Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਮਹਿੰਗਾਈ ਨਾਲ ਸਿੱਝਣ ਦੇ ਫਾਰਮੂਲੇ

October 17, 2018 08:20 AM

-ਨੂਰ ਸੰਤੋਖਪੁਰੀ
ਅੱਜ ਕੱਲ੍ਹ ਜਦੋਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਘਰੇਲੂ ਬਜਟ ਤੋੜ-ਮਰੋੜ ਕੇ ਰੱਖ ਦਿੱਤਾ ਹੈ, ਆਮਦਨ ਤੇ ਜਮ੍ਹਾ ਖਰਚ ਦਾ ਹਿਸਾਬ-ਕਿਤਾਬ ਝੰਜੋੜ ਕੇ ਰੱਖ ਦਿੱਤਾ ਹੈ ਤਾਂ ਸਾਡਾ ਵੀ ਫਰਜ਼ ਹੈ ਕਿ ਇਸ ਕੁਲਹਿਣੀ ਮਹਿੰਗਾਈ ਨਾਲ ਸਿੱਝਣ ਤੇ ਨਜਿੱਠਣ ਲਈ ਅਸੀਂ ਲੋਕਾਂ ਨੂੰ ਕੁਝ ਫਾਰਮੂਲੇ, ਗੁੁਰ, ਸੁੂਤਰ ਵਗੈਰਾ ਦੱਸੀਏ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਸੌਖੀ ਹੋ ਸਕੇ। ਉਨ੍ਹਾਂ ਨੂੰ ਕੁਝ ਸੌਖੇ ਸਾਹ ਆ ਸਕਣ। ਭਿ੍ਰਸ਼ਟ ਲੀਡਰਾਂ, ਨੌਕਰਸ਼ਾਹਾਂ, ਬੇਈਮਾਨ ਸਰਮਾਏਦਾਰਾਂ, ਬੇਸ਼ਰਮ ਮੁਨਾਫੇਖੋਰਾਂ, ਬੇਰਹਿਮ ਜਮ੍ਹਾਖੋਰਾਂ ਵੱਲੋਂ ਪਾਲ-ਪੋਸ ਕੇ ਵੱਡੀ ਕੀਤੀ ਮਹਿੰਗਾਈ ਤਾਂ ਲੋਕਾਂ ਨੂੰ ਲੱਕ ਬੰਨ੍ਹ ਕੇ ਗੋਤੇ 'ਤੇ ਗੋਤੇ ਦੇਣ 'ਤੇ ਤੁਲੀ ਹੋਈ ਹੈ। ਚੋਰਾਂ ਨਾਲ ਕੁਤੀ ਰਲੀ ਹੋਈ ਹੈ। ਹਾਲ-ਦੁਹਾਈ ਅਤੇ ਖਲਬਲੀ ਮੱਚੀ ਹੋਈ ਹੈ। ਗਰੀਬਾਂ ਦੀ ਜ਼ਿੰਦਗੀ ਦੁਸ਼ਵਾਰ ਬਣੀ ਪਈ ਹੈ।
ਫਾਰਮੂਲਾ ਨੰਬਰ ਇੱਕ ਪੈਟਰੋਲ ਤੇ ਡੀਜ਼ਲ ਦੀ ਬੱਚਤ ਤੇ ਘੱਟ ਵਰਤੋਂ ਬਾਰੇ ਹੈ, ਕਿਉਂਕਿ ਤੇਲਾਂ ਤੇ ਰਸੋਈ ਗੈਸ ਦੀ ਬੇਹੱਦ ਵਧੀ ਮਹਿੰਗਾਈ ਨੇ ਆਮ ਅਤੇ ਮੱਧ-ਵਰਗ ਦੋ ਲੋਕਾਂ ਦਾ ਤੇਲ ਕੱਢ ਕੇ ਰੱਖ ਦਿੱਤਾ ਹੈ। ਬੇਸ਼ੱਕ ਅੱਜ-ਕੱਲ੍ਹ ਸਾਈਕਲ ਨੂੰ ਗਰੀਬ ਦੀ ਸਵਾਰੀ ਸਮਝਿਆ ਜਾਂਦਾ ਹੈ, ਪਰ ਸਾਈਕਲ ਚਲਾਉਣ ਨਾਲ ਜਿੱਥੇ ਗੋਡੇ ਚਲਦੇ ਰਹਿੰਦੇ ਹਨ, ਸਿਹਤ ਨਰੋਈ ਰਹਿੰਦੀ ਹੈ, ਉਥੇ ਤੇਲ ਦੀ ਬੱਚਤ ਹੁੰਦੀ ਹੈ। ਸਾਈਕਲ ਚਲਾਉਣ 'ਚ ਬਹੁ-ਗਿਣਤੀ ਭਾਰਤੀ ਲੋਕ ਸ਼ਰਮ ਕਰਨ ਲੱਗ ਪਏ ਹਨ। ਰੁਤਬੇ ਤੇ ਸ਼ਾਨ ਦੇ ਵਿਰੁੱਧ ਸਮਝਣ ਲੱਗ ਪਏ ਹਨ। ਬਹੁਤ ਸਾਲ ਪਹਿਲਾਂ ਸਾਈਕਲ ਸਟੇਟਸ ਸਿੰਬਲ 'ਚ ਸ਼ਾਮਲ ਹੁੰਦਾ ਸੀ। ਉਦੋਂ ਲੋਕਾਂ ਕੋਲ ਟਾਵਾਂ-ਟਾਵਾਂ ਟਰਾਂਜ਼ਿਸਟਰ, ਰੇਡੀਓ, ਸਾਈਕਲ ਹੁੰਦਾ ਸੀ। ਲੋਕ ਪੈਦਲ ਤੁਰ ਕੇ ਕੋਹਾਂ ਦੂਰ ਚਲੇ ਜਾਂਦੇ ਸਨ। ਘੋੜੇ-ਘੋੜੀਆਂ ਵੀ ਟਾਵੇਂ-ਟਾਵੇਂ ਟੱਬਰਾਂ ਕੋਲ ਹੁੰਦੀਆਂ ਸਨ। ਅੱਜ ਬਹੁਤ ਸਾਰੇ ਲੋਕਾਂ ਨੇ ਰੀਸੋ-ਰੀਸੀ ਮੋਟਰ ਸਾਈਕਲ, ਸਕੂਟਰ, ਕਾਰਾਂ, ਜੀਪਾਂ ਵਗੈਰਾ ਆਪਣੇ ਸਟੇਟਸ ਸਿੰਬਲ 'ਚ ਸ਼ਾਮਲ ਕਰ ਕੇ ਆਪਣੀ ਢਿੰਬਰੀ ਆਪੇ ‘ਟੈਟ’ ਕਰ ਲਈ ਹੈ। ਜੇ ਸਾਈਕਲ ਵੀ ਨਹੀਂ ਚਲਾਉਣਾ ਤੇ ਪੈਦਲ ਵੀ ਨਹੀਂ ਚੱਲਣਾ ਤਾਂ ਫਿਰ ਲੋਕ ਲਿਫਟ ਲੈਣ ਦਾ ਸਹਾਰਾ, ਬੱਸਾਂ ਪਿੱਛੇ ਲਮਕਣ ਦਾ ਨਜ਼ਾਰਾ ਲੈ ਸਕਦੇ ਹਨ।
ਫਾਰਮੂਲਾ ਨੰਬਰ ਦੋ ਰਸੋਈ ਗੈਸ ਦੀ ਘੱਟ ਵਰਤੋਂ ਤੇ ਬੱਚਤ ਬਾਰੇ ਹੈ। ਰਸੋਈ ਗੈਸ ਦਾ ਸਿਲੰਡਰ ਮਹਿੰਗਾ ਹੋਣ ਕਾਰਨ ਇੰਨਾ ਜ਼ਿਆਦਾ ਭਾਰਾ ਹੋ ਗਿਆ ਹੈ ਕਿ ਕਈ ਲੋਕ ਇਸ ਨੂੰ ਗੈਸ ਏਜੰਸੀ ਦੇ ਗੋਦਾਮ 'ਚੋਂ ਚੁੱਕ ਕੇ ਨਹੀਂ ਲਿਆਉਂਦੇ ਤੇ ਉਹ ਲੱਕੜਾਂ, ਪਾਥੀਆਂ ਬਾਲ ਕੇ ਢਿੱਡ ਦੀ ਅੱਗ ਬੁਝਾਉਂਦੇ ਹਨ, ਪ੍ਰਦੂਸ਼ਣ ਵਧਾਉਣ 'ਚ ਹਿੱਸਾ ਪਾਉਂਦੇ ਹਨ। ਰਸੋਈ ਗੈਸ ਦੀ ਘੱਟ ਵਰਤੋਂ ਜਾਂ ਬੱਚਤ ਮੁਫਤ ਚਲਦੇ ਲੰਗਰਾਂ ਤੇ ਭੰਡਾਰਿਆਂ 'ਚੋਂ ਦਾਲ-ਫੁਲਕੇ ਛਕ ਕੇ ਕੀਤੀ ਜਾ ਸਕਦੀ ਹੈ ਜਾਂ ਖਾਓ-ਪੀਓ ਮੌਕੇ ਗੁਆਂਢੀਆਂ ਦੇ ਘਰ ਚਾਹ ਪੀ ਕੇ, ਖਾਣਾ ਖਾ ਕੇ ਕੀਤੀ ਜਾ ਸਕਦੀ ਹੈ। ਉਥੋਂ ਉਦੋਂ ਤੱਕ ਹਿੱਲਣਾ ਨਹੀਂ ਚਾਹੀਦਾ, ਜਦੋਂ ਤੱਕ ਉਹ ਚਾਹ ਪਿਲਾਉਣ ਤੇ ਖਾਣਾ ਖੁਆਉਣ ਨੂੰ ਮਜਬੂਰ ਨਾ ਹੋ ਜਾਣ। ਆਪਣੇ ਘਰ ਕਿਸੇ ਰਿਸ਼ਤੇਦਾਰ ਜਾਂ ਜਾਣਕਾਰ ਦੇ ਆਉਣ ਦੀ ਸੂਚਨਾ ਮਿਲਣ 'ਤੇ ਅਤੇ ਉਸ ਵੱਲੋਂ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਘਰ ਨੂੰ ਜਿੰਦਰਾ ਲਾ ਕੇ ਰਫੂਚੱਕਰ ਹੋ ਜਾਣਾ ਚਾਹੀਦਾ ਹੈ ਤੇ ਆਪਣੇ ਮੋਬਾਈਲ ਜਾਂ ਸਮਾਰਟਫੋਨ ਦਾ ਬਟਨ ਸਵਿੱਚ ਆਫ ਕਰ ਲੈਣਾ ਚਾਹੀਦਾ ਹੈ।
ਖੁਰਾਕੀ ਵਸਤਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਹਨ ਤੇ ਰੋਜ਼-ਰੋਜ਼ ਲੰਗਰਾਂ ਜਾਂ ਭੰਡਾਰਿਆਂ 'ਚੋਂ ਮੁਫਤ ਭੋਜਨ ਗ੍ਰਹਿਣ ਕਰਨ ਲਈ ਮਿਲਣਾ ਮੁਸ਼ਕਲ ਹੁੰਦਾ ਹੈ। ਨਿੱਤ ਦੇ ਮੁਫਤਖੋਰੇ ਝੱਟ ਪਛਾਣ ਲਏ ਜਾਂਦੇ ਹਨ। ਮਹਿੰਗਾਈ ਨਾਲ ਦੋ-ਦੋ ਹੱਥ ਕਰਨ ਲਈ ਫਾਰਮੂਲਾ ਤਿੰਨ ਪਰੋਸਿਆ ਜਾ ਰਿਹਾ ਹੈ। ਦੋ ਡੰਗ ਦੀ ਜਗ੍ਹਾ ਇੱਕ ਡੰਗ ਰੋਟੀ ਖਾਓ। ਦਾਲ ਪਤਲੀ ਬਣਾਓ ਤਾਂ ਕਿ ਸਾਰੇ ਟੱਬਰ ਦਾ ਸਰ ਸਕੇ। ਮੀਟ-ਆਂਡੇ ਛਕਣ ਦਾ ਖਿਆਲ ਛੱਡ ਦਿਓ। ਇੱਕ ਡੰਗ ਖਾਣ ਨਾਲ ਖਰਚ ਘਟੇਗਾ। ਜੇ ਫਿਰ ਵੀ ਹੱਥ ਤੰਗ ਰਹੇ ਤਾਂ ਭੁੱਖੇ ਢਿੱਡ ਸੌਣ ਦਾ ਯਤਨ ਕਰੋ ਤੇ ਪਾਣੀ ਪੀ-ਪੀ ਕੇ ਮਹਿੰਗਾਈ ਵਧਾਉਣ ਵਾਲਿਆਂ ਨੂੰ ਕੋਸੋ। ਡਿਜੀਟਲ ਇੰਡੀਆ ਵਿੱਚ ਲਗਭਗ ਵੀਹ ਕਰੋੜ ਗਰੀਬ ਭਾਰਤੀ ਲੋਕ ਡੇਲੀ ਭੁੱਖੇ ਢਿੱਡ ਸੌਂਦੇ ਹਨ। ਘੱਟ ਖਾਣਾ ਪਕਾਉਣ ਨਾਲ ਰਸੋਈ ਗੈਸ ਦੀ ਬੱਚਤ ਹੁੰਦੀ ਹੈ, ਘੱਟ ਖਾਣਾ ਖਾਣ ਨਾਲ ਖੁਰਾਕੀ ਪਦਾਰਥਾਂ 'ਤੇ ਖਰਚ ਹੋਣ ਵਾਲੇ ਧਨ ਦੀ ਬੱਚਤ ਵੀ ਹੁੰਦੀ ਹੈ। ਭੁੱਖਿਆਂ ਨਾਲ ਹਮਦਰਦੀ ਪ੍ਰਗਟ ਕਰਨ ਦਾ ਮੌਕਾ ਮਿਲ ਜਾਂਦਾ ਹੈ।
ਬਿਜਲੀ ਬਹੁਤ ਜ਼ਿਆਦਾ ਮਹਿੰਗੀ ਹੈ ਤੇ ਜਿਨ੍ਹਾਂ ਨੂੰ ਭਾਰੀ-ਭਾਰੀ ਬਿੱਲ ਤਾਰਨੇ ਪੈਂਦੇ ਹਨ, ਉਨ੍ਹਾਂ ਲੋਕਾਂ ਨੂੰ ਦਿਨੇ ਤਾਰੇ ਨਜ਼ਰ ਆ ਜਾਂਦੇ ਹਨ। ਸੂਤਰ ਨੰਬਰ ਚਾਰ ਤਹਿਤ ਅਸੀਂ ਅਰਜ਼ ਗੁਜ਼ਾਰਦੇ ਹਾਂ ਕਿ ਗਰਮੀਆਂ ਵਿੱਚ ਬਿਜਲੀ ਦੇ ਪੱਖੇ, ਕੂਲਰ ਵਗੈਰਾ ਨਾ ਚਲਾਓ ਤੇ ਹੱਥ-ਪੱਖੀਆਂ, ਝੱਗਿਆਂ-ਪਰਨਿਆਂ ਨਾਲ ਪਸੀਨਾ ਸੁਕਾਓ। ਅਚਾਨਕ ਘਰ ਆਏ ਪ੍ਰਾਹੁਣਿਆਂ ਨੂੰ ਵੀ ਹੱਥ-ਪੱਖੀਆਂ ਫੜਾਓ ਤੇ ਬਿਜਲੀ ਦੀ ਬੱਚਤ ਬਾਰੇ ਸਲਾਹ ਉਨ੍ਹਾਂ ਦੇ ਕੰਨਾਂ ਵਿੱਚ ਪਾਓ। ਦੁਖੀ ਹੋ ਕੇ ਚਲੇ ਜਾਣਗੇ। ਚਾਹ-ਪਾਣੀ, ਰੋਟੀ-ਰਾਟੀ 'ਤੇ ਖਰਚ ਹੋਣ ਵਾਲੇ ਤੁਹਾਡੇ ਰੁਪਏ ਬਚ ਜਾਣਗੇ। ਏ ਸੀ ਭੁੱਲ ਕੇ ਵੀ ਫਿੱਟ ਨਾ ਕਰਵਾਓ। ਰਾਤ ਨੂੰ ਰੌਸ਼ਨੀ ਕਾਰਨ ਖਾਤਿਰ ਘਰ 'ਚ ਮੋਮਬੱਤੀਆਂ ਜਗਾਓ। ਬਲਬ-ਟਿਊਬਾਂ ਦੇ ਸਵਿੱਚਸ ਨੂੰ ਹੱਥ ਨਾ ਲਾਓ। ਮੋਮਬੱਤੀਆਂ ਬਣਾਉਣ ਵਾਲਿਆਂ ਦਾ ਕਾਰੋਬਾਰ-ਵਪਾਰ ਵਧਾਓ। ਬਿਜਲੀ ਮੁਫਤ ਵਰਤਣ ਵਾਲਿਆਂ ਨੂੰ ਤੇ ਕੁੰਡੀਆਂ ਲਾਉਣ ਵਾਲਿਆਂ ਨੂੰ ਕੋਈ ਚਿੰਤਾ ਨਹੀਂ ਹੁੰਦੀ, ਪਰ ਮੁੱਲ ਤਾਰਨ ਵਾਲਿਆਂ ਨੂੰ ਬਿਜਲੀ ਦੇ ਵੱਡੇ-ਵੱਡੇ ਬਿੱਲ ਕਰੰਟ ਮਾਰਦੇ ਹਨ।
ਫਾਰਮੂਲਾ ਨੰਬਰ ਪੰਜ ਮਹਿੰਗੇ ਪਾਣੀ 'ਤੇ ਖਰਚ ਹੁੰਦੇ ਧਨ ਬਾਰੇ ਹੈ। ਰੋਜ਼ ਨਹਾਉਣਾ-ਧੋਣਾ ਛੱਡੋ। ਇਸ ਨਾਲ ਪਾਣੀ ਦੀ ਬੱਚਤ ਤਾਂ ਹੋਵੇਗੀ, ਨਾਲ ਧਨ ਦੀ, ਸਾਬਣ-ਤੇਲ ਦੀ ਬੱਚਤ ਹੋਵੇਗੀ। ਪਿੰਡੇ 'ਤੇ ਮੈਲ ਜੰਮਣ ਨਾਲ ਭਾਰ ਵਧੇਗਾ ਹੀ, ਘਟੇਗਾ ਨਹੀਂ। ਪਤਲੇ ਬੰਦੇ ਸਿਹਤਮੰਦ ਨਜ਼ਰ ਆਉਣਗੇ। ਰੋਜ਼ ਧੋਤੇ ਕੱਪੜੇ ਪਹਿਨਣੇ ਛੱਡੋ। ਘਸ ਘਸ ਕੇ ਪਾਟ ਤੱਕ ਨਵਾਂ ਸੂਟ ਨਾ ਪਹਿਨੋ। ਮੁਫਤਖੋਰੇ ਹੀ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰਦੇ ਹਨ। ਤਮਾਮ ਤਰ੍ਹਾਂ ਦੇ ਮੁਫਤਖੋਰਿਆਂ ਦਾ ਮਹਿੰਗਾਈ ਕੁਝ ਨਹੀਂ ਵਿਗਾੜ ਸਕਦੀ।
ਫਾਰਮੂਲਾ ਭਾਵ ਗੁਰ ਨੰਬਰ ਛੇ ਤਹਿਤ ਕਬਾੜੀ ਬਾਜ਼ਾਰਾਂ 'ਚੋਂ ਲੈ ਕੇ ਸਸਤੇ ਬੂਟੇ ਅਤੇ ਗੋਦੜੀ ਬਾਜ਼ਾਰ 'ਚੋਂ ਸਸਤੇ ਕੱਪੜੇ ਖਰੀਦ ਕੇ ਪਹਿਨੋ। ਗੋਦੜੀ ਦੇ ਲਾਲਾਂ ਦੀ ਪਛਾਣ ਵੱਖਰੀ ਹੁੰਦੀ ਹੈ। ਮਹਿੰਗਾਈ ਕਾਰਨ ਸਸਤੇ ਬੂਟ-ਜੁਰਾਬਾਂ, ਕੱਪੜੇ ਵੀ ਨਹੀਂ ਪਹਿਨ ਸਕਦੇ ਤਾਂ ਪੈਰਾਂ ਵਿੱਚ ਹਵਾਈ ਚੱਪਲ ਪਹਿਨੋ ਤੇ ਹਵਾਈ ਜਹਾਜ਼ 'ਚ ਝੂਟੇ ਲੈਣ ਦੇ ਸੁਫਨੇ ਲਓ। ਨੰਗੇ ਪਿੰਡੇ ਘੰੁਮੋ। ਤੇੜ ਇੱਕ ਕੱਛਾ ਜ਼ਰੂਰ ਪਹਿਨੋ! ਨਹੀਂ ਤਾਂ ਪਿੰਡ, ਮੁਹੱਲੇ, ਕਸਬੇ ਜਾਂ ਸ਼ਹਿਰ 'ਚੋਂ ਬਾਹਰ ਕੱਢ ਦਿੱਤੇ ਜਾਓਗੇ। ਫਿਰ ਮਹਿੰਗਾਈ ਨਾਲ ਸਿੱਝਣ ਦੇ ਕਿਸੇ ਫਾਰਮੂਲੇ ਦਾ ਫਾਇਦਾ ਨਹੀਂ ਹੋਣਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’