਾ, ਸਵੇਰੇ ਕਿਸੇ ਨਾਲ ਜਾਵਾਂਗੇ। ਅਸੀਂ ਘਰ ਵੀ ਦੱਸ ਕੇ ਨਹੀਂ ਆਏ। ਘਰਦਿਆਂ ਦੇ ਗੁੱਸੇ ਦਾ ਡਰ ਵੀ ਸਤਾਉਣ ਲੱਗ ਪਿਆ। ਅਸੀਂ ਰਾਤ ਧੂਣੀ ਕੋਲ ਬੈਠ ਕੇ ਕੱਟੀ।
ਸਵੇਰੇ ਦਿਨ ਚੜ੍ਹਦਿਆਂ ਹੀ ਮੇਰੇ ਪਿਤਾ ਜੀ ਸਾਨੂੰ ਲੱਭਦੇ ਉਥੇ ਪੁੱਜ ਗਏ। ਕੁੱਟ ਪੈਣ ਦਾ ਡਰ ਬਹੁਤ ਲੱਗ ਰਿਹਾ ਸੀ, ਪਰ ਉਥੇ ਉਨ੍ਹਾਂ ਸਾਨੂੰ ਕੁਝ ਨਾ ਆਖਿਆ ਅਤੇ ਆਪਣੇ ਸਾਈਕਲ ਉਤੇ ਬੈਠਾ ਕੇ ਪਿੰਡ ਲੈ ਆਏ। ਘਰ ਆ ਕੇ ਮੈਂ ਚੁਬਾਰੇ ਚੜ੍ਹਿਆ ਹੀ ਸੀ ਕਿ ਮੇਰੀ ਮਾਂ ਤੇ ਦਾਦੀ ਬੁੱਕਲ ਵਿੱਚ ਲੈ ਕੇ ਰੋਣ ਲੱਗ ਪਈਆਂ ਅਤੇ ਆਖਣ, ‘‘ਤੂੰ ਦੱਸ ਕੇ ਕਿਉਂ ਨਹੀਂ ਗਿਆ ਸਾਨੂੰ? ਪਤਾ ਅਸੀਂ ਤੈਨੂੰ ਕਿੱਥੇ ਕਿੱਥੇ ਲੱਭਦੇ ਰਹੇ। ਰਾਤ ਵੀ ਅਸੀਂ ਬੈਠ ਕੇ ਹੀ ਕੱਟੀ ਹੈ। ਸਾਈਕਲ ਖੜ੍ਹਾ ਕਰ ਕੇ ਜਦੋਂ ਪਿਤਾ ਜੀ ਉਪਰ ਆਏ ਤਾਂ ਆਉਂਦਿਆਂ ਸਾਰ ਮੇਰੇ ਦੋ ਥੱਪੜ ਜੜ ਦਿੱਤੇ। ਰੱਸਾ ਲੱਭ ਕੇ ਮੇਰੇ ਪੈਰਾਂ ਨੂੰ ਬੰਨ੍ਹਣ ਲੱਗ ਪਏ। ਆਖਣ, ਮੈਂ ਇਸ ਨੂੰ ਛੱਤ ਨਾਲ ਪੁੱਠਾ ਲਟਕਾਉਣਾ।” ਮੇਰੀ ਮਾਂ ਅਤੇ ਦਾਦੀ ਜੀ ਨੇ ਬੜੀ ਮੁਸ਼ਕਲ ਨਾਲ ਮੈਨੂੰ ਇਸ ਸਜ਼ਾ ਤੋਂ ਬਚਾਇਆ। ਪਿੰਡ ਵਿੱਚ ਕੁਝ ਮਹੀਨੇ ਪਹਿਲਾਂ ਅਸੀਂ ਲਾਇਬਰੇਰੀ ਬਣਾਈ ਸੀ। ਮੈਂ ਉਸ ਦਾ ਸੈਕਟਰੀ ਸੀ। ਲਾਇਬਰੇਰੀ ਵਿੱਚ ਕੁਝ ਹੋਰ ਸਾਥੀ ਵੀ ਆ ਗਏ। ਮੈਂ ਉਨ੍ਹਾਂ ਨੂੰ ਕੱਲ੍ਹ ਵਾਲੀ ਘਟਨਾ ਬਾਰੇ ਦੱਸਿਆ। ਖੈਰ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ, ਕਿਉਂਕਿ ਮੇਰੇ ਬਾਰੇ ਉਨ੍ਹਾਂ ਕੋਲੋਂ ਵੀ ਪੁੱਛਿਆ ਗਿਆ ਸੀ। ਉਨ੍ਹਾਂ ਵਿੱਚੋਂ ਹੀ ਕਿਸੇ ਨੇ ਮੈਨੂੰ ਜਥੇ ਨਾਲ ਜਾਂਦੇ ਨੂੰ ਵੇਖਿਆ ਸੀ। ਉਥੇ ਵੇਖੇ ਡਰਾਮੇ ਸਮੇਂ ਦੀ ਇੱਕ ਦੀ ਸੋਚ ਮੈਨੂੰ ਪ੍ਰੇਸ਼ਾਨ ਕਰ ਰਹੀ ਸੀ।
ਮੈਂ ਸਾਥੀਆਂ ਨੂੰ ਦੱਸਿਆ ਕਿ ਰਾਤ ਦੇ ਪ੍ਰੋਗਰਾਮ ਦਾ ਆਰੰਭ ਇੱਕ ਸਮੂਹ ਗਾਨ ਨਾਲ ਸ਼ੁਰੂ ਹੋਇਆ ਸੀ, ਜਿਸ ਦੇ ਬੋਲ ਸਨ, ‘‘ਜੈ ਸਟਾਲਿਨ ਤੇਰੀ ਜੈ ਹੋਵੇ”, ਸਾਨੂੰ ਦੋਵਾਂ ਨੂੰ ਇਹ ਬੁਰਾ ਲੱਗਾ ਸੀ ਕਿ ਭਗਤ ਸਿੰਘ ਹੋਰਾਂ ਦੇ ਸ਼ਹੀਦੀ ਦਿਹਾੜੇ ਉੱਤੇ ਜੈ ਸਟਾਲਿਨ ਦੀ ਕੀਤੀ ਜਾ ਰਹੀ ਹੈ। ਸਲਾਹ ਕੀਤੀ ਕਿ ਅਸੀਂ ਵੀ ਸ਼ਹੀਦ ਭਗਤ ਸਿੰਘ ਬਾਰੇ ਨਾਟਕ ਖੇਡੀਏ। ਉਥੇ ਬੈਠਿਆਂ ਜਨਤਾ ਡਰਾਮੈਟਿਕ ਕਲੱਬ ਹੋਂਦ ਵਿੱਚ ਆ ਗਿਆ ਕਿਉਂਕਿ ਲਾਇਬਰੇਰੀ ਦਾ ਨਾਮ ਵੀ ਜਨਤਾ ਲਾਇਬਰੇਰੀ ਸੀ। ਭਗਤ ਸਿੰਘ ਹੋਰਾਂ ਬਾਰੇ ਨਾਟਕ ਲੱਭਣ ਦੀ ਸਮੱਸਿਆ ਖੜ੍ਹੀ ਹੋ ਗਈ। ਸਾਨੂੰ ਨੇੜਲਾ ਕਸਬਾ ਬੰਗਾ ਹੀ ਪੈਂਦਾ ਸੀ। ਅਗਲੇ ਹਫਤੇ ਨਵੇਂ ਸਾਲ ਦੀਆਂ ਕਿਤਾਬਾਂ ਲੈਣ ਗਏ। ਉਥੇ ਇੱਕ ਕਪੂਰ ਐਂਡ ਸਨਜ਼ ਦੀ ਦੁਕਾਨ ਹੁੰਦੀ ਸੀ। ਆਪਣੀਆਂ ਕਿਤਾਬਾਂ ਖਰੀਦਣ ਪਿੱਛੋਂ ਅਸੀਂ ਸ਼ਹੀਦ ਭਗਤ ਸਿੰਘ ਹੋਰਾਂ ਬਾਰੇ ਕਿਤਾਬ ਮੰਗੀ। ਉਨ੍ਹਾਂ ਕਾਫੀ ਦੇਰ ਲੱਭਣ ਪਿੱਛੋਂ ਇੱਕ ਕਿਤਾਬ ਦਿੱਤੀ, ਜਿਹੜੀ ਸ਼ਾਇਦ ਕਰਤਾਰ ਸਿੰਘ ਹੋਰਾਂ ਦੀ ਲਿਖੀ ਹੋਈ ਸੀ। ਉਸ ਦੇ ਆਧਾਰ 'ਤੇ ਹੀ ਅਸੀਂ ਸ਼ਹੀਦ ਭਗਤ ਸਿੰਘ ਬਾਰੇ ਨਾਟਕ ਤਿਆਰ ਕੀਤਾ। ਮੁੰਡਿਆਂ ਦੇ ਮਾਪਿਆਂ ਤੋਂ ਨਾਟਕ ਵਿੱਚ ਹਿੱਸਾ ਲੈਣ ਲਈ ਆਗਿਆ ਲੈਣੀ ਵੀ ਬਹੁਤ ਔਖੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਮੁੰਡੇ ਕਾਮਰੇਡ ਹੋ ਜਾਣਗੇ ਤੇ ਉਨ੍ਹਾਂ ਨੂੰ ਨੌਕਰੀ ਮਿਲਣੀ ਮੁਸ਼ਕਲ ਹੋ ਜਾਵੇਗੀ। ਸਮੂਹ ਗਾਨ ਤਿਆਰ ਕਰਨਾ ਸੀ। ਅਸੀਂ ਉਸੇ ਤਰਜ਼ ਉਤੇ ਗੀਤ ਲਿਖਿਆ, ‘ਜੈ ਭਾਰਤ ਤੇਰੀ ਜੈ ਹੋਵੇ।” ਪਹਿਲਾ ਨਾਟਕ ਆਪਣੇ ਪਿੰਡ ਖੇਡਿਆ। ਮੁੜ ਕਈ ਲਾਗਲੇ ਪਿੰਡਾਂ ਦੇ ਕਹਿਣ ਉੱਤੇ ਉਥੇ ਖੇਡਿਆ ਤੇ ਅਗਲੇ ਸਾਲ ਪ੍ਰਬੰਧਕਾਂ ਨੇ ਸਾਨੂੰ ਕਾਨਫਰੰਸ ਵਿੱਚ ਇਸੇ ਨਾਟਕ ਨੂੰ ਖੇਡਣ ਦੀ ਆਗਿਆ ਦੇ ਦਿੱਤੀ।

Have something to say? Post your comment