Welcome to Canadian Punjabi Post
Follow us on

24

March 2019
ਨਜਰਰੀਆ

ਜਦੋਂ ਮਾਸਟਰ ਜੀ ਨੇ ਲਾਇਕ ਬਣਾਇਆ..

October 15, 2018 08:55 AM

-ਗੁਰਜੰਟ ਸਿੰਘ ਸਿੱਧੂ ਮਹਿਰਾਜ
ਅਸੀਂ ਦਸਵੀਂ ਕਲਾਸ ਦੇ ਨਾਲਾਇਕ ਵਿਦਿਆਰਥੀਆਂ ਵਿੱਚੋਂ ਸਾਂ। ਅੰਗਰੇਜ਼ੀ ਦਾ ਸਾਨੂੰ ਇੱਲ ਤੋਂ ਕੁੱਕੜ ਨਹੀਂ ਸੀ ਆਉਂਦਾ। ਅੰਗਰੇਜ਼ੀ ਦੇ ਅੱਖਰ ਸਾਨੂੰ ਘੁੱਗੂ ਘੋੜਿਆਂ ਵਰਗੇ ਲੱਗਦੇ। ਸਾਡੇ ਵੇਲੇ ਅੰਗਰੇਜ਼ੀ ਛੇਵੀਂ ਕਲਾਸ ਤੋਂ ਲੱਗਦੀ ਹੁੰਦੀ ਸੀ ਤੇ ਬਹੁਤਿਆਂ ਨੂੰ ਵਾਹਵਾ ਤੰਗ ਕਰਦੀ ਸੀ। ਦਸਵੀਂ ਕਲਾਸ ਵਿੱਚ ਅੰਗਰੇਜ਼ੀ ਹੈਡਮਾਸਟਰ ਗੁਰਨਾਮ ਸਿੰਘ ਪੜ੍ਹਾਉਂਦੇ ਸਨ। ਉਹ ਬਹੁਤ ਮਿਹਨਤ, ਸਬਰ ਅਤੇ ਪਿਆਰ ਨਾਲ ਪੜ੍ਹਾਉਂਦੇ, ਪਰ ਸਾਡੇ ਮੋਟੇ ਦਿਮਾਗ ਦੇ ਖਾਨੇ ਵਿੱਚ ਕਦੀ ਕੁਝ ਨਾ ਪੈਂਦਾ। ਅਸੀਂ ਬਥੇਰਾ ਘੋਟਾ ਲਾਉਂਦੇ, ਹਫਦੇ ਤੜਫਦੇ, ਪਰ ਪੱਲੇ ਕੱਖ ਕੁਝ ਵੀ ਨਾ ਪੈਂਦਾ।
ਇਕ ਵਾਰ ਹੈਡਮਾਸਟਰ ਜੀ ਦੇ ਦਫਤਰ ਉਨ੍ਹਾਂ ਨੂੰ ਕੋਈ ਮਿਲਣ ਆ ਗਿਆ, ਸਮਝੋ ਸਾਡਾ ਅੰਗਰੇਜ਼ੀ ਦਾ ਪੀਰੀਅਡ ਵਿਹਲਾ ਹੋ ਗਿਆ। ਮੌਜਾਂ ਲੱਗ ਗਈਆਂ। ਅਸੀਂ ਰੌਲਾ ਪਾ-ਪਾ ਕਮਰਾ ਸਿਰ 'ਤੇ ਚੁੱਕ ਲਿਆ ਅਤੇ ਇਸ ਰੌਲੇ ਦੀ ਆਵਾਜ਼ ਹੈਡਮਾਸਟਰ ਜੀ ਦੇ ਦਫਤਰ ਤੱਕ ਵੀ ਪਹੁੰਚ ਗਈ। ਮਾਸਟਰ ਜੀ ਥੋੜ੍ਹਾ ਗੁੱਸੇ 'ਚ ਜਮਾਤ ਵਿੱਚ ਆਏ। ਉਸੇ ਵਕਤ ਸਾਰੀ ਕਲਾਸ ਵਿੱਚ ਚੁੱਪ ਚਾਂ ਛਾ ਗਈ। ਜਿਸ ਨੂੰ ਕਾਹਲੀ-ਕਾਹਲੀ ਜੋ ਕੁਝ ਮਿਲਿਆ, ਉਹ ਪੜ੍ਹਨ ਲੱਗ ਪਿਆ, ਪਰ ਮਾਸਟਰਾਂ ਨੂੰ ਪਤਾ ਹੁੰਦਾ ਹੈ ਕਿ ਕਮਜ਼ੋਰ ਬੱਚੇ ਹਮੇਸ਼ਾਂ ਪਿਛਲੇ ਬੈਂਚਾਂ 'ਤੇ ਬੈਠਦੇ ਹਨ। ਮਾਸਟਰ ਜੀ ਝੱਟ ਕੁ ਪਿੱਛੋਂ ਪਿਛਲੇ ਬੈਂਚ ਨੇੜੇ ਹੀ ਆਣ ਖੜੇ ਹੋਏ, ਜਿਥੇ ਮੈਂ ਅਤੇ ਹਰਜੀਵਨ ਬੈਠੇ ਹੋਏ ਸਾਂ।
‘ਹਾ ਬਈ ਕਾਕਾ, ਕੀ ਪੜ੍ਹ ਰਿਹਾ ਏਂ?' ਉਨ੍ਹਾਂ ਨੇ ਹਰਜੀਵਨ ਨੂੰ ਰਤਾ ਖਿੱਚਵੀਂ ਆਵਾਜ਼ ਵਿੱਚ ਪੁੱਛਿਆ।
‘ਜੀ ਮੈਂ ਇਹ ਕਿਤਾਬ ਪੜ੍ਹ ਰਿਹਾਂ।' ਉਹਨੇ ਕਿਤਾਬ ਅਗਾਂਹ ਕੀਤੀ। ਉਸ ਸਮੇਂ ‘ਨਾਈਟਿੰਗੇਲ ਐਂਡ ਅਦਰ ਸਟੋਰੀਜ਼' ਵਾਲੀ ਅੰਗਰੇਜ਼ੀ ਦੀ ਕਿਤਾਬ ਸਾਨੂੰ ਸਿਲੇਬਸ ਵਿੱਚ ਲੱਗੀ ਹੋਈ ਸੀ।
‘ਪੜ੍ਹ ਕੇ ਸੁਣਾ ਫਿਰ।' ਮਾਸਟਰ ਜੀ ਬੋਲੇ।
ਹਰਜੀਵਨ ਨੇ ਕੁਝ ਸੁਖਾਲੇ ਜਿਹੇ ਸ਼ਬਦ ਪੜ੍ਹੇ, ਪਰ ਛੇਤੀ ਹੀ ਅੱਗੇ ‘ਲਿਸਨ ਲਿਸਨ' ਸ਼ਬਦ ਆ ਗਏ। ਉਹ ਬੜੇ ਜ਼ੋਰ ਨਾਲ ਬੋਲਿਆ,‘ਲਿਸਟਨ, ਲਿਸਟਨ' ਹੈਡਮਾਸਟਰ ਜੀ ਨੇ ਉਸ ਨੂੰ ਪੜ੍ਹਨ ਤੋਂ ਰੋਕ ਕੇ ਬੈਂਚ 'ਤੇ ਖੜਾ ਕਰ ਦਿੱਤਾ। ਫਿਰ ਮੇਰੇ ਵੱਲ ਹੋਏ, ‘ਹਾਂ ਬਈ ਕਾਕਾ! ਤੂੰ ਕੀ ਪੜ੍ਹ ਰਿਹਾ ਏਂ? ਜ਼ਰਾ ਪੜ੍ਹ ਕੇ ਸੁਣਾ।'
‘ਮੈਂ ਜੀ ਅੰਗਰੇਜ਼ੀ ਵਿੱਚ ਛੁੱਟੀ ਦੀ ਅਰਜ਼ੀ ਯਾਦ ਕਰਦਾਂ।'
‘ਹਾਂ ਉਪਰੋਂ ਛੱਡ ਦੇ, ਤੇ ਇਥੋਂ ਪੜ੍ਹ ਕੇ ਸੁਣਾ।' ਉਨ੍ਹਾਂ ਸਫੇ ਉਤੇ ਉਂਗਲ ਦੀ ਚੁੰਝ ਲਾ ਕੇ ਹਦਾਇਤ ਕੀਤੀ। ਮੈਂ ਕੰਬਦੀ ਆਵਾਜ਼ ਵਿੱਚ ਪੜ੍ਹਨ ਲੱਗ ਪਿਆ, ‘..ਸਰ, ਆਈ ਬੈਗ ਟੂ ਸੇ ਦੈਟ..ਆਈ ਹੈਵ ਏ ਜੁਰਗੱਡ ਪੀਸ ਔਫ ਵਰਕ।' ਜਦੋਂ ਮੈਂ ‘ਅਰਜੈਂਟ' ਸ਼ਬਦ ਨੂੰ ‘ਜੁਰਗੱਡ' ਕਿਹਾ ਤਾਂ ਮੈਨੂੰ ਵੀ ਜਗਜੀਵਨ ਦੇ ਨਾਲ ਹੀ ਬੈਂਚ 'ਤੇ ਚੜ੍ਹਾ ਦਿੱਤਾ ਗਿਆ। ਫਿਰ ਉਹ ਸਾਨੂੰ ਦਫਤਰ ਆਉਣ ਲਈ ਕਹਿ ਕੇ ਆਪ ਦਫਤਰ ਚਲੇ ਗਏ।
ਕਲਾਸ ਵਿੱਚ ਅਜੇ ਵੀ ਚੁੱਪ ਛਾਈ ਹੋਈ ਸੀ। ਅਸੀਂ ਦੋਵਾਂ ਨੇ ਭੈਅ ਭਰੀਆਂ ਅੱਖਾਂ ਨਾਲ ਇਕ ਦੂਜੇ ਵੱਲ ਦੇਖਿਆ ਅਤੇ ਕੰਬਦੀਆਂ ਲੱਤਾਂ ਨਾਲ ਹੌਲੀ-ਹੌਲੀ ਦਫਤਰ ਵੱਲ ਚੱਲ ਪਏ। ਦਫਤਰ ਪੁੱਜੇ ਤਾਂ ਹੈਡਮਾਸਟਰ ਜੀ ਸਾਰਾ ਕੰਮ ਛੱਡ ਕੇ ਸਾਡੇ ਵੱਲ ਝਾਕੇ ਅਤੇ ਕਹਿਣ ਲੱਗੇ, ‘ਹਾਂ ਬਈ, ਕਰ ਜਾਓਗੇ ਦਸਵੀਂ ਪਾਸ?' ਸਵਾਲ ਸਿੱਧਾ ਹੀ ਸੀ, ਕਿਹੜਾ ਅੰਗਰੇਜ਼ੀ ਸੀ ਕਿ ਪੱਲੇ ਕੁੱਝ ਨਾ ਪੈਂਦਾ। ਮੈਂ ਥੋੜ੍ਹਾ ਹੌਸਲਾ ਕੀਤਾ ਅਤੇ ਝਕਦਾ-ਝਕਦਾ ਬੋਲਿਆ, ‘ਜੀ ਬਾਕੀ ਮਜ਼ਮੂਨਾਂ ਵਿੱਚੋਂ ਤਾਂ ਘੋਟਾ ਘਾਟਾ ਲਾ ਕੇ ਪਾਸ ਹੋ ਜਾਵੇਗੇ, ਬਸ ਅੰਗਰੇਜ਼ੀ ਵਿੱਚੋਂ ਪਾਸ ਹੋਣਾ ਮੁਸ਼ਕਿਲ ਲੱਗਦਾ ਜੀ।'
ਉਨ੍ਹਾਂ ਦੀਆਂ ਅੱਖਾਂ ਵਿੱਚੋਂ ਸਾਡੇ ਲਈ ਸਿੰਮਦਾ ਭੈਅ ਛੂਮੰਤਰ ਹੋ ਚੁੱਕਾ ਸੀ। ਉਨ੍ਹਾਂ ਬੜੇ ਪਿਆਰ ਨਾਲ ਸਮਝਾਇਆ, ‘ਮਿਹਨਤ ਅੱਗੇ ਕੋਈ ਚੀਜ਼ ਔਖੀ ਨਹੀਂ ਹੁੰਦੀ। ਕੱਲ੍ਹ ਤੋਂ ਤੁਸੀਂ ਸ਼ਾਮ ਨੂੰ ਘਰ ਪੜ੍ਹਨ ਆਇਆ ਕਰੋ।' ਇਸ ਤੋਂ ਬਾਅਦ ਉਹ ਸਕੂਲ ਸਮੇਂ ਤੋਂ ਬਾਅਦ ਵੀ ਘੰਟਾ, ਅੱਧਾ ਘੰਟਾ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ। ਬਾਕੀ ਸ਼ਾਮ ਨੂੰ ਘਰੇ ਪੜ੍ਹਾਉਂਦੇ, ਬਿਨਾਂ ਟਿਊਸ਼ਨ ਅਤੇ ਬਿਨਾਂ ਕਿਸੇ ਲਾਲਚ ਤੋਂ। ਖੂਬ ਮਿਹਨਤ ਕਰਵਾਉਂਦੇ, ਓਨੀ ਮਿਹਨਤ ਤਾਂ ਸਾਥੋਂ ਵੀ ਨਹੀਂ ਸੀ ਹੁੰਦੀ। ਖੈਰ! ਉਨ੍ਹਾਂ ਦੀ ਸਖਤ ਮਿਹਨਤ ਸਦਕਾ ਅਸੀਂ ਦਸਵੀਂ ਪਾਸ ਕਰ ਗਏ। ਇਹ 1961 ਦੀਆਂ ਗੱਲਾਂ ਹਨ।
ਅੱਜ ਕੱਲ੍ਹ ਭਾਵੇਂ ਹੈਡਮਾਸਟਰ ਜੀ ਇਸ ਦੁਨੀਆ ਵਿੱਚ ਨਹੀਂ ਰਹੇ, ਪਰ ਮਿਹਨਤ ਕਰਨ ਦੀ ਜੋ ਲਗਨ ਉਨ੍ਹਾਂ ਸਾਨੂੰ ਲਾਈ, ਉਹ ਅੱਜ ਵੀ ਸਾਡੇ ਅੰਗ ਸੰਗ ਹੈ। ਅਸੀਂ ਅੱਜ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ। ਇਥੋਂ ਤੱਕ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੀ ਸਕੂਲ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਇਸ ਸ਼ਖਸੀਅਤ ਦੀ ਯਾਦ ਨੂੰ ਕਿਤੇ ਭੁੱਲ ਨਾ ਜਾਈਏ ਅਤੇ ਉਨ੍ਹਾਂ ਦਾ ਪਿਆਰ ਅਗਾਂਹ ਬੱਚਿਆਂ ਤੱਕ ਅੱਪੜਦਾ ਰਹੇ।

Have something to say? Post your comment