Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ

February 26, 2024 04:49 AM

  

-ਜਤਿੰਦਰ ਪਨੂੰ
ਪੰਝੀ ਕੁ ਸਾਲ ਪੁਰਾਣੇ ਉਹ ਦਿਨ ਯਾਦ ਹਨ, ਜਦੋਂ ਮੈਨੂੰ ਕਿਹਾ ਗਿਆ ਕਿ ਕੈਨੇਡਾ ਚੱਲਿਆ ਹੈਂ, ਵੈਨਕੂਵਰ ਜਾਵੇਂਤਾਂ ਓਥੇ ਸਤਨਾਮ ਸਿੰਘ ਰੰਧਾਵੇ ਨੂੰ ਜ਼ਰੂਰ ਮਿਲੀਂ। ਮੈਂ ਭੁੱਲ ਗਿਆ ਸੀ। ਵੈਨਕੂਵਰ ਪਹੁੰਚੇ ਤਾਂ ਤੀਸਰੇ ਦਿਨ ਸੁਨੇਹਾ ਆ ਗਿਆ ਕਿ ਸਤਨਾਮ ਸਿੰਘ ਰੰਧਾਵਾ ਮਿਲਣ ਆ ਰਿਹਾ ਹੈ। ਮੈਨੂੰ ਯਾਦ ਵੀ ਨਹੀਂ ਸੀ ਕਿ ਇਹ ਬੰਦਾ ਹੈ ਕੌਣ ਅਤੇ ਕਾਹਦੇ ਲਈ ਮਿਲਣ ਆ ਰਿਹਾ ਹੈ। ਜਦੋਂ ਆਇਆ ਤਾਂ ਪਤਾ ਲੱਗਾ ਕਿ ਉਹ ਨਕੋਦਰ ਤੇ ਨੂਰਮਹਿਲ ਵਿਚਾਲੇ ਵੱਸਦੇ ਪਿੰਡ ਸੰਘੇ ਖਾਲਸਾ ਦਾ ਜੰਮ-ਪਲ ਹੈ ਤੇ ਤਿੰਨ ਸਮਾਜ ਸੇਵੀ ਪ੍ਰਵਾਸੀ ਪੰਜਾਬੀਆਂ ਦੇ ਗਰੁੱਪ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਉਸ ਪਿੰਡ ਦੀ ਨੁਹਾਰ ਬਦਲਣ ਲਈ ਸਾਰਾ ਤਾਣ ਲਾਇਆ ਪਿਆ ਹੈ। ਅਗਲੇ ਮਹੀਨੇ ਉਹ ਪੰਜਾਬ ਆਣ ਪਹੁੰਚਾ। ਮੈਨੂੰ ਮਿਲਣ ਆਇਆ ਤਾਂ ਇੰਗਲੈਂਡ ਦੇ ਬਰਮਿੰਘਮ ਵਿੱਚ ਵੱਸਦਾ ਉਸ ਦਾ ਮਾਮੇ ਦਾ ਪੁੱਤਰ ਨਿਰਮਲ ਸਿੰਘ ਉਸ ਦੇ ਨਾਲ ਸੀ। ਸਤਨਾਮ ਸਿੰਘ ਰੰਧਾਵਾ ਨਾਨਕੇ ਪਿੰਡ ਪਲਿਆ ਸੀ ਤੇ ਨਿਰਮਲ ਸਿੰਘ ਦੇ ਪਰਵਾਰ ਦਾ ਜੱਦੀ ਪਿੰਡ ਸੀ। ਦੋਵਾਂ ਨੇ ਆਪਣੇ ਪਿੰਡ ਬੁਲਾਇਆ ਤਾਂ ਪਤਾ ਲੱਗਾ ਕਿ ਦੋਵੇਂ ਉਹ ਅਤੇ ਉਨ੍ਹਾਂ ਨਾਲ ਤੀਸਰਾ ਸੰਤੋਖ ਸਿੰਘ ਸੰਘਾ ਇੱਕ ਵਾਰ ਵਿਦੇਸ਼ ਵਿੱਚ ਬੈਠੇ ਸਨ ਤਾਂ ਪਿੰਡ ਦੀ ਹਾਲਤ ਸੁਧਾਰਨ ਦਾ ਇਰਾਦਾ ਬਣਾਇਆ ਸੀ, ਜਿਸ ਦੇ ਹੁੰਗਾਰੇ ਵਿੱਚ ਉਨ੍ਹਾਂ ਦਾ ਸਾਰਾ ਪਿੰਡ ਜੁੱਟ ਗਿਆ ਸੀ।
ਓਦੋਂ ਅਜੇ ਪਿੰਡਾਂ ਵਿੱਚ ਅਜੋਕੇ ਨਸਿ਼ਆਂ ਦਾ ਵਹਿਣ ਨਹੀਂ ਸੀ ਪਹੁੰਚਿਆ, ਪਰ ਭੁੱਕੀ, ਅਫੀਮ ਅਤੇ ਸ਼ਰਾਬ ਕਈ ਘਰਾਂ ਨੂੰ ਸਿਉਂਕ ਵਾਂਗ ਤਬਾਹ ਕਰੀ ਜਾਂਦੀਆਂ ਸਨ। ਇਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਬਚਾਉਣ ਲਈ ਕਬੱਡੀ ਟੀਮ ਬਣਾ ਕੇ ਹਰ ਸਾਲ ਕਬੱਡੀ ਅਤੇ ਕੁਝ ਹੋਰ ਖੇਡਾਂ ਕਰਵਾਉਣ ਦਾ ਐਲਾਨ ਕੀਤਾ ਤਾਂ ਗੱਲ ਅੱਗੇ ਤੁਰ ਪਈ। ਅਗਲੇ ਸਾਲ ਆਏ ਤਾਂ ਇਸ ਪਿੰਡ ਦੇ ਵਿਦੇਸ਼ ਵੱਸਦੇ ਜਿੰਨੇ ਕੁ ਲੋਕ ਓਦੋਂ ਆਏ ਮਿਲ ਗਏ, ਉਨ੍ਹਾਂ ਦੀ ਮੀਟਿੰਗ ਕਰਵਾ ਕੇ ਕਿਹਾ ਕਿ ਆਪਾਂ ਪਿੰਡ ਦੇ ਵਿਚਾਲੇ ਬਣੇ ਛੱਪੜ ਨੂੰ ਭਰਨ ਦਾ ਕੰਮ ਕਰ ਦੇਈਏ ਤਾਂ ਜੁ ਕੋਈ ਬਿਮਾਰੀ ਨਾ ਫੈਲੇ ਅਤੇ ਪਿੰਡ ਸਾਫ ਸੁਥਰਾ ਵੀ ਹੋ ਜਾਵੇ। ਲੋਕਾਂ ਨੇ ਪੁੱਛਿਆ ਕਿ ਘਰਾਂ ਦਾ ਗੰਦਾ ਪਾਣੀ ਕਿੱਧਰ ਜਾਵੇਗਾ। ਨਿਰਮਲ ਸਿੰਘ ਸੰਘਾ ਨੇ ਇਸ ਬਾਰੇ ਯੋਜਨਾ ਪੇਸ਼ ਸਾਹਮਣੇ ਰੱਖ ਦਿੱਤੀ ਕਿ ਪਿੰਡ ਵਿੱਚ ਤੀਹ-ਤੀਹ ਫੁੱਟ ਡੂੰਘੇ ਦੋ ਖੂਹ ਪੁੱਟਾਂਗੇ, ਹੇਠੋਂ ਪੱਕੇ ਕਰ ਦਿੱਤੇ ਜਾਣਗੇ ਅਤੇ ਇੱਕ ਖੂਹ ਵਿੱਚ ਪੈਂਦਾ ਗੰਦਾ ਪਾਣੀ ਹੇਠੋਂ ਫਿਲਟਰ ਹੋ ਕੇ ਦੂਸਰੇ ਵਿੱਚ ਗਿਆ ਤਾਂ ਖੇਤਾਂ ਨੂੰ ਲਾਇਆ ਕਰਾਂਗੇ। ਕਈ ਲੋਕਾਂ ਨੂੰ ਯਕੀਨ ਨਹੀਂ ਸੀ ਆਇਆ, ਪਰ ਇਨ੍ਹਾਂ ਨੇ ਕਰ ਵਿਖਾਇਆ। ਖੂਹ ਉੱਤੇ ਡੀਜ਼ਲ ਇੰਜਨ ਲਵਾ ਦਿੱਤਾ, ਜਦੋਂ ਖੂਹ ਭਰਨ ਲੱਗਦੇ ਤਾਂ ਇੰਜਨ ਚਲਾ ਕੇ ਚਾਹਵਾਨ ਲੋਕਾਂ ਦੇ ਖੇਤਾਂ ਨੂੰ ਰੂੜੀ ਪਈ ਵਰਗਾ ਦਮਦਾਰ ਪਾਣੀ ਪੁਚਾ ਦਿੱਤਾ ਜਾਂਦਾ। ਫਿਰ ਘਰਾਂ ਦੀ ਵਾਟਰ ਸਪਲਾਈ ਸਕੀਮ ਆਈ ਤਾਂ ਕੁਝ ਹਿੱਸਾ ਸਰਕਾਰੀ ਫੰਡ ਦਾ ਅਤੇ ਬਹੁਤਾ ਇਸ ਓਵਰਸੀਜ਼ ਕਮੇਟੀ ਨੇ ਪਾਇਆ ਅਤੇ ਨਾਲ ਪਿੰਡ ਵਿੱਚ ਸੀਵਰੇਜ ਪਾਉਣ ਲਈ ਇਰਾਦਾ ਬਣਾ ਲਿਆ। ਪਿੰਡ ਵਿੱਚ ਤਿੰਨ ਤਰ੍ਹਾਂ ਦੀਆਂ ਨਾਲੀਆਂ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਇੱਕ ਵਿੱਚ ਪਾਣੀ ਘਰਾਂ ਨੂੰ ਜਾਂਦਾ, ਦੂਸਰੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਇਨ੍ਹਾਂ ਦੋ ਖੂਹਾਂ ਵੱਲ ਤੇ ਨਾਲ ਬਰਸਾਤੀ ਪਾਣੀ ਲਈ ਵੱਖਰੀ ਪਾਈਪ ਵਿਛਾ ਕੇ ਸਾਰਾ ਪਾਣੀ ਚਾਰ ਪੁਰਾਣੇ ਖੂਹਾਂ ਵਿੱਚ ਪਾ ਦਿੱਤਾ, ਤਾਂ ਕਿਪਿੰਡ ਦਾ ਧਰਤੀ ਹੇਠਲਾ ਪਾਣੀ ਹੋਰ ਡੂੰਘਾ ਹੋਣ ਤੋਂ ਰੋਕ ਸਕੀਏ। ਤਿੰਨੇ ਸਕੀਮਾਂ ਸਫਲ ਹੋ ਗਈਆਂ ਤਾਂ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਤੇ ਸਟਰੀਟ ਲਾਈਟਾਂ ਲਾਉਣ ਦਾ ਕੰਮ ਵੀ ਓਵਰਸੀਜ਼ ਕਮੇਟੀ ਨੇ ਕਰਵਾ ਦਿੱਤਾ।
ਨਿਰਮਲ ਸਿੰਘ ਦੀ ਧੀ ਦੇ ਵਿਆਹ ਮੌਕੇ ਤਿੰਨੇ ਦੋਸਤ ਮਿਲੇ ਤਾਂ ਮੈਥੋਂ ਐਲਾਨ ਕਰਵਾ ਦਿੱਤਾ ਕਿ ਉਹ ਇੱਕ-ਇੱਕ ਲੱਖ ਰੁਪਏ ਦੇ ਕੇ ਸਾਂਝਾ ਫੰਡ ਖੋਲ੍ਹਣਗੇ। ਜਿਹੜੇ ਲੋਕ ਆਪਣੇ ਬੱਚੇ ਦਾ ਪੜ੍ਹਾਈ ਦਾ ਖਰਚ ਨਹੀਂ ਕਰ ਸਕਦੇ, ਉਨ੍ਹਾਂ ਲਈ ਖਰਚ ਇਸ ਫੰਡ ਤੋਂ ਕੀਤਾ ਜਾਵੇਗਾ। ਅਗਲੀ ਮਾਘੀ ਮੌਕੇ ਇੱਕ ਵੱਡੇ ਅਫਸਰ ਕੋਲੋਂ ਜਦੋਂ ਲੇਡੀ ਸਰਪੰਚ ਨੂੰ ਉਸ ਤਿੰਨ ਲੱਖ ਤੇ ਉਸ ਦੇ ਵਿਆਜ਼ ਦਾ ਚੈੱਕ ਦਿਵਾਇਆ ਤਾਂ ਅਫਸਰ ਨੇ ਕਿਹਾ ਕਿ ਪਿਡ ਵਾਲਿਉ, ਜ਼ਰਾ ਕੁ ਸੰਭਾਲ ਕੇ ਵਰਤਿਉ, ਪੈਸੇ ਮੁਕਾ ਨਾ ਲਿਉ। ਸਾਹਮਣੇ ਬੈਠਾ ਪਿੰਡ ਦਾ ਇੱਕ ਐੱਨ ਆਰ ਆਈ ਬਜ਼ੁਰਗ ਬੋਲਿਆ, ਜਨਾਬ ਇਹ ਨਹੀਂ ਮੁੱਕਣੇ, ਇਸ ਵਿੱਚ ਪੰਜਾਹ ਹਜ਼ਾਰ ਖੜੇ ਪੈਰ ਮੇਰੇ ਜਮ੍ਹਾ ਕਰ ਲਉ। ਇੱਕ ਹੋਰ ਨੇ ਉੱਠ ਕੇ ਇਹ ਹੀਕਿਹਾ ਤਾਂ ਨਵੀਂ ਪਿਰਤ ਪੈ ਗਈ। ਓਦੋਂ ਤੋਂ ਉਸ ਫੰਡ ਵਿੱਚੋਂ ਪਿੰਡ ਦੇ ਧੀਆਂ-ਪੁੱਤਾਂ ਦੀ ਹਰ ਸਾਲ ਮਦਦ ਕੀਤੀ ਜਾਂਦੀ ਹੈ, ਪਰ ਫੰਡ ਮੁੱਕਦਾ ਨਹੀਂ, ਵਧਦਾ ਗਿਆ ਅਤੇ ਅੱਜ ਪੰਝੀ ਲੱਖ ਦੇ ਕਰੀਬ ਓਵਰਸੀਜ਼ ਕਮੇਟੀ ਦੇ ਖਾਤੇ ਵਿੱਚ ਪਏ ਹਨ। ਪਿੰਡ ਵਿੱਚ ਪਿਰਤ ਪੈ ਗਈ ਕਿ ਕਿਸੇ ਘਰ ਖੁਸ਼ੀ ਹੋਵੇ ਜਾਂ ਸੋਗ ਦਾ ਮੌਕਾ, ਦੁਨੀਆ ਵਿੱਚ ਕਿਤੇ ਵੀ ਵੱਸਦੇ ਹੋਣ, ਸਭ ਤੋਂ ਪਹਿਲਾਂ ਉਹ ਆਪਣੇ ਪਿੰਡ ਦਾ ਵਿਕਾਸ ਕਰਦੀ ਓਵਰਸੀਜ਼ ਕਮੇਟੀ ਦਾ ਹਿੱਸਾ ਕੱਢਦੇ ਹਨ। ਸਮੁੰਦਰੀ ਜਹਾਜ਼ਾਂ ਤੋਂ ਸੀਵਰੇਜ ਦਾ ਗੰਦ ਸਮੁੰਦਰ ਵਿੱਚ ਨਹੀਂ ਸੁੱਟਿਆ ਜਾਂਦਾ, ਜਹਾਜ਼ਾਂ ਵਿੱਚ ਲਾਈ ਟਰੀਟਮੈਂਟ ਮਸ਼ੀਨ ਗੰਦਾ ਪਾਣੀ ਸਾਫ ਕਰ ਕੇ ਸੁੱਟਦੀ ਹੈ। ਪੰਜਾਬ ਦਾ ਇਹ ਸ਼ਾਇਦ ਪਹਿਲਾ ਪਿੰਡ ਸੀ, ਜਿੱਥੇ ਸਮੁੰਦਰੀ ਜਹਾਜ਼ਾਂ ਵਿੱਚ ਲੱਗਦੀ ਆਧੁਨਿਕ ਮਸ਼ੀਨ ਲਾਈ ਗਈ। ਪਰਦੂਸ਼ਣ ਕੰਟਰੋਲ ਬੋਰਡ ਵਾਲਿਆਂ ਤੇ ਮੰਤਰੀਆਂ ਨੇ ਆ ਕੇ ਵੇਖਿਆ ਕਿ ਇਸ ਮਸ਼ੀਨ ਤੋਂ ਨਿਕਲਿਆ ਪਾਣੀ ਨਗਰ ਪਾਲਿਕਾ ਦੀ ਪਾਣੀ ਦੀ ਟੂਟੀ ਤੋਂ ਵੱਧ ਸਾਫ ਸੀ, ਮਨੁੱਖੀ ਸਿਧਾਂਤ ਵਜੋਂ ਇਹ ਪੀਣ ਲਈ ਨਹੀਂ ਵਰਤਣਾ, ਪਰ ਖੇਤੀ ਤੇ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਉਹ ਪਲਾਂਟ ਚਲਾਉਣ ਲਈ ਬਿਜਲੀ ਚਾਹੀਦੀ ਸੀ, ਇਸ ਮਕਸਦ ਵਾਸਤੇ ਵੱਡਾ ਸੋਲਰ ਪਲਾਂਟ ਲਾਇਆ ਗਿਆ, ਜਿਸ ਦੀ ਬਿਜਲੀ ਪੰਜਾਬ ਦੀ ਬਿਜਲੀ ਕਾਰਪੋਰੇਸ਼ਨ ਪਾਵਰਕਾਮ ਨੂੰ ਪਹੁੰਚਦੀ ਹੈ ਅਤੇ ਓਥੋਂ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਮਿਲਦੀ ਹੈ। ਮਹੀਨਾ ਪੂਰਾ ਹੋਣ ਪਿੱਛੋਂ ਵੱਧ ਬਿਜਲੀ ਬਣ ਗਈ ਤੇ ਘੱਟ ਵਰਤੀਹੋਵੇ ਤਾਂ ਵਧਦੇ ਪੈਸੇ ਪੰਚਾਇਤ ਦੇ ਖਾਤੇ ਵਿੱਚ ਪੈ ਜਾਂਦੇ ਹਨ, ਪਰ ਜਦੋਂ ਘੱਟ ਬਣੀ ਅਤੇ ਵੱਧ ਵਰਤੀ ਜਾਵੇ ਤਾਂ ਉਸ ਮੁਤਾਬਕ ਪਾਵਰਕਾਮ ਨੂੰ ਬਿੱਲ ਭਰ ਦਿੱਤਾ ਜਾਂਦਾ ਹੈ। ਸੋਲਰ ਸਿਸਟਮ ਤੇ ਟਰੀਟਮੈਂਟ ਪਲਾਂਟ ਦੋਵੇਂ ਠੀਕ ਚੱਲੀ ਜਾਂਦੇ ਹਨ।
ਜਦੋਂ ਪੰਜਾਬ ਸਰਕਾਰ ਨੇ ਧੀਆਂ ਲਈ ਸ਼ਗਨ ਦੇਣ ਦੀ ਸਕੀਮ ਸ਼ੁਰੂ ਕੀਤੀ ਤਾਂ ਏਥੇ ਓਵਰਸੀਜ਼ ਕਮੇਟੀ ਨੇ ਕਹਿ ਦਿੱਤਾ ਕਿ ਜਿੰਨੇ ਪੈਸੇ ਸਰਕਾਰ ਦੇਵੇਗੀ, ਓਨੇ ਪੈਸੇ ਕਮੇਟੀ ਵੀ ਖਰਚੇਗੀ ਅਤੇ ਨਕਦ ਪੈਸੇ ਨਹੀਂ, ਸੰਬੰਧਤ ਲੜਕੀ ਅਤੇ ਉਸ ਦੇ ਮਾਂ-ਬਾਪ ਨੂੰ ਨਾਲ ਲਿਜਾ ਕੇ ਉਸ ਦੀ ਲੋੜ ਦੀਆਂ ਵਸਤਾਂ ਲੈ ਕੇ ਦੇਵੇਗੀ, ਖਰਚਾ ਵੱਧ ਹੁੰਦਾ ਹੈ ਤਾਂ ਉਹ ਵੀ ਕਰ ਦਿੱਤਾ ਜਾਵੇਗਾ। ਪਿੰਡ ਵਿੱਚ ਇੱਕ ਐੱਨ ਆਰ ਆਈ ਨਾਜ਼ਰ ਸਿੰਘ ਹੁਰਾਂ ਦਾ ਘਰ ਵਿਹਲਾ ਪਿਆ ਸੀ, ਉਸ ਨੂੰ ਫੋਨ ਕੀਤਾ ਕਿ ਬੱਚਿਆਂ ਲਈ ਸਕੂਲ ਬਣਾ ਦੇਈਏ, ਉਸ ਨੇ ਜੱਕੋਤੱਕੇ ਵਿੱਚ ਹਾਂ ਕਰ ਦਿੱਤੀ। ਸਕੂਲ ਬਣਨਾ ਸ਼ੁਰੂ ਹੋਇਆ ਤਾਂ ਉਹ ਸੱਜਣ ਕੁਝ ਦਿਨ ਬਾਅਦ ਆਪਣੇ ਪਿੰਡ ਆ ਗਿਆ, ਲੋਕੀਂ ਕਹਿਣ ਕਿ ਕਿਸੇ ਨੇ ਚੁੱਕ ਦਿੱਤਾ ਤਾਂ ਉਹ ਆਪਣਾ ਘਰ ਛੁਡਾ ਲਵੇਗਾ। ਦੂਸਰੇ ਦਿਨ ਉਹ ਐੱਨ ਆਰ ਆਈ ਓਥੇ ਆਇਆ ਤੇ ਸਕੂਲ ਬਣਦਾ ਵੇਖ ਕੇ ਕਹਿਣ ਲੱਗਾ ਕਿ ਏਹੋ ਜਿਹੇ ਕੰਮ ਲਈ ਖਰਚ ਵੀ ਲੱਗਣਾ ਹੈ, ਘਰ ਤਾਂ ਦਿੱਤਾ ਹੈ, ਇੱਕ ਲੱਖ ਰੁਪਏਫੜੋ,ਬੱਸ ਇਹ ਕੰਮ ਰੁਕਣ ਨਾ ਦਿਉ। ਦੋਆਬੇ ਵਿੱਚ ਆਮ ਤੌਰ ਉੱਤੇ ਕਿਸੇ ਦੇ ਘਰ ਦਾ ਜੀਅ ਵਿਛੋੜਾ ਦੇ ਜਾਵੇ ਤਾਂ ਪਹੁੰਚ ਵਾਲੇ ਲੋਕ ਉਸ ਪਿੰਡ ਦੇ ਬਾਹਰ ਕੁਝ ਗੇਟ ਵਗੈਰਾਬਣਾਉਣ ਦਾ ਕੰਮ ਕਰਦੇ ਹਨ, ਇਸ ਓਵਰਸੀਜ਼ ਕਮੇਟੀ ਨੇ ਪਿਰਤ ਬਦਲ ਦਿੱਤੀ। ਵਿਦੇਸ਼ ਵੱਸਦੇ ਪਿੰਡ ਦੇ ਇੱਕ ਕਮੇਟੀ ਮੈਂਬਰ ਦੀ ਯਾਦ ਤਾਜ਼ਾ ਰੱਖਣ ਲਈ ਪਰਵਾਰ ਨੇ ਓਵਰਸੀਜ਼ ਕਮੇਟੀ ਤੋਂ ਪੁੱਛਿਆ ਕਿ ਕੀ ਕਰੀਏ ਤੇਓਵਰਸੀਜ਼ ਕਮੇਟੀ ਦੀ ਸਲਾਹ ਮੰਨ ਕੇ ਤਿੰਨ ਪਿੰਡਾਂ ਵਿਚਾਲੇ ਆਧੁਨਿਕ ਪੱਧਰ ਦਾ ਜਿੰਮ ਬਣਵਾ ਦਿੱਤਾ, ਜਿੱਥੇ ਸਵੇਰ ਵੇਲੇ ਤਿੰਨ ਪਿੰਡਾਂ ਦੀਆਂ ਧੀਆਂ ਆ ਸਕਦੀਆਂ ਹਨ ਅਤੇ ਦੋਪਹਿਰ ਦੇ ਬਾਅਦ ਨੌਜਵਾਨਾਂ ਨੂੰ ਖੁੱਲ੍ਹਾ ਮੌਕਾ ਮਿਲਦਾ ਹੈ। ਇਸ ਜਿੰਮ ਵਿੱਚ ਕੀਤੀ ਹੋਈ ਮਿਹਨਤ ਨਾਲ ਕਈ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਲਈ ਸਰੀਰਕ ਟੈੱਸਟ ਦੇਣ ਦੀ ਮਦਦ ਮਿਲੀ ਹੈ। ਏਦਾਂ ਦੇ ਬਹੁਤ ਸਾਰੇ ਕੰਮ ਇਸ ਪਿੰਡ ਦੀ ਉਸ ਓਵਰਸੀਜ਼ ਕਮੇਟੀ ਨੇ ਕੀਤੇ ਹਨ।
ਇਹੀ ਨਹੀਂ, ਏਸ਼ੀਆ ਦੇ ਕਈ ਦੇਸ਼ਾਂ ਵਿੱਚ ਜਦੋਂ ਸੁਨਾਮੀ ਆਈ ਤੇ ਬਹੁਤ ਸਾਰੀ ਤਬਾਹੀ ਹੋਈ ਤਾਂ ਵਿਦੇਸ਼ ਵਿੱਚ ਬੈਠੇ ਇਸ ਪਿੰਡ ਦੇ ਪਰਵਾਸੀਆਂ ਨੇ ਮੀਟਿੰਗ ਕਰ ਕੇ ਸਹਾਇਤਾ ਭੇਜਣ ਦਾ ਮਨ ਬਣਾਇਆ। ਫਿਰ ਮਦਦ ਭੇਜਣ ਦੀ ਥਾਂ ਓਥੇ ਜਾ ਕੇ ਲੋੜਵੰਦਾਂ ਦੀ ਮਦਦ ਆਪ ਕਰਨ ਦੀ ਸਲਾਹ ਬਣੀ। ਨਿਰਮਲ ਸਿੰਘ ਨੇ ਆਪਣੇ ਨਾਲ ਪੰਜਾਬ ਤੋਂ ਇੱਕ ਸਾਥੀ ਹੋਰ ਲਿਆ ਅਤੇ ਹਵਾਈ ਟਿਕਟਾਂ ਤੇ ਟਿਕਾਅ ਦੇ ਸਾਰੇ ਖਰਚੇ ਪੱਲਿਉਂ ਕਰ ਕੇ ਤਾਮਿਲ ਨਾਡੂ ਵਿੱਚ ਘਰ-ਘਰ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ, ਜਿਸ ਦੀ ਤਾਰੀਫ ਸੰਬੰਧਤ ਇਲਾਕੇ ਦੇ ਡਿਪਟੀ ਕਮਿਸ਼ਨਰ ਨੇ ਕੀਤੀ ਸੀ। ਉਸ ਦੀ ਚਿੱਠੀ ਪਤਾ ਨਹੀਂ ਕਿਸੇ ਨੇ ਸੰਭਾਲੀ ਹੋਵੇਗੀ ਕਿ ਨਹੀਂ, ਪਰ ਏਦਾਂ ਦਾ ਕੰਮ ਉਨ੍ਹਾਂਕੋਈ ਇੱਕ-ਅੱਧ ਨਹੀਂ ਸੀ ਕੀਤਾ, ਕੰਮਾਂ ਦੀ ਲੜੀ ਚੱਲਦੀ ਰੱਖਦਾ ਸੀ ਨਿਰਮਲ ਸਿੰਘ ਤੇ ਸਾਥ ਦੇਂਦੇ ਹੁੰਦੇ ਸਨ ਪਿੰਡ ਸੰਘੇ ਖਾਲਸਾ ਦੇ ਲੋਕ। ਆਪਣੇ ਪਿੰਡ ਵਿੱਚ ਹੀ ਨਹੀਂ, ਇਲਾਕੇ ਵਿੱਚ ਵੀ ਵਿਕਾਸ ਦੇ ਕੰਮਾਂ ਲਈ ਉਹ ਕਈ ਵਾਰੀ ਸਰਪੰਚਾਂ-ਪੰਚਾਂ ਦੇ ਸੈਮੀਨਾਰ ਆਪਣੇ ਪਿੰਡ ਵਿੱਚ ਕਰਾਇਆ ਕਰਦਾ ਸੀ ਅਤੇ ਉਨ੍ਹਾਂ ਦੀ ਮਦਦ ਲਈ ਪੇਸ਼ਕਸ਼ ਹੀ ਨਹੀਂ ਸੀ ਕਰਦਾ, ਪੂਰੀ ਮਦਦ ਵੀ ਕਰਨ ਜਾਂਦਾ ਸੀ।
ਸਮਾਜ ਸੇਵਾ ਦੇ ਬਹੁਤ ਸਾਰੇ ਕੰਮ ਕੀਤੇ ਹਨ, ਪਰ ਅੱਜ ਤੱਕ ਕਿਸੇ ਤੋਂ ਮੰਗਿਆ ਕੁਝ ਨਹੀਂ, ਇਸ ਪਿੰਡ ਦੇ ਲੋਕਾਂ ਨੇ ਇਨ੍ਹਾਂ ਵੱਲੋਂ ਕੀਤੀ ਗਈ ਪਹਿਲ ਨੂੰ ਤਿੰਨ ਜਣਿਆਂ ਸਤਨਾਮ ਸਿੰਘ ਰੰਧਾਵਾ, ਨਿਰਮਲ ਸਿੰਘ ਸੰਘਾ ਤੇ ਸੰਤੋਖ ਸਿੰਘ ਦੀ ਨਹੀਂ ਸੀਰਹਿਣ ਦਿੱਤਾ, ਸਮੁੱਚੇ ਪਿੰਡ ਦਾ ਜਿ਼ੰਮਾ ਮੰਨ ਲਿਆ ਸੀ। ਨਤੀਜਾ ਇਹ ਨਿਕਲਿਆ ਕਿ ਦੁਨੀਆ ਭਰ ਦੇ ਕਿਸੇ ਵੀ ਦੇਸ਼ ਵਿੱਚ ਵੱਸਦੇ ਪਿੰਡ ਦੇ ਲੋਕ ਖੁਦ ਆਵਾਜ਼ ਮਾਰ ਕੇ ਆਖਦੇ ਹਨ ਕਿ ਅਸੀਂ ਪੈਸੇ ਭੇਜਣੇ ਹਨ, ਓਵਰਸੀਜ਼ ਕਮੇਟੀ ਦਾ ਖਾਤਾ ਨੰਬਰ ਦਿਓ। ਹਰ ਸਾਲ ਮਾਘੀ ਮੌਕੇ ਪਿੰਡ ਵਿੱਚ ਆਏ ਹੋਏ ਪਰਵਾਸੀ ਪੰਜਾਬੀਆਂ ਦਾ ਇਕੱਠ ਹੁੰਦਾ ਹੈ ਤੇ ਜਿਹੜਾ ਉਮਰ ਵਿੱਚ ਸਭ ਤੋਂ ਵੱਡਾ ਹੋਵੇ, ਪ੍ਰਧਾਨਗੀ ਉਸ ਦੀ ਕਰਵਾ ਕੇ ਮੀਟਿੰਗ ਮੁੱਕਦੀ ਨਾਲ ਹੀ ਪ੍ਰਧਾਨਗੀ ਖਤਮ ਹੋ ਜਾਂਦੀ ਹੈ, ਅਗਲੀ ਮਾਘੀ ਮੌਕੇ ਕੋਈ ਹੋਰ ਪ੍ਰਧਾਨ ਹੁੰਦਾ ਹੈ, ਪਰ ਕੰਮ ਸਾਰਾ ਸਾਲ ਚੱਲਦਾ ਜਾਂਦਾ ਹੈ। ਅੱਜਕੱਲ੍ਹ ਪਿੰਡ ਦੇ ਬਾਹਰਵਾਰ ਗੁਰਦੁਆਰਾ ਸਾਹਿਬ ਦੇ ਨਾਲ ਖਾਲੀ ਪੰਚਾਇਤੀ ਥਾਂ ਉੱਤੇ ਪਿੰਡ ਦੀ ਲੋੜ ਲਈ ਹੇਠਾਂ ਇੱਕ ਕਾਰ ਪਾਰਕ ਤੇ ਉਸ ਉੱਪਰ ਕਮਿਊਨਿਟੀ ਹਾਲ ਬਣਾਉਣ ਦਾ ਕੰਮ ਉਲੀਕਿਆ ਪਿਆ ਹੈ, ਤਾਂ ਜੋ ਲੋੜਵੰਦ ਲੋਕਾਂ ਨੂੰ ਮੈਰਿਜ ਪੈਲਸਾਂ ਦੇ ਮਹਿੰਗੇ ਖਰਚ ਤੋਂ ਲੱਗੀ ਵਾਹ ਬਚਾਇਆ ਜਾ ਸਕੇ। ਏਦਾਂ ਦੇ ਕਈ ਹੋਰ ਪ੍ਰਾਜੈਕਟ ਵੀ ਉਲੀਕੇ ਹੋਏ ਹਨ।ਪਿੰਡ ਦੀਆਂ ਗਲੀਆਂ ਵਿੱਚ ਸੀ ਸੀ ਟੀ ਵੀ ਕੈਮਰੇ ਲਾਏ ਜਾ ਰਹੇ ਹਨ। ਨਿਰਮਲ ਸਿੰਘ ਹੱਸ ਕੇ ਕਹਿੰਦਾ ਹੁੰਦਾ ਸੀ, ਜਦੋਂ ਪੰਜਾਬ ਵਿੱਚ ਰਾਤ ਹੋਵੇ, ਸਾਡੇ ਵੱਲ ਦਿਨ ਹੁੰਦਾ ਹੈ, ਤੁਸੀਂ ਪਿੰਡ ਵਾਲਿਉ ਆਰਾਮ ਨਾਲ ਨੀਂਦ ਦਾ ਸੁੱਖ ਮਾਣਿਓ, ਅਸੀਂ ਓਥੇ ਬੈਠੇ ਇਨ੍ਹਾਂ ਕੈਮਰਿਆਂ ਵੱਲ ਦਿਨੇ ਵੇਖਦੇ ਰਿਹਾਂ ਕਰਾਂਗੇ ਤੇ ਜੇ ਕਿਤੇ ਕੋਈ ਮਾੜਾ ਬੰਦਾ ਦਿੱਸੇ ਤਾਂ ਨੇੜਲੇ ਘਰਾਂ ਨੂੰ ਫੋਨ ਕਰ ਕੇ ਬਚਣ ਨੂੰ ਕਹਿ ਦਿਆ ਕਰਾਂਗੇ ਅਤੇ ਹਰ ਕੋਈ ਐੱਨ ਆਰ ਆਈ ਆਪਣੀ ਗਲੀ ਦੇ ਕੈਮਰੇ ਦਾ ਕੋਡ ਲੈ ਸਕੇਗਾ।
ਏਦਾਂ ਦਾ ਇੱਕ ਮੌਕਾ ਸੀ, ਜਦੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਸੋਮ ਪ੍ਰਕਾਸ਼, ਜਿਹੜੇ ਅੱਜ ਕੱਲ੍ਹ ਕੇਂਦਰ ਸਰਕਾਰ ਦੇ ਰਾਜ ਮੰਤਰੀ ਹਨ, ਇਸ ਪਿੰਡ ਵਿੱਚ ਆਏ ਤਾਂ ਸਾਰਾ ਕੁਝ ਵੇਖਣ ਪਿੱਛੋਂ ਪੁੱਛ ਬੈਠੇ ਸਨ: ਤੁਸੀਂ ਵਿਦੇਸ਼ ਵਿੱਚ ਸੁਖਾਲੀ ਜਿ਼ੰਦਗੀ ਮਾਣ ਰਹੇ ਹੋ, ਉਹ ਕਿਹੜੀ ਗੱਲ ਹੈ, ਜਿਹੜੀ ਤੁਹਾਨੂੰ ਮੁੜ-ਮੁੜ ਪਿੰਡ ਲਈ ਕੁਝ ਕਰਨ ਨੂੰ ਪ੍ਰੇਰਦੀ ਹੈ? ਇਸ ਦੇ ਜਵਾਬ ਵਿੱਚ ਸਤਨਾਮ ਸਿੰਘ ਰੰਧਾਵਾ ਨੇ ਕਿਹਾ ਸੀ: ‘ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚ ਨੰਗੇ ਪੈਰੀ ਜਾਂਦੇ ਹੂੰਦੇ ਸਾਂ ਅਤੇ ਇੱਕ ਟਕਾ ਫੀਸ ਦੇ ਕੇ ਅਸੀਂ ਪੜ੍ਹੇ ਸਾਂ। ਅੱਜਕੱਲ੍ਹ ਜਦੋਂ ਬੈਠੀਏ ਤਾਂ ਸਾਡੀ ਸਾਂਝੀ ਰਾਏ ਹੁੰਦੀ ਹੈ ਕਿ ਪਿੰਡ ਦੀ ਮਿੱਟੀ ਵਿੱਚ ਇੱਕ ਟਕਾ ਫੀਸ ਵਾਲਾ ਸਕੂਲ ਨਾ ਹੁੰਦਾ ਤਾਂ ਅਸੀਂ ਸ਼ਾਇਦ ਇੰਗਲੈਂਡ, ਕੈਨੇਡਾ, ਅਮਰੀਕਾ ਨਾ ਪੁੱਜ ਸਕਦੇ। ਸਾਡੇ ਪਿੰਡ ਦੇ ਸਕੂਲ ਦੀ ਇੱਕ ਟਕਾ ਫੀਸ ਸਾਨੂੰ ਸਾਡੇ ਸਿਰ ਪਿੰਡ ਦਾ ਇੱਕ ਟਕੇ ਦਾ ਕਰਜ਼ਾ ਲੱਗਦਾ ਹੈ, ਅਸੀਂ ਸਮੁੱਚੀ ਉਮਰ ਲਾ ਦੇਈਏ ਤਾਂ ਕਰਜ਼ਾ ਲਾਹਿਆ ਨਹੀਂ ਜਾਣਾ, ਇਸ ਲਈ ਹਰ ਸਾਲ ਉਸ ਦੀ ਕਿਸ਼ਤ ਦੇਣ ਆਉਂਦੇ ਹਾਂ।’ ਸੋਮ ਪ੍ਰਕਾਸ਼ ਨੇ ਜੱਫੀ ਵਿੱਚ ਲੈ ਕੇ ਕਿਹਾ ਸੀ, ਪੰਜਾਬ ਨੂੰ ਇਹੋ ਜਿਹੇ ਪੁੱਤਰਾਂ ਦੀ ਲੋੜ ਹੈ। ਅਗਲੇ ਸਾਲ ਜਦੋਂ ਉਹ ਤਿੰਨੇ ਜਣੇ ਆਏ ਤਾਂ ਇੱਕ ਰਾਤ ਸਤਨਾਮ ਸਿੰਘ ਰੰਧਾਵਾ ਮੈਨੂੰ ਅਤੇ ਨਿਰਮਲ ਸਿੰਘ ਸੰਘਾ ਨੂੰ ਕਹਿ ਕੇ ਗਿਆ ਕਿ ਰਾਤੋ ਰਾਤ ਦਿੱਲੀ ਜਾਣਾ ਹੈ, ਕੱਲ੍ਹ ਸ਼ਾਮ ਨੂੰ ਮੁੜ ਆਵਾਂਗਾ। ਸਵੇਰੇ ਛੇ ਵਜੇ ਖਬਰ ਆ ਗਈ ਕਿ ਪਾਣੀਪਤ ਲਾਗੇ ਹਾਦਸਾ ਹੋ ਗਿਆ ਤੇ ਉਹ ਸਾਨੂੰ ਵਿਛੋੜਾ ਦੇ ਗਿਆ ਸੀ। ਸਾਰੇ ਪਿੰਡ ਨੇ ਬਾਕੀੇ ਕੰਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਵਾਂਗ ਚਾਲੂ ਰੱਖੇ ਸਨ। ਇਸ ਫਰਵਰੀ ਦੀ ਬਾਈ ਤਰੀਕ ਨੂੰ ਨਿਰਮਲ ਸਿੰਘ ਸੰਘਾ ਦਿਲ ਦੇ ਦੌਰੇ ਨਾਲ ਤੁਰ ਗਿਆ। ਨਿਰਮਲ ਸਿੰਘ ਨਹੀਂ, ਉਸ ਪਿੰਡ ਦਾ ‘ਇੱਕ ਟਕੇ ਦਾ ਕਰਜ਼ਾ’ ਮੋੜਨ ਵਾਲਾ ਇਹੋ ਜਿਹਾ ਦੂਜਾ ਪੁੱਤਰ ਵੀ ਤੁਰ ਗਿਆ, ਜਿਹੜਾ ਨਿਵੇਕਲੇ ਕੰਮਾਂ ਨਾਲ ਪੰਜਾਬੀਅਤ ਦੀ ਰਾਤ-ਦਿਨ ਸੇਵਾ ਕਰੀ ਜਾਣ ਨੂੰ ਸਮੱਰਪਤ ਸੀ। ਉਹਦੇ ਜਿਹਾ ਹੋਰ ਕੋਈ ਨਹੀਂ ਹੋ ਸਕਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ