-ਅਮਨਦੀਪ ਕੌਰ ਮਾਨ
ਲਾਇਬਰੇਰੀ ਨੂੰ ਗਿਆਨ ਦਾ ਪੁੰਜ ਮੰਨਿਆ ਜਾਂਦਾ ਹੈ। ਇਸ ਥਾਂ ਉੱਤੇ ਰਸਮੀ-ਗੈਰ ਰਸਮੀ ਅਤੇ ਸਵੈ-ਸਿਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰ ਲਾਇਬਰੇਰੀ ਵਿੱਚੋਂ ਕਿਸੇ ਨਾ ਕਿਸੇ ਸਮਾਜ ਦਾ ਅਕਸ ਦਿਖਾਈ ਦਿੰਦਾ ਹੈ। ਅਤੀਤ ਤੋਂ ਅੱਜ ਤੱਕ ਦੇ ਇਤਿਹਾਸ ਨੂੰ ਮਨੁੱਖ ਨੇ ਕਿਤਾਬੀ ਰੂਪ ਵਿੱਚ ਲਾਇਬਰੇਟੀ ਵਿੱਚ ਸਾਂਭਿਆ ਹੈ ਤਾਂ ਜੋ ਭਵਿੱਖ ਦੀ ਪੀੜ੍ਹੀ ਇਸ ਨੂੰ ਪੜ੍ਹ ਕੇ ਬੀਤੇ ਤੋਂ ਜਾਣੂ ਹੋ ਸਕੇ। ਕਿਸੇ ਵੀ ਕੌਮ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਆਪਣਾ ਇਤਿਹਾਸ ਕਿਤਾਬੀ ਰੂਪ ਵਿੱਚ ਸਾਂਭਣਾ ਬਹੁਤ ਜ਼ਰੂਰੀ ਹੈ, ਜਿਹੜੇ ਨਹੀਂ ਸਾਂਭਦੇ ਉਨ੍ਹਾਂ ਦੀ ਹੋਂਦ ਚਿਰ ਸਥਾਈ ਨਹੀਂ ਰਹਿੰਦੀ।
ਲਾਇਬਰੇਰੀਆਂ ਕਿਸੇ ਧਾਰਮਿਕ ਸਥਾਨ ਤੋਂ ਘੱਟ ਨਹੀਂ ਹੁੰਦੀਆਂ। ਇੱਥੇ ਕਿਸੇ ਧਰਮ ਜਾਂ ਜਾਤੀ ਵਿਸ਼ੇਸ਼ ਦੇ ਨਾਲ ਵਿਤਕਰੇ ਦੀ ਗੁੰਜਾਇਸ਼ ਨਹੀਂ ਹੁੰਦੀ। ਹਰ ਤਬਕੇ ਦੇ ਲਈ ਦਰਵਾਜ਼ੇ ਖੁੱਲ੍ਹੇ ਹੁੰਦੇ ਹਨ। ਸਮਾਜ ਵਿੱਚ ਲਾਇਬਰੇਰੀ ਦੀਆਂ ਵੱਖੋ-ਵੱਖ ਕਿਸਮਾਂ ਹੋ ਸਕਦੀਆਂ ਹਨ, ਜਿਵੇਂ ਆਕਾਦਮਿਕ (ਸਕੂਲ, ਕਾਲਜ, ਯੂਨੀਵਰਸਿਟੀ), ਜਨਤਕ ਲਾਇਬਰੇਰੀ, ਵਿਸ਼ੇਸ਼ ਲਾਇਬਰੇਰੀ, ਕੌਮੀ ਜਾਂ ਰਾਜ ਲਾਇਬਰੇਰੀ। ਲਾਇਬਰੇਰੀ ਅਜਿਹਾ ਸ਼ਾਂਤਮਈ ਸਥਾਨ ਮੰਨਿਆ ਗਿਆ ਹੈ ਜਿੱਥੇ ਬੈਠ ਕੇ ਕਿਤਾਬਾਂ ਨਾਲ ਸਾਂਝ ਪਾਉਂਦਿਆਂ ਪਾਠਕ ਆਪਣੇ ਰੋਜ਼ਾਨਾ ਜੀਵਨ ਦੇ ਤਣਾਅ ਤੋਂ ਮੁਕਤੀ ਪਾਉਂਦਾ ਅਤੇ ਗਿਆਨ ਦੇ ਚਾਨਣ ਨਾਲ ਸਰਸ਼ਾਰ ਹੁੰਦਾ ਹੈ।
ਅੱਜ ਈ-ਲਾਇਬਰੇਰੀਆਂ ਬਣ ਗਈਆਂ ਹਨ। ਇਨ੍ਹਾਂ ਦਾ ਮਹੱਤਵ ਪੂਰਨ ਯੋਗਦਾਨ ਮੰਨਿਆ ਜਾਂਦਾ ਹੈ। ਵਿਅਕਤੀ ਘਰ ਬੈਠੇ ਹੀ ਇੰਟਰਨੈਟ ਰਾਹੀਂ ਕੋਈ ਵੀ ਦੁਰਲਭ ਜਾਣਕਾਰੀ ਹਾਸਲ ਕਰ ਸਕਦਾ ਹੈ, ਪਰ ਗਿਆਨ ਦੀ ਜੋ ਸੋਝੀ ਕਿਤਾਬ ਪੜ੍ਹਨ ਤੋਂ ਹਾਸਲ ਹੁੰਦੀ ਹੈ, ਉਹ ਈ-ਲਾਇਬਰੇਰੀ ਰਾਹੀਂ ਸੰਭਵ ਨਹੀਂ। ਕਿਸੇ ਲਿਖਤ ਨੂੰ ਮੋਬਾਈਲ ਸਕਰੀਨ ਉੱਤੇ ਪੜ੍ਹਨ ਦੀ ਬਜਾਏ ਸਿੱਧਾ ਕਿਤਾਬ ਉੱਤੇ ਪੜ੍ਹਨਾ ਵਧੇਰੇ ਸਕੂਨ ਦਾਇਕ ਅਤੇ ਚੰਗਾ ਮਹਿਸੂਸ ਹੁੰਦਾ ਹੈ। ਦੂਜੇ ਪਾਸੇ ਗਲੋਬਲ ਈ-ਲਾਇਬਰੇਰੀਆਂ ਰਾਹੀਂ ਮਿਲਣ ਵਾਲੀ ਬਹੁਤੀ ਜਾਣਕਾਰੀ ਅੰਗਰੇਜ਼ੀ ਭਾਸ਼ਾ 'ਚ ਹੁੰਦੀ ਹੈ। ਇਨ੍ਹਾਂ ਵਿੱਚ ਖੇਤਰੀ ਭਾਸ਼ਾਵਾਂ ਨੂੰ ਸੀਮਿਤ ਸਥਾਨ ਦਿੱਤਾ ਜਾਂਦਾ ਹੈ। ਕਿਤਾਬ ਪਾਠਕ ਨੂੰ ਇਕਾਗਰ ਕਰ ਕੇ ਸੰਬੰਧਤ ਵਿਸ਼ੇ ਨਾਲ ਜੋੜਨ ਦੇ ਸਮਰੱਥ ਹੁੰਦੀ ਹੈ।
ਅੱਜ ਨੌਜਵਾਨ ਪੀੜ੍ਹੀ ਦਾ ਲਾਇਬਰੇਰੀ ਤੋਂ ਟੁੱਟਣ ਦਾ ਇੱਕ ਕਾਰਨ ਇਹ ਵੀ ਹੈ ਕਿ ਬਹੁਤੇ ਪ੍ਰਕਾਸ਼ਕ ਕਿਤਾਬਾਂ ਨੂੰ ਕਮਾਈ ਦਾ ਸਾਧਨ ਬਣਾਉਣ ਲੱਗ ਪਏ ਹਨ। ਕਿਤਾਬ ਦਾ ਮੁੱਲ ਏਨਾ ਵੱਧ ਹੁੰਦਾ ਹੈ ਕਿ ਆਮ ਪਾਠਕ ਦੀ ਖਰੀਦ ਸ਼ਕਤੀ ਜਵਾਬ ਦੇ ਜਾਂਦੀ ਹੈ। ਸ਼ਾਇਦ ਇਸੇ ਲਈ ਪਾਠਕ ਪੁਸਤਕ ਨੂੰ ਖਰੀਦਣ ਦੀ ਥਾਂ ਕਿਤਾਬ ਦੇ ਪੀ ਡੀ ਐੱਫ ਰੂਪ ਦੀ ਤਲਾਸ਼ ਕਰਦੇ ਹਨ। ਕਿਤਾਬਾਂ ਦੇ ਪੀ ਡੀ ਐੱਫ ਰੂਪ ਬਹੁਤੀ ਵਾਰ ਮੋਬਾਈਲ ਫੋਨ ਦੀ ਸਪੇਸ ਹੀ ਘੇਰਦੇ ਹਨ, ਅਜਿਹੀ ਕਿਤਾਬ ਆਮ ਕਰ ਕੇ ਘੱਟ ਪੜ੍ਹੀ ਜਾਂਦੀ ਹੈ। ਅਜਿਹੀ ਕਿਤਾਬ ਪੜ੍ਹੀ ਨਾ ਜਾਣ ਕਾਰਨ ਇਸ ਵਿਚਲੇ ਵਿਚਾਰ ਪਾਠਕ ਦੀ ਸੋਚ ਦਾ ਹਿੱਸਾ ਨਹੀਂ ਬਣੇ। ਇਸ ਲਈ ਪ੍ਰਕਾਸ਼ਕਾਂ ਨੂੰ ਵਾਜਬ ਕੀਮਤ ਉੱਤੇ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ।
ਸੂਚਨਾ ਕ੍ਰਾਂਤੀ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਲਾਇਬਰੇਰੀ ਨੂੰ ਖਾਸ ਤਰਜੀਹ ਦਿੱਤੀ ਜਾਂਦੀ ਸੀ। ਸਕੂਲਾਂ, ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਵਿੱਚ ਲਾਇਬਰੇਰੀਆਂ ਸਨ। ਅੱਜ ਸਥਿਤੀ ਵੱਖਰੀ ਹੋ ਗਈ ਹੈ। ਸਕੂਲਾਂ ਵਿੱਚ ਬਹੁਤ ਘੱਟ ਲਾਇਬਰੇਰੀਆਂ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਲਾਇਬਰੇਰੀ ਹੈ, ਉਨ੍ਹਾਂ ਦੀ ਹਾਲਤ ਵੀ ਬਹੁਤੀ ਸਾਰਥਕ ਨਹੀਂ। ਸਕੂਲ ਲਾਇਬਰੇਰੀ ਦੀਆਂ ਬਹੁਤੀਆਂ ਆਸਾਮੀਆਂ ਖਾਲੀ ਹਨ। ਲਾਇਬਰੇਰੀ ਦਾ ਵਾਧੂ ਚਾਰਜ ਸਕੂਲ ਦੇ ਕਿਸੇ ਅਧਿਆਪਕ ਨੂੰ ਦੇ ਦਿੱਤਾ ਜਾਂਦਾ ਹੈ। ਕਿਤਾਬਾਂ ਦੇ ਨਿਗਰਾਨ ਤੋਂ ਬਿਨਾਂ ਲਾਇਬਰੇਰੀ ਨੂੰ ਸੁਚਾਰੂ ਤਰੀਕੇ ਨਾਲ ਨਹੀਂ ਚਲਾਇਆ ਜਾ ਸਕਦਾ। ਪੰਜਾਬ ਵਿੱਚ ਜ਼ਿਲਾ ਲਾਇਬਰੇਰੀਆਂ ਦੀ ਹਾਲਤ ਬਦਤਰ ਹੈ। ਜ਼ਿਲਾ ਲਾਇਬਰੇਰੀਆਂ ਵਿੱਚ ਕਰਮਚਾਰੀਆਂ ਦੀ ਘਾਟ, ਕਿਤਾਬਾਂ ਦੀ ਘਾਟ ਨੇ ਕਿਤਾਬ ਸਭਿਆਚਾਰ ਨੂੰ ਸੁੰਗੇੜ ਕੇ ਰੱਖ ਦਿੱਤਾ ਹੈ।
ਲਾਬਿਰੇਰੀ ਜਾ ਕੇ ਵਿਅਕਤੀ ਆਪਣੇ ਵਿਹਲੇ ਸਮੇਂ ਨੂੰ ਵਿਅਰਕਥ ਹੋਣ ਤੋਂ ਬਚਾਅ ਸਕਦਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਘੰਟਿਆਂ ਬੱਧੀ ਲਾਇਬਰੇਰੀ ਵਿੱਚ ਬੈਠਦੇ ਸਨ। ਪੁਸਤਕਾਂ ਦਾ ਅਧਿਐਨ ਕਰਦੇ ਸਨ। ਅਜੋਕੀ ਪੀੜ੍ਹੀ ਦੇ ਤਾਂ ਲਾਇਬਰੇਰੀ ਜਾਣਾ ਖਿਆਲਾਂ ਵਿੱਚ ਵੀ ਨਹੀਂ ਹੁੰਦਾ। ਇਹ ਪੀੜ੍ਹੀ ਲਾਇਬਰੇਰੀ ਜਾਣ ਦੇ ਕਾਰਜ ਨੂੰ ਸਮਾਂ ਵਿਅਰਥ ਕਰਨ ਦਾ ਕੰਮ ਸਮਝਦੀ ਹੈ। ਉਨ੍ਹਾਂ ਨੂੰ ਲਾਇਬਰੇਰੀ ਜਾਣ ਨਾਲੋਂ ਦੂਜੇ ਕੰਮ ਵੱਧ ਜ਼ਰੂਰੀ ਜਾਪਦੇ ਹਨ। ਇਸ ਦੇ ਬਾਵਜੂਦ ਅੱਜ ਵੀ ਪੜ੍ਹਨ ਵਾਲੇ ਪਾਟਕਾਂ ਦੀ ਲਾਇਬਰੇਰੀ ਨਾਲ ਜੁੜੀ ਚੇਟਕ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪਾਠਕਾਂ ਨੂੰ ਮਨਪਸੰਦ ਕਿਤਾਬ ਮਿਲਣ ਸਮੇਂ ਉਸ ਦੇ ਚਿਹਰੇ ਦੀ ਖੁਸ਼ੀ ਲਾਇਬਰੇਰੀਅਨ ਲਈ ਬੇਹੱਦ ਮਹੱਤਵ ਪੂਰਨ ਹੈ। ਲਾਇਬਰੇਰੀਅਨ, ਪਾਠਕ ਅਤੇ ਕਿਤਾਬ ਤਿੰਨਾਂ ਦਾ ਸੁਮੇਲ ਇੱਕ ਚੰਗੀ ਲਾਇਬਰੇਰੀ ਹੋਣ ਦੇ ਅਰਥ ਰੱਖਦਾ ਹੈ।
ਆਧੁਨਿਕ ਸਮੇਂ ਵਿੱਚ ਲਾਇਬਰੇਰੀ ਨੈੱਟਵਰਕ ਦੀ ਸਹੂਲਤ ਵੀ ਹੈ। ਜਿਵੇਂ ਡਿਲਨੈਟ (ਡਿਵੈਲਪਿੰਗ ਲਾਇਬਰੇਰੀ ਨੈਟਵਰਕ) ਰਾਹੀਂ ਮੈਂਬਰਜ਼ ਲਾਇਬਰੇਰੀਆਂ ਵਿੱਚ ਕਿਤਾਬਾਂ ਦਾ ਲੈਣ-ਦੇਣ ਕੀਤਾ ਜਾਂਦਾ ਹੈ ਤਾਂ ਜੋ ਪਾਠਕਾਂ ਦੀ ਲੋੜ ਨੂੰ ਬਿਨਾਂ ਸਮਾਂ ਗੁਆਏ ਆਸਾਨੀ ਨਾਲ ਪੂਰਾ ਕੀਤਾ ਜਾ ਸਕੇ। ਇਹ ਬੜਾ ਕਾਰਗਰ ਢੰਗ ਸਿੱਧ ਹੋ ਰਿਹਾ ਹੈ। ਲਾਇਬਰੇਰੀਆਂ ਸਾਡਾ ਸਮਾਜਕ ਘੇਰਾ ਵਿਸ਼ਾਲ ਕਰਨ ਦਾ ਕੰਮ ਵੀ ਕਰਦੀਆਂ ਹਨ। ਇੱਥੇ ਬੈਠ ਕੇ ਵਿਅਕਤੀ ਹੋਰਨਾਂ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ। ਲਾਇਬਰੇਰੀ ਸਾਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕਰਦੀ ਹੈ। ਲਾਇਬਰੇਰੀੇ ਦੇ ਕਿਸੇ ਕੋਨੇ ਵਿੱਚ ਬੈਠ ਕੇ ਕਿਤਾਬਾਂ ਦੇ ਅੰਗ-ਸੰਗ ਹੋਣ ਦਾ ਅਦਭੁਤ ਨਜ਼ਾਰਾ ਕਿਧਰੇ ਹੋਰ ਨਹੀਂ ਮਿਲ ਸਕਦਾ। ਜਮਹੂਰੀ ਇਨਕਲਾਬੀ ਲਹਿਰਾਂ ਦੀ ਪ੍ਰਫੁੱਲਤਾ ਅਤੇ ਕਾਮਯਾਬੀ ਵਿੱਚ ਕਿਤਾਬਾਂ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਚੇਤੇ ਰਹੇ ਕਿ ਕੌਮ ਦੇ ਹੀਰੇ ਸ਼ਹੀਦ ਭਗਤ ਸਿੰਘ ਜੇਲ੍ਹ ਵਿੱਚ ਅੰਤਿਮ ਦਿਨ ਤੱਕ ਕਿਤਾਬਾਂ ਪੜ੍ਹਦੇ ਰਹੇ।
ਆਧੁਨਿਕ ਤਕਨਾਲੋਜੀ ਦੇ ਬਹੁਤ ਸਾਰੇ ਲਾਭ ਹਨ, ਪਰ ਨਾਲ ਕਈ ਨੁਕਸਾਨ ਵੀ ਹਨ। ਇੰਟਰਨੈਟ ਦੀ ਵਰਤੋਂ ਨਾਲ ਅਸੀਂ ਬੇਸ਼ੱਕ ਸਾਰੀ ਜਾਣਕਾਰੀ ਮਿੰਟਾਂ-ਸਕਿੰਟਾਂ ਵਿੱਚ ਹਾਸਲ ਕਰ ਲੈਂਦੇ ਹਾਂ, ਅਦਾਨ-ਪ੍ਰਦਾਨ ਬਹੁਤ ਸੁਖਾਲਾ ਹੋ ਗਿਆ ਹੈ, ਪਰ ਇੰਟਰਨੈਟ ਦੀ ਸਹੀ ਵਰਤੋਂ ਸਾਡੇ ਲਈ ਲਾਭਦਾਇਕ ਹੈ। ਗਲਤ ਵਰਤੋਂ ਮਨੁੱਖ ਨੂੰ ਕੁਰਾਹੇ ਪਾ ਸਕਦੀ ਹੈ। ਸੋ ਸਾਨੂੰ ਆਧੁਨਿਕ ਤਕਨਾਲੋਜੀ ਦੀ ਸਹੀ ਵਰਤੋਂ ਕਰਨ ਦੇ ਨਾਲ ਕਿਤਾਬਾਂ ਨਾਲ ਜੁੜੇ ਰਹਿਣਾ ਵੀ ਜ਼ਰੂਰੀ ਹੈ ਤਾਂ ਜੋ ਬੀਤੇ ਨੂੰ ਪੜ੍ਹ ਕੇ ਅਸੀਂ ਭਵਿੱਖ ਸੁਧਾਰ ਸਕੀਏ। ਲਾਇਬਰੇਰੀ ਵਿਚਲੇ ਗਿਆਨ ਦਾ ਅਧਿਐਨ ਕਰਨ ਨਾਲ ਵਿਅਕਤੀ ਨਿਵੇਕਲੇ ਤਜਰਬੇ ਹਾਸਲ ਕਰਦਾ ਹੈ। ਚੰਗਾ ਸੋਚਣਾ ਤੇ ਬਿਹਤਰ ਜੀਵਨ ਜੀਉਣ ਦੀ ਜਾਚ ਸਿੱਖਦਾ ਹੈ। ਅੱਜ ਕੱਲ੍ਹ ਬਹੁਤੀਆਂ ਲਾਇਬਰੇਰੀਆਂ ਕੌਫੀ ਹਾਊਸ ਬਣ ਕੇ ਰਹਿ ਗਈਆਂ ਹਨ ਜਿੱਥੇ ਬੈਠ ਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਗੱਪਾਂ ਮਾਰ ਕੇ ਚਲੇ ਜਾਂਦੇ ਹਨ। ਸਾਡੇ ਸਮਾਜ ਵਿੱਚ ਲਾਇਬਰੇਰੀਆਂ ਨੂੰ ਬਾਕੀ ਸਮਾਜਕ ਗਤੀਵਿਧੀਆਂ ਨਾਲੋਂ ਬਹੁਤ ਘੱਟ ਤਰਜੀਹ ਦਿੱਤੀ ਜਾਂਦੀ ਹੈ। ਸਰਕਾਰ ਵਲੋਂ ਬਣਾਈਆਂ ਵੱਖ-ਵੱਖ ਯੋਜਨਾਵਾਂ, ਨੀਤੀਆਂ, ਪ੍ਰੋਗਰਾਮ ਲਾਗੂ ਕਰਨ ਵਿੱਚ ਸਰਕਾਰ ਹਮੇਸ਼ਾ ਅਸਮਰੱਥ ਰਹੀ ਹੈ। ਵਿੱਤੀ ਘਾਟੇ ਨੇ ਲਾਬਿਰੇਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਰਕਾਰ ਨੂੰ ਜਨਤਕ ਲਾਇਬਰੇਰੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਲਾਇਬਰੇਰੀਆਂ ਨੂੰ ਕਿਤਾਬਾਂ ਮੁਫਤ ਦੇਣੀਆਂ ਚਾਹੀਦੀਆਂ ਹਨ। ਖਾਲੀ ਆਸਾਮੀਆਂ ਨੂੰ ਭਰਨਾ ਚਾਹੀਦਾ ਹੈ। ਸਰਕਾਰ ਨੂੰ ਲਾਇਬਰੇਰੀਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਨੌਜਵਾਨ ਵਰਗ ਦੇ ਧੁੰਦਲਾ ਰਹੇ ਭਵਿੱਖ ਨੂੰ ਅੱਖਰ ਗਿਆਨ ਦੀ ਰੋਸ਼ਨੀ ਰਾਹੀਂ ਮੁੜ ਤੋਂ ਰੁਸ਼ਨਾਇਆ ਜਾ ਸਕੇ।