Welcome to Canadian Punjabi Post
Follow us on

27

March 2019
ਨਜਰਰੀਆ

ਭਾਰਤ ਵਿੱਚ ਵੀ ਆਈ ਪੀ ਕਲਚਰ ਕਦੋਂ ਤੱਕ ਚੱਲੇਗਾ

October 16, 2018 09:25 AM

-ਸੁਧਾਂਸ਼ੂ ਰੰਜਨ
ਪਿੱਛੇ ਜਿਹੇ ਅਮਰੀਕਾ ਦੇ ਵੱਕਾਰੀ ਰਸਾਲੇ ਟਾਈਮ ਵਿੱਚ ਛਪੀ ਇੱਕ ਰਿਪੋਰਟ ਪੜ੍ਹ ਕੇ ਮਨ ਖੁਸ਼ ਹੋ ਗਿਆ ਸੀ ਕਿ ਕਿਸ ਤਰ੍ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ (93 ਸਾਲ) ਤੇ ਉਸ ਦੀ ਪਤਨੀ ਰਾਜ਼ੇਲਿਨ (91 ਸਾਲ) ਸਾਦਗੀ ਨਾਲ ਦੋ ਕਮਰਿਆਂ ਵਾਲੇ ਫਲੈਟ ਵਿੱਚ ਰਹਿੰਦੇ ਹਨ। ਉਹ ਆਪਣਾ ਖਾਣਾ ਖੁਦ ਬਣਾਉਂਦੇ ਹਨ ਅਤੇ ਦੂਜਿਆਂ ਲਈ ਮਕਾਨ ਬਣਾਉਂਦੇ ਹਨ। ਉਹ ਸਥਾਨਕ ਬੈਪਟਿਸਟ ਚਰਚ 'ਚ ਜਾਂਦੇ ਹਨ, ਜਿੱਥੇ ਕਾਰਟਰ ‘ਸੰਡੇ ਸਕੂਲ’ ਵਿੱਚ ਪੜ੍ਹਾਉਂਦੇ ਹਨ। ਉਹ ਕਦੇ ਵੀ ਮੋਟੀ ਰਕਮ ਲੈ ਕੇ ਭਾਸ਼ਣ ਨਹੀਂ ਦਿੰਦੇ। ਮਨ ਦੁਖੀ ਹੋਇਆ ਅਤੇ ਇਹ ਸੋਚਣ ਲਈ ਮਜਬੂਰ ਹੋਇਆ ਕਿ ਕੀ ਭਾਰਤ 'ਚ ਵਿਸ਼ੇਸ਼ ਵਿਅਕਤੀ (ਵੀ ਆਈ ਪੀ) ਉਨ੍ਹਾਂ ਤੋਂ ਸਿਖਿਆ ਲੈਣਗੇ? ਨਹੀਂ, ਬਿਲਕੁਲ ਨਹੀਂ। ਭਾਰਤੀ ਧਰਮ ਸ਼ਾਸਤਰਾਂ ਵਿੱਚ ਸਾਦਗੀ ਅਤੇ ਨਿਮਰਤਾ ਦੀ ਸਿਖਿਆ ਦਿੱਤੀ ਗਈ ਹੈ ਤੇ ਮਹਾਤਮਾ ਗਾਂਧੀ ਨੇ ਵੀ ‘ਸਾਦਾ ਜੀਵਨ, ਉਚ ਵਿਚਾਰ’ ਦਾ ਮੰਤਰ ਦਿੱਤਾ, ਪਰ ਇਹ ਕਦੇ ਅਮਲ ਦੇ ਧਰਾਤਲ 'ਤੇ ਸਾਕਾਰ ਨਹੀਂ ਹੋ ਸਕਿਆ।
ਅੰਗਰੇਜ਼ਾਂ ਨੇ ਭਾਰਤ 'ਚ ਇੱਕ ਜਾਗੀਰਦਾਰ, ਪਰਤਦਾਰ ਵਿਵਸਥਾ ਦੀ ਨੀਂਹ ਰੱਖੀ, ਪਰ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਜਾਗੀਦਾਰੀ ਦਾ ਖਾਤਮਾ ਹੋ ਚੁੱਕਾ ਸੀ। ਤ੍ਰਾਸਦੀ ਇਹ ਹੈ ਕਿ ਭਾਰਤੀਆਂ ਨੇ ਇਸ ਕਲਚਰ ਨੂੰ ਬੜੀ ਸਹਿਜਤਾ ਨਾਲ ਅਪਣਾ ਲਿਆ। ਕਾਂਗਰਸ ਨੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕੀਤਾ, ਪਰ ਇਸ ਦੇ ਪ੍ਰਧਾਨ ਨੂੰ ਕਿਸੇ ਵੀ ਸ਼ਹਿਰ 'ਚ ਜਾਣ ਉਤੇ ਕਾਂਗਰਸ ਸੇਵਾ ਦਲ ਦੇ ਵਰਕਰ ਸਲਾਮੀ ਗਾਰਦ ਦਿੰਦੇ ਸਨ।
ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਰਾਜ-ਮਹੱਲ ਵਰਗੇ ਰਾਸ਼ਟਰਪਤੀ ਭਵਨ 'ਚ ਜਾਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਈ ਪੱਤਰ ਲਿਖੇ ਕਿ ਉਨ੍ਹਾਂ ਨੂੰ ਛੋਟਾ ਘਰ ਅਲਾਟ ਕੀਤਾ ਜਾਵੇ। ਉਨ੍ਹਾਂ ਨੇ ਪੰਡਿਤ ਨਹਿਰੂ ਨੂੰ ਵੀ ਛੋਟੇ ਘਰ ਵਿੱਚ ਜਾਣ ਦੀ ਸਲਾਹ ਦਿੱਤੀ ਅਤੇ ਨਹਿਰੂ ਤਿਆਰ ਹੋ ਗਏ, ਪਰ ਵਿਦੇਸ਼ ਮੰਤਰਾਲੇ 'ਚ ਓਦੋਂ ਦੇ ਜਨਰਲ ਸਕੱਤਰ ਗਿਰਿਜਾ ਸ਼ੰਕਰ ਵਾਜਪਾਈ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਇਹ ਕਹਿ ਕੇ ਰੋਕ ਦਿੱਤਾ ਕਿ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਹੋਰਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਆਉਣਗੇ, ਇਸ ਲਈ ਛੋਟੇ ਘਰ ਵਿੱਚ ਰਹਿਣਾ ਪ੍ਰਧਾਨ ਮੰਤਰੀ ਦੀ ਸ਼ਾਨ ਵਿਰੁੱਧ ਹੋਵੇਗਾ। ਪੰਡਿਤ ਨਹਿਰੂ ਨੇ ਗਿਰਿਜਾ ਸ਼ੰਕਰ ਨੂੰ ਕਿਹਾ ਕਿ ਉਹ ਪਹਿਲਾਂ ਰਾਜਿੰਦਰ ਬਾਬੂ ਨੂੰ ਸਮਝਾਉਣ। ਰਾਜਿੰਦਰ ਬਾਬੂ ਉਨ੍ਹਾਂ ਦੀਆਂ ਦਲੀਲਾਂ ਤੋਂ ਪ੍ਰਭਾਵਤ ਨਹੀਂ ਹੋਏ, ਪਰ ਅਣਮੰਨੇ ਮਨ ਨਾਲ ਰਾਸ਼ਟਰਪਤੀ ਭਵਨ ਰਹਿਣ ਚਲੇ ਗਏ। ਉਹ ਉਨ੍ਹਾਂ ਕਮਰਿਆਂ 'ਚ ਨਹੀਂ ਰਹੇ, ਜਿਨ੍ਹਾਂ 'ਚ ਵਾਇਸਰਾਏ ਰਹਿੰਦੇ ਸਨ, ਸਗੋਂ ਉਨ੍ਹਾਂ ਕਮਰਿਆਂ ਵਿੱਚ ਰਹੇ, ਜਿਹੜੇ ਭਾਰਤੀ ਮਹਿਮਾਨਾਂ ਲਈ ਸਨ।
ਅਹੁਦਾ ਛੱਡਣ ਤੋਂ ਬਾਅਦ 1962 ਵਿੱਚ ਦਿੱਲੀ ਦੀ ਮੇਅਰ ਨੇ ਰਾਜਿੰਦਰ ਬਾਬੂ ਦਾ ਸਵਾਗਤ ਕੀਤਾ ਤੇ ਇਸ ਮੌਕੇ ਡਾਕਟਰ ਰਾਜਿੰਦਰ ਪ੍ਰਸਾਦ ਨੇ ਕਿਹਾ, ‘ਲੋਕ ਮੈਨੂੰ ਪੁੱਛਦੇ ਹਨ ਕਿ ਬਾਬੂ ਜੀ ਤੁਸੀਂ ਇੰਨੇ ਸਾਲ ਜੇਲ੍ਹ ਵਿੱਚ ਰਹੇ ਹੋ, ਫਿਰ ਰਾਸ਼ਟਰਪਤੀ ਭਵਨ 'ਚ ਰਹਿਣਾ ਕਿਹੋ ਜਿਹਾ ਲੱਗਾ।’ ਮੈਂ ਕਹਿੰਦਾ ਹਾਂ, ‘ਰਾਸ਼ਟਰਪਤੀ ਭਵਨ ਵੀ ਮੇਰੇ ਲਈ ਜੇਲ੍ਹ ਹੀ ਸੀ, ਜਿੱਥੇ ਮੈਂ ਲੋਕਾਂ ਨਾਲੋਂ ਕੱਟਿਆ ਰਿਹਾ।’ ਕੁਝ ਹੋਰ ਨੇਤਾ ਵੀ ਸਨ, ਜਿਨ੍ਹਾਂ ਨੇ ਸਾਦਾ ਜੀਵਨ ਅਪਣਾਇਆ। ਹਸਰਤ ਮੋਹਾਨੀ ਸੰਵਿਧਾਨ ਸਭਾ ਦੇ ਮੈਂਬਰ ਸਨ। ਜਦੋਂ ਸ਼ੈਸਨ ਦੌਰਾਨ ਉਹ ਦਿੱਲੀ ਆਉਂਦੇ ਸਨ ਤਾਂ ਮਸਜਿਦ ਵਿੱਚ ਠਹਿਰਦੇ ਸਨ।
ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਦੀ ਇੱਛਾ ਸੀ ਕਿ ਉਚ ਅਹੁਦੇ 'ਤੇ ਬੈਠਣ ਵਾਲੇ ਲੋਕਾਂ ਦੇ ਨਿੱਜੀ ਜੀਵਨ 'ਚ ਸਮਾਜਵਾਦ ਦੀ ਝਲਕ ਦਿੱਸਣੀ ਚਾਹੀਦੀ ਹੈ। ਇਸ ਦੇ ਲਈ ਉਹ ਸ਼ੁਰੂ ਤੋਂ ਯਤਨਸ਼ੀਲ ਰਹੇ। ਜੇ ਪੀ ਨੇ ਦਸੰਬਰ 1947 ਵਿੱਚ ਪੰਡਿਤ ਨਹਿਰੂ ਨੂੰ ਸਲਾਹ ਦਿੱਤੀ ਕਿ ਗਰੀਬ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨੇ ਵੱਡੇ ਬੰਗਲੇ (ਤੀਨ ਮੂਰਤੀ ਭਵਨ) 'ਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਨਹਿਰੂ ਨੂੰ ਯਾਦ ਦਿਵਾਇਆ ਕਿ ਆਪਣੀ ਰੂਸ ਯਾਤਰਾ ਤੋਂ ਬਾਅਦ ਉਨ੍ਹਾਂ (ਨਹਿਰੂ) ਨੇ ਖੁਦ ਲਿਖਿਆ ਸੀ ਕਿ ਰੂਸ ਵਰਗੇ ਦੇਸ਼ ਦੇ ਮਹਾਨ ਨੇਤਾ ਲੈਨਿਨ ਆਪਣੀ ਪਤਨੀ ਤੇ ਭੈਣ ਨਾਲ ਦੋ ਕਮਰਿਆਂ ਦੇ ਚੋਟੇ ਜਿਹੇ ਫਲੈਟ ਵਿੱਚ ਰਹਿੰਦੇ ਸਨ। ਨਹਿਰੂ ਨੇ ਜਵਾਬ ਦਿੱਤਾ ਕਿ ਦੇਸ਼ ਦੀ ਸ਼ਾਨ ਲਈ ਪ੍ਰਧਾਨ ਮੰਤਰੀ ਦਾ ਵੱਡੇ ਬੰਗਲੇ 'ਚ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਰੂਸ ਦੇ ਰਾਜਦੂਤ ਇੱਕ ਸ਼ਾਨਦਾਰ ਕਾਰ 'ਚ ਬੈਠ ਕੇ ਉਨ੍ਹਾਂ ਨੂੰ ਮਿਲਣ ਆਏ ਸਨ। ਇਹੀ ਨਹੀਂ, ਜਿਸ ਕਾਰ ਵਿੱਚ ਆਏ, ਉਸ ਦੇ ਅੱਗੇ ਤੇ ਪਿੱਛੇ ਕੀਮਤੀ ਕਾਰਾਂ ਸਨ। ਜੇ ਪੀ ਨੇ ਜਵਾਬ ਦਿੱਤਾ ਕਿ ਰੂਸ ਕਾਫੀ ਤਰੱਕੀ ਕਰ ਚੁੱਕਾ ਹੈ, ਪਰ ਭਾਰਤ ਦੀ ਸਥਿਤੀ ਅਜੇ ਉਹੋ ਜਿਹੀ ਨਹੀਂ, ਇਸ ਲਈ ਇਸ ਦੇਸ਼ ਦੇ ਨੇਤਾਵਾਂ ਨੂੰ ਸਾਦਗੀ ਨਾਲ ਰਹਿਣਾ ਚਾਹੀਦਾ ਹੈ। ਇਸ 'ਤੇ ਨਹਿਰੂ ਨੇ ਗਾਂਧੀ ਜੀ ਬਾਰੇ ਸਰੋਜਨੀ ਨਾਇਡੂ ਦੇ ਕਥਨ ਦੀ ਚਰਚਾ ਕੀਤੀ ਕਿ ਗਾਂਧੀ ਜੀ ਦੀ ਸਾਦਗੀ ਬਣਾਈ ਰੱਖਣ ਲਈ ਬਿਰਲਾ ਦੇ ਲੱਖਾਂ ਰੁਪਏ ਖਰਚ ਹੁੰਦੇ ਸਨ। ਕਈ ਸਾਲਾਂ ਬਾਅਦ ਇੱਕ ਭਾਸ਼ਣ ਵਿੱਚ ਜੇ ਪੀ ਨੇ ਕਿਹਾ ਸੀ, ‘ਸ਼ੁਰੂ ਦੀ ਉਸ ਗਲਤੀ ਦਾ ਕੀ ਨਤੀਜਾ ਨਿਕਲਿਆ, ਇਸ ਦੀ ਗਵਾਹੀ ਅੱਜ ਸਾਡੇ ਸ਼ਾਸਕਾਂ ਦੇ ਠਾਠ-ਬਾਠ ਤੇ ਰੋਅਬ ਤੋਂ ਮਿਲਦੀ ਹੈ। ਇਹ ਦੇਸ਼ ਦੀਆਂ ਕਰੋੜਾਂ ਝੌਂਪੜੀਆਂ ਦਾ ਮਜ਼ਾਕ ਉਡਾਉਂਦਾ ਹੋਇਆ ਇਸ ਦੇਸ਼ ਦੇ ਗੌਰਵ ਨੂੰ ਵਧਾ ਰਿਹਾ ਹੈ ਅਤੇ ‘ਰਾਸ਼ਟਰ ਦੀ ਸ਼ਾਨ' ਦੀ ਹਿਫਾਜ਼ਤ ਕਰ ਰਿਹਾ ਹੈ।”
ਲੂਈ ਡਿਊਮੌਂਟ ਨੇ ਆਪਣੀ ਪ੍ਰਸਿੱਧ ਕਿਤਾਬ ‘ਹੋਮੋ ਹਾਈਆਰਕੀਕਸ' ਵਿੱਚ ਲਿਖਿਆ ਹੈ ਕਿ ਭਾਰਤੀ ਇੱਕ ਸ਼੍ਰੇਣੀ ਬੱਧ ਵਿਅਕਤੀ ਹੈ। ਉਨ੍ਹਾਂ ਦੀ ਟਿੱਪਣੀ ਜਾਤ ਵਿਵਸਥਾ ਉਤੇ ਆਧਾਰਤ ਹੈ, ਪਰ ਅੱਜ ਕੱਲਹ ਕਈ ਤਰ੍ਹਾਂ ਦੀਆਂ ਸ਼੍ਰੇਣੀਆਂ ਬਣ ਗਈਆਂ ਹਨ, ਜੋ ਵੀ ਆਈ ਪੀਜ਼ ਨੂੰ ਆਮ ਆਦਮੀ ਤੋਂ ਅੱਡ ਕਰਦੀਆਂ ਹਨ। ਇਹ ਉਨ੍ਹਾਂ ਦੇ ਠਾਠ-ਬਾਠ ਤੋਂ ਝਲਕ ਪੈਂਦਾ ਹੈ, ਜਿਨ੍ਹਾਂ ਦੇ ਪਿੱਛੇ ਕਈ ਸੁਰੱਖਿਆ ਮੁਲਾਜ਼ਮ, ਸਹਾਇਕ, ਗੱਡੀਆਂ ਦਾ ਕਾਫਲਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਹੋਰ ਕਈ ਸਹੂਲਤਾਂ ਅਤੇ ਵਿਸ਼ੇਸ਼ ਅਧਿਕਾਰ ਮਿਲੇ ਹੁੰਦੇ ਹਨ। ਇਸ ਦੇ ਬਾਵਜੂਦ ਭਾਰਤ 'ਚ ਮਹਾਤਮਾ ਗਾਂਧੀ ਦੀ ਮਿਸਾਲ ਅਨੋਖੀ ਹੈ, ਜਿਨ੍ਹਾਂ ਨੇ ਸੱਤਾ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ। ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣ ਵਾਲੇ ਦੂਜੇ ਨੇਤਾ ਸਨ ਜੇ ਪੀ, ਭਾਵ ਜੈ ਪ੍ਰਕਾਸ਼ ਨਾਰਾਇਣ। ਹੋਰ ਸਾਰੇ ਸੱਤਾ ਨਾਲ ਚਿੰਬੜ ਗਏ ਤੇ ਸਾਰੀ ਉਮਰ ਸੱਤਾ ਸਿਆਸਤ 'ਚ ਟਿਕੇ ਰਹੇ। 1937 'ਚ ਜਦੋਂ ਰਾਜਾਂ ਵਿੱਚ ਪਹਿਲੀਆਂ ਕਾਂਗਰਸੀ ਸਰਕਾਰਾਂ ਬਣੀਆਂ ਤਾਂ ਮੰਤਰੀ ਰੇਲ ਗੱਡੀ 'ਚ ਤੀਜੀ ਸ਼੍ਰੇਣੀ ਦੇ ਡੱਬੇ 'ਚ ਸਫਰ ਕਰ ਰਹੇ ਸਨ। ਇਹ ਗਾਂਧੀਵਾਦੀ ਆਦਰਸ਼ ਸੀ, ਪਰ ਬਦਕਿਸਮਤੀ ਨਾਲ ਇਹ ਬਹੁਤੀ ਦੇਰ ਤੱਕ ਨਹੀਂ ਚੱਲਿਆ।
ਭਾਰਤ ਵਿੱਚ ਇੱਕ ਹੋਰ ਮੰਦਭਾਗੀ ਰਵਾਇਤ ਇਹ ਹੈ ਕਿ ਨੇਤਾ ਰਿਟਾਇਰ ਨਹੀਂ ਹੁੰਦੇ, ਸਾਬਕਾ ਰਾਸ਼ਟਰਪਤੀ ਵੀ ਕੋਈ ਸਮਾਜ ਸੇਵਾ ਨਹੀਂ ਕਰਦੇ, ਜਦ ਕਿ ਉਨ੍ਹਾਂ ਨੂੰ ਕੋਈ ਹੋਰ ਅਹੁਦਾ ਨਹੀਂ ਮਿਲ ਸਕਦਾ। ਡਾਕਟਰ ਏ ਪੀ ਜੇ ਅਬਦੁਲ ਕਲਾਮ ਇੱਕ ਵੱਖਰੀ ਹਸਤੀ ਸਨ। ਸੁਪਰੀਮ ਕੋਰਟ ਦੇ ਸਾਬਕਾ ਜੱਜ ਪ੍ਰੈਕਟਿਸ ਨਹੀਂ ਕਰ ਸਕਦੇ, ਪਰ ਉਹ ਵਿਚੋਲਗੀ ਕਰ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਵੀ ਆਰ ਕ੍ਰਿਸ਼ਨਾ ਅਈਅਰ, ਐੱਮ ਐੱਨ ਵੈਂਕਟਚਲਈਆ, ਰੂਮਾ ਪਾਲ ਆਦਿ ਕੁਝ ਵੱਖਰੇ ਹਨ, ਜਿਨ੍ਹਾਂ ਨੇ ਕਦੇ ਕਮੀਸ਼ਨ ਨਹੀਂ ਲਈ। ਰੂਮਾ ਪਾਲ ਸਕੂਲਾਂ ਵਿੱਚ ਬੱਚਿਆਂ ਨਾਲ ਸਮਾਂ ਬਿਤਾਉਣਾ ਪਸੰਦ ਕਰਦੀ ਹੈ। ਸਾਬਕਾ ਅਫਸਰ ਕਿਸੇ ਕਮਿਸ਼ਨ ਜਾਂ ਰਾਜ ਭਵਨ 'ਚ ਆਰਾਮ ਕਰਦੇ ਹਨ, ਸਾਬਕਾ ਐਮ ਪੀ ਅਤੇ ਵਿਧਾਇਕ ਇੱਕ ਤੋਂ ਵੱਧ ਪੈਨਸ਼ਨਾਂ ਲੈਂਦੇ ਹਨ ਤੇ ਉਨ੍ਹਾਂ ਨੂੰ ਕਈ ਸਹੂਲਤਾਂ ਵੀ ਮਿਲੀਆਂ ਹੋਈਆਂ ਹਨ, ਜਿਵੇਂ ਉਹ ਟਰੇਨ 'ਚ ਪਹਿਲੀ ਸ਼ਰੇਣੀ ਦੇ ਡੱਬੇ 'ਚ ਅਥਾਹ ਮੁਫਤ ਯਾਤਰਾ ਕਰ ਸਕਦੇ ਹਨ। ਭਾਰਤ 'ਚ ਵੀ ਆਈ ਪੀ ਸਾਰੀ ਉਮਰ ਵੀ ਆਈ ਪੀ ਬਣੇ ਰਹਿੰਦੇ ਹਨ। ਉਨ੍ਹਾਂ ਨੂੰ ਆਮ ਆਦਮੀ ਵਜੋਂ ਰਹਿਣਾ ਪਸੰਦ ਨਹੀਂ।
1958 ਵਿੱਚ ਜਦੋਂ ਜੈ ਪ੍ਰਕਾਸ਼ ਇਸਰਾਈਲ ਗਏ ਤਾਂ ਦੇਖ ਕੇ ਦੰਗ ਰਹਿ ਗਏ ਕਿ ਉਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਬੇਨ ਗੁਰੀਉ ਫਾਰਮ 'ਚ ਟਰੈਕਟਰ ਚਲਾ ਰਹੇ ਸਨ। ਕਈ ਦੇਸ਼ਾਂ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਰਾਸ਼ਟਰਪਤੀ ਆਮ ਲੋਕਾਂ ਵਰਗਾ ਜੀਵਨ ਬਿਤਾਉਂਦੇ ਹਨ, ਪਰ ਭਾਰਤੀ ਲੋਕਤੰਤਰ 'ਚ ਸਿਰਫ ਵੀ ਆਈ ਪੀ ਪੈਦਾ ਹੁੰਦੇ ਹਨ।

 

Have something to say? Post your comment