Welcome to Canadian Punjabi Post
Follow us on

17

May 2021
 
ਨਜਰਰੀਆ

ਮਾਪੇ ਕਹਿੰਦੇ: ਜਦੋਂ ਤੁਸੀਂ ਆਪ ਮਾਪੇ ਬਣੋਗੇ ਤਾਂ...

March 23, 2021 01:56 AM

-ਗੋਵਰਧਨ ਗੱਬੀ
ਜਦੋਂ ਅਸੀਂ ਜਵਾਨ ਹੋਣਾ ਸ਼ੁਰੂ ਹੁੰਦੇ ਹਾਂ ਤਾਂ ਅਕਸਰ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਉਲਝਦੇ, ਲੜਦੇ, ਝਗੜਦੇ, ਰੁੱਸਦੇ ਤੇ ਨਾਰਾਜ਼ ਹੁੰਦੇ ਹਾਂ। ਸਦੀਆਂ ਤੋਂ ਹਰ ਨਵੀਂ ਪੀੜ੍ਹੀ ਆਪਣੇ ਮਾਪਿਆਂ ਨੂੰ ਆਪਣੇ ਤੋਂ ਘੱਟ ਸਮਝਦੀ ਆ ਰਹੀ ਹੈ। ਫਿਰ ਐਸਾ ਸਮਾਂ ਆਉਂਦਾ ਹੈ ਕਿ ਅਸੀਂ ਮਾਪਿਆਂ ਨੂੰ ਹੱਦ ਤੋਂ ਵੱਧ ਸਤਾਉਣਾ ਸ਼ੁਰੂ ਕਰ ਦਿੰਦੇ ਹਾਂ ਤੇੇ ਸਾਨੂੰ ਉਨ੍ਹਾਂ ਦੇ ਮੂੰਹ ਤੋਂ ਅਕਸਰ ਇਹ ਬੋਲ ਸੁਣਨ ਨੂੰ ਮਿਲਦੇ ਹਨ, ‘ਤੁਹਾਨੂੰ ਤਦ ਸਮਝ ਆਵੇਗੀ, ਜਦੋਂ ਤੁਸੀਂ ਆਪ ਮਾਪੇ ਬਣੋਗੇ।’ ਇਹ ਬੋਲ ਮੈਂ ਵੀ ਆਪਣੇ ਮਾਪਿਆਂ ਤੋਂ ਕਈ ਵਾਰ ਸੁਣੇ ਸਨ। ਅੱਜ ਇਹੀ ਬੋਲ ਕਈ ਵਾਰ ਮੈਂ ਆਪਣੇ ਬੱਚਿਆਂ ਨੂੰ ਬੋਲ ਦੇਂਦਾ ਹਾਂ। ਮੈਨੂੰ ਪੂਰੀ ਆਸ ਹੀ ਨਹੀਂ, ਸਗੋਂ ਪੂਰਾ ਯਕੀਨ ਹੈ ਕਿ ਕੱਲ੍ਹ ਨੂੰ ਸਾਡੇ ਬੱਚੇ ਆਪਣੇ ਬੱਚਿਆਂ ਨਾਲ ਵੀ ਇਹੀ ਬੋਲ ਦੁਹਰਾਉਣਗੇ। ਇਹ ਸਿਲਸਿਲਾ ਮਨੁੱਖਤਾ ਦੀ ਹੋਂਦ ਤੋਂ ਚਲਿਆ ਰਿਹਾ ਹੈ ਅਤੇ ਨਿਰੰਤਰ ਜਾਰੀ ਰਹੇਗਾ।
ਜਦੋਂ ਅਸੀਂ ਹੋਸ਼ ਸੰਭਾਲਦੇ ਹਾਂ, ਭਾਵ ਚਾਰ-ਪੰਜ ਸਾਲ ਦੀ ਉਮਰ ਦੇ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸਾਡੇ ਮਾਪੇ ਦੁਨੀਆ ਦੇ ਸਾਰੇ ਮਾਪਿਆਂ ਤੋਂ ਬਹੁਤ ਜ਼ਿਆਦਾ ਮਹਾਨ ਹਨ। ਛੇ ਸੱਤ ਸਾਲ ਦੀ ਉਮਰ ਵਿੱਚ ਸਾਨੂੰ ਲੱਗਦਾ ਹੈ ਕਿ ਸਾਡੇ ਮਾਪੇ ਹੋਰ ਬੱਚਿਆਂ ਦੇ ਮਾਪਿਆਂ ਤੋਂ ਵੱਧ ਹੁਸ਼ਿਆਰ ਹਨ, ਆਧੁਨਿਕ ਹਨ ਤੇ ਦੋ ਕਦਮ ਅੱਗੇ ਹਨ। ਦਸ ਗਿਆਰਾਂ ਸਾਲ ਦੀ ਉਮਰ ਤੱਕ ਪਹੁੰਚਦੇ ਹੋਏ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਮਾਪੇ ਹਨ ਤਾਂ ਅੱਛੇ, ਪਰ ਗੁੱਸੇ ਬੜੀ ਜਲਦੀ ਹੋ ਜਾਂਦੇ ਹਨ, ਖਾਸ ਕਰ ਕੇ ਪਿਤਾ ਹੁਰੀਂ। ਬਾਰਾਂ ਤੇਰਾਂ ਸਾਲ ਦੀ ਉਮਰ ਤੱਕ ਪਹੁੰਚਦਿਆਂ ਅਸੀਂ ਅਕਸਰ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ‘‘ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਮਾਪੇ ਸਾਡੇ ਨਾਲ ਬਹੁਤ ਚੰਗਾ ਵਿਹਾਰ ਕਰਦੇ ਸਨ, ਪਰ ਅੱਜ ਕੱਲ੍ਹ ਉਹ ਰੋਕ-ਟੋਕ ਕੁਝ ਜ਼ਿਆਦਾ ਹੀ ਕਰਦੇ ਹਨ...।”
ਸੋਲਾਂ-ਸਤਾਰਾਂ ਸਾਲਾਂ ਦੀ ਉਮਰ ਤੱਕ ਪਹੁੰਚਦਿਆਂ ਸਾਡੇ ਆਪਣੇ ਮਾਪਿਆਂ ਪ੍ਰਤੀ ਵਿਚਾਰ ਅਚਾਨਕ ਬਦਲਣੇ ਸ਼ੁਰੂ ਹੋ ਜਾਂਦੇ ਹਨ। ਮਸਲਨ ‘ਸਾਡੇ ਮਾਪੇ ਆਧੁਨਿਕ ਸਮੇਂ ਨਾਲ ਨਹੀਂ ਚੱਲਦੇ, ਉਹ ਅਜੇ ਵੀ ਗੁਜ਼ਰੇ ਜ਼ਮਾਨੇ ਦੀਆਂ ਯਾਦਾਂ ਨਾਲ ਚਿੰਬੜੇ ਹੋਏ ਹਨ। ਉਨ੍ਹਾਂ ਨੂੰ ਅੱਜ ਬਾਰੇ ਕੋਈ ਗਿਆਨ ਹੀ ਨਹੀਂ। ਉਹ ਨਹੀਂ ਜਾਣਦੇ ਕਿ ਅੱਜ ਦੁਨੀਆ ਕਿੱਥੇ ਪਹੁੰਚ ਗਈ ਹੈ।’ 18-19 ਸਾਲ ਦੀ ਉਮਰ ਆਉਣ ਤੱਕ ਮਾਪਿਆਂ ਪ੍ਰਤੀ ਸਾਡੇ ਵਿਚਾਰ ਕੁਝ ਹੋਰ ਉਗਰ ਹੋ ਜਾਂਦੇ ਹਨ, ਜਿਵੇਂ ਸਾਡੇ ਮਾਪਿਆਂ ਦਾ, ਖਾਸ ਕਰ ਕੇ ਪਿਤਾ ਜੀ ਦਾ ਸੁਭਾਅ ਕੁਝ ਜ਼ਿਆਦਾ ਚਿੜਚਿੜਾ ਹੋ ਗਿਆ ਹੈ। ਸਾਡੇ ਨਾਲ ਬੜਾ ਮਾੜਾ ਵਿਹਾਰ ਕਰਦੇ ਹਨ। ਗੱਲ-ਗੱਲ ਉੱਤੇ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦੇ ਹਨ। ਟੋਕਾ-ਟਾਕੀ ਕੀਤੇ ਬਿਨਾਂ ਉਨ੍ਹਾਂ ਨੂੰ ਨਾ ਚੈਨ ਆਉਂਦਾ ਹੈ ਅਤੇ ਨਾ ਨੀਂਦ। ਜਦੋਂ ਅਸੀਂ ਵੀਹ-ਇੱਕੀ ਸਾਲ ਦੀ ਉਮਰ ਵਿੱਚ ਪੁੱਜਦੇ ਹਾਂ ਤਾਂ ਸਾਡੇ ਮੂੰਹੋਂ ਇਹ ਸ਼ਬਦ ਵਾਰ-ਵਾਰ ਨਿਕਲਦੇ ਹਨ, ‘ਅੱਜਕੱਲ੍ਹ ਮਾਪਿਆਂ, ਖਾਸ ਕਰ ਕੇ ਪਿਤਾ ਜੀ ਨਾਲ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ। ਮਾਂ ਘੱਟ ਕਰਦੀ ਹੈ, ਪਰ ਪਿਤਾ ਜੀ ਸਾਡੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਦਖਲ ਦੇਂਦੇ ਹਨ। ਬਰਦਾਸ਼ਤ ਨਹੀਂ ਹੰੁਦਾ। ਪਿਤਾ ਜੀ ਦਾ ਵਤੀਰਾ ਕੁਝ ਜ਼ਿਆਦਾ ਹੀ ਵਿਗੜ ਗਿਆ ਹੈ। ਗੱਲ-ਗੱਲ ਉੱਤੇ ਸਾਡੇ ਨਾਲ ਲਾਲ-ਪੀਲੇ ਹੁੰਦੇ ਰਹਿੰਦੇ ਹਨ। ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੀ ਮਾਂ ਇਸ ਤਰ੍ਹਾਂ ਦੇ ਬੰਦੇ ਨਾਲ ਇੰਨੇ ਚਿਰ ਤੋਂ ਰਹਿ ਕਿਵੇਂ ਰਹੀ ਹੈ?’
‘ਯਾਰ ਹੱਦ ਹੋ ਗਈ ਹੈ, ਸਾਡੇ ਮਾਪੇ ਖਾਸ ਕਰ ਕੇ ਪਿਤਾ ਜੀ ਸਾਡੀ ਹਰ ਗੱਲ ਦਾ ਵਿਰੋਧ ਕਰਦੇ ਹਨ। ਗੱਲ-ਗੱਲ ਉੱਤੇ ਟੋਕਾ-ਟਾਕੀ ਕਰਦੇ ਹਨ, ਪਰ ਨਹੀਂ ਕਦੋਂ ਸਮਝਣਗੇ ਕਿ ਸਾਡੀ ਵੀ ਕੋਈ ਨਿੱਜਤਾ ਹੁੰਦਾ ਹੈ।’ ਪੱਚੀ-ਛੱਬੀ ਸਾਲ ਦੀ ਉਮਰ ਤੱਕ ਮਾਪਿਆਂ ਬਾਰੇ ਇਹ ਬੋਲ ਅਸੀਂ ਅਕਸਰ ਆਪਣੇ ਦੋਸਤਾਂ ਨਾਲ ਸਾਂਝੇ ਕਰਦੇ ਰਹਿੰਦੇ ਹਾਂ। ਫਿਰ ਸਮਾਂ ਕਰਵਟ ਬਦਲਦਾ ਹੈ। ਸਾਡਾ ਕਿਰਦਾਰ ਬਦਲਦਾ ਹੈ। ਅਸੀਂ ਮਾਪੇ ਬਣ ਜਾਂਦੇ ਹਾਂ। ਪੈਂਤੀ-ਚਾਲੀ ਸਾਲ ਦੀ ਉਮਰ ਵਿੱਚ ਗੁਜ਼ਰ ਰਹੇ ਹੁੰਦੇ ਹਾਂ ਤਾਂ ਅਕਸਰ ਇਹ ਕਹਿੰਦੇ ਹਾਂ, ‘ਯਾਰ ਮੇਰਾ ਛੋਟਾ ਬੇਟਾ ਤਾਂ ਮੇਰੇ ਤੋਂ ਡਰਦਾ ਹੀ ਨਹੀਂ। ਬਚਪਨ ਵਿੱਚ ਮੈਂ ਆਪਣੇ ਪਿਤਾ ਜੀ ਤੋਂ ਕਿੰਨਾ ਡਰਦਾ ਹੁੰਦਾ ਸੀ। ਅੱਜਕੱਲ੍ਹ ਦੇ ਬੱਚੇ ਡਰਦੇ ਨਹੀਂ, ਸਗੋਂ ਸਾਨੂੰ ਡਰਾਉਂਦੇ ਨੇ।’ ਯਾਰ ਸਾਡੇ ਮਾਪਿਆਂ ਨੇ ਸਾਨੂੰ ਕਿੰਨੇ ਅਨੁਸ਼ਾਸਨ ਨਾਲ ਪਾਲਿਆ ਸੀ। ਅੱਜ ਵਾਲਿਆਂ ਕੋਲ ਅਨੁਸ਼ਾਸਨ ਨਾਂਅ ਦੀ ਕੋਈ ਸ਼ੈਅ ਨਹੀਂ। ਥੋੜ੍ਹਾ ਜਿਹਾ ਝਿੜਕੋ ਤਾਂ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਤੇ ਕੋਈ ਹੋਰ ਚੰਨ ਨਾ ਚੜ੍ਹਾ ਦੇਣ।” ਚਾਲੀ-ਪੰਜਤਾਲੀ ਸਾਲ ਦੀ ਉਮਰ ਤੱਕ ਪਹੁੰਚਦੇ ਹਾਂ ਤਾਂ ਇਹ ਬੋਲ ਸਾਡੇ ਮੂੰਹੋਂ ਆਪ ਮੁਹਾਰੇ ਨਿਕਲਦੇ ਹਨ; ‘ਯਾਰ ਸਾਡੇ ਮਾਪਿਆਂ ਨੇ ਕਿੰਨੀਆਂ ਮੁਸ਼ਕਲਾਂ ਝੱਲੀਆਂ, ਮਿਹਨਤ ਕੀਤੀ ਤੇ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਪਾਲਿਆ-ਪੋਸਿਆ, ਪੜ੍ਹਾਇਆ-ਲਿਖਾਇਆ, ਵੱਡਾ ਕੀਤਾ ਤੇ ਆਪਣੇ ਪੈਰਾਂ ਉੱਤੇ ਖੜ੍ਹੇ ਕੀਤਾ। ਸਾਡੇ ਤੋਂ ਤਾਂ ਇਹ ਦੋ ਹੀ ਨਹੀਂ ਸੰਭਾਲੇ ਜਾ ਰਹੇ। ਇਨ੍ਹਾਂ ਦੋਵਾਂ ਨੇ ਸਾਡੇ ਨੱਕ 'ਚ ਦਮ ਕੀਤਾ ਹੋਇਆ ਹੈ।” ਪੰਜਾਹ ਸਾਲ ਤੱਕ ਪਹੁੰਚਦਿਆਂ ਅਸੀਂ ਇਹ ਰੋਣੇ-ਰੋਣਾ ਸ਼ੁਰੂ ਕਰ ਦਿੰਦੇ ਹਾਂ।
ਜਦੋਂ ਪਚਵੰਜਾ ਦੇ ਨੇੜੇ-ਤੇੜੇ ਪੁੱਜਦੇ ਹਾਂ ਤਾਂ ਅਚਾਨਕ ਸਾਨੂੰ ਆਪਣੇ ਮਾਪੇ ਬਹੁਤ ਸਿਆਣੇ ਅਤੇ ਸਮਝਦਾਰ ਲੱਗਣ ਲੱਗ ਜਾਂਦੇ ਹਨ। ਸਾਨੂੰ ਉਸ ਅਰਸੇ ਦੌਰਾਨ ਕੀਤੀਆਂ ਆਪਣੀਆਂ ਬੇਵਕੂਫੀਆਂ ਤੇ ਘਟੀਆ ਹਰਕਤਾਂ 'ਤੇ ਰੋਣਾ ਵੀ ਆਉਂਦਾ ਹੈ ਤੇ ਹਾਸਾ ਵੀ। ਅਸੀਂ ਕਹਿਣ ਲੱਗਦੇ ਹਾਂ, ‘‘ਯਾਰ, ਕਿੰਨੀ ਦੂਰ-ਦਿ੍ਰਸ਼ਟੀ ਰੱਖਦੇ ਸਨ ਸਾਡੇ ਮਾਪੇ। ਉਨ੍ਹਾਂ ਸਾਡੇ ਸਾਰਿਆਂ ਭੈਣ-ਭਰਾਵਾਂ ਦੇ ਭਲੇ ਲਈ ਕਿੰਨਾ ਕੁਝ ਕੁਰਬਾਨ ਕੀਤਾ। ਉਨ੍ਹਾਂ ਨੇ ਆਪਣੇ ਬੁਢਾਪੇ ਲਈ ਵੀ ਕਿੰਨਾ ਕੁਝ ਬਚਾ ਕੇ ਰੱਖਿਆ ਸੀ। ਅੱਜ ਉਹ ਬੁਢਾਪੇ ਵਿੱਚ ਵੀ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਹਨ। ਇੱਕ ਅਸੀਂ ਹਾਂ ਕਿ ਸਾਰਾ ਕੁਝ ਲੁਟਾ ਚੁੱਕੇ ਹਾਂ। ਬੱਚੇ ਫਿਰ ਵੀ ਅੱਖਾਂ ਕੱਢਦੇ ਅਤੇ ਨਜ਼ਰ ਫੇਰਦੇ ਪਏ ਹਨ। ਜਦੋਂ ਮਾਪੇ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ ਤਾਂ ਫਿਰ ਸਾਨੂੰ ਸਮਝ ਆਉਂਦੀ ਹੈ ਕਿ ਉਹ ਸੱਚਮੁੱਚ ਬਹੁਤ ਮਹਾਨ ਸਨ। ਉਨ੍ਹਾਂ ਨੇ ਸਾਡੀ ਖਾਤਰ ਕੀ ਨਹੀਂ ਕੀਤਾ। ਸਾਡੀ ਵਧੀਆ ਜ਼ਿੰਦਗੀ, ਪੜ੍ਹਾਈ ਤੇ ਸੁਨਹਿਰੇ ਭਵਿੱਖ ਲਈ ਕਰਜ਼ੇ ਲਏ। ਘਰ ਤੇ ਗਹਿਣੇ ਗਿਰਵੀ ਰੱਖੇ। ਸਾਡੇ ਸਾਰੇ ਭੈਣ-ਭਰਾਵਾਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਆਪਣਾ ਈ ਪੀ ਐਫ ਤੱਕ ਖਰਚ ਕਰ ਦਿੱਤਾ, ਪਰ ਅਫਸੋਸ! ਮਾਪਿਆਂ ਨੂੰ ਸਮਝਣ ਵਾਸਤੇ ਸਾਨੂੰ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਜਦੋਂ ਸਮਝ ਆਉਂਦੀ ਹੈ, ਉਦੋਂ ਤੱਕ ਸਮਾਂ ਹੱਥੋਂ ਰੇਤ ਵਾਂਗ ਕਿਰ ਚੁੱਕਾ ਹੁੰਦਾ ਹੈ।” ਦੋਸਤੋ! ਇਹੀ ਕੁਝ ਕਹਿ ਸਕਦੇ ਹਾਂ ਕਿ ਜੇ ਹੋ ਸਕੇ ਤਾਂ ਇਸ ਸਦੀਆਂ ਤੋਂ ਚੱਲੀ ਹੋਈ ਰੀਤ ਨੂੰ ਬਦਲੋ। ਆਮੀਨ!

 
Have something to say? Post your comment