Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਬੱਸ ਦੇ ਇੰਜਣ 'ਤੇ ਬੈਠ ਕੇ ਸਫਰ ਕਰਦਿਆਂ

September 27, 2019 09:50 AM

-ਹਰਕੰਵਲ ਕੰਗ
ਸਰਹੰਦ ਜਾਣ ਦਾ ਪ੍ਰੋਗਰਾਮ ਬਣਿਆ। ਇਕੱਲਾ ਹੋਣ ਕਰਕੇ ਘਰੋਂ ਹਦਾਇਤ ਹੋਈ ਕਿ ਬੱਸ 'ਤੇ ਹੀ ਚਲੇ ਜਾਇਓ, ਇਥੇ ਹੀ ਬੱਸ ਨਹੀਂ ਹੋਈ, ਸਗੋਂ ਕਿਸੇ ਵੀ ਆਈ ਪੀ ਵਾਂਗ ਮੇਰਾ ਰੂਟ ਪ੍ਰੋਗਰਾਮ ਵੀ ਬਣਾ ਦਿੱਤਾ ਗਿਆ, ਤੁਸੀਂ ਆਟੋ ਵਿੱਚ ਦਸ ਗਿਆਰਾਂ (ਫੇਜ਼) ਦੀਆਂ ਲਾਈਟਾਂ ਉਤੇ ਚਲੇ ਜਾਣਾ, ਉਥੋਂ ਸੱਤ ਫੇਜ਼ ਦੀਆਂ ਲਾਈਟਾਂ 'ਤੇ, ਫਿਰ ਤੁਹਾਨੂੰ ਸਿੱਧੀ ਸਰਹੰਦ ਵਾਲੀ ਬੱਸ ਮਿਲ ਜਾਵੇਗੀ।
ਬਣਾਏ ਪ੍ਰੋਗਰਾਮ ਅਨੁਸਾਰ ਆਟੋਆਂ ਵਿੱਚ ਸਫਰ ਕਰਦਾ ਸੱਤ ਫੇਜ਼ ਪੁੱਜ ਗਿਆ। ਥੋੜ੍ਹੀ ਦੇਰ ਸੜਕ ਕਿਨਾਰੇ ਰੁੱਖ ਥੱਲੇ ਗਰਮੀ ਤੋਂ ਰਾਹਤ ਲਈ ਛਾਂ ਦਾ ਆਸਰਾ ਲਿਆ। ਭਾਦੋਂ ਦਾ ਵੱਟ ਮੇਰੇ ਵੱਟ ਕੱਢ ਰਿਹਾ ਸੀ। ਮੇਰੀਆਂ ਨਜ਼ਰਾਂ ਕਿਸੇ ਸ਼ਿਕਾਰੀ ਵਾਂਗ ਚੰਡੀਗੜ੍ਹ ਤੋਂ ਆਉਣ ਵਾਲੀ ਬੱਸ ਉਤੇ ਲੱਗੀਆਂ ਸਨ। ਇੰਨੇ ਨੂੰ ਇਕ ਗੁਰਸਿੱਖ ਨੇ ਬੇਹੱਦ ਹਲੀਮੀ ਨਾਲ ਪੁੱਛਿਆ, ‘ਵੀਰ ਜੀ, ਕਿੰਨੀ 'ਕੁ ਦੇਰ ਤੁਹਾਨੂੰ ਖੜਿਆਂ ਨੂੰ ਹੋ ਗਈ?' ਮੈਂ ਕਿਹਾ, ‘ਸ਼ਾਇਦ ਦਸ ਕੁ ਮਿੰਟ, ਅਹੁ ਤਿੰਨ ਚਾਰ ਜਣੇ ਮੈਥੋਂ ਪਹਿਲਾਂ ਦੇ ਖੜੇ ਹਨ, ਸ਼ਾਇਦ ਪਿਛਲੇ ਵੀਹ ਕੁ ਮਿੰਟ ਤੋਂ ਬੱਸ ਨਹੀਂ ਆਈ।' ਉਹ ਕਹਿਣ ਲੱਗਾ ਕਿ ਮੁਹਾਲੀ ਦੇ ਅੱਡੇ ਵਿੱਚੋਂ ਇਕ ਵਜੇ ਬੱਸ ਚੱਲੇਗੀ।
ਇਹ ਸੁਣ ਕੇ ਘੁਮੇਰ ਜਿਹੀ ਆਉਂਦੀ ਜਾਪੀ। ਆਲੇ ਦੁਆਲੇ ਸਵਾਰੀਆਂ ਦੇ ਬੈਠਣ ਲਈ ਥਾਂ ਨਹੀਂ ਸੀ। ਲਾਈਟਾਂ 'ਤੇ ਬੱਤੀਆਂ ਲਾਲ ਤੋਂ ਬਾਅਦ ਹਰੀਆਂ ਹੁੰਦੀਆਂ ਸਾਰ ਵਾਹਨ ਧੂੰਆਂ ਛੱਡਦੇ ਵਾਹੋ-ਦਾਹੀ ਦੌੜਦੇ, ਲਾਲ ਬੱਤੀ ਹੁੰਦਿਆਂ ਸਾਰ ਰੁਕਦੇ ਤੇ ਅਸੀਂ ਮੁਫਤੋ-ਮੁਫਤ ਧੂੰਆਂ ‘ਛਕ' ਰਹੇ ਸਾਂ। ਮੈਨੂੰ ਆਪਣਾ ਸਿਰ, ਹਦਵਾਣਾ ਹੋ ਗਿਆ ਜਾਪਿਆ, ਮੈਂ ਕਿਉਂ ਬੱਸ 'ਚ ਜਾਣ ਲਈ ਆਖੇ ਲੱਗ ਗਿਆ! ਸ਼ਾਇਦ ਬੱਚਤ ਦਾ ਖਿਆਲ ਭਾਰੂ ਸੀ ਜਿਸ ਕਰਕੇ ਮਾਰੂ ਫੈਸਲਾ ਹੋ ਗਿਆ ਸੀ।
ਸਾਹਮਣੇ ਖੜੇ ਸਿੰਘ ਨੂੰ ਧਿਆਨ ਨਾਲ ਦੇਖਿਆ ਤਾਂ ਉਹ ਫਹੁੜੀਆਂ ਭਾਰ ਸੀ। ਦੋਵੇਂ ਲੱਤਾਂ ਨਾਕਾਰਾ ਸਨ। ਬੱਸ ਨਾ ਆਉਂਦੀ ਦੇਖ ਉਹ ਭੁੰਜੇ ਬਹਿ ਗਿਆ, ਪਰ ਮੇਰੇ ਲਈ ਮੇਰਾ ਪਹਿਰਾਵਾ ਅੜਿੱਕਾ ਬਣ ਗਿਆ ਸੀ। ਪਿੱਛੋਂ ਸਲਿੱਪ ਰੋਡ ਤੋਂ ਆਟੋ ਹਰ ਪੰਜ ਦਸ ਮਿੰਟ ਬਾਅਦ ਖੌਰੂ ਪਾਉਂਦੇ ਆ ਰਹੇ ਸਨ। ਚਾਲਕ ਸੰਘ ਪਾੜ ਕੇ ਸੋਹਾਣਾ ਲਾਂਡਰਾਂ ਲਈ ਹਾਕਾਂ ਮਾਰਦੇ, ਜਿਵੇਂ ਸਾਨੂੰ ਪ੍ਰੇਰਨ ਦੀ ਕੋਸ਼ਿਸ਼ ਕਰਦੇ ਹੋਣ ਕਿ ਆ ਜਾਓ ‘ਬੁੱਧੂਓ', ਬੱਸ ਤਾਂ ਆਉਣੀ ਨਹੀਂ, ਪਰ ਸਫਰ ਲੰਮਾ ਹੋਣ ਕਰਕੇ ਮੁੜ ਆਟੋ ਲੈਣ ਦਾ ਖਿਲਾਫ ਵੀ ਨਹੀਂ ਕਰ ਸਕਦਾ ਸੀ। ਨਵੇਂ ਬਣੇ ਇਕ ਦੋ ਹਮਸਫਰਾਂ ਨੇ ਲਾਂਡਰਾਂ ਤੱਕ ਆਟੋ ਲੈਣ ਦੀ ਗੱਲ ਤੋਰੀ, ਪਰ ਮੈਂ ਹਾਮੀ ਨਾ ਭਰੀ। ਕੋਲੋਂ ਸੀ ਟੀ ਯੂ ਦੀਆਂ ਲੋਕਲ ਬੱਸਾਂ ਵੀ ਤੇਜ਼ ਸਪੀਡ ਵਿੱਚ ਲੰਘਦੀਆਂ ਗਈਆਂ। ਬੱਸ ਦੀ ਉਡੀਕ ਕਰਦੀਆਂ ਸਵਾਰੀਆਂ ਵਿੱਚ ਹੁਣ ਕੁਝ ਸਕੂਲੀ ਵਿਦਿਆਰਥੀ ਵੀ ਸ਼ਾਮਲ ਹੋ ਗਏ ਸਨ।
ਇੰਨੇ ਨੂੰ ਬੱਸ ਆਉਂਦੀ ਨਜ਼ਰੀਂ ਪਈ। ਸਵਾਰੀਆਂ ਇਕ ਦੂਜੇ ਦਾ ਸਾਥ ਛੱਡ ਕੇ ਬੱਸ ਵੱਲ ਦੌੜਨ ਲਈ ਤਿਆਰ ਹੋ ਗਈਆਂ। ਮੇਰਾ ਧਿਆਨ ਕੁਝ ਪਲਾਂ ਦੇ ਸਾਥੀ ਵੱਲ ਗਿਆ-ਯਾਰ ਇਹ ਕਿਵੇਂ ਚੜ੍ਹੇਗਾ? ਮੈਂ ਪਾੜ੍ਹਿਆਂ ਨੂੰ ਮੁਖਾਤਬ ਹੋਇਆ, ‘ਬਈ ਇਕ ਸੀਟ ਵੀਰ ਲਈ ਰਿਜ਼ਰਵ ਕਰਿਓ।' ਪਹਿਲਾਂ ਭਰੀ ਬੱਸ ਵਿੱਚ ਮੈਂ ਆਪਣੇ ਇਸ ਸਾਥੀ ਨੂੰ ਪਹਿਲਾਂ ਚੜ੍ਹਾਉਂਦਾ ਸਭ ਤੋਂ ਬਾਅਦ ਵਿੱਚ ਚੜ੍ਹ ਸਕਿਆ। ਉਸ ਵੀਰ ਨੂੰ ਦੇਖਦਿਆਂ ਸਾਰ ਕੰਡਕਟਰ ਕਹਿਣ ਲੱਗਾ, ‘ਤੂੰ ਯਾਰ ਅਗਲੀ 'ਚ ਆ ਜਾਵੀਂ, ਜਗ੍ਹਾ ਤਾਂ ਹੈ ਨੀ।' ਮੈਂ ਕਿਹਾ, ‘ਕੋਈ ਨੀ ਚੜ੍ਹਾ ਲੈ, ਇਹਦੇ ਲਈ ਤਾਂ ਚੜ੍ਹਨਾ ਵੀ ਮੁਸ਼ਕਿਲ ਹੈ।'
ਖੈਰ! ਅਸੀਂ ਬੱਸ ਵਿੱਚ ਸਵਾਰ ਹੋ ਗਏ। ਅੱਗੇ ਪਿੱਛੇ ਹੋ ਕੇ ਪਾਸੇ ਮਾਰ ਕੇ ਖੜਨ ਯੋਗੀ ਥਾਂ ਬਣ ਗਈ। ਰੋਡਵੇਜ਼ ਦੀ ਖਟਾਰਾ ਬੱਸ ਆਪਣੇ ਵਿਤੋਂ ਡੂਢੀਆਂ ਸਵਾਰੀਆਂ ਲੈ ਕੇ ਮੰਜ਼ਿਲ ਵੱਲ ਵਧਣ ਲੱਗੀ। ਥੋੜ੍ਹੀ ਦੇਰ ਬਾਅਦ ਦੇਖਿਆ, ਬੱਸ ਲਿੰਕ ਰੋਡ ਨੂੰ ਪੈ ਚੁੱਕੀ ਸੀ। ਪੁੱਛਿਆ ਕਿ ਕਿਹੜਾ ਪਿੰਡ ਹੈ ਤਾਂ ਇਕ ਸਵਾਰੀ ਨੇ ਦੱਸਿਆ ਕਿ ਬੈਰੋਪੁਰ ਭਾਗੋ ਮਾਜਰਾ ਆ ਗਿਆ, ਪਰ ਬੱਸ ਨੇ ਸਰਹੰਦ ਜਾਣਾ ਸੀ, ਇਹ ਕਿੱਧਰ ਨੂੰ ਪੈ ਗਈ। ਪਤਾ ਲੱਗਾ ਕਿ ਬੱਸ ਲਾਂਡਰਾਂ ਵਿੱਚ ਲੱਗਦੇ ਜਾਮ ਤੋਂ ਬਚਣ ਲਈ ਘੁੰਮ ਕੇ ਜਾ ਰਹੀ ਹੈ।
ਇਸੇ ਦੌਰਾਨ ਸੁਹਾਣਿਓ ਚੜ੍ਹੀ ਤਾਕੀ ਵਿੱਚ ਖੜੀ ਬਜ਼ੁਰਗ ਮਾਈ ਨੂੰ ਦੇਖ ਕੇ ਡਰਾਈਵਰ ਕੰਡਕਟਰ ਨੂੰ ਸੰਬੋਧਨ ਹੋਇਆ, ‘ਓ ਆਹ ਮਾਈ ਨੂੰ ਉਤੇ ਕਰ ਲੈ।' ਮੇਰਾ ਧਿਆਨ ਮਾਈ ਵੱਲ ਗਿਆ। ਉਹਦੀ ਅੱਖ ਉਤੇ ਪੱਟੀ ਬੰਨ੍ਹੀ ਹੋਈ ਸੀ, ਉਸ ਦੇ ਦਰਦ ਦਾ ਅਹਿਸਾਸ ਹੋਇਆ। ਉਹਨੇ ਕੰਡਕਟਰ ਨੂੰ ਸੀਟ ਲਈ ਤਰਲਾ ਮਾਰਿਆ। ਕੰਡਕਟਰ ਨੇ ਝੱਟ ਜਵਾਬ ਦਿੱਤਾ, ‘ਬੇਬੇ ਤੈਨੂੰ ਕਿਹਾ ਤਾਂ ਸੀ, ਅਗਲੀ ਬੱਸ ਆ ਜਾਵੀਂ।' ਸੀਟੀ ਵੱਜ ਚੁੱਕੀ ਸੀ, ਬੇਬੇ ਇਕ ਪਾਸੇ ਬੱਸ ਦਾ ਪਾਈਪ ਫੜੀ ਖੜੀ ਸੀ, ਸ਼ਾਇਦ ਉਸ ਦੇ ਨਾਲ ਵੀ ਕੋਈ ਨਹੀਂ ਸੀ। ਬੱਸ ਝੰਜੇੜੀ ਪੁੱਜੀ, ਕੁਝ ਸਵਾਰੀਆਂ ਉਤਰੀਆਂ ਤਾਂ ਬੇਬੇ ਨੂੰ ਸੀਟ ਮਿਲ ਗਈ ਤੇ ਇਸ ਉਥਲ ਪੁਥਲ ਵਿੱਚ ਮੈਂ ਵੀ ਇੰਜਣ ਉਤੇ ਬੈਠ ਗਿਆ। ਇੰਨੇ ਨੂੰ ਛੋਟਾ ਜਿਹਾ ਜਵਾਕ ਮੇਰੀ ਲੱਤ ਦੇ ਆਸਰੇ ਖੜਾ ਮਹਿਸੂਸ ਹੋਇਆ, ਮੈਂ ਉਹਨੂੰ ਫੜ ਕੇ ਲੱਤ ਉਤੇ ਬਿਠਾ ਲਿਆ।
ਦਿਮਾਗ ਵਿੱਚ ਬੈਰੋਪੁਰ ਦਾ ਖਿਆਲ ਉਠਿਆ ਤਾਂ ਰੱਬੀ ਬੈਰੋਪੁਰੀ ਵਾਲੀ ਦਿਮਾਗ ਦੀ ਖਿੜਕੀ ਖੁੱਲ੍ਹ ਗਈ। ਬਾਹਰੀ ਤਪਸ਼ ਤੋਂ ਬੇਪ੍ਰਵਾਹ ਉਸ ਦੇ ਖੇਡੇ ਪੇਂਡੂ ਡਰਾਮੇ, ਉਸ ਦੀ ਅਦਾਕਾਰੀ ਤੇ ਪੰਜਾਬ ਦਾ ਨਚਾਰ ਸੱਭਿਆਚਾਰ ਅੱਖਾਂ ਅੱਗੇ ਆ ਗਿਆ। ਇਕ ਵਾਰ ਅੱਖਾਂ ਠੰਢਕ ਨਾਲ ਸਰਸ਼ਾਰ ਹੋ ਗਈਆਂ। ਖਿਆਲਾਂ ਦੀ ਉਡਾਰੀ 'ਚ ਸਰਦੂਲ ਸਿਕੰਦਰ ਆ ਗਿਆ, ਜਿਸ ਨੇ ਮੁਹੰਮਦ ਸਦੀਕ ਤੋਂ ਲੈ ਕੇ ਯਮਲਾ ਜੱਟ ਤੱਕ ਦੇ ਅੰਦਾਜ਼ ਵਿੱਚ ਗਾ ਕੇ ਰੋਡਵੇਜ਼ ਦੀ ਲਾਰੀ ਦੀਆਂ ‘ਸਿਫਤਾਂ' ਕੀਤੀਆਂ ਨੇ, ‘ਓ ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ।'
ਮੈਂ ਸੋਚਣ ਲੱਗਾ, ਇੰਨੇ ਸਾਲਾਂ ਵਿੱਚ ਵੀ ਰੋਡਵੇਜ਼ ਦੀ ਹਾਲਤ ਕਿਉਂ ਨਹੀਂ ਸੁਧਰੀ? ਆਮ ਲੋਕਾਂ ਵੱਲ ਸਾਡੇ ਨੁਮਾਇੰਦਿਆਂ ਦਾ ਖਿਆਲ ਕਿਉਂ ਨਹੀਂ ਜਾਂਦਾ? ਜਾਵੇ ਵੀ ਕਿਉਂ, ਉਹ ਕਿਹੜਾ ਕਦੇ ਰੋਡਵੇਜ਼ ਦੀ ਸਵਾਰੀ ਬਣੇ ਹਨ। ਕੋਈ ਸਮਾਂ ਸੀ, ਰੋਡਵੇਜ਼ ਵਿੱਚ ਐਮ ਐਲ ਏ ਲਈ ਰਾਖਵੀਂ ਸੀਟ ਹੁੰਦੀ ਸੀ, ਸ਼ਾਇਦ ਹਾਲੇ ਵੀ ਹੋਵੇ। ਵਿਚਾਰਾਂ ਦੀ ਇਸ ਭੰਨਤੋੜ ਦੌਰਾਨ ਇਕ ਬਜ਼ੁਰਗ ਨੇ ਕਿਹਾ, ‘ਪੁੱਤ ਆਹ ਖੁੰਡੀ ਫੜੀ।' ਮੇਰੀ ਇਕ ਲੱਤ ਉਤੇ ਜਵਾਕ ਤੇ ਦੂਜੇ ਹੱਥ ਖੁੰਡੀ ਸੀ। ਬਾਬਾ ਕਾਫੀ ਬਜ਼ੁਰਗ ਪਰ ਕਬੀਲਦਾਰ ਹੰਢਿਆ ਹੋਇਆ ਇਨਸਾਨ ਜਾਪਿਆ। ਉਂਜ ਉਸ ਦੀਆਂ ਅੱਖਾਂ ਉਤੇ ਲੱਗੀ ਐਨਕ ਉਸ ਦੀ ਹਾਲਤ ਦਰਸਾਉਣ ਲਈ ਕਾਫੀ ਸੀ। ਇੰਨੀ ਭੀੜ ਵਿੱਚ ਉਸ ਦਾ ਇੰਜਣ ਉਤੇ ਬੈਠਣ ਲਈ ਪੁੱਜਣਾ ਨਾ-ਮੁਮਕਿਨ ਸੀ। ਕੁਝ ਸਮੇਂ ਬਾਅਦ ਕਿਸੇ ਨੌਜਵਾਨ ਨੇ ਬਾਬੇ ਨੂੰ ਸੀਟ ਦੇ ਦਿੱਤੀ। ਸਕੂਨ ਮਿਲਿਆ। ਬਾਬਾ ਗੋਬਿੰਦਗੜ੍ਹ ਜਾ ਰਿਹਾ ਸੀ।
ਖਿਆਲਾਂ ਦੀ ਲੜੀ ਅੱਗੀ ਵਧੀ। ਬੱਸ ਵਿੱਚ ਵਧੇਰੇ ਕਰਕੇ ਮੁਰਝਾਏ ਚਿਹਰਿਆਂ ਵਾਲੇ ਥੁੜ੍ਹਾਂ ਮੇਰੇ ਲੋਕ ਸਨ। ਦਰਦ ਪੜ੍ਹਨ ਲਈ ਚਿਹਰੇ ਹੀ ਕਾਫੀ ਸਨ। ਮਨ ਵਿੱਚ ਸਵਾਲ ਪੈਦਾ ਹੋਇਆ ਕਿ ਸਰਕਾਰ ਜੇ ਰੋਡਵੇਜ਼ ਨੂੰ ਨਹੀਂ ਸਾਂਭ ਸਕਦੀ ਤਾਂ ਪ੍ਰਾਈਵੇਟ ਬੱਸਾਂ ਦੇ ਟਾਈਮ ਤਾਂ ਵਧਾ ਸਕਦੀ ਹੈ, ਫਿਰ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਦਾਦਾਗਿਰੀ ਦੀ ਫਿਲਮ ਦਿਮਾਗ 'ਚ ਚੱਲ ਪਈ ਸੀ। ਇੰਨੇ ਨੂੰ ਬੱਸ ਵੱਡਾ ਜੰਪ ਕਰਕੇ ਖੜ-ਖੜ ਕਰਦੀ ਖੜ ਗਈ, ਕਹਿੰਦੇ ਸ਼ਾਇਦ ਐਕਸਲ ਟੁੱਟ ਗਿਆ ਹੈ। ਗੁਰਦਾਸ ਮਾਨ ਦਾ ਗੀਤ ਸੱਚ ਸਾਬਤ ਹੋ ਰਿਹਾ ਸੀ, ਇਹ ਰੋਡਵੇਜ਼ ਦੀਆਂ ਲਾਰੀਆਂ, ਧੱਕੇ ਲਾਉਣ ਸਵਾਰੀਆਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’